1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਐਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਦੀ ਫ਼ੋਨ ਰਿਕਾਰਡਿੰਗ ਲੀਕ

ਕੋਵਿਡ ਸੰਬੰਧੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਇਕ ਪਾਦਰੀ ਨਾਲ ਹੋਈ ਸੀ ਗੱਲਬਾਤ

ਐਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ

ਐਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ

ਤਸਵੀਰ: La Presse canadienne / Jeff McIntosh

RCI

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੀ ਇਕ ਲੀਕ ਫ਼ੋਨ ਰਿਕਾਰਡਿੰਗ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਵਿਚ ਸਮਿਥ ਕਥਿਤ ਤੌਰ 'ਤੇ ਇਕ ਪਾਦਰੀ ਨਾਲ ਗੱਲਬਾਤ ਦੌਰਾਨ ਉਸ ਉੱਪਰ ਕੋਵਿਡ ਮਹਾਂਮਾਰੀ ਸੰਬੰਧੀ ਲੱਗੇ ਦੋਸ਼ਾਂ ਬਾਬਤ ਮੁੜ ਤੋਂ ਨਿਆਂ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਗੱਲ ਆਖਦੇ ਹਨ I 

ਪ੍ਰਾਪਤ ਜਾਣਕਾਰੀ ਅਨੁਸਾਰ ਸਮਿਥ ਅਤੇ ਕੈਲਗਰੀ ਦੇ ਵਿਵਾਦਿਤ ਪਾਦਰੀ ਆਰਟਰ ਪਾਵਲੋਵਸਕੀ ਵਿਚਕਾਰ ਇਹ ਗੱਲਬਾਤ 2 ਫ਼ਰਵਰੀ ਨੂੰ ਹੋਈ I  

ਪਾਵਲੋਵਸਕੀ ਪਿਛਲੇ ਸਾਲ ਹੋਏ ਵੈਕਸੀਨ ਵਿਰੋਧੀ ਪ੍ਰਦਰਸ਼ਨਾਂ ਵਿਚ ਐਲਬਰਟਾ ਦੇ ਕ੍ਰਿਟੀਕਲ ਇਨਫਰਾਸਟਰੱਕਚਰ ਡਿਫੈਂਸ ਐਕਟ ਦੇ ਤਹਿਤ ਅਪਰਾਧਿਕ ਸ਼ਰਾਰਤ ਅਤੇ ਅਪਰਾਧ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਮਈ ਦੇ ਸ਼ੁਰੂ ਵਿਚ ਉਸ ਖ਼ਿਲਾਫ਼ ਚੱਲ ਰਹੇ ਮੁਕੱਦਮੇ ਦਾ ਫ਼ੈਸਲਾ ਆਉਣਾ ਦੀ ਸੰਭਾਵਨਾ ਹੈ I 

ਸੀਬੀਸੀ ਨਿਊਜ਼ ਨੇ ਰਿਕਾਰਡ ਕੀਤੀ ਗੱਲਬਾਤ ਦੀ ਪੂਰੀ ਕਾਪੀ ਹਾਸਲ ਕਰ ਲਈ ਹੈ ਅਤੇ ਇਸ ਦੀ ਪੁਸ਼ਟੀ ਕੀਤੀ ਹੈ। 

ਨਿਆਂ ਅਧਿਕਾਰੀਆਂ ਨਾਲ 'ਲਗਭਗ ਹਫ਼ਤਾਵਾਰੀ' ਸੰਚਾਰ

ਕਾਲ ਰਿਕਾਰਡ ਤੋਂ ਪਤਾ ਚੱਲਦਾ ਹੈ ਕਿ ਮਹਾਂਮਾਰੀ ਨਾਲ ਸਬੰਧਤ ਮੁਕੱਦਮਿਆਂ ਬਾਰੇ ਪ੍ਰੀਮੀਅਰ ਦੀ ਗੱਲਬਾਤ ਜਨਤਕ ਤੌਰ 'ਤੇ ਸਵੀਕਾਰੇ ਜਾਣ ਤੋਂ ਵੱਧ ਵਾਰ ਸੀ I 

ਸਰਕਾਰ ਨੇ ਪਹਿਲਾਂ ਕਿਹਾ ਸੀ ਕਿ ਪ੍ਰੀਮੀਅਰ ਨੇ ਅਹੁਦਾ ਸੰਭਾਲਣ ਤੋਂ ਬਾਅਦ ਫਾਈਲਾਂ 'ਤੇ ਤੇਜ਼ੀ ਲਿਆਉਣ ਲਈ ਜਸਟਿਸ ਮਨਿਸਟਰ ਤੋਂ ਬ੍ਰੀਫਿੰਗ ਮੰਗੀ ਅਤੇ ਪ੍ਰਾਪਤ ਕੀਤੀ। 

ਰਿਕਾਰਡਿੰਗ ਵਿੱਚ, ਸਮਿਥ ਨੇ ਪਾਵਲੋਵਸਕੀ ਨੂੰ ਭਰੋਸਾ ਦਿਵਾਇਆ ਕਿ ਉਹ ਉਸਦੇ ਕੇਸ ਨੂੰ ਅੰਦਰੂਨੀ ਤੌਰ 'ਤੇ ਅੱਗੇ ਵਧਾਉਣਾ ਜਾਰੀ ਰੱਖੇਗੀ। 

