- ਮੁੱਖ ਪੰਨਾ
- ਰਾਜਨੀਤੀ
- ਫ਼ੈਡਰਲ ਰਾਜਨੀਤੀ
ਕੈਨੇਡਾ ਅਤੇ ਸਾਊਦੀ ਅਰਬ ਕੂਟਨੀਤਿਕ ਸਬੰਧ ਬਹਾਲ ਕਰਨ ਲਈ ਰਾਜ਼ੀ ਹੋਏ
ਤਕਰੀਬਨ ਪੰਜ ਸਾਲ ਤੋਂ ਕੂਟਨੀਤਿਕ ਸਬੰਧ ਤਣਾਅਗ੍ਰਸਤ ਸਨ

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨਵੰਬਰ 2022 ਵਿਚ ਆਯੋਜਿਤ ਏਸ਼ੀਆ ਪੈਸਿਫ਼ਿਕ ਇਕਨੌਮਿਕ ਕੋਆਪਰੇਸ਼ਨ (APEC) ਦੌਰਾਨ ਸਾਊਦੀ ਅਰਬ ਦੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਮਿਲੇ ਸਨ।
ਤਸਵੀਰ: Rungroj Yongrit/The Associated Press, Sean Kilpatrick/The Canadian Press
ਕੈਨੇਡਾ ਅਤੇ ਸਾਊਦੀ ਅਰਬ ਕੂਟਨੀਤਿਕ ਤਣਾਅ ਨੂੰ ਖ਼ਤਮ ਕਰਨ ਲਈ ਸਹਿਮਤ ਹੋ ਗਏ ਹਨ। ਕਰੀਬ ਪੰਜ ਸਾਲ ਤੋਂ ਚਲ ਹੇ ਕੂਟਨੀਤਿਕ ਅਤੇ ਵਪਾਰਕ ਵਿਘਨ ਤੋਂ ਬਾਅਦ ਦੋਵੇਂ ਮੁਲਕਾਂ ਵੱਲੋਂ ਆਪਣੇ ਸਫ਼ੀਰ ਵੀ ਨਿਯੁਕਤ ਕੀਤੇ ਜਾ ਰਹੇ ਹਨ।
ਗਲੋਬਲ ਅਫੇਅਰਜ਼ ਕੈਨੇਡਾ ਨੇ ਬੁੱਧਵਾਰ ਨੂੰ ਇਸ ਫ਼ੈਸਲੇ ਦਾ ਐਲਾਨ ਕੀਤਾ। ਸਭ ਤੋਂ ਪਹਿਲਾਂ ਰੋਏਟਰਜ਼ ਨੇ ਇਹ ਖ਼ਬਰ ਛਾਪੀ ਸੀ।
ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨਵੰਬਰ ਵਿਚ ਆਯੋਜਿਤ ਏਸ਼ੀਆ ਪੈਸਿਫ਼ਿਕ ਇਕਨੌਮਿਕ ਕੋਆਪਰੇਸ਼ਨ (APEC) ਸੰਮੇਲਨ ਦੌਰਾਨ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਮਿਲੇ ਸਨ।
ਗਲੋਬਲ ਅਫੇਅਰਜ਼ ਕੈਨੇਡਾ ਅਨੁਸਾਰ ਦੋਵੇਂ ਦੇਸ਼ਾਂ ਨੇ ਉਦੋਂ ਰਿਸ਼ਤੇ ਬਹਾਲ ਕਰਨ ਬਾਬਤ ਗੱਲਬਾਤ ਕੀਤੀ ਸੀ।
