1. ਮੁੱਖ ਪੰਨਾ
  2. ਸਮਾਜ
  3. ਇਮੀਗ੍ਰੇਸ਼ਨ

ਵਧਦੇ ਪਰਵਾਸ ਦੇ ਮੱਦੇਨਜ਼ਰ ਬੀਸੀ ‘ਚ ਅਗਲੇ 5 ਸਾਲਾਂ ਦੌਰਾਨ ਸਲਾਨਾ 43,000 ਨਵੇਂ ਘਰ ਬਣਾਉਣ ਦੀ ਲੋੜ

ਬੀਸੀ ਦੀ ਰੀਅਲ ਅਸਟੇਟ ਅਸੋਸੀਏਸ਼ਨ ਦੀ ਇੱਕ ਨਵੀਂ ਰਿਪੋਰਟ ਵਿਚ ਇਹ ਅੰਕੜੇ ਸਾਹਮਣੇ ਆਏ ਹਨ

ਬੀਸੀ ਰੀਅਲ ਅਸਟੇਟ ਅਸੋਸੀਏਸ਼ਨ ਨੇ ਇੱਕ ਨਵੀਂ ਰਿਪੋਰਟ ਵਿਚ ਕਿਹਾ ਹੈ ਕਿ ਇਮੀਗ੍ਰੇਸ਼ਨ ਕਰਕੇ ਹਾਊਸਿੰਗ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਸੂਬੇ ਵਿਚ ਹਰ ਸਾਲ 43,000 ਨਵੇਂ ਘਰ ਬਣਾਉਣ ਦੀ ਜ਼ਰੂਰਤ ਹੈ।

ਬੀਸੀ ਰੀਅਲ ਅਸਟੇਟ ਅਸੋਸੀਏਸ਼ਨ ਨੇ ਇੱਕ ਨਵੀਂ ਰਿਪੋਰਟ ਵਿਚ ਕਿਹਾ ਹੈ ਕਿ ਇਮੀਗ੍ਰੇਸ਼ਨ ਕਰਕੇ ਹਾਊਸਿੰਗ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਸੂਬੇ ਵਿਚ ਹਰ ਸਾਲ 43,000 ਨਵੇਂ ਘਰ ਬਣਾਉਣ ਦੀ ਜ਼ਰੂਰਤ ਹੈ।

ਤਸਵੀਰ:  (Ben Nelms/CBC)

RCI

ਬੀਸੀ ਰੀਅਲ ਅਸਟੇਟ ਅਸੋਸੀਏਸ਼ਨ (BCREA) ਨੇ ਮੰਗਲਵਾਰ ਨੂੰ ਜਾਰੀ ਇੱਕ ਨਵੀਂ ਰਿਪੋਰਟ (ਨਵੀਂ ਵਿੰਡੋ) ਵਿਚ ਕਿਹਾ ਕਿ ਸੂਬੇ ਵਿਚ ਲਗਾਤਾਰ ਵਧ ਰਹੇ ਪਰਵਾਸ ਦੇ ਹਾਊਸਿੰਗ ਮਾਰਕੀਟ ‘ਤੇ ਪੈਣ ਵਾਲੇ ਪ੍ਰਭਾਵ ਨੂੰ ਸੰਤੁਲਿਤ ਕਰਨ ਲਈ, ਨਵੇਂ ਘਰਾਂ ਦੀ ਉਸਾਰੀ ਵਿਚ ਖ਼ਾਸੀ ਤੇਜ਼ੀ ਲਿਆਉਣ ਦੀ ਜ਼ਰੂਰਤ ਹੈ।

ਸੂਬੇ ਨੂੰ ਅਗਲੇ ਪੰਜ ਸਾਲਾਂ ਲਈ ਆਮ ਨਾਲੋਂ 25 ਫ਼ੀਸਦੀ ਜ਼ਿਆਦਾ ਨਵੇਂ ਘਰ ਬਣਾਉਣੇ ਚਾਹੀਦੇ ਹਨ ਤਾਂ ਜੋ ਘਟਦੇ ਕਿਫ਼ਾਇਤੀਪਣ ਨੂੰ ਦੂਰ ਕੀਤਾ ਜਾ ਸਕੇ।

ਅਸੋਸੀਏਸ਼ਨ ਨੇ ਕਿਹਾ ਕਿ ਤੇਜ਼ੀ ਨਾਲ ਵਧ ਰਹੀ ਆਬਾਦੀ ਕਾਰਨ ਘਰਾਂ ਦੀ ਵਧ ਰਹੀ ਮੰਗ ਨੂੰ ਪੂਰਾ ਕਰਨ ਲਈ ਅਗਲੇ ਪੰਜ ਸਾਲਾਂ ਵਿਚ ਹਰ ਸਾਲ 43,000 ਨਵੇਂ ਘਰਾਂ ਦੀ ਉਸਾਰੀ ਮੁਕੰਮਲ ਕਰਨ ਦੀ ਲੋੜ ਹੈ।

