1. ਮੁੱਖ ਪੰਨਾ
  2. ਰਾਜਨੀਤੀ
  3. ਮੂਲਨਿਵਾਸੀ

ਮੂਲਨਿਵਾਸੀ ਮੰਗਾਂ ਨੂੰ ਪੂਰਾ ਕਰਦਿਆਂ ਵੈਟੀਕਨ ਨੇ ‘ਖੋਜ ਦਾ ਸਿਧਾਂਤ’ ਰੱਦ ਕੀਤਾ

ਇਹ ਸਿਧਾਂਤ ਬਸਤੀਵਾਦ ਨੂੰ ਜਾਇਜ਼ ਠਹਿਰਾਉਂਦਾ ਸੀ

ਪੋਪ ਫ਼੍ਰਾਂਸਿਸ ਦੀ ਕੈਨੇਡਾ ਫ਼ੇਰੀ ਦੌਰਾਨ ਬੈਚੀਵਾਨਾ ਫ਼ਸਟ ਨੇਸ਼ਨ ਮੂਲਨਿਵਾਸੀ ਸਮੂਹ ਦੀਆਂ ਦੋ ਔਰਤਾਂ ਕਿਊਬੈਕ ਵਿਚ ਨੈਸ਼ਨਲ ਸ਼ਰਾਈਨ ਔਫ਼ ਸੇਂਟ ਐਨ ਡੁ ਬੌਪਰੇ ਦੇ ਬਾਹਰ ਖੋਜ ਦੇ ਸਿਧਾਂਤ ਨੂੰ ਰੱਦ ਕਰਨ ਦੀ ਮੰਗ ਵਾਲਾ ਬੈਨਰ ਪਕੜੇ ਹੋਏ।

ਪੋਪ ਫ਼੍ਰਾਂਸਿਸ ਦੀ ਕੈਨੇਡਾ ਫ਼ੇਰੀ ਦੌਰਾਨ ਬੈਚੀਵਾਨਾ ਫ਼ਸਟ ਨੇਸ਼ਨ ਮੂਲਨਿਵਾਸੀ ਸਮੂਹ ਦੀਆਂ ਦੋ ਔਰਤਾਂ ਕਿਊਬੈਕ ਵਿਚ ਨੈਸ਼ਨਲ ਸ਼ਰਾਈਨ ਔਫ਼ ਸੇਂਟ ਐਨ ਡੁ ਬੌਪਰੇ ਦੇ ਬਾਹਰ ਖੋਜ ਦੇ ਸਿਧਾਂਤ ਨੂੰ ਰੱਦ ਕਰਨ ਦੀ ਮੰਗ ਵਾਲਾ ਬੈਨਰ ਪਕੜੇ ਹੋਏ।

ਤਸਵੀਰ: (John Locher/AP Photo)

RCI

ਵੈਟੀਕਨ ਨੇ ਵੀਰਵਾਰ ਨੂੰ ਮੂਲਨਿਵਾਸੀਆਂ ਦੀਆਂ ਮੰਗਾਂ ਦੇ ਜਵਾਬ ਵੱਜੋਂ ਰਸਮੀ ਤੌਰ ‘ਤੇ Discovery Doctrine ਯਾਨੀ ਖੋਜ ਦੇ ਸਿਧਾਂਤ ਨੂੰ ਰੱਦ ਕਰ ਦਿੱਤਾ ਹੈ। ਸਦੀਆਂ ਪੁਰਾਣੇ ਚਰਚ ਦੇ ਫ਼ਰਮਾਨਾਂ ਦੁਆਰਾ ਸਮਰਥਿਤ ਇਹ ਸਿਧਾਂਤ ਬਸਤੀਵਾਦੀ ਮੁਲਕਾਂ ਵੱਲੋਂ ਮੂਲਨਿਵਾਸੀ ਜ਼ਮੀਨਾਂ ਦੇ ਜ਼ਬਤ ਕਰਨ ਨੂੰ ਜਾਇਜ਼ ਠਹਿਰਾਉਂਦਾ ਸੀ ਅਤੇ ਅੱਜ ਦੇ ਕੁਝ ਪ੍ਰੌਪਰਟੀ ਕਾਨੂੰਨਾਂ ਦਾ ਵੀ ਅਧਾਰ ਸੀ।

