1. ਮੁੱਖ ਪੰਨਾ
  2. ਸਮਾਜ
  3. ਇਮੀਗ੍ਰੇਸ਼ਨ

ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚ ਖ਼ੁਦਕਸ਼ੀਆਂ ਦੇ ਮਾਮਲੇ ਵਧਣ ਕਰਕੇ ਭਾਈਚਾਰਾ ਚਿੰਤਤ

ਵਿਦਿਆਰਥੀਆਂ ਦੀ ਮਾਨਸਿਕ ਸਿਹਤ ਲਈ ਕਈ ਚੁਣੌਤੀਆਂ

ਟੋਰੌਂਟੋ ਦੇ ਇਟੋਬਿਕੋ ਵਿਚ ਸਥਿਤ ਲੋਟਸ ਫ਼ਿਊਨਰਲ ਐਂਡ ਕ੍ਰੈਮੇਸ਼ਨ ਸੈਂਟਰ ਦੀ ਤਸਵੀਰ।

ਟੋਰੌਂਟੋ ਦੇ ਇਟੋਬਿਕੋ ਵਿਚ ਸਥਿਤ ਲੋਟਸ ਫ਼ਿਊਨਰਲ ਐਂਡ ਕ੍ਰੈਮੇਸ਼ਨ ਸੈਂਟਰ ਦੀ ਤਸਵੀਰ।

ਤਸਵੀਰ: (Kirthana Sasitharan/CBC)

RCI

ਟੋਰੌਂਟੋ ਦੇ ਇੱਕ ਫ਼ਿਊਨਰਲ ਹੋਮ (ਅੰਤਮ ਸੰਸਕਾਰ ਕੇਂਦਰ) ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਮੌਤਾਂ ਵਿਚ ਹੋ ਰਿਹਾ ਵਾਧਾ, ਨੌਜਵਾਨਾਂ ਨੂੰ ਦਰਪੇਸ਼ ਮਾਨਸਿਕ ਸਿਹਤ ਚੁਣੌਤੀਆਂ ਦੇ ਮੁੱਦੇ ਨੂੰ ਉਜਾਗਰ ਕਰਦਾ ਹੈ ਅਤੇ ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਇਸ ਖ਼ਬਰ ਦੇ ਵੇਰਵੇ ਪਾਠਕ ਨੂੰ ਪ੍ਰੇਸ਼ਾਨ ਕਰ ਸਕਦੇ ਹਨ

ਟੋਰੌਂਟੋ ਦੇ ਈਟੋਬਿਕੋ ਵਿਚ ਸਥਿਤ, ਲੋਟਸ ਫ਼ਿਊਨਰਲ ਐਂਡ ਕ੍ਰੈਮੇਸ਼ਨ ਸੈਂਟਰ ਅਨੁਸਾਰ ਭਾਰਤ ਭੇਜੀਆਂ ਜਾਣ ਵਾਲੀਆਂ ਨੌਜਵਾਨ ਮ੍ਰਿਤਕ ਦੇਹਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਅਤੇ ਸੈਂਟਰ ਦਾ ਮੰਨਣਾ ਹੈ ਕਿ ਇਨ੍ਹਾਂ ਵਿਚੋਂ ਕੁਝ ਮੌਤਾਂ ਆਤਮ-ਹੱਤਿਆ ਦਾ ਨਤੀਜਾ ਹਨ।

ਵਿਦਿਆਰਥੀ ਅਤੇ ਵਕਾਲਤ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਖ਼ੁਦਕਸ਼ੀ ਦੀ ਵਧ ਰਹੀ ਦਰ ਬਾਰੇ ਬਹੁਤ ਚਿੰਤਤ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਭਾਰਤ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਧ ਰਹੀ ਹੈ, ਇਸ ਕਰਕੇ ਖ਼ਾਸ ਤੌਰ ‘ਤੇ ਇਸ ਮੁੱਦੇ ਨੂੰ ਤਵੱਜੋ ਤੇ ਕਾਰਵਾਈ ਦੀ ਜ਼ਰੂਰਤ ਹੈ।

