1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਟ੍ਰੂਡੋ ਵੱਲੋਂ ਕੈਨੇਡਾ ਵਿਚ ਪਾਣੀ ਦੀ ਵਰਤੋਂ ਅਤੇ ਵਿਕਾਸ ਸਬੰਧੀ ਕਾਨੂੰਨ ਨੂੰ ਅਪਡੇਟ ਕਰਨ ਦਾ ਵਾਅਦਾ

ਕੈਨੇਡਾ ਵਾਟਰ ਏਜੰਸੀ ਦਾ ਹੈੱਡਕੁਆਰਟਰ ਵਿਨੀਪੈਗ ਵਿੱਚ ਹੋਵੇਗਾ

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਬੁੱਧਵਾਰ ਨੂੰ ਵਿਨੀਪੈਗ ਵਿੱਖੇ ਇੱਕ ਐਲਾਨ ਕਰਦੇ ਹੋਏ। ਤਸਵੀਰ ਵਿਚ ਵਿਨੀਪੈਗ ਦੇ ਮੇਅਰ ਸਕੌਟ ਗਿਲਿੰਗਮ ਵੀ ਨਜ਼ਰ ਆ ਰਹੇ ਹਨ।

24 ਮਈ 2023 ਨੂੰ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਵਿਨੀਪੈਗ ਵਿੱਖੇ ਇੱਕ ਐਲਾਨ ਕਰਦੇ ਹੋਏ। ਤਸਵੀਰ ਵਿਚ ਵਿਨੀਪੈਗ ਦੇ ਮੇਅਰ ਸਕੌਟ ਗਿਲਿੰਗਮ ਵੀ ਨਜ਼ਰ ਆ ਰਹੇ ਹਨ।

ਤਸਵੀਰ: Radio-Canada / Mario De Ciccio

RCI

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਮੰਗਲਵਾਰ ਨੂੰ ਕੈਨੇਡਾ ਵਾਟਰ ਏਜੰਸੀ ਦਾ ਹੈੱਡਕੁਆਰਟਰ ਮੈਨੀਟੋਬਾ ਦੀ ਰਾਜਧਾਨੀ ਵਿਨੀਪੈਗ ਵਿੱਚ ਹੋਣ ਦਾ ਰਸਮੀ ਐਲਾਨ ਕਰਦੇ ਹੋਏ, ਪਾਣੀ ਦੀ ਵਰਤੋਂ ਨੂੰ ਨਿਯੰਤਰਿਤ ਕਰਨ ਵਾਲੇ ਕਾਨੂੰਨ ਨੂੰ ਵੀ ਅਪਡੇਟ ਕਰਨ ਦੇ ਵਾਅਦੇ ਨੂੰ ਦੁਹਰਾਇਆ।

ਟ੍ਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਪਹਿਲੀ ਤਰਜੀਹ ਕੈਨੇਡਾ ਵਿੱਚ ਪਾਣੀ ਦੀ ਵਰਤੋਂ ਅਤੇ ਵਿਕਾਸ ਨੂੰ ਨਿਯਮਤ ਕਰਨ ਵਾਲੇ ਐਕਟ ਨੂੰ ਅਪਡੇਟ ਕਰਨਾ ਹੈ।

ਬੁੱਧਵਾਰ ਨੂੰ ਇੱਕ ਨਿਊਜ਼ ਕਾਨਫ਼੍ਰੰਸ ਦੌਰਾਨ ਬੋਲਦਿਆਂ ਟ੍ਰੂਡੋ ਨੇ ਕਿਹਾ, 1970 ਵਿੱਚ [ਕਾਨੂੰਨ ਦੇ] ਲਿਖੇ ਜਾਣ ਤੋਂ ਬਾਅਦ ਸਾਡੇ ਵਾਤਾਵਰਣ ਨੂੰ ਦਰਪੇਸ਼ ਖ਼ਤਰੇ ਅਤੇ ਹਕੀਕਤਾਂ ਬਦਲ ਗਈਆਂ ਹਨ