[ਟਰੂਡੋ ਅਤੇ ਬਿਨ ਸਲਮਾਨ] ਵਿਚਕਾਰ ਜੋ ਚਰਚਾ ਹੋਈ ਸੀ ਉਸ ਦੀ ਰੋਸ਼ਨੀ ਵਿੱਚ ... ਅਤੇ ਦੋਵਾਂ ਧਿਰਾਂ ਦੀ ਆਪਸੀ ਸਨਮਾਨ ਅਤੇ ਸਾਂਝੇ ਹਿੱਤਾਂ ਦੇ ਆਧਾਰ 'ਤੇ ਕੂਟਨੀਤਕ ਸਬੰਧਾਂ ਨੂੰ ਬਹਾਲ ਕਰਨ ਦੀ ਇੱਛਾ ‘ਤੇ, ਸਾਊਦੀ ਅਰਬ ਨਾਲ ਕੂਟਨੀਤਕ ਸਬੰਧ ਪਹਿਲਾਂ ਵਾਲੇ ਪੱਧਰ ‘ਤੇ ਬਹਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ
।
ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਨੇ ਵੀ ਸਮਾਨਾਂਤਰ ਬਿਆਨ ਟਵੀਟ ਕੀਤਾ।
ਸ਼ੌਨ-ਫ਼ਿਲਿਪ ਲਿਨਟੌ ਨੂੰ ਸਾਊਦੀ ਅਰਬ ਲਈ ਕੈਨੇਡਾ ਦਾ ਨਵਾਂ ਸਫ਼ੀਰ ਨਿਯੁਕਤ ਕੀਤਾ ਗਿਆ ਹੈ।
ਅਗਸਤ 2018 ਵਿਚ ਸਾਊਦੀ ਅਰਬ ਨੇ ਕੈਨੇਡਾ ਦੇ ਸਫ਼ੀਰ ਨੂੰ ਦੇਸ਼ ਛੱਡਣ ਦਾ ਹੁਕਮ ਦੇ ਦਿੱਤਾ ਸੀ ਅਤੇ ਐਲਾਨ ਕੀਤਾ ਸੀ ਕਿ ਉਹ ਕੈਨੇਡਾ ਨਾਲ ਸਾਰੇ ਵਪਾਰਕ ਅਤੇ ਨਿਵੇਸ਼ ਸਬੰਧੀ ਲੈਣ-ਦੇਣ ਨੂੰ ਰੋਕ ਰਿਹਾ ਹੈ। ਅਰਬ ਨੇ ਆਪਣੇ ਸਫ਼ੀਰ ਨੂੰ ਵੀ ਵਾਪਸ ਬੁਲਾ ਲਿਆ ਸੀ।
ਦਰਅਸਲ ਕੈਨੇਡਾ ਵੱਲੋਂ ਸਾਊਦੀ ਅਰਬ ਵਿਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਦੀ ਆਲੋਚਨਾ ਕਰਨ ਦੀ ਬਦਲੇ ਦੀ ਕਾਰਵਾਈ ਵੱਜੋਂ ਸਾਊਦੀ ਅਰਬ ਨੇ ਇਹ ਕਦਮ ਚੁੱਕਿਆ ਸੀ। 2018 ਵਿਚ ਹੀ ਗਲੋਬਲ ਅਫੇਅਰਜ਼ ਕੈਨੇਡਾ ਨੇ ਇੱਕ ਟਵੀਟ ਕਰਦਿਆਂ ਕੁਝ ਨਾਮਵਰ ਮਹਿਲਾ ਕਾਰਕੁੰਨਾਂ, ਜਿਸ ਵਿਚ ਸਮਰ ਬਦਾਵੀ ਵੀ ਸ਼ਾਮਲ ਸਨ, ਨੂੰ ਗ੍ਰਿਫ਼ਤਾਰ ਕੀਤੇ ਜਾਣ ਪ੍ਰਤੀ ਚਿੰਤਾਵਾਂ ਦਾ ਪ੍ਰਗਟਾਵਾ ਕੀਤਾ ਸੀ।

ਰਈਫ਼ ਬਦਵੀ ਦੀ ਰਿਹਾਈ ਦੀ ਮੰਗ ਵਿਚ 13 ਜਨਵਰੀ 2015 ਵਿਚ ਮੌਂਟਰੀਅਲ ਵਿਚ ਆਯੋਜਿਤ ਇੱਕ ਰੈਲੀ ਦੀ ਤਸਵੀਰ।
ਤਸਵੀਰ: Radio-Canada