ਫਿਊਨਰਲ ਹੋਮ ਦੇ ਮਾਲਕ ਕਮਲ ਭਾਰਦਵਾਜ ਨੇ ਕਿਹਾ ਕਿ ਭਾਰਤ ਭੇਜੀਆਂ ਜਾਣ ਵਾਲੀਆਂ ਨੌਜਵਾਨ ਮ੍ਰਿਤਕ ਦੇਹਾਂ ਦੀ ਗਿਣਤੀ ਵਧ ਰਹੀ ਹੈ।

ਫਿਊਨਰਲ ਹੋਮ ਦੇ ਮਾਲਕ ਕਮਲ ਭਾਰਦਵਾਜ ਨੇ ਕਿਹਾ ਕਿ ਭਾਰਤ ਭੇਜੀਆਂ ਜਾਣ ਵਾਲੀਆਂ ਨੌਜਵਾਨ ਮ੍ਰਿਤਕ ਦੇਹਾਂ ਦੀ ਗਿਣਤੀ ਵਧ ਰਹੀ ਹੈ।

ਤਸਵੀਰ: (Kirthana Sasitharan/CBC)

ਅੰਕੜੇ ਦਰਅਸਲ ਧੁੰਦਲੇ ਹੀ ਹਨ। ਇੱਕ ਵਿਦਿਆਰਥੀ ਕਾਰਕੁੰਨ ਨੇ ਕਿਹਾ ਕਿ ਇਹ ਸਮੱਸਿਆ ਵਾਲੀ ਗੱਲ ਹੈ ਕਿ ਫ਼ੈਡਰਲ ਅੰਕੜੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚ ਮੌਤਾਂ ਨੂੰ ਟਰੈਕ ਨਹੀਂ ਕਰਦੇ। ਕਿਉਂਕਿ ਜਦੋਂ ਤੱਕ ਅਜਿਹਾ ਨ੍ਹੀਂ ਹੁੰਦਾ ਤਾਂ ਕੋਈ ਹੱਲ ਲੱਭਣ ਦਾ ਤਰੀਕਾ ਨਹੀਂ ਹੋਵੇਗਾ।

ਲੋਟਸ ਫ਼ਿਊਨਰਲ ਕਈ ਸਾਲਾਂ ਤੋਂ ਭਾਰਤੀ ਕਾਂਸੁਲੇਟ ਜਨਰਲ ਜਾਂ ਭਾਈਚਾਰੇ ਦੇ ਹੋਰ ਮੈਂਬਰਾਂ ਦੀ ਬੇਨਤੀ ‘ਤੇ ਪੂਰੇ ਕੈਨੇਡਾ ਤੋਂ ਭਾਰਤੀ ਨਾਗਰਿਕਾਂ ਦੇ ਅਵਸ਼ੇਸ਼ਾਂ/ਮ੍ਰਿਤਕ ਦੇਹਾਂ ਨੂੰ ਵਾਪਸ ਭੇਜ ਰਿਹਾ ਹੈ।

ਇੱਕ ਮਹੀਨੇ ਵਿਚ ਵੱਧ ਤੋਂ ਵੱਧ ਦੋ ਮਾਮਲੇ ਹੋਇਆ ਕਰਦੇ ਸਨ - ਜਿਨ੍ਹਾਂ ਵਿਚ ਵਿਦਿਆਰਥੀ ਅਤੇ ਵਰਕ ਪਰਮਿਟ ਲੈ ਚੁਕੇ ਹੋਣ ਵਾਲੇ, ਦੋਵੇਂ ਹੁੰਦੇ ਸਨ। ਪਰ ਲੋਟਸ ਦਾ ਕਹਿਣਾ ਹੈ ਕਿ ਪਿਛਲੇ ਸਾਲ ਤੋਂ ਇਹ ਗਿਣਤੀ ਦੁਗਣੀ ਤੋਂ ਵੀ ਵਧ ਗਈ ਹੈ।

