1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਵਿਦੇਸ਼ੀ ਦਖ਼ਲ ਦੇ ਮਾਮਲੇ ਵਿਚ ਪਾਲਰੀਮੈਂਟਰੀ ਕਮੇਟੀ ਅੱਗੇ ਪੇਸ਼ ਹੋਣਗੇ ਡੇਵਿਡ ਜੌਨਸਟਨ

ਵਿਰੋਧੀਆਂ ਦੀ ਮੰਗ ਤੋਂ ਕਿਤੇ ਪਹਿਲਾਂ ਜੌਨਸਟਨ ਨੇ ਕਮੇਟੀ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਸੀ

ਸਾਬਕਾ ਗਵਰਨਰ ਜਨਰਲ ਡੇਵਿਡ ਜੌਨਸਟਨ

ਡੇਵਿਡ ਜੌਨਸਟਨ ਨੇ 23 ਮਈ ਨੂੰ ਪੇਸ਼ ਹੋਈ ਆਪਣੀ ਰਿਪੋਰਟ ਵਿਚ ਵਿਦੇਸ਼ੀ ਦਖ਼ਲ ਦੇ ਮਾਮਲੇ ਵਿਚ ਜਨਤਕ ਜਾਂਚ ਦੀ ਸਿਫ਼ਾਰਿਸ਼ ਨਹੀਂ ਕੀਤੀ ਸੀ।

ਤਸਵੀਰ: La Presse canadienne / Sean Kilpatrick

RCI

ਕੈਨੇਡਾ ਵਿਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਦੇ ਨਿਗਰਾਨ ਡੇਵਿਡ ਜੌਨਸਟਨ ਦਾ ਪਾਰਲੀਮੈਂਟਰੀ ਕਮੇਟੀ ਅੱਗੇ ਪੇਸ਼ ਹੋਣਾ, ਵਿਰੋਧੀ ਧਿਰਾਂ ਦੀ ਮੰਗ ਕੀਤੇ ਜਾਣ ਤੋਂ ਪਹਿਲਾਂ ਹੀ ਨਿਰਧਾਰਿਤ ਕਰ ਲਿਆ ਗਿਆ ਸੀ।

ਲਿਬਰਲ ਐਮਪੀ ਬਰਦਿਸ਼ ਚੈਗਰ ਨੇ ਇੱਕ ਸੁਣਵਾਈ ਦੌਰਾਨ ਕਿਹਾ ਕਿ ਹਾਊਸ ਔਫ਼ ਕੌਮਨਜ਼ ਦੀ ਪ੍ਰੋਸੀਜਰ ਕਮੇਟੀ ਨੇ 2 ਮਹੀਨੇ ਪਹਿਲਾਂ ਡੇਵਿਡ ਜੌਨਸਟਨ ਨੂੰ ਸੱਦਾ ਦਿੱਤਾ ਸੀ, ਅਤੇ ਜੌਨਸਟਨ ਆਉਂਦੇ ਕੁਝ ਦਿਨਾਂ ਵਿਚ ਹੀ ਕਮੇਟੀ ਦੇ ਸਨਮੁੱਖ ਹੋਣਗੇ।

ਡੇਵਿਡ ਜੌਨਸਟਨ ਦੁਆਰਾ ਵਿਦੇਸ਼ੀ ਦਖ਼ਲਅੰਦਾਜ਼ੀ ਮਾਮਲੇ ‘ਤੇ ਪੇਸ਼ ਕੀਤੀ ਰਿਪੋਰਟ ਤੋਂ ਬਾਅਦ ਵਿਰੋਧੀ ਐਮਪੀਜ਼ ਨੇ ਇਸ ਹਫ਼ਤੇ ਕਮੇਟੀ ਨੂੰ ਇੱਕ ਪੱਤਰ ਲਿਖਕੇ ਜੌਨਸਟਨ ਨੂੰ ਕਮੇਟੀ ਅੱਗੇ ਪੇਸ਼ ਹੋਣ ਦੀ ਮੰਗ ਕੀਤੀ ਸੀ।

ਕੰਜ਼ਰਵੇਟਿਵ ਪਾਰਟੀ, ਐਨਡੀਪੀ, ਅਤੇ ਬਲੌਕ ਕਿਊਬੈਕਵਾ ਦੇ ਮੈਂਬਰਾਂ ਨੇ ਕਿਹਾ ਸੀ ਕਿ ਉਹ ਚਾਹੁੰਦੇ ਹਨ ਕਿ ਸਾਬਕਾ ਗਵਰਨਰ ਜਨਰਲ ਇਹ ਦੱਸਣ ਕਿ ਉਨ੍ਹਾਂ ਨੇ ਵਿਦੇਸ਼ੀ ਦਖ਼ਲ ਬਾਰੇ ਜਨਤਕ ਜਾਂਚ ਦੀ ਸਿਫ਼ਾਰਿਸ਼ ਕਿਉਂ ਨਹੀਂ ਕੀਤੀ।