ਸਮਰ ਬਦਾਵੀ, ਰਈਫ਼ ਬਦਾਵੀ ਦੀ ਭੈਣ ਹੈ। ਰਈਫ਼ ਇੱਕ ਬਲੌਗਰ ਹੈ ਜੋ ਇਸਲਾਮ ਦੀ ਤੌਹੀਨ ਕਰਨ ਅਤੇ ਧਰਮ ਤੋਂ ਬੇਮੁਖ ਹੋਣ ਦੇ ਇਲਜ਼ਾਮ ਵਿਚ ਸਾਲ 2012 ਤੋਂ ਸਾਊਦੀ ਅਰਬ ਦੀ ਕੈਦ ਵਿਚ ਹੈ। ਰਈਫ਼ ਬਦਾਵੀ ਦੀ ਪਤਨੀ ਇਨਸਾਫ਼ ਹੈਦਰ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਨੇ 2015 ਵਿਚ ਸਾਊਦੀ ਅਰਬ ਤੋਂ ਹਿਜਰਤ ਕਰ ਲਈ ਸੀ ਅਤੇ ਉਦੋਂ ਤੋਂ ਉਹ ਕੈਨੇਡਾ ਵਿਚ ਰਹਿ ਰਹੇ ਹਨ।
ਅਕਤੂਬਰ 2018 ਵਿਚ ਅਮਰੀਕਾ ਅਧਾਰਤ ਪੱਤਰਕਾਰ ਜਮਾਲ ਖਸ਼ੋਗੀ ਦੀ ਮੌਤ ਤੋਂ ਬਾਅਦ ਦੋਵੇਂ ਮੁਲਕਾਂ ਵਿਚ ਸਬੰਧ ਹੋਰ ਫਿੱਕੇ ਹੋਏ ਸਨ।
ਖਸ਼ੋਗੀ ਵਾਸ਼ਿੰਗਟਨ ਪੋਸਟ ਵਿਚ ਆਪਣੀ ਸੰਪਾਦਕੀਆਂ ਵਿਚ ਪ੍ਰਿੰਸ ਸਲਮਾਨ ਦੀਆਂ ਨੀਤੀਆਂ ਦੀ ਖੁੱਲੀ ਆਲੋਚਨਾ ਕਰਦਾ ਸੀ। ਇਸਤਾਨਬੁਲ ਵਿੱਖੇ ਸਥਿਤ ਸਾਊਦੀ ਕਾਂਸੁਲੇਟ ਵਿਚ ਉਸਦੀ ਹੱਤਿਆ ਕੀਤੀ ਗਈ ਸੀ। ਅਮਰੀਕੀ ਖੂਫ਼ੀਆ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਪ੍ਰਿੰਸ ਸਲਮਾਨ ਨੇ ਖਸ਼ੋਗੀ ਦੇ ਕਤਲ ਨੂੰ ਮੰਜ਼ੂਰੀ ਦਿੱਤੀ ਸੀ।
ਮਨੁੱਖੀ ਅਧਿਕਾਰਾਂ ਦੇ ਖਦਸ਼ਿਆਂ ਦੇ ਬਾਵਜੂਦ, ਕੈਨੇਡਾ ਦੇ ਸਾਬਕਾ ਰਾਜਦੂਤ ਡੈਨਿਸ ਹੋਰੈਕ, ਜਿਨ੍ਹਾਂ ਨੂੰ 2018 ਵਿਚ ਸਾਊਦੀ ਅਰਬ ਤੋਂ ਕੱਢਿਆ ਗਿਆ ਸੀ, ਨੇ ਕਿਹਾ ਕਿ ਇਹ ਸਮੇਂ ਸਮੇਂ ਦੀ ਗੱਲ ਹੈ
ਕਿ ਅਰਬ ਨਾਲ ਰਿਸ਼ਤੇ ਬਹਾਲ ਕੀਤੇ ਜਾ ਰਹੇ ਹਨ।
ਕੈਨੇਡਾ ਦੇ ਸਾਬਕਾ ਰਾਜਦੂਤ ਡੈਨਿਸ ਹੋਰੈਕ, ਜਿਨ੍ਹਾਂ ਨੂੰ 2018 ਵਿਚ ਸਾਊਦੀ ਅਰਬ ਤੋਂ ਕੱਢਿਆ ਗਿਆ ਸੀ।
ਤਸਵੀਰ: Radio-Canada / Sylvia Thomson
ਉਨ੍ਹਾਂ ਕਿਹਾ ਕਿ ਸਾਊਦੀ ਅਰਬ ਇੱਕ ਅਹਿਮ ਦੇਸ਼ ਹੈ ਜਿਸਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਬਾਕਾਇਦਾ ਕੂਟਨੀਤਿਕ ਰਿਸ਼ਤੇ ਕੈਨੇਡਾ ਨੂੰ ਆਪਣੀ ਆਵਾਜ਼ ਸੀਨੀਅਰ ਪੱਧਰ ‘ਤੇ ਪਹੁੰਚਦੀ ਕਰਨ ਵਿਚ ਮਦਦਗਾਰ ਹੋਣਗੇ, ਅਤੇ ਸਾਊਦੀ ਅਰਬ ਵਿਚ ਇਹ ਬਹੁਤ ਮਾਇਨੇ ਰੱਖਦਾ ਹੈ।