ਲੋਟਸ ਫ਼ਿਊਨਰਲ ਐਂਡ ਕ੍ਰੈਮੇਸ਼ਨ ਸੈਂਟਰ ਦੇ ਮਾਲਿਕ, ਕਮਲ ਭਾਰਦਵਾਜ ਦਾ ਕਹਿਣਾ ਹੈ ਕਿ ਹੁਣ ਹਰ ਮਹੀਨੇ ਕਰੀਬ 4 ਤੋਂ 5 ਜਣਿਆਂ ਦੀਆਂ ਮ੍ਰਿਤਕ ਦੇਹਾਂ ਭਾਰਤ ਵਾਪਸ ਭੇਜੀਆਂ ਜਾਂਦੀਆਂ ਹਨ। ਕਿਸੇ ਮਹੀਨੇ ਤਾਂ 7 ਵੀ ਭੇਜੀਆਂ ਗਈਆਂ ਸਨ। 

ਭਾਰਤ ਭੇਜੀਆਂ ਗਈਆਂ ਮ੍ਰਿਤਕ ਦੇਹਾਂ ਦੇ ਸਾਲਾਨਾ ਅੰਕੜੇ, ਜਿਨ੍ਹਾਂ ਵਿਚ ਜ਼ਿਆਦਾਤਰ ਲੋਕ ਨੌਜਵਾਨ ਸਨ:

  • 2018: 8 ਮ੍ਰਿਤਕ ਦੇਹਾਂ
  • 2019 : 16 ਮ੍ਰਿਤਕ ਦੇਹਾਂ
  • 2020 : 12 ਮ੍ਰਿਤਕ ਦੇਹਾਂ
  • 2021 : 11 ਮ੍ਰਿਤਕ ਦੇਹਾਂ
  • 2022: 33 ਮ੍ਰਿਤਕ ਦੇਹਾਂ

ਫ਼ਿਊਨਰਲ ਹੋਮ ਦੇ ਵਰਕਰਾਂ ਦਾ ਕਹਿਣਾ ਹੈ ਕਿ ਉਹ ਕਈ ਵਾਰੀ ਲਾਸ਼ਾਂ ‘ਤੇ ਮੌਜੂਦ ਨਿਸ਼ਾਨਾਂ ਨੂੰ ਵੇਖ ਕੇ ਬਹੁਤ ਪ੍ਰੇਸ਼ਾਨ ਹੋ ਜਾਂਦੇ ਹਨ।

ਭਾਰਦਵਾਜ ਨੇ ਕਿਹਾ ਕਿ ਕਈ ਵਾਰੀ ਲਾਸ਼ ਦੀ ਗਰਦਨ ਉੱਪਰ ਫੰਦੇ ਦਾ ਨਿਸ਼ਾਨ ਹੁੰਦਾ ਹੈ, ਜਿਸ ਨਾਲ ਸਾਨੂੰ ਲੱਗਦਾ ਹੈ ਕਿ ਮ੍ਰਿਤਕ ਨੇ ਖ਼ੁਦਕਸ਼ੀ ਕੀਤੀ ਹੋ ਸਕਦੀ ਹੈ।

ਹਾਲਾਂਕਿ ਫੰਦੇ ਦੇ ਨਿਸ਼ਾਨ ਹੋਰ ਘਟਨਾਵਾਂ ਕਰਕੇ ਵੀ ਹੋ ਸਕਦੇ ਹਨ, ਪਰ ਫ਼ਿਊਨਰਲ ਹੋਮ ਵਰਕਰਾਂ ਦਾ ਕਹਿਣਾ ਹੈ ਕਿ ਕਈ ਹੋਰ ਮਾਮਲਿਆਂ ਵਿਚ ਡੁੱਬਣ ਜਾਂ ਨਸ਼ੇ ਦੀ ਓਵਰਡੋਜ਼ ਦੇ ਲੱਛਣ ਨਜ਼ਰ ਆਉਂਦੇ ਹਨ, ਜੋਕਿ ਖ਼ੁਦਕਸ਼ੀ ਦਾ ਵੀ ਸੰਕੇਤ ਹੋ ਸਕਦੇ ਹਨ।