ਇਸ ਕਾਨੂੰਨ ਨੂੰ ਅਪਡੇਟ ਕਰਨਾ ਇਹ ਯਕੀਨੀ ਬਣਾਉਣ ਬਾਰੇ ਹੈ ਕਿ ਸਾਡੇ ਕੋਲ ਸਾਂਝੇ ਪਾਣੀਆਂ ਦੀ ਸੁਰੱਖਿਆ ਅਤੇ ਬਹਾਲੀ ਲਈ ਸੂਬਿਆਂ ਅਤੇ ਪ੍ਰਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਲਈ ਤਰੀਕੇ ਮੌਜੂਦ ਹੋਣ

ਟ੍ਰੂਡੋ ਨੇ ਇਸ ਬਾਰੇ ਵੇਰਵੇ ਨਹੀਂ ਦਿੱਤੇ ਕਿ ਕੈਨੇਡਾ ਵਾਟਰ ਐਕਟ ਵਿਚ ਕੀ ਤਬਦੀਲੀ ਹੋਵੇਗੀ।

ਮੌਜੂਦਾ ਐਕਟ ਕੈਨੇਡਾ ਦੇ ਜਲ ਸਰੋਤਾਂ ਦੀ ਸੰਭਾਲ, ਵਿਕਾਸ ਅਤੇ ਵਰਤੋਂ ਦੇ ਸਬੰਧ ਵਿੱਚ ਸੂਬਿਆਂ ਅਤੇ ਪ੍ਰਦੇਸ਼ਾਂ ਨਾਲ ਸਹਿਯੋਗ ਲਈ ਇੱਕ ਢਾਂਚਾ ਪ੍ਰਦਾਨ ਕਰਦਾ ਹੈ। ਇਹ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਜਾਂ ਮੂਲਨਿਵਾਸੀ ਅਧਿਕਾਰਾਂ ਦੀ ਮਹੱਤਤਾ ਦੀ ਗੱਲ ਨਹੀਂ ਕਰਦਾ।

ਇਸ ਸਾਲ ਦੇ ਸ਼ੁਰੂ ਵਿੱਚ ਆਏ ਫ਼ੈਡਰਲ ਬਜਟ ਵਿੱਚ ਉਕਤ ਵਾਟਰ ਏਜੰਸੀ ਦੇ ਗਠਨ ਲਈ ਫ਼ੰਡ ਅਲਾਟ ਕੀਤੇ ਗਏ ਸਨ ਅਤੇ ਵਿਨੀਪੈਗ ਵਿਚ ਇਸਦੇ ਹੈੱਡਕੁਆਰਟਰ ਦਾ ਸੁਝਾਅ ਦਿੱਤਾ ਗਿਆ ਸੀ।

ਪ੍ਰਧਾਨ ਮੰਤਰੀ ਨੇ ਇਹ ਨਹੀਂ ਦੱਸਿਆ ਕਿ ਸ਼ਹਿਰ ਵਿੱਚ ਹੈੱਡਕੁਆਰਟਰ ਕਿੱਥੇ ਸਥਿਤ ਹੋਵੇਗਾ ਜਾਂ ਇਹ ਕਦੋਂ ਚਾਲੂ ਹੋਵੇਗਾ।

ਮੈਨੀਟੋਬਾ ਫ਼ੇਰੀ ਦੌਰਾਨ ਟ੍ਰੂਡੋ ਨੇ ਪੋਰਟੇਜ ਲਾ ਪ੍ਰੇਰੀ ਇਲਾਕੇ ਦਾ ਵੀ ਦੌਰਾ ਕੀਤਾ ਅਤੇ ਉਹ ਸਾਊਥ ਵਿਨੀਪੈਗ ਦੀ ਫ਼ੈਡਰਲ ਰਾਈਡਿੰਗ ਵਿਚ ਵੀ ਪਹੁੰਚੇ। ਗ਼ੌਰਤਲਬ ਹੈ ਕਿ ਬੀਤੇ ਦਿਨੀਂ ਟ੍ਰੂਡੋ ਨੇ ਚਾਰ ਫ਼ੈਡਰਲ ਰਾਈਡਿੰਗਜ਼ ਵਿਚ 19 ਜੂਨ ਨੂੰ ਜ਼ਿਮਨੀ ਚੋਣਾਂ ਕਰਾਉਣ ਦਾ ਐਲਾਨ ਕੀਤਾ ਸੀ।

ਵਿਨੀਪੈਗ ਸਾਊਥ ਸੈਂਟਰ ਰਾਈਡਿੰਗ ਤੋਂ ਲਿਬਰਲ ਉਮੀਦਵਾਰ ਬੈਨ ਕਾਰ ਜਿੱਤ ਦੀ ਉਮੀਦ ਕਰ ਰਹੇ ਹਨ। ਇਸ ਸੀਟ ਦੀ ਨੁਮਾਇੰਦਗੀ ਉਨ੍ਹਾਂ ਦੇ ਪਿਤਾ, ਲੰਬੇ ਸਮੇਂ ਤੋਂ ਐਮਪੀ ਅਤੇ ਕੈਬਿਨੇਟ ਮਿਨਿਸਟਰ ਜਿਮ ਕਾਰ ਕਰਦੇ ਸਨ। ਜਿਮ ਕਾਰ ਦਾ ਦਸੰਬਰ ਮਹੀਨੇ ਦੇਹਾਂਤ ਹੋ ਗਿਆ ਸੀ।

ਸਾਊਥ ਮੈਨੀਟੋਬਾ ਦੀ ਪੋਰਟੇਜ-ਲਿਸਗਰ ਰਾਈਡਿੰਗ ਦੀ ਨੁਮਾਇੰਦਗੀ ਕੰਜ਼ਰਵੇਟਿਵ ਐਮਪੀ ਅਤੇ ਸਾਬਕਾ ਅੰਤਰਿਮ ਲੀਡਰ ਕੈਂਡਿਸ ਬਰਗਨ ਕਰਦੇ ਸਨ, ਪਰ ਉਨ੍ਹਾਂ ਨੇ ਫ਼ਰਵਰੀ ਵਿਚ ਅਸਤੀਫ਼ਾ ਦੇ ਦਿੱਤਾ ਸੀ। 

ਬਾਕੀ ਦੋ ਰਾਈਡਿੰਗਜ਼ ਓਨਟੇਰਿਓ ਅਤੇ ਕਿਊਬੈਕ ਵਿਚ ਹਨ।

ਟ੍ਰੂਡੋ ਨੇ ਕਿਹਾ ਕਿ ਉਨ੍ਹਾਂ ਨੇ ਅਹੁਦਾ ਸੰਭਾਲਣ ਤੋਂ ਬਾਅਦ ਹਰ ਫ਼ੈਡਰਲ ਰਾਈਡਿੰਗ ਵਿੱਚ ਹਾਜ਼ਰੀ ਭਰੀ ਹੈ ਜਿਸ ਵਿੱਚ ਜ਼ਿਮਨੀ ਚੋਣ ਹੋਈ ਹੈ।

ਉਨ੍ਹਾਂ ਕਿਹਾ, ਲੋਕ ਇਹਨਾਂ ਜ਼ਿਮਨੀ ਚੋਣਾਂ ਵਿੱਚ ਅਤੇ ਇੱਕ ਦੋ ਸਾਲਾਂ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਜੋ ਚੁਣਨਗੇ, ਉਹ ਇਸ ਬਾਰੇ ਹੈ ਕਿ ਅਸੀਂ ਕੌਣ ਹਾਂ, ਅਸੀਂ ਕੌਣ ਬਣਨਾ ਚਾਹੁੰਦੇ ਹਾਂ ਅਤੇ ਅਸੀਂ ਆਪਣੇ ਬੱਚਿਆਂ ਲਈ ਕਿਸ ਤਰ੍ਹਾਂ ਦੀ ਦੁਨੀਆਂ ਬਣਾਉਣਾ ਚਾਹੁੰਦੇ ਹਾਂ

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

CBC News ਵੱਲੋਂ ਜਾਣਕਾਰੀ ਸਹਿਤ।

ਸੁਰਖੀਆਂ