ਡੈਨਿਸ ਨੇ ਕਿਹਾ ਕਿ ਹਾਲ ਹੀ ਦੇ ਸੂਡਾਨ ਸੰਕਟ ਦੌਰਾਨ ਸਾਊਦੀ ਅਰਬ ਨੇ ਸੂਡਾਨ ਚੋਂ ਲੋਕਾਂ ਨੂੰ ਬਾਹਰ ਕੱਢਣ ਵਿਚ ਮਦਦ ਕੀਤੀ ਸੀ।
ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਅਨੁੁਸਾਰ ਉਨ੍ਹਾਂ ਦੀ ਨੇਵੀ ਨੇ ਸੂਡਾਨ ਚੋਂ ਆਪਣੇ 91 ਨਾਗਰਿਕਾਂ ਅਤੇ 66 ਵਿਦੇਸ਼ੀ ਨਾਗਰਿਕਾਂ ਨੂੰ ਪੋਰਟ ਔਫ਼ ਸੂਡਾਨ ਤੋਂ ਕੱਢ ਕੇ ਜੱਦਾਹ ਲਿਆਂਦਾ ਸੀ। ਸੂਡਾਨ ਤੋਂ ਸਾਊਦੀ ਅਰਬ ਹਿਜਰਤ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਚੋਂ ਕੈਨੇਡੀਅਨ ਨਾਗਰਿਕ ਵੀ ਦੱਸੇ ਗਏ ਸਨ।
ਡੈਨਿਸ ਨੇ ਕਿਹਾ ਕਿ ਯੂਕਰੇਨ ਜੰਗ ਨੂੰ ਲੈ ਕੇ ਵੀ ਸਾਊਦੀ ਅਰਬ ਦਾ ਇੱਕ ਪ੍ਰਭਾਵ ਹੋ ਸਕਦਾ ਹੈ, ਕਿਉਂਕੀ ਅਰਬ ਦੇ ਰੂਸ ਨਾਲ ਦੋਸਤਾਨਾ ਸਬੰਧ ਹਨ।
ਯੂਕਰੇਨੀ ਰਾਸ਼ਟਰਪਤੀ ਵੋਲੋਦਿਮਿਰ ਜ਼ੈਲੈਂਸਕੀ ਨੇ ਪਿਛਲੇ ਹਫ਼ਤੇ ਸਾਊਦੀ ਅਰਬ ਵਿਚ ਆਯੋਜਿਤ ਅਰਬ ਲੀਗ ਸੰਮੇਲਨ ਵਿਚ ਸ਼ਿਰਕਤ ਕੀਤੀ ਸੀ ਅਤੇ ਦੋਵੇਂ ਮੁਲਕਾਂ ਦਰਮਿਆਨ ਬਿਹਤਰ ਸਹਿਯੋਗ ਦੀ ਗੱਲ ਆਖੀ ਸੀ।
ਪਿਛਲੇ ਸਾਲ ਪ੍ਰਿੰਸ ਮੁਹੰਮਦ ਨੇ ਯੂਕਰੇਨ ਵਿਚ ਰੂਸ ਦੁਆਰਾ ਕੈਦ 10 ਵਿਦੇਸ਼ੀਆਂ ਦੀ ਰਿਹਾਈ ਸੰਭਵ ਕਰਵਾਈ ਸੀ। ਮੰਨਿਆ ਜਾ ਰਿਹਾ ਹੈ ਕਿ ਪੁਤਿਨ ਨਾਲ ਸਲਮਾਨ ਦੇ ਨਜ਼ਦੀਕੀ ਸਬੰਧ ਹੋਣ ਕਰਕੇ ਹੀ ਇਹ ਰਿਹਾਈ ਸੰਭਵ ਹੋਈ ਸੀ।
ਡੈਨਿਸ ਨੇ ਕਿਹਾ ਕਿ ਸਾਊਦੀ ਅਰਬ ਵਿਚ ਮਨੁੱਖੀ ਅਧਿਕਾਰ ਕੈਨੇਡਾ ਲਈ ਇੱਕ ਚਿੰਤਾ ਬਣੀ ਰਹੇਗੀ।
ਡੈਨਿਸ ਨੇ ਸੁਝਾਅ ਦਿੱਤਾ ਕਿ ਮਨੁੱਖੀ ਅਧਿਕਾਰਾਂ ਬਾਰੇ ਚਿੰਤਾਵਾਂ ਨੂੰ ਉਭਾਰਨ ਦਾ ਸਭ ਤੋਂ ਵਧੀਆ ਤਰੀਕਾ ਉਸ ਦੇਸ਼ ਵਿੱਚ ਇੱਕ ਮਜ਼ਬੂਤ ਕੂਟਨੀਤਕ ਮੌਜੂਦਗੀ ਹੈ।