ਫ਼ਿਊਨਰਲ ਹੋਮ ਵਰਕਰ ਪ੍ਰਾਈਵੇਸੀ ਕਾਰਨਾਂ ਕਰਕੇ ਮੌਤ ਦੇ ਸਟੀਕ ਕਾਰਨ ਨਹੀਂ ਦੱਸ ਸਕੇ, ਪਰ ਉਹਨਾਂ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਵਿਦਿਆਰਥੀਆਂ ਅਤੇ ਹੋਰ ਨੌਜਵਾਨ ਭਾਰਤੀਆਂ ਵਿੱਚ ਪ੍ਰਤੀ ਮਹੀਨਾ ਸਿਰਫ ਇੱਕ ਜਾਂ ਦੋ ਮੌਤਾਂ ਕੁਦਰਤੀ ਕਾਰਨਾਂ ਕਰਕੇ ਹੋਈਆਂ ਹੁੰਦੀਆਂ ਹਨ।

ਬਾਕੀ ਦੀਆਂ ਮੌਤਾਂ ਸੜਕ ਹਾਦਸਿਆਂ, ਖ਼ੁਦਕਸ਼ੀਆਂ, ਡਰੱਗ ਓਵਰਡੋਜ਼ ਜਾਂ ਹੋਰ ਕਾਰਨਾਂ ਕਰਕੇ ਹੋਈਆਂ ਹੁੰਦੀਆਂ ਹਨ। ਫ਼ਿਊਨਰਲ ਹੋਮ ਵਰਕਰਾਂ ਅਨਸਾਰ ਕੁਝ ਮਾਮਲਿਆਂ ਵਿੱਚ, ਮੌਤ ਦੇ ਕਾਰਨ ਦਾ ਪਤਾ ਲਗਾਉਣ ਵਿੱਚ ਸਮਾਂ ਲੱਗਦਾ ਹੈ, ਕਿਉਂਕਿ ਕੋਰੋਨਰਾਂ ਦੀ ਜਾਂਚ ਵਿੱਚ ਹਫ਼ਤੇ ਜਾਂ ਮਹੀਨੇ ਲੱਗ ਸਕਦੇ ਹਨ।

ਫ਼ਿਊਨਰਲ ਹੋਮ ਦੇ ਡਾਇਰੈਕਟਰ, ਹਰਮਿੰਦਰ ਹਾਂਸੀ ਨੇ ਕਿਹਾ ਕਿ ਇਸ ਸਾਲ ਦੇ ਅੰਕੜੇ ਪਿਛਲੇ ਸਾਲ ਨਾਲੋਂ ਵਧੇਰੇ ਹੋਣ ਦੀ ਸੰਭਾਵਨਾ ਹੈ।

ਫ਼ਿਊਨਰਲ ਹੋਮ ਦੇ ਡਾਇਰੈਕਟਰ, ਹਰਮਿੰਦਰ ਹਾਂਸੀ ਨੇ ਕਿਹਾ ਕਿ ਇਸ ਸਾਲ ਦੇ ਅੰਕੜੇ ਪਿਛਲੇ ਸਾਲ ਨਾਲੋਂ ਵਧੇਰੇ ਹੋਣ ਦੀ ਸੰਭਾਵਨਾ ਹੈ।

ਤਸਵੀਰ: (Kirthana Sasitharan/CBC)

ਫ਼ਿਊਨਰਲ ਹੋਮ ਦੇ ਡਾਇਰੈਕਟਰ, ਹਰਮਿੰਦਰ ਹਾਂਸੀ ਨੇ ਕਿਹਾ ਕਿ ਇਸ ਸਾਲ ਦੇ ਅੰਕੜੇ ਪਿਛਲੇ ਸਾਲ ਨਾਲੋਂ ਵਧੇਰੇ ਹੋਣ ਦੀ ਸੰਭਾਵਨਾ ਹੈ।

ਮੈਂ ਅੱਕ ਗਿਆ ਹਾਂ, ਇੱਕ ਪਿਤਾ ਹੋਣ ਦੇ ਨਾਤੇ, ਜਦੋਂ ਮੈਂ ਦੇਖਦਾ ਹਾਂ ਕਿ ਉਹ ਕਿਸ ਤਰਾਂ ਮਰੇ, ਮੌਤ ਦਾ ਕਾਰਨ, ਇਹ ਮੈਨੂੰ ਪ੍ਰੇਸ਼ਾਨ ਕਰਦਾ ਹੈ। ਇਹ ਕਿਉਂ ਹੋਇਆ, ਅਤੇ ਅਸੀਂ ਇੱਕ ਭਾਈਚਾਰੇ ਵੱਜੋਂ, ਇਸਨੂੰ ਰੋਕ ਕਿਉਂ ਨਹੀਂ ਸਕਦੇ?