ਸਮਿਥ ਨੇ ਕਿਹਾ ਮੈਨੂੰ ਬਹੁਤ ਹਮਦਰਦੀ ਹੈ I ਇਹ ਇੱਕ ਰਾਜਨੀਤਿਕ ਫ਼ੈਸਲਾ ਸੀ ਜਿਸਨੇ ਇਸਨੂੰ ਸ਼ੁਰੂ ਕੀਤਾ ਸੀ ਪਰ ਇਸਨੂੰ ਖ਼ਤਮ ਕਰਨਾ ਇੱਕ ਰਾਜਨੀਤਿਕ ਫ਼ੈਸਲਾ ਨਹੀਂ ਹੋ ਸਕਦਾ। ਇਹ ਉਹ ਹੈ ਜੋ ਮੈਨੂੰ ਬਹੁਤ ਨਿਰਾਸ਼ਾਜਨਕ ਲੱਗ ਰਿਹਾ ਹੈ।

ਪਾਵਲੋਵਸਕੀ ਨਾਲ ਗੱਲਬਾਤ ਦੌਰਾਨ, ਸਮਿਥ ਦਾ ਕਹਿਣਾ ਹੈ ਕਿ ਉਸਨੇ ਡਿਪਟੀ ਜਸਟਿਸ ਮਨਿਸਟਰ ਨਾਲ ਗੱਲ ਕੀਤੀ ਅਤੇ ਕ੍ਰਾਊਨ ਪ੍ਰੌਸੀਕਿਊਟਰ ਵੱਲੋਂ ਦੋਸ਼ਾਂ ਦੀ ਪੈਰਵੀ ਕਰਨ ਲਈ ਆਪਣੀ ਜਾ ਰਹੀ ਰਣਨੀਤੀ 'ਤੇ ਅਸੰਤੁਸ਼ਟੀ ਜ਼ਾਹਰ ਕੀਤੀ ਹੈ I 

ਮੰਤਰਾਲੇ ਨਾਲ ਸੰਪਰਕ 'ਉਚਿਤ': ਸਮਿਥ

ਸਮਿਥ ਨੇ ਲਗਾਤਾਰ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹ ਜਾਂ ਉਸਦਾ ਦਫ਼ਤਰ ਕੋਵਿਡ ਮੁਕੱਦਮੇ ਸੰਬੰਧੀ ਕਿਸੇ ਵੀ ਅਣਉਚਿਤ ਵਿਵਹਾਰ ਵਿੱਚ ਰੁੱਝਿਆ ਹੋਇਆ ਹੈ।

ਪ੍ਰੀਮੀਅਰ ਸਮਿਥ ਨੇ ਕਿਹਾ ਜਿਵੇਂ ਕਿ ਪਹਿਲਾਂ ਵੀ ਕਈ ਇੰਟਰਵਿਊਆਂ ਵਿੱਚ ਸੰਕੇਤ ਦਿੱਤਾ ਗਿਆ ਸੀ ਕਿ ਮੈਨੂੰ ਨਿਆਂ ਮੰਤਰਾਲੇ ਤੋਂ ਇੱਕ ਕਾਨੂੰਨੀ ਸੰਖੇਪ ਪ੍ਰਾਪਤ ਹੋਇਆ ਸੀ ਜਿਸ ਵਿੱਚ ਮੁਆਫ਼ੀ ਨੂੰ ਅੱਗੇ ਵਧਾਉਣ ਦੀ ਸਿਫਾਰਸ਼ ਕੀਤੀ ਗਈ ਸੀ ਕਿਉਂਕਿ ਇਸ ਮੁੱਦੇ ਨਾਲ ਜੁੜੇ ਕਈ ਮਾਮਲੇ ਅਦਾਲਤਾਂ ਦੇ ਸਾਹਮਣੇ ਸਨ ਅਤੇ ਅਜੇ ਵੀ ਹਨ। ਮੈਂ ਉਸ ਸਲਾਹ ਦੀ ਪਾਲਣਾ ਕੀਤੀ ਹੈ।

11-ਮਿੰਟ ਦੀ ਗੱਲਬਾਤ

ਪ੍ਰੀਮੀਅਰ ਨੇ 11-ਮਿੰਟ ਦੀ ਕਾਲ ਦੇ ਦੌਰਾਨ ਕਈ ਵਾਰ ਕਿਹਾ ਕਿ ਉਹ ਇਹ ਦੇਖਣ ਦੀ ਹੋਰ ਕੋਸ਼ਿਸ਼ ਕਰੇਗੀ ਕਿ ਪਾਵਲੋਵਸਕੀ ਦੀ ਸਥਿਤੀ ਬਾਰੇ ਕੀ ਕੀਤਾ ਜਾ ਸਕਦਾ ਹੈ I 

ਸਮਿਥ ਨੇ ਵਾਰ-ਵਾਰ ਜ਼ਿਕਰ ਕੀਤਾ ਕਿ ਪ੍ਰੀਮੀਅਰ ਦੇ ਦਫਤਰ ਦਾ ਕਾਰਜਕਾਰੀ ਨਿਰਦੇਸ਼ਕ,  ਰੋਬ ਐਂਡਰਸਨ ਇਹਨਾਂ ਮੁਕੱਦਮੇ ਦੀਆਂ ਫਾਈਲਾਂ 'ਤੇ ਉਸਦਾ ਸਰਗਰਮ ਅਧਿਕਾਰੀ ਸੀ। 

ਸਮਿਥ ਨੇ ਫ਼ੋਨ ਰਿਕਾਰਡਿੰਗ ਵਿਚ ਕਿਹਾ ਰੌਬ ਐਂਡਰਸਨ ਇਸ ਨੂੰ ਅੱਗੇ ਵਧਾਉਣ ਲਈ ਕੰਮ ਕਰ ਰਿਹਾ ਹੈI

ਉਧਰ ਐਂਡਰਸਨ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਫ਼ਾਈਲ 'ਤੇ ਮੇਰੀ ਭੂਮਿਕਾ ਨਿਆਂ ਮੰਤਰਾਲੇ ਤੋਂ ਕਾਨੂੰਨੀ