- ਮੁੱਖ ਪੰਨਾ
- ਰਾਜਨੀਤੀ
- ਫ਼ੈਡਰਲ ਰਾਜਨੀਤੀ
ਟੈਕਸ ਭਰਨ ਦਾ ਆਟੋਮੈਟਿਕਸ ਸਿਸਟਮ ਸ਼ੁਰੂ ਕਰੇਗੀ ਕੈਨੇਡਾ ਰੈਵਨਿਊ ਏਜੰਸੀ
ਹਾਸ਼ੀਆਗਤ ਲੋਕਾਂ ਨੂੰ ਬੈਨਿਫ਼ਿਟ ਪਹੁੰਚਦੇ ਕਰਨ ਦੇ ਮਕਸਦ ਨਾਲ ਸ਼ੁਰੂ ਹੋਵੇਗਾ ਪਾਇਲਟ ਪ੍ਰੋਗਰਾਮ

ਕੈਨੇਡਾ ਰੈਵਨਿਊ ਏਜੰਸੀ ਵੱਲੋਂ ਆਟੋਮੈਟਿਕ ਟੈਕਸ ਭੁਗਤਾਨ ਦਾ ਸਿਸਟਮ ਸ਼ੁਰੂ ਕੀਤਾ ਜਾਵੇਗਾ ਤਾਂ ਕਿ ਹਾਸ਼ੀਆਗਤ ਕੈਨੇਡੀਅਨਜ਼ ਬੈਨਿਫ਼ਿਟਸ ਤੋਂ ਸੱਖਣੇ ਨਾ ਰਹਿਣ।
ਤਸਵੀਰ: (Adrian Wyld/The Canadian Press)
ਕੈਨੇਡਾ ਰੈਵਨਿਊ ਏਜੰਸੀ ਅਗਲੇ ਸਾਲ ਇੱਕ ਨਵਾਂ ਆਟੋਮੈਟਿਕ ਸਿਸਟਮ ਸ਼ੁਰੂ ਕਰੇਗੀ। ਟੈਕਸ ਨਾ ਭਰਨ ਕਾਰਨ ਬੈਨਿਫ਼ਿਟਸ ਤੋਂ ਵਾਂਝੇ ਰਹਿ ਜਾਣ ਵਾਲੇ ਹਾਸ਼ੀਆਗਤ ਕੈਨੇਡੀਅਨਜ਼ ਦੀ ਮਦਦ ਲਈ ਇਹ ਨਵਾਂ ਆਟੋਮੈਟਿਕ ਪਾਇਲਟ ਸਿਸਟਮ ਸ਼ੁਰੂ ਕੀਤਾ ਜਾਵੇਗਾ।
ਇਸ ਹਫ਼ਤੇ ਦੇ ਫੈਡਰਲ ਬਜਟ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਰੈਵਨਿਊ ਏਜੰਸੀ ਸਟੇਕਹੋਲਡਰਾਂ ਅਤੇ ਕਮਿਊਨਿਟੀ ਸੰਸਥਾਵਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ, ਸੇਵਾ ਦਾ ਵਿਸਤਾਰ ਕਰਨ ਲਈ 2024 ਵਿੱਚ ਇੱਕ ਯੋਜਨਾ ਵੀ ਪੇਸ਼ ਕਰੇਗੀ।
ਟੈਕਸ ਦਾ ਆਟੋਮੈਟਿਕ ਭੁਗਤਾਨ ਸਿਸਟਮ, ਜਿਸ ਦਾ ਪਹਿਲੀ ਵਾਰੀ 2020 ਦੀ ਥ੍ਰੋਨ ਸਪੀਚ ਵਿਚ ਵਾਅਦਾ ਕੀਤਾ ਗਿਆ ਸੀ, ਰਹਿਣ-ਸਹਿਣ ਦੀ ਲਾਗਤ ਵਿਚ ਕੈਨੇਡੀਅਨਜ਼ ਦੀ ਮਦਦ ਕਰਨ ਲਈ ਲਿਬਰਲ ਸਰਕਾਰ ਦੇ ਕਈ ਬਜਟ ਉਪਾਵਾਂ ਵਿਚੋਂ ਇੱਕ ਹੈ।
ਮਾਹਰ ਅਤੇ ਵਕਾਲਤ ਕਰਨ ਵਾਲੇ ਕਈ ਲੋਕ ਆਟੋਮੈਟਿਕ ਟੈਕਸ ਭੁਗਤਾਨ ਦੀ ਹਿਮਾਇਤ ਕਰ ਚੁੱਕੇ ਹਨ। ਉਨ੍ਹਾਂ ਦਾ ਵੀ ਇਹੋ ਤਰਕ ਹੈ ਕਿ ਹਾਸ਼ੀਆਗਤ ਕੈਨੇਡੀਅਨਜ਼ ਬੈਨਿਫ਼ਿਟਸ ਤੋਂ ਸੱਖਣੇ ਰਹਿ ਜਾਂਦੇ ਹਨ।