ਪਿਛਲੇ ਸਾਲ ਭਾਰਤ ਤੋਂ ਕੈਨੇਡਾ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਹੋਇਆ ਹੈ। 2021 ਵਿਚ 216,500 ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਆਏ ਸਨ, ਜਦਕਿ 2022 ਵਿਚ 319,000 ਵਿਦਿਆਰਥੀ ਕੈਨੇਡਾ ਪਹੁੰਚੇ ਹਨ।

ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਉਹ ਵਿਦੇਸ਼ੀ ਨਾਗਰਿਕਾਂ ਦੀਆਂ ਮ੍ਰਿਤਕ ਦੇਹਾਂ ਵਾਪਸ ਭੇਜੇ ਜਾਣ ਨੂੰ ਟ੍ਰੈਕ ਨਹੀਂ ਕਰਦਾ ਹੈ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਉਹ ਭਾਵੇਂ ਮੌਤਾਂ ਬਾਰੇ ਜਾਣਕਾਰੀ ਇਕੱਠੀ ਕਰਦਾ ਹੈ, ਪਰ ਇਹ ਨਿਰਧਾਰਿਤ ਕਰਨ ਲਈ ਬਹੁਤੀ ਜਾਣਕਾਰੀ ਨਹੀਂ ਹੁੰਦੀ ਕਿ ਮ੍ਰਿਤਕ ਵਿਦੇਸ਼ੀ ਵਿਦਿਆਰਥੀ ਸੀ ਜਾਂ ਨ੍ਹੀਂ।

ਟੋਰੌਂਟੋ ਵਿਚ ਸਥਿਤ ਭਾਰਤੀ ਕਾਂਸੁਲੇਟ,ਜੋਕਿ ਮੁੱਖ ਤੌਰ ‘ਤੇ ਓਨਟੇਰਿਓ ਦੇ ਵਿਦਿਆਰਥੀਆਂ ਨਾਲ ਡੀਲ ਕਰਦਾ ਹੈ, ਨੇ ਕਿਹਾ ਕਿ ਸਾਲ 2021 ਵਿਚ ਕਾਂਸੁਲੇਟ ਨਾਲ ਰਜਿਸਟਰ 173,935 ਵਿਦਿਆਰਥੀਆਂ ਵਿਚੋਂ 22 ਦੀ ਮੌਤ ਹੋਈ ਸੀ, ਜਿਨ੍ਹਾਂ ਵਿਚੋਂ 4 ਖੁਦਕਸ਼ੀਆਂ ਸਨ।

2022 ਵਿਚ ਕਾਂਸੁਲੇਟ ਕੋਲ ਰਜਿਸਟਰਡ ਵਿਦਿਆਰਥੀਆਂ ਅਤੇ ਖ਼ੁਦਕਸ਼ੀਆਂ, ਦੋਵਾਂ ਦੀ ਗਿਣਤੀ ਵਧੀ ਹੈ। 236,565 ਵਿਦਿਆਰਥੀਆਂ ਵਿਚੋਂ 25 ਜਣਿਆਂ ਦੀ ਮੌਤ ਹੋਈ ਜਿਸ ਵਿਚੋਂ 7 ਖ਼ੁਦਕਸ਼ੀਆਂ ਦੇ ਮਾਮਲੇ ਸਨ। ਹਾਲਾਂਕਿ ਵਿਦਿਆਰਥੀਆਂ ਦੀ ਆਬਾਦੀ ਅਤੇ ਖ਼ੁਦਕਸ਼ੀਆਂ ਦੀ ਗਿਣਤੀ ਦਾ ਅਨੁਪਾਤ ਪਿਛਲੇ ਸਾਲ ਦੇ ਬਰਾਬਰ ਜਿਹਾ ਰਿਹਾ।