ਵੈਟੀਕਨ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ 15ਵੀਂ ਸਦੀ ਦੇ Papal Bulls (ਕੈਥਲਿਕ ਚਰਚ ਦੇ ਰਸਮੀ ਫ਼ਰਮਾਨ), ਮੂਲਨਿਵਾਸੀ ਲੋਕਾਂ ਦੇ ਬਰਾਬਰ ਸਨਮਾਨ ਅਤੇ ਅਧਿਕਾਰਾਂ ਨੂੰ ਉਚਿਤ ਰੂਪ ਵਿੱਚ ਨਹੀਂ ਦਰਸਾਉਂਦੇ ਅਤੇ ਉਹਨਾਂ ਨੂੰ ਕਦੇ ਵੀ ਕੈਥੋਲਿਕ ਵਿਸ਼ਵਾਸ ਦਾ ਪ੍ਰਗਟਾਵਾ ਨਹੀਂ ਮੰਨਿਆ ਗਿਆ ਹੈ।

ਬਿਆਨ ਵਿਚ ਕਿਹਾ ਗਿਆ ਹੈ ਕਿ ਮੂਲਨਿਵਾਸੀ ਲੋਕਾਂ ਦੇ ਵਿਰੁੱਧ ਅਨੈਤਿਕ ਕਾਰਵਾਈਆਂ ਨੂੰ ਜਾਇਜ਼ ਠਹਿਰਾਉਣ ਲਈ ਦਸਤਾਵੇਜ਼ਾਂ ਵਿਚ ਬਸਤੀਵਾਦੀ ਸ਼ਕਤੀਆਂ ਦੁਆਰਾ ਰਾਜਨੀਤਿਕ ਉਦੇਸ਼ਾਂ ਲਈ ਹੇਰਾਫੇਰੀ ਕੀਤੀ ਗਈ ਸੀ, ਜਿਸ ਵਿਚ ਕਦੇ-ਕਦਾਈਂ, ਚਰਚ ਦੇ ਅਧਿਕਾਰੀਆਂ ਦਾ ਵਿਰੋਧ ਨਾ ਕਰਨਾ ਵੀ ਸ਼ਾਮਲ ਸੀ।

ਵੈਟੀਕਨ ਦੇ ਵਿਕਾਸ ਅਤੇ ਸਿੱਖਿਆ ਦਫਤਰਾਂ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਿ ਇਨ੍ਹਾਂ ਗਲਤੀਆਂ ਨੂੰ ਪਛਾਣਨਾ, ਮੂਲਵਾਸੀ ਲੋਕਾਂ ‘ਤੇ ਬਸਤੀਵਾਦੀ ਯੁੱਗ ਦੀਆਂ ਨੀਤੀਆਂ ਦੇ ਭਿਆਨਕ ਪ੍ਰਭਾਵਾਂ ਨੂੰ ਸਵੀਕਾਰ ਕਰਨਾ ਅਤੇ ਉਨ੍ਹਾਂ ਦੀ ਮੁਆਫੀ ਮੰਗਣਾ ਸਹੀ ਹੈ।

ਇਹ ਬਿਆਨ ਵੈਟੀਕਨ ਦੁਆਰਾ Papal Bulls ਜਾਂ ਚਰਚ ਦੇ ਫ਼ਰਮਾਨ ਨੂੰ ਰਸਮੀ ਤੌਰ 'ਤੇ ਰੱਦ ਕਰਨ ਲਈ ਦਹਾਕਿਆਂ ਦੀਆਂ ਮੂਲਨਿਵਾਸੀ ਮੰਗਾਂ ਦਾ ਜਵਾਬ ਸੀ। ਚਰਚ ਦੇ ਇਸ ਫ਼ਰਮਾਨ ਨੇ ਪੁਰਤਗਾਲੀ ਅਤੇ ਸਪੈਨਿਸ਼ ਰਾਜਾਂ ਨੂੰ ਈਸਾਈ ਧਰਮ ਦੇ ਪ੍ਰਚਾਰ ਲਈ ਅਫ਼ਰੀਕਾ ਅਤੇ ਅਮਰੀਕਾ ਵਿੱਚ ਆਪਣੇ ਖੇਤਰਾਂ ਦਾ ਵਿਸਥਾਰ ਕਰਨ ਲਈ ਧਾਰਮਿਕ ਸਮਰਥਨ ਪ੍ਰਦਾਨ ਕੀਤਾ ਸੀ।

