- ਮੁੱਖ ਪੰਨਾ
- ਸਿਹਤ
- ਨਿਊਟਰੀਸ਼ਨ
ਓਨਟੇਰਿਓ ਦੇ ਸਕੂਲਾਂ ‘ਚ ਵਿਦਿਆਰਥੀਆਂ ਨੂੰ ਮੁਫ਼ਤ ਨਾਸ਼ਤਾ ਅਤੇ ਲੰਚ ਦਿੱਤੇ ਜਾਣ ਦੀ ਮੰਗ ਉੱਠੀ
ਫ਼ੂਡ ਬੈਂਕਾਂ 'ਤੇ ਨਿਰਭਰਤਾ ਵਧੀ

14 ਐਡਵੋਕੇਸੀ ਗਰੁੱਪਸ, ਸੰਸਥਾਵਾਂ ਅਤੇ ਟੀਚਰ ਯੂਨੀਅਨਾਂ ਦੇ ਇੱਕ ਸਮੂਹ ਨੇ ਓਨਟੇਰਿਓ ਸਰਕਾਰ ਨੂੰ ਸੂਬੇ ਦੇ ਸਾਰੇ ਵਿਦਿਆਰਥੀਆਂ ਲਈ ਮੁਫ਼ਤ ਨਾਸ਼ਤਾ ਅਤੇ ਲੰਚ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।
ਤਸਵੀਰ: iStock
ਟੀਚਰਜ਼ ਯੂਨੀਅਨਾਂ, ਫੂਡ ਬੈਂਕਾਂ ਅਤੇ ਇਸ ਮੁੱਦੇ ਦੀ ਵਕਾਲਤ ਕਰਨ ਵਾਲਿਆਂ ਵੱਲੋਂ ਓਨਟੇਰਿਓ ਸਰਕਾਰ ਨੂੰ ਮੰਗ ਕੀਤੀ ਜਾ ਰਹੀ ਹੈ ਕਿ ਸੂਬੇ ਭਰ ਦੇ ਸਕੂਲਾਂ ਵਿੱਚ ਬੱਚਿਆਂ ਲਈ ਮੁਫ਼ਤ ਨਾਸ਼ਤੇ ਅਤੇ ਲੰਚ ਦਾ ਬੰਦੋਬਸਤ ਕੀਤਾ ਜਾਵੇ।
ਐਜੁਕੇਸ਼ਨ ਮਿਨਿਸਟਰ ਸਟੀਫ਼ਨ ਲੈਚੇ ਅਤੇ ਚਿਲਡਰਨ ਮਿਸਿਸਟਰ ਮਾਈਕਲ ਪਾਰਸਾ ਨੂੰ ਲਿਖੇ ਪੱਤਰ ਵਿੱਚ 14 ਸੰਸਥਾਵਾਂ ਦੇ ਇਸ ਸਮੂਹ ਨੇ ਕਿਹਾ ਹੈ ਕਿ ਓਨਟੇਰਿਓ ਵਿੱਚ ਬਹੁਤੇ ਬੱਚਿਆਂ ਨੂੰ ਭੋਜਨ ਅਸੁਰੱਖਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਆਪਣੀਆਂ ਪੋਸ਼ਣ ਸਬੰਧੀ ਲੋੜਾਂ ਨੂੰ ਪੂਰਾ ਕਰਨ ਲਈ ਉਹ ਫੂਡ ਬੈਂਕਸ ਉੱਤੇ ਨਿਰਭਰ ਹੋਣ ਲਈ ਮਜਬੂਰ ਹਨ।
ਜਿਨ੍ਹਾਂ ਸਮੂਹਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਉਨ੍ਹਾਂ ਵਿੱਚ ਟੋਰੌਂਟੋ ਯੂਥ ਕੈਬਿਨੇਟ ਸਮੇਤ ਫੂਡ ਬੈਂਕਸ ਕੈਨੇਡਾ ਅਤੇ ਸੂਬੇ ਦੀਆਂ ਚਾਰ ਮੁੱਖ ਟੀਚਰਜ਼ ਯੂਨੀਅਨਾਂ ਸ਼ਾਮਲ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਓਨਟੇਰਿਓ ਵਿਚ ਮੌਜੂਦਾ ਸਟੂਡੈਂਟ ਨਿਊਟ੍ਰੀਸ਼ਨ ਪ੍ਰੋਗਰਾਮਾਂ ਦੀ ਮੰਗ ਵਧ ਰਹੀ ਹੈ, ਪਰ ਇਹ ਵਿਦਿਆਰਥੀਆਂ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਪਾ ਰਹੇ।
ਇਨ੍ਹਾਂ ਸੰਸਥਾਵਾਂ ਦਾ ਕਹਿਣਾ ਹੈ ਕਿ ਓਨਟੇਰਿਓ ਨੂੰ ਸਮੁੱਚੇ ਤੌਰ ‘ਤੇ ਸਕੂਲਾਂ ਵਿਚ ਮੁਫ਼ਤ ਬ੍ਰੇਕਫ਼ਾਸਟ ਅਤੇ ਲੰਚ ਪ੍ਰੋਗਰਾਮ ਸਾਰੇ ਵਿਦਿਆਰਥੀਆਂ ਲਈ ਮੁਹੱਈਆ ਕਰਵਾਉਣਾ ਚਾਹੀਦਾ ਹੈ ਅਤੇ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਨ੍ਹਾਂ ਖਾਣਿਆਂ ਨੂੰ ਪੂਰਾ ਕਰਨ ਲਈ ਸਕੂਲਾਂ ਕੋਲ ਲੋੜੀਂਦਾ ਇਨਫ਼੍ਰਾਸਟਰਕਚਰ, ਸਰੋਤ ਤੇ ਫੰਡਿੰਗ ਉਪਲਬਧ ਹੋਵੇ।