ਕਾਂਸੁਲੇਟ ਨੇ 2021 ਤੋਂ ਪਹਿਲਾਂ ਦੇ ਅੰਕੜੇ ਸਾਂਝੇ ਨਹੀਂ ਕੀਤੇ।

ਕਾਂਸੁਲੇਟ ਅਨੁਸਾਰ ਇਸ ਸਾਲ ਮਾਰਚ ਤੱਕ 8 ਵਿਦਿਆਰਥੀਆਂ ਦੀ ਮੌਤ ਹੋਈ ਹੈ ਜਿਸ ਵਿਚੋਂ 2 ਨੇ ਖ਼ੁਦਕਸ਼ੀ ਕੀਤੀ ਸੀ।

ਪੰਜਾਬੀ ਕਮਿਊਨਿਟੀ ਹੈਲਥ ਸਰਵਿਸੇਜ਼ ਵਿਚ ਮੈਨੇਜਰ, ਅਮਨਜੀਤ ਕਾਹਲੋਂ ਦਾ ਕਹਿਣਾ ਹੈ ਕਿ ਇਕਲਾਪਾ ਅਤੇ ਘਰ ਦੀ ਯਾਦ ਵਿਦਿਆਰਥੀਆਂ ਵਿਚ ਤਣਾਅ ਦਾ ਇੱਕ ਵੱਡਾ ਕਾਰਨ ਹੈ।

ਪੰਜਾਬੀ ਕਮਿਊਨਿਟੀ ਹੈਲਥ ਸਰਵਿਸੇਜ਼ ਵਿਚ ਮੈਨੇਜਰ, ਅਮਨਜੀਤ ਕਾਹਲੋਂ ਦਾ ਕਹਿਣਾ ਹੈ ਕਿ ਇਕਲਾਪਾ ਅਤੇ ਘਰ ਦੀ ਯਾਦ ਵਿਦਿਆਰਥੀਆਂ ਵਿਚ ਤਣਾਅ ਦਾ ਇੱਕ ਵੱਡਾ ਕਾਰਨ ਹੈ।

ਤਸਵੀਰ: (Kirthana Sasitharan/CBC)

ਸਾਬਕਾ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਇੰਟਰਨੈਸ਼ਨਲ ਸਿੱਖ ਸਟੂਡੈਂਟਸ ਅਸੋਸੀਏਸ਼ਨ ਦੇ ਸੰਸਥਾਪਕ, ਜਸਪ੍ਰੀਤ ਸਿੰਘ ਨੇ ਕਿਹਾ ਕਿ ਜੇ ਸਰਕਾਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਮੌਤਾਂ ਨੂੰ ਟਰੈਕ ਨਹੀਂ ਕਰ ਰਹੀਆਂ, ਤਾਂ ਅਧਿਕਾਰੀਆਂ ਲਈ ਇਹ ਸੰਕਟ ਨਜ਼ਰ ਆਉਣਾ ਮੁਸ਼ਕਿਲ ਹੋ ਜਾਂਦਾ ਹੈ, ਜਿਸਨੂੰ ਭਾਈਚਾਰਾ ਰੋਜ਼ ਵਾਂਗ ਹੰਢਾ ਰਿਹਾ ਹੈ।

ਜਸਪ੍ਰੀਤ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੀ ਫ਼ੀਸ ਭਰਨ ਤੋਂ ਲੈਕੇ ਨੌਕਰੀਆਂ ਤੱਕ ਅਤੇ ਫ਼ਿਰ ਪੀ ਆਰ ਲੈਣ ਤੱਕ ਕਈ ਤਰ੍ਹਾਂ ਦੇ ਮਾਨਸਿਕ ਬੋਝ ਨਾਲ ਜੂਝਣਾ ਪੈਂਦਾ ਹੈ।

ਜਦੋਂ ਉਹ ਵਿਦਿਆਰਥੀ ਆਪਣੇ ਮਾਪਿਆਂ ਅਤੇ ਪਰਿਵਾਰਾਂ ਦੀਆਂ ਉਮੀਦਾਂ ‘ਤੇ ਖਰੇ ਨਹੀਂ ਉਤਰ ਪਾਉਂਦੇ, ਤਾਂ ਅਸਫਲ ਹੋਣ ਦਾ ਅਹਿਸਾਸ ਉਨ੍ਹਾਂ ਲਈ ਜ਼ਿੰਦਗੀ ਅਤੇ ਮੌਤ ਦਾ ਸਵਾਲ ਬਣ ਜਾਂਦਾ ਹੈ।