ਟਵੀਟ ਜਾਰੀ ਕਰਨ ਨਾਲੋਂ, ਆਹਮੋ-ਸਾਹਮਣੇ ਦੇ ਪੱਧਰ ‘ਤੇ ਗੱਲਬਾਤ ਵਿਚ ਸ਼ਾਮਲ ਹੋਣਾ ਕਿਤੇ ਵੱਧ ਪ੍ਰਭਾਵਸ਼ਾਲੀ ਹੈ
।
ਰਈਫ਼ ਬਦਾਵੀ ਦੇ ਬੇਟੇ, ਤਿਰਾਦ ਬਦਾਵੀ ਨੇ ਸੀਬੀਸੀ ਨਿਊਜ਼ ਨੂੰ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਰਿਸ਼ਤਿਆਂ ਦੀ ਬਹਾਲੀ ਕੈਨੇਡਾ ਨੂੰ ਉਸਦੇ ਪਿਤਾ ਦੀ ਰਿਹਾਈ ਲਈ ਲੌਬੀ ਕਰਨ ਦੀ ਆਗਿਆ ਦਵੇਗੀ।
ਸਾਬਕਾ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨੇ ਵੀ ਦੋਵੇਂ ਮੁਲਕਾਂ ਦਰਮਿਆਨ ਕੂਟਨੀਤਿਕ ਰਿਸ਼ਤਿਆਂ ਦੀ ਬਹਾਲੀ ‘ਤੇ ਖ਼ੁਸ਼ੀ ਜ਼ਾਹਰ ਕੀਤੀ।
ਔਟਵਾ ਯੂਨੀਵਰਸਿਟੀ ਵਿਚ ਸਕੂਲ ਔਫ਼ ਪਬਲਿਕ ਐਂਡ ਇੰਟਰਨੈਸ਼ਨਲ ਅਫੇਅਰਜ਼ ਦੇ ਅਸੋਸੀਏਟ ਪ੍ਰੋਫ਼ੈਸਰ, ਥੌਮਸ ਜੂਨੋ ਨੇ ਕਿਹਾ ਕਿ ਰਿਸ਼ਤਿਆਂ ਵਿਚ ਤਬਦੀਲੀ ਸਾਊਦੀ ਅਰਬ ਵੱਲੋਂ ਵਿਦੇਸ਼ ਨੀਤੀ ਵਿਚ ਤਬਦੀਲੀ ਕਰਕੇ ਵੀ ਆ ਰਹੀ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ 2018 ਦੌਰਾਨ ਸਾਊਦੀ ਅਰਬ ਦੀ ਵਿਦੇਸ਼ ਨੀਤੀ ਬਹੁਤ ਹਮਲਾਵਰ ਸੀ, ਪਰ ਕ੍ਰਾਊਨ ਪ੍ਰਿੰਸ ਮੁਹੰਮਦ ਹੁਣ ਵਿਦੇਸ਼ੀ ਨਿਵੇਸ਼ ਅਤੇ ਟੂਰਿਜ਼ਮ ਨੂੰ ਹੁਲਾਰਾ ਦੇਕੇ ਆਪਣੇ ਮੁਲਕ ਦੀ ਆਰਥਿਕ ਨੀਤੀ ਨੂੰ ਨਵੀਂ ਦਿਸ਼ਾ ਦੇ ਰਹੇ ਹਨ।
ਪ੍ਰੋਫ਼ੈਸਰ ਥੌਮਸ ਨੇ ਕਿਹਾ, ਮੈਨੂੰ ਲਗਦਾ ਹੈ ਕਿ ਉਹ ਪਿਛਲੇ ਕੁਝ ਸਾਲਾਂ ਵਿੱਚ ਸਮਝ ਗਏ ਹਨ ਕਿ ਵਿਦੇਸ਼ੀ ਉਲਝਣਾਂ ... ਵਿਦੇਸ਼ੀ ਨਿਵੇਸ਼ ਵਿੱਚ ਰੁਕਾਵਟਾਂ ਵਜੋਂ ਕੰਮ ਕਰਦੀਆਂ ਹਨ। ਉਹ ਟੂਰਿਸਟਾਂ ਨੂੰ [ਆਕਰਸ਼ਿਤ ਕਰਨ] ਲਈ ਰੁਕਾਵਟਾਂ ਬਣਦੀਆਂ ਹਨ
।
ਡੈਰਨ ਮੇਜਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