ਅਸੋਸੀਏਸ਼ਨ ਦਾ ਕਹਿਣਾ ਹੈ ਕਿ ਹਾਲਾਂਕਿ ਘਰਾਂ ਦੀ ਉਸਾਰੀ ਦੀ ਇਹ ਰਫਤਾਰ 2021 ਅਤੇ 2021 ਵਿਚ ਮੁਕੰਮਲ ਹੋਏ ਘਰਾਂ ਦੀ ਰਫ਼ਤਾਰ ਦੇ ਨੇੜੇ ਹੀ ਹੈ, ਪਰ ਉੱਚ ਵਿਆਜ ਦਰਾਂ ਅਤੇ ਮਾਰਕੀਟ ਦੀਆਂ ਕਮਜ਼ੋਰ ਸਥਿਤੀਆਂ ਕਾਰਨ ਇਸ ਦਰ ‘ਤੇ ਘਰਾਂ ਦੀ ਉਸਾਰੀ ਦੀ ਸੰਭਾਵਨਾ ਘੱਟ ਹੈ।

BCREA ਦੇ ਮੁੱਖ ਅਰਥਸ਼ਾਸਤਰੀ, ਬ੍ਰੈਂਡਨ ਓਗਮੰਡਸਨ ਨੇ ਕਿਹਾ ਕਿ ਸਪਲਾਈ ਵਧਣ ਦੇ ਨਾਲ, ਇਮੀਗ੍ਰੇਸ਼ਨ ਕਾਰਨ ਮੰਗ ਵਧਣ ਕਰਕੇ ਘਰਾਂ ਦੀ ਕੀਮਤਾਂ ਦੀ ਤੇਜ਼ੀ ਹੇਠਾਂ ਵੱਲ ਨੂੰ ਆਵੇਗੀ ਅਤੇ ਇਸ ਨਾਲ ਸਮੁੱਚੇ ਕਿਫ਼ਾਇਤੀਪਣ ਵਿਚ ਸੁਧਾਰ ਹੋਵੇਗਾ।

ਬੀਸੀ ਵਿਚ 2023 ਤੋਂ 2025 ਦਰਮਿਆਨ 217,500 ਨਵੇਂ ਪਰਮਾਨੈਂਟ ਰੈਜ਼ੀਡੈਂਟਸ ਆਉਣ ਦੀ ਉਮੀਦ ਹੈ, ਜੋਕਿ ਔਸਤ ਇਮੀਗ੍ਰੇਸ਼ਨ ਪੱਧਰ ਨਾਲੋਂ ਦੁੱਗਣਾ ਅੰਕੜਾ ਹੈ।

ਅਸੋਸੀਏਸ਼ਨ ਦਾ ਕਹਿਣਾ ਹੈ ਕਿ ਫ਼ੈਡਰਲ ਸਰਕਾਰ ਦੀਆਂ ਦੋ ਨੀਤੀਆਂ - ਵਿਦੇਸ਼ੀਆਂ ‘ਤੇ ਘਰ ਖ਼ਰੀਦਣ ਦੀਆਂ ਪਾਬੰਦੀਆਂ ਅਤੇ ਰਿਕਾਰਡ ਇਮੀਗ੍ਰੇਸ਼ਨ ਟੀਚੇ - ਬੀਸੀ ਵਿਚ ਹਾਊਸਿੰਗ ਦੀ ਮੰਗ ਨੂੰ ਆਕਾਰ ਦੇਣ ਵਿਚ ਅਹਿਮ ਕਾਰਕ ਹੋਣਗੀਆਂ।

BCREA ਨੇ ਕਿਹਾ ਕਿ ਬਿਲ ਸੀ-19, ਜਿਸ ਅਧੀਨ ਸਰਕਾਰ ਨੇ ਦੋ ਸਾਲ ਲਈ ਗ਼ੈਰ-ਕੈਨੇਡੀਅਨਜ਼ ‘ਤੇ ਰਿਹਾਇਸ਼ੀ ਪ੍ਰੌਪਰਟੀ ਖ਼ਰੀਦਣ ‘ਤੇ ਪਾਬੰਦੀ ਲਗਾਈ ਹੈ, ਨਾਲ ਹਾਊਸਿੰਗ ਦੀ ਕੁਝ ਕੁ ਮੰਗ ਤਾਂ ਘਟੇਗੀ, ਪਰ ਇਹ ਨਵੇਂ ਇਮੀਗ੍ਰੈਂਟਸ ਵੱਲੋਂ ਹੋਣ ਵਾਲੀ ਸੰਭਾਵੀ ਮੰਗ ਦੇ ਮੇਚ ਦੀ ਨਹੀਂ ਹੋਵੇਗੀ।

