1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਕਿਊਬੈਕ ਪ੍ਰੀਮੀਅਰ ਵੱਲੋਂ ਇਮੀਗ੍ਰੈਂਟਸ ਲਈ ਫ੍ਰੈਂਚ ਭਾਸ਼ਾ ਦੀ ਜਾਣਕਰੀ ਦੀ ਲੋੜ ’ਤੇ ਜ਼ੋਰ

ਇਮੀਗ੍ਰੇਸ਼ਨ ਟੀਚਿਆਂ ਬਾਬਤ 2 ਵਿਕਲਪ ਪੇਸ਼

ਕਿਊਬੈਕ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ

ਕਿਊਬੈਕ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ

ਤਸਵੀਰ: Radio-Canada / Sylvain Roy Roussel

RCI

ਕਿਊਬੈਕ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਨੇ ਪ੍ਰੋਵਿੰਸ ਵਿੱਚ ਆਉਣ ਵਾਲੇ ਇਮੀਗ੍ਰੈਂਟਸ ਲਈ ਫ੍ਰੈਂਚ ਭਾਸ਼ਾ ਬੋਲਣ ਅਤੇ ਲਿਖਣ ਦੇ ਯੋਗ ਹੋਣ 'ਤੇ ਜ਼ੋਰ ਦਿੱਤੇ ਹੈ I

ਇਕ ਪ੍ਰੈਸ ਵਾਰਤਾ ਦੌਰਾਨ ਕਿਊਬੈਕ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਨੇ ਕਿਹਾ ਪ੍ਰੀਮੀਅਰ ਵਜੋਂ ਮੇਰੀ ਪਹਿਲੀ ਜ਼ਿੰਮੇਵਾਰੀ ਇਹ ਯਕੀਨੀ ਬਣਾਉਣਾ ਹੈ ਕਿ ਸਾਡੀ ਪਛਾਣ ਸੁਰੱਖਿਅਤ ਹੈ I

ਲਿਗੋਅ ਨੇ ਕਿਹਾ ਮੈਂ ਅਮਰੀਕਾ ਵਿਚ ਇਕੱਲਾ ਅਜਿਹੇ ਰਾਜ ਦਾ ਮੁਖੀ ਹਾਂ ਜੋ ਬਹੁਗਿਣਤੀ ਫ੍ਰੈਂਚ ਬੋਲਣ ਵਾਲਿਆਂ ਦੀ ਨੁਮਾਇੰਦਗੀ ਕਰਦਾ ਹੈ ਅਤੇ ਇਸ ਲਈ ਮੇਰੇ ਕੋਲ ਇਤਿਹਾਸ ਦੀ ਜ਼ਿੰਮੇਵਾਰੀ ਹੈ I 

ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਵੱਲੋਂ ਕੁਝ ਸ਼ਰਤਾਂ ਪੇਸ਼ ਕੀਤੀਆਂ ਗਈਆਂ ਹਨ ਜਿਸ ਵਿੱਚ ਇਕਨਾਮਿਕ ਸ਼੍ਰੇਣੀ ਦੇ ਇਮੀਗ੍ਰੈਂਟਸ ਲਈ ਘੱਟੋ-ਘੱਟ ਫ੍ਰੈਂਚ ਦਾ ਵਿਚਕਾਰਲਾ ਗਿਆਨ ਹੋਣਾ ਲਾਜ਼ਮੀ ਬਣਾਉਣਾ ਅਤੇ ਵਿਦਿਆਰਥੀਆਂ ਲਈ ਫ੍ਰੈਂਚ-ਭਾਸ਼ਾ ਦੇ ਗਿਆਨ ਦੀਆਂ ਲੋੜਾਂ ਨੂੰ ਵਧਾਉਣਾ ਸ਼ਾਮਿਲ ਹੈ I 