ਪੰਜਾਬੀ ਕਮਿਊਨਿਟੀ ਹੈਲਥ ਸਰਵਿਸੇਜ਼ ਵਿਚ ਮੈਨੇਜਰ, ਅਮਨਜੀਤ ਕਾਹਲੋਂ ਨੇ ਕਿਹਾ ਕਿ ਇਕਲਾਪਾ ਅਤੇ ਆਪਣੇ ਘਰ ਦੀ ਯਾਦ ਵੀ ਮਾਨਸਿਕ ਸਿਹਤ ਲਈ ਇੱਕ ਵੱਡੀ ਚੁਣੌਤੀ ਹੈ।

ਉਨ੍ਹਾਂ ਕਿਹਾ ਬਹੁਤ ਸਾਰੇ ਲੋਕ ਵੱਡੇ ਪਰਿਵਾਰਾਂ ਵਿਚ ਰਹਿਣ ਦੇ ਆਦੀ ਹੁੰਦੇ ਹਨ, ਪਰ ਕੈਨੇਡਾ ਆਕੇ ਉਨ੍ਹਾਂ ਨੂੰ ਇਕਲਾਪਾ ਮਹਿਸੂਸ ਹੁੰਦਾ ਹੈ ਅਤੇ ਮਾਨਸਿਕ ਸਿਹਤ ‘ਤੇ ਅਸਰ ਪੈਂਦਾ ਹੈ।

ਕਾਹਲੋਂ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਅਤੀਤ ਵਿਚ ਕਈ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਦੀਆਂ ਚੁਣੌਤੀਆਂ ਕਰਕੇ ਵਾਪਸ ਭਾਰਤ ਭੇਜਣ ਦਾ ਪ੍ਰਬੰਧ ਕਰ ਚੁੱਕੀ ਹੈ। ਸੰਸਥਾ ਦੇ Rapid Response, Saving Lives program ਤਹਿਤ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਹੱਦੋਂ ਵੱਧ ਵਿਗੜਨ ਤੋਂ ਪਹਿਲਾਂ ਪਰਿਵਾਰ ਦੇ ਸਿਰਫਾਰਿਸ਼ 'ਤੇ ਉਨ੍ਹਾਂ ਨੂੰ ਵਾਪਸ ਭੇਜੇ ਜਾਣ ਵਿਚ ਮਦਦ ਕੀਤੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਵਾਪਸ ਭੇਜੇ ਜਾਣ ‘ਤੇ ਉਨ੍ਹਾਂ ਵਿਦਿਆਰਥੀਆਂ ਦੇ ਪਰਿਵਾਰਾਂ ਨੇ ਦੱਸਿਆ ਕਿ ਨੌਜਵਾਨਾਂ ਦੀ ਮਾਨਸਿਕ ਸਥਿਤੀ ਵਿਚ ਕਾਫ਼ੀ ਸੁਧਾਰ ਹੋਇਆ ਸੀ।

ਕਾਹਲੋਂ ਦਾ ਕਹਿਣਾ ਹੈ ਕਿ ਹੁਣ ਸੰਸਥਾ ਨੂੰ ਸੂਬਾਈ ਫ਼ੰਡਿੰਗ ਨਹੀਂ ਮਿਲ ਰਹੀ, ਪਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਲਗਾਤਾਰ ਵਧ ਰਹੀ ਗਿਣਤੀ ਦੇ ਮੱਦੇਨਜ਼ਰ, ਅਜਿਹੀਆਂ ਸੰਸਥਾਵਾਂ ਨੂੰ ਸਰਕਾਰੀ ਮਦਦ ਦੀ ਜ਼ਰੂਰਤ ਹੈ।

ਓਨਟੇਰਿਓ ਅੰਡਰਗ੍ਰੈਜੂਏਟ ਸਟੁਡੈਂਟ ਅਲਾਇੰਸ (OUSA) ਨਾਲ ਜੁੜੇ ਜੋਸ਼ ਸੰਕਰਲਾਲ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨੂੰ ਵੀ ਸਰੀਰਕ ਸਿਹਤ ਦੇ ਇਲਾਜ ਵਾਂਗ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।

ਕੀਰਥਨ ਸਸੀਥਰਨ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