ਅਸੋਸੀਏਸ਼ਨ ਨੇ ਕਿਹਾ ਕਿ ਇਸ ਗੱਲ ਦਾ ਪ੍ਰਮਾਣ ਬਹੁਤ ਹੀ ਕਮਜ਼ੋਰ ਹੈ ਕਿ ਇਹ ਪਾਬੰਦੀ ਘਰਾਂ ਦੀਆਂ ਕੀਮਤਾਂ ਨੂੰ ਹੇਠਾਂ ਲਿਆਉਣ ਦਾ ਆਪਣਾ ਟੀਚਾ ਪ੍ਰਾਪਤ ਕਰੇਗੀ, ਕਿਉਂਕਿ ਬਹੁਤ ਹੀ ਘੱਟ ਪ੍ਰੌਪਰਟੀ ਖ਼ਰੀਦਾਂ ਪੂਰਨ ਰੂਪ ਵਿਚ ਵਿਦੇਸ਼ੀ ਖ਼ਰੀਦਦਾਰਾਂ ਦੀਆਂ ਹੁੰਦੀਆਂ ਹਨ।

BCREA ਦਾ ਕਹਿਣਾ ਹੈ ਕਿ ਬਦਕਿਸਮਤੀ ਨਾਲ ਇਸ ਵਿਦੇਸ਼ੀ ਖ਼ਰੀਦਦਾਰਾਂ ‘ਤੇ ਲੱਗੀ ਪਾਬੰਦੀ ਦਾ ਇੱਕ ਅਣਇੱਛਤ ਨਤੀਜਾ ਇਹ ਹੋਇਆ ਕਿ ਅੰਤਰਰਾਸ਼ਟਰੀ ਪੂੰਜੀ ਬਾਜ਼ਾਰਾਂ ਤੱਕ ਪਹੁੰਚ ਤੋਂ ਬਿਨਾਂ ਨਵੇਂ ਘਰ ਦੇ ਨਿਰਮਾਣ ਲਈ ਵਿੱਤ ਜੁਟਾਉਣਾ ਮੁਸ਼ਕਲ ਹੋ ਗਿਆ।

ਬੀਸੀ ਦੇ ਹਾਊਸਿੰਗ ਮਿਨਿਸਟਰ, ਰਵੀ ਕਾਹਲੋਂ ਨੇ ਕਿਹਾ ਕਿ ਉਨ੍ਹਾਂ ਨੇ ਫ਼ੈਡਰਲ ਸਰਕਾਰ ਨੂੰ ਆਖਿਆ ਹੈ ਕਿ ਉਹ ਕੈਨੇਡਾ ਵਿੱਚ ਸਵੀਕਾਰ ਕੀਤੇ ਜਾਣ ਵਾਲੇ ਪਰਵਾਸੀਆਂ ਦੀ ਗਿਣਤੀ ਬਾਰੇ ਇੱਥੇ ਉਪਲਬਧ ਰਿਹਾਇਸ਼ੀ ਯੂਨਿਟਾਂ ਦੀ ਗਿਣਤੀ ਨਾਲ ਜੋੜ ਕੇ ਵਿਚਾਰ ਕਰੇ।

ਇਮੀਗ੍ਰੈਂਟ ਸਰਵਿਸੇਜ਼ ਸੋਸਾਇਟੀ ਔਫ਼ ਬੀਸੀ ਦੇ ਸੀਈਓ, ਜੌਨਾਥਨ ਓਲਡਮੈਨ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਵਧ ਰਹੀ ਇਮੀਗ੍ਰੇਸ਼ਨ ਤਾਦਾਦ ਕੈਨੇਡਾ ਲਈ ਆਰਥਿਕ ਅਤੇ ਸੱਭਿਆਚਾਰਕ ਤੌਰ ‘ਤੇ ਸ਼ਾਨਦਾਰ ਲਾਭ ਪ੍ਰਦਾਨ ਕਰਦੀ ਹੈ।

ਪਰ ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣਾ ਵੀ ਜ਼ਰੂਰੀ ਹੈ ਕਿ ਨਵੇਂ ਆਉਣ ਵਾਲਿਆਂ ਲਈ ਲੋੜੀਂਦੀ ਹਾਊਸਿੰਗ ਮੌਜੂਦ ਹੋਵੇ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