ਲਿਬਰਲ ਐਮਪੀਜ਼ ਨੇ ਕੰਜ਼ਰਵੇਟਿਵਜ਼ ‘ਤੇ ਗ਼ੈਰ-ਜ਼ਿੰਮੇਵਾਰ ਹੋਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕਮੇਟੀ ਨਾਲ ਗੱਲ ਕਰਨ ਵਿਚ ਜੌਨਸਟਨ ਨੂੰ ਕੋਈ ਝਿਜਕ ਨਹੀਂ ਹੈ।

ਲਿਬਰਲ ਐਮਪੀ ਰਾਇਨ ਟਰਨਬੁਲ ਨੇ ਕਿਹਾ, ਉਹਨਾਂ ਨੂੰ ਰਿਪੋਰਟ ਵਿਚਲੇ ਸਿੱਟੇ ਪਸੰਦ ਨਹੀਂ ਹਨ, ਇਸ ਲਈ ਉਹ ਇਹ ਗਲਤ ਧਾਰਨਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ [ਜੌਨਸਟਨ] ਕਮੇਟੀ ਸਾਹਮਣੇ ਨਹੀਂ ਆਉਣਗੇ ਜਾਂ ਨਹੀਂ ਆਉਣਾ ਚਾਹੁੰਦੇ, ਜੋ ਕਿ ਸੱਚਾਈ ਦੇ ਉਲਟ ਹੈ

ਕੰਜ਼ਰਵੇਟਿਵਜ਼ ਦਾ ਕਹਿਣਾ ਹੈ ਕਿ ਜੌਨਸਟਨ ਲਿਬਰਲਾਂ ਦੇ ਬਹੁਤ ਨਜ਼ਦੀਕ ਹਨ ਅਤੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਉਨ੍ਹਾਂ ਨੂੰ ਆਪਣਾ ਪਰਿਵਾਰਕ ਮਿੱਤਰ ਵੀ ਆਖ ਚੁੱਕੇ ਹਨ। ਨਾਲ ਹੀ ਜੌਨਸਟਨ ਗਵਰਨਰ ਜਨਰਲ ਦੇ ਅਹੁਦੇ ਤੋਂ ਅਸਤੀਫ਼ੇ ਤੋਂ ਬਾਅਦ ਪੀਅਰ ਐਲੀਅਟ ਟ੍ਰੂਡੋ ਫ਼ਾਊਂਡੇਸ਼ਨ ਦੇ ਮੈਂਬਰ ਬਣ ਗਏ ਸਨ। ਜੌਨਸਟਨ ਨੇ ਹਿੱਤਾਂ ਦੇ ਟਕਰਾਅ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਚੈਗਰ ਨੇ ਕਿਹਾ ਕਿ ਜੌਨਸਟਨ 6 ਜੂਨ ਨੂੰ ਕਮੇਟੀ ਅੱਗੇ ਪੇਸ਼ ਹੋਣਗੇ ਜਿਸ ਦੌਰਾਨ ਉਨ੍ਹਾਂ ਦੀ ਰਿਪੋਰਟ ਬਾਰੇ ਵੀ ਸਵਾਲ ਜਵਾਬ ਹੋਣਗੇ।

ਵਿਰੋਧੀ ਧਿਰਾਂ ਵੱਲੋਂ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿਚ ਸ਼ੁਰੂਆਤ ਤੋਂ ਹੀ ਜਨਤਕ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਮਾਰਚ ਵਿਚ ਡੇਵਿਡ ਜੌਨਸਟਨ ਨੂੰ ਇਸ ਮਾਮਲੇ ਲਈ ਵਿਸ਼ੇਸ਼ ਅਧਿਕਾਰੀ ਵੱਜੋਂ ਨਿਯੁਕਤ ਕੀਤਾ ਸੀ, ਜਿਨ੍ਹਾਂ ਨੇ ਇਹ ਨਿਰਧਾਰਿਤ ਕਰਨਾ ਸੀ ਕਿ ਇਸ ਵਿਚ ਜਨਤਕ ਜਾਂਚ ਦੀ ਜ਼ਰੂਰਤ ਹੈ ਜਾਂ ਨ੍ਹੀਂ। ਜੌਨਸਟਨ ਨੇ ਪਿਛਲੇ ਦੋ ਮਹੀਨਿਆਂ ਦੌਰਾਨ ਦਸਤਾਵੇਜ਼ਾਂ ਦੀ ਸਮੀਖਿਆ ਕੀਤੀ ਅਤੇ ਕਈ ਸਿਆਸਤਦਾਨਾਂ ਨਾਲ ਇੰਟਰਵਿਊ ਕੀਤੇ।