ਟੋਰੌਂਟੋ ਯੂਥ ਕੈਬਿਨੇਟ ਦੇ ਐਗਜ਼ੈਕਟਿਵ ਡਾਇਰੈਕਟਰ, ਸਟੀਫ਼ਨ ਮੈਨਸਾਹ ਨੇ ਕਿਹਾ ਕਿ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਖਾਣਾ ਉਪਲਬਧ ਕਰਵਾਉਣ ਨਾਲ ਵਿਅਦਿਆਰਥੀਆਂ ਦੀ ਸਕੂਲਾਂ ਵਿਚ ਪ੍ਰਾਪਤੀ ਵਧੇਗੀ, ਗ਼ੈਰ-ਹਾਜ਼ਰੀ ਘਟੇਗੀ ਅਤੇ ਇਸ ਨਾਲ ਚੰਗੀ ਸਿਹਤ ਨੂੰ ਵੀ ਹੁਲਾਰਾ ਮਿਲੇਗਾ।
ਬੁੱਧਵਾਰ ਨੂੰ ਇੱਕ ਨਿਊਜ਼ ਕਾਨਫ਼੍ਰੰਸ ਦੌਰਾਨ ਮੈਨਸਾਹ ਨੇ ਕਿਹਾ ਕਿ ਬੱਚੇ ਦਾ ਭੋਜਨ ਦਾ ਅਧਿਕਾਰ ਕੋਈ ਲਕਜ਼ਰੀ ਨਹੀਂ ਜੋ ਕੁਝ ਕੁ ਬੱਚਿਆਂ ਨੂੰ ਪ੍ਰਾਪਤ ਹੋਵੇ, ਸਗੋਂ ਇਹ ਇੱਕ ਜ਼ਰੂਰਤ ਹੈ ਜਿਸਦੇ ਸਾਰੇ ਹੱਕਦਾਰ ਹਨ।
ਟੋਰੌਂਟੋ ਵਿਚ ਨੌਰਥ ਯੌਰਕ ਹਾਰਵੈਸਟ ਫ਼ੂਡ ਬੈਂਕ ਵਿਚ ਮਾਰਕੀਟਿੰਗ ਡਾਇਰੈਕਟਰ, ਹੈਨਰੀ ਚਿਓ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿਚ ਫ਼ੂਡ ਬੈਂਕ ‘ਤੇ ਨਿਰਭਰ ਕਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਜ਼ਬਰਦਸਤ ਵਾਧਾ ਹੋਇਆ ਹੈ, ਜਿਸ ਵਿਚ ਬੱਚਿਆਂ ਵਾਲੇ ਪਰਿਵਾਰ ਵੀ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ 37 ਏਜੰਸੀਆਂ ਰਾਹੀਂ ਉਹ ਪ੍ਰਤੀ ਮਹੀਨਾ 20,000 ਲੋਕਾਂ ਨੂੰ ਭੋਜਨ ਸੇਵਾਵਾਂ ਦੇ ਰਹੇ ਹਨ, ਜੋਕਿ 36 ਸਾਲ ਦੇ ਇਤਿਹਾਸ ਵਿਚ ਹੁਣ ਤੱਕ ਸਭ ਤੋਂ ਵੱਡਾ ਅੰਕੜਾ ਹੈ।
1,200 ਫ਼ੂਡ ਬੈਂਕਾਂ ਅਤੇ ਸਬੰਧਤ ਸੰਸਥਾਵਾਂ ਦਾ ਇੱਕ ਸਮੂਹ, ਫ਼ੀਡ ਓਨਟੇਰਿਓ, ਜੋ ਭੋਜਨ ਅਸੁਰੱਖਿਆ ਨੂੰ ਹੱਲ ਕਰਨ ਲਈ ਯਤਨਸ਼ੀਲ ਹੈ, ਨੇ ਨਵੰਬਰ ਵਿਚ ਇੱਕ ਰਿਪੋਰਟ ਵਿਚ ਕਿਹਾ ਸੀ ਕਿ 1 ਅਪ੍ਰੈਲ 2021 ਤੋਂ 31 ਮਾਰਚ 2022 ਦੇ ਦਰਮਿਆਨ, 587,000 ਬਾਲਗ਼ ਅਤੇ ਬੱਚੇ, ਕੁਲ 4.3 ਮਿਲੀਅਨ ਵਾਰ ਸੂਬਾਈ ਫ਼ੂਡ ਬੈਂਕਾਂ ਵਿਚ ਗਏ ਸਨ।
ਭੋਜਨ ਅਸੁਰੱਖਿਆ 'ਤੇ ਕੰਮ ਕਰ ਰਹੀਆਂ ਕੁਝ ਸੰਸਥਾਵਾਂ ਦਾ ਕਹਿਣਾ ਹੈ ਕਿ ਫ਼ੂਡ ਬੈਂਕ ਦੇ ਕਰੀਬ 30% ਕਲਾਇੰਟਸ 18 ਸਾਲ ਤੋਂ ਘੱਟ ਉਮਰ ਦੇ ਹਨ।
ਮਾਨ ਅਲਹਮੀਦੀ - ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