ਇਹ ਫ਼ਰਮਾਨ Doctrine of Discovery (ਖੋਜ ਦੇ ਸਿਧਾਂਤ) ਨੂੰ ਦਰਸਾਉਂਦੇ ਹਨ। ਇਹ ਕਾਨੂੰਨੀ ਫ਼ਿਕਰਾ 1823 ਦੇ ਅਮਰੀਕੀ ਸੁਪਰੀਮ ਕੋਰਟ ਦੇ ਫੈਸਲੇ ਵਿੱਚ ਤਿਆਰ ਕੀਆ ਗਿਆ ਸੀ, ਜਿਸਦਾ ਅਰਥ ਇਹ ਸਮਝਿਆ ਜਾਂਦਾ ਹੈ ਕਿ ਜ਼ਮੀਨ ਉੱਤੇ ਮਾਲਕੀ ਅਤੇ ਪ੍ਰਭੂਸੱਤਾ ਯੂਰਪੀਅਨਾਂ ਨੂੰ ਦਿੱਤੀ ਗਈ ਕਿਉਂਕਿ ਉਨ੍ਹਾਂ ਨੇ ਇਸਨੂੰ ਖੋਜਿਆ ਸੀ।

ਹਾਲ ਹੀ ਦੇ 2005 ਦੇ ਸੁਪਰੀਮ ਕੋਰਟ ਦੇ ਇੱਕ ਫ਼ੈਸਲੇ ਵਿਚ ਵੀ ਉਕਤ ਸਿਧਾਂਤ ਦਾ ਹਵਾਲਾ ਦਿੱਤਾ ਗਿਆ ਸੀ।

2022 ਵਿਚ ਕੈਨੇਡਾ ਫ਼ੇਰੀ ਦੌਰਾਨ ਪੋਪ ਫ਼੍ਰਾਂਸਿਸ ਨੇ ਰੈਜ਼ੀਡੈਂਸ਼ੀਅਲ ਸਕੂ਼ਲ ਪ੍ਰਣਾਲੀ ਦੇ ਸਬੰਧ ਵਿਚ ਮੂਲਨਿਵਾਸੀ ਲੋਕਾਂ ਕੋਲੋਂ ਮੁਆਫ਼ੀ ਮੰਗੀ ਸੀ। ਇਸ ਦੌਰਾਨ ਉਨ੍ਹਾਂ ਨੂੰ ਰਸਮੀ ਤੌਰ ‘ਤੇ Papal Bulls ਨੂੰ ਰੱਦ ਕਰਨ ਦੀ ਵੀ ਮੰਗ ਕੀਤੀ ਗਈ ਸੀ।

ਵੈਟੀਕਨ ਨੇ ਇੱਕ ਬਿਆਨ ਵਿਚ ਕਿਹਾ ਕਿ ਕੈਥਲਿਕ ਚਰਚ ਉਨ੍ਹਾਂ ਧਾਰਨਾਵਾਂ ਨੂੰ ਰੱਦ ਕਰਦਾ ਹੈ ਜੋ ਮੂਲਨਿਵਾਸੀ ਲੋਕਾਂ ਦੇ ਵਿਰਾਸਤੀ ਮਨੁੱਖੀ ਅਧਿਕਾਰਾਂ ਨੂੰ ਮਾਨਤਾ ਦੇਣ ਵਿਚ ਅਸਫਲ ਰਹੇ ਹਨ, ਜਿਨ੍ਹਾਂ ਵਿਚ ਕਾਨੂੰਨੀ ਅਤੇ ਰਾਜਨੀਤਿਕ ਤੌਰ ‘ਤੇ ਖੋਜ ਦੇ ਸਿਧਾਂਤ ਵੱਜੋਂ ਜਾਣਿਆ ਜਾਂਦਾ ਫ਼ਰਮਾਨ ਵੀ ਸ਼ਾਮਲ ਹੈ।

ਅਸੋਸੀਏਟੇਡ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