ਜੌਨਸਟਨ ਨੇ 23 ਮਈ ਨੂੰ ਪੇਸ਼ ਹੋਈ ਆਪਣੀ ਰਿਪੋਰਟ ਵਿਚ ਕਿਹਾ ਕਿ ਉਹ ਇਸ ਮਾਮਲੇ ਵਿਚ ਜਨਤਕ ਜਾਂਚ ਦੇ ਪੱਖ ਵਿਚ ਨਹੀਂ ਹਨ।

ਭਾਵੇਂ ਜੌਨਸਟਨ ਨੇ ਆਪਣੀ ਰਿਪੋਰਟ ਵਿਚ ਜਨਤਕ ਜਾਂਚ ਦੀ ਸਿਫ਼ਾਰਸ਼ ਨਹੀਂ ਕੀਤੀ, ਪਰ ਰਿਪੋਰਟ ਵਿੱਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੇ ਸੁਰੱਖਿਆ ਏਜੰਸੀਆਂ ਤੋਂ ਸਰਕਾਰ ਤੱਕ ਖ਼ੂਫ਼ੀਆ ਜਾਣਕਾਰੀ ਦੇ ਸੰਚਾਰ ਅਤੇ ਕਾਰਵਾਈ ਕਰਨ ਦੇ ਤਰੀਕੇ ਵਿੱਚ ਗੰਭੀਰ ਕਮੀਆਂ ਪਾਈਆਂ ਹਨ।

ਜੌਨਸਟਨ ਨੇ ਕਿਹਾ ਸੀ ਕਿ ਉਹ ਉਨ੍ਹਾਂ ਕਮੀਆਂ ਨੂੰ ਦੂਰ ਕਰਨ ਦੇ ਤਰੀਕੇ ਲੱਭਣ ਲਈ ਸੁਣਵਾਈਆਂ ਰਾਹੀਂ ਅਕਤੂਬਰ ਤੱਕ ਵਿਸ਼ੇਸ਼ ਅਧਿਕਾਰੀ ਵਜੋਂ ਆਪਣਾ ਕੰਮ ਜਾਰੀ ਰੱਖਣਗੇ। ਉਨ੍ਹਾਂ ਨੇ ਕਿਹਾ ਸੀ ਕਿ ਉਹ ਇਸ ਸਾਲ ਦੇ ਅੰਤ ਵਿੱਚ ਇੱਕ ਦੂਜੀ ਰਿਪੋਰਟ ਪੇਸ਼ ਕਰਨਗੇ।

ਜੌਨਸਟਨ ਨੇ ਕਿਹਾ ਸੀ ਕਿ ਜੇ ਜਨਤਕ ਜਾਂਚ ਹੁੰਦੀ ਹੈ, ਤਾਂ ਉਸਦੀ ਅਗਵਾਈ ਕਰਨ ਵਾਲੇ ਅਧਿਕਾਰੀ ਨੂੰ ਵੀ ਉਸ ਤੋਂ ਵੱਧ ਜਾਣਕਾਰੀ ਨਹੀਂ ਮਿਲੇਗੀ ਜਿੰਨੀ ਜਾਣਕਾਰੀ ਜੌਨਸਟਨ ਨੂੰ ਪ੍ਰਾਪਤ ਹੋਈ ਹੈ।ਇਸ ਕਰਕੇ ਇੱਕੋ ਪ੍ਰਕਿਰਿਆ ਨੂੰ ਦੁਹਰਾਉਣ ਦਾ ਕੋਈ ਫ਼ਾਇਦਾ ਨਹੀਂ ਹੋਣਾ ਸਗੋਂ ਅਜਿਹਾ ਹੋਣਾ ਇਸ ਮੁੱਦੇ ਦੇ ਹੱਲ ਲੱਭਣ ਵਿਚ ਦੇਰੀ ਦਾ ਕਾਰਨ ਬਣੇਗਾ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

CBC News ਵੱਲੋਂ ਜਾਣਕਾਰੀ ਸਹਿਤ।

ਸੁਰਖੀਆਂ