ਨੈਸ਼ਨਲ ਅਸੈਂਬਲੀ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਵਿੱਚ, ਸਰਕਾਰ ਨੇ ਦੋ ਵਿਕਲਪ ਪੇਸ਼ ਕੀਤੇ ਹਨ I 2027 ਤੱਕ ਪ੍ਰਤੀ ਸਾਲ 50,000 ਪ੍ਰਵਾਸੀਆਂ ਦੇ ਸਾਲਾਨਾ ਟੀਚੇ ਨੂੰ ਕਾਇਮ ਰੱਖਣਾ, ਜਾਂ ਹੌਲੀ ਹੌਲੀ ਹਰ ਸਾਲ ਸੰਖਿਆ ਨੂੰ ਵਧਾ ਕੇ 60,000 ਪ੍ਰਵਾਸੀਆਂ ਦੇ ਸਲਾਨਾ ਟੀਚੇ ਤੱਕ ਪਹੁੰਚਣਾ। 

ਗੌਰਤਲਬ ਹੈ ਕਿ ਕਿਊਬੈਕ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਨੇ ਲੰਘੇ ਸਾਲ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਹਰ ਸਾਲ 50,000 ਤੋਂ ਵੱਧ ਇਮੀਗ੍ਰੈਂਟਸ ਨੂੰ ਲੈ ਕੇ ਆਉਣਾ ਥੋੜਾ ਆਤਮਘਾਤੀ ਹੋਵੇਗਾ।  

ਇਮੀਗ੍ਰੇਸ਼ਨ ਮਸਲੇ 'ਤੇ ਟਿੱਪਣੀਆਂ ਕਾਰਨ ਕੋਲੀਸ਼ਨ ਐਵੇਨਿਰ ਕਿਊਬੈਕ ਪਾਰਟੀ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਸੀ I 

ਕਾਰੋਬਾਰੀ ਸਮੂਹ ਸਰਕਾਰ ਨੂੰ ਸੂਬੇ ਦੀ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਟੀਚਿਆਂ ਨੂੰ ਵਧਾਉਣ ਦੀ ਬੇਨਤੀ ਕਰ ਰਹੇ ਹਨ। 

ਗੌਰਤਲਬ ਹੈ ਕਿ ਕਿਊਬੈਕ ਸਰਕਾਰ ਨੇ ਹਾਲ ਵਿੱਚ ਹੀ ਪ੍ਰਧਾਨ ਮੰਤਰੀ ਟ੍ਰੂਡੋ ਦਾ ਇਮੀਗ੍ਰੇਸ਼ਨ ਪਲਾਨ ਨਕਾਰਿਆ ਹੈ I 

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਇਸ ਦੌਰਾਨ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਦੀ 2025 ਤੱਕ ਹਰ ਸਾਲ 500,000 ਪਰਵਾਸੀਆਂ ਨੂੰ ਕੈਨੇਡਾ ਚ ਪੱਕੇ ਕਰਨ ਦੀ ਯੋਜਨਾ ਕਾਮਿਆਂ ਦੀ ਘਾਟ ਨੂੰ ਦੂਰ ਕਰਨ ਅਤੇ ਵਿਕਾਸ ਪੈਦਾ ਕਰਨ ਲਈ ਜ਼ਰੂਰੀ ਹੈ। 

ਕਿਊਬੈਕ ਦੀ ਅਸੈਂਬਲੀ ਦੇ ਮੈਂਬਰਾਂ ਨੇ ਕੁਝ ਹਫ਼ਤੇ ਪਹਿਲਾਂ ਇੱਕ ਮਤਾ ਮਨਜ਼ੂਰ ਕੀਤਾ ਜਿਸ ਵਿੱਚ ਕੈਨੇਡਾ ਦੀ ਇਮੀਗ੍ਰੇਸ਼ਨ ਯੋਜਨਾ ਨੂੰ ਕਿਊਬੈਕ ਵਿੱਚ ਫ੍ਰੈਂਚ ਦੀ ਸੁਰੱਖਿਆ ਨਾਲ ਅਸੰਗਤ ਘੋਸ਼ਿਤ ਕੀਤਾ ਗਿਆ ਸੀ I

ਸਟੀਵ ਰੁਕਾਵੀਨਾ ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