ਕੈਨੇਡੀਅਨਜ਼ ਵੱਲ ਜਦੋਂ ਤੱਕ ਪੈਸੇ ਨਹੀਂ ਹੁੰਦੇ, ਉਨ੍ਹਾਂ ਨੂੰ ਆਮ ਤੌਰ ‘ਤੇ ਹਰ ਸਾਲ ਟੈਕਸ ਰਿਟਰਨ ਫ਼ਾਈਲ ਕਰਨ ਦੀ ਲੋੜ ਨਹੀਂ ਹੁੰਦੀ, ਪਰ ਫ਼ੈਡਰਲ ਸਰਕਾਰ ਆਮਦਨ ਦੇ ਹਿਸਾਬ ਨਾਲ ਲੋਕਾਂ ਨੂੰ ਬੈਨਿਫ਼ਿਟ ਦੇਣ ਲਈ ਕੈਨੇਡਾ ਰੈਵਨਿਊ ਏਜੰਸੀ ‘ਤੇ ਨਿਰਭਰਤਾ ਵਧਾ ਰਹੀ ਹੈ।
ਇਸ ਵਿਚ ਕੈਨੇਡਾ ਚਾਈਲਡ ਬੈਨਿਫ਼ਿਟ, ਕੈਨੇਡਾ ਹਾਊਸਿੰਗ ਬੈਨਿਫ਼ਿਟ ਵਿਚ ਹਾਲ ਵਿਚ ਕੀਤਾ ਵਾਧਾ ਅਤੇ ਜੀਐਸਟੀ ਟੈਕਸ ਕ੍ਰੈਡਿਟ ਨੂੰ ਅਸਥਾਈ ਤੌਰ ‘ਤੇ ਦੁਗਣਾ ਕਰਨਾ ਵੀ ਸ਼ਾਮਲ ਹੈ।
ਕਾਰਲਟਨ ਯੂਨਿਵਰਸਿਟੀ ਦੀ ਪ੍ਰੌਫ਼ੈਸਰ, ਜੈਨੀਫ਼ਰ ਰੌਬਸਨ ਦੀ 2020 ਦੀ ਇੱਕ ਰਿਪੋਰਟ ਵਿਚ ਕਿਹਾ ਗਿਆ ਸੀ ਕਿ 10 ਤੋਂ 12 ਫ਼ੀਸਦੀ ਕੈਨੇਡੀਅਨਜ਼ ਟੈਕਸ ਨਹੀਂ ਭਰਦੇ।
ਹਾਲਾਂਕਿ ਟੈਕਸ ਨਾ ਭਰਨ ਵਾਲੇ ਲੋਕ ਤਕਰੀਬਨ ਸਾਰੇ ਆਮਦਨ ਸਮੂਹਾਂ ਵਿਚ ਹੀ ਮੌਜੂਦ ਸਨ, ਪਰ ਅਜਿਹੇ ਸਭ ਤੋਂ ਵੱਧ ਲੋਕ ਘੱਟ ਆਮਦਨ ਵਾਲੇ ਸਮੂਹਾਂ ਵਿਚ ਸਨ।
ਰਿਪੋਰਟ ਵਿਚ ਅਨੁਮਾਨ ਲਗਾਇਆ ਗਿਆ ਸੀ ਕਿ ਕੰਮ ਕਰਨ ਦੀ ਉਮਰ ਵਿਚ ਟੈਕਸ ਨਾ ਭਰਨ ਵਾਲੇ ਲੋਕਾਂ ਵੱਲੋਂ ਪ੍ਰਾਪਤ ਨਾ ਕੀਤੇ ਗਏ ਬੈਨਿਫ਼ਿਟਸ ਦਾ ਮੁੱਲ 2015 ਵਿਚ ਕਰੀਬ 1.7 ਬਿਲੀਅਨ ਡਾਲਰ ਸੀ।
ਫ਼ੈਡਰਲ ਬਜਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੈਨੇਡਾ ਰੈਵਨਿਊ ਏਜੰਸੀ 2018 ਵਿੱਚ ਸਥਾਪਤ ਕੀਤੀ ਸੇਵਾ ਤੱਕ ਪਹੁੰਚ ਦਾ ਵਿਸਤਾਰ ਕਰੇਗੀ ਜੋ ਘੱਟ ਜਾਂ ਸਥਿਰ ਆਮਦਨੀ ਵਾਲੇ ਕੁਝ ਕੈਨੇਡੀਅਨਜ਼ ਨੂੰ ਟੈਲੀਫੋਨ ‘ਤੇ ਸਧਾਰਨ ਰਿਟਰਨ ਨੂੰ ਆਟੋ-ਫ਼ਾਈਲ ਕਰਨ ਦੀ ਇਜਾਜ਼ਤ ਦੇਵੇਗੀ।
ਬਜਟ ਵਿੱਚ ਕਿਹਾ ਗਿਆ ਹੈ ਕਿ 2025 ਤੱਕ 2 ਮਿਲੀਅਨ ਕੈਨੇਡੀਅਨਜ਼ ਉਸ ਸੇਵਾ ਲਈ ਯੋਗ ਹੋ ਜਾਣਗੇ, ਜਿਸਨੂੰ File My Return ਕਿਹਾ ਗਿਆ ਹੈ। ਇਹ ਗਿਣਤੀ ਮੌਜੂਦਾ ਸਮੇਂ ਵਿਚ ਇਸਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ ਨਾਲੋਂ ਲਗਭਗ ਤਿੰਨ ਗੁਣਾ ਹੋਵੇਗੀ।
ਨੋਜੂਦ ਅਲ ਮੱਲੀਸ - ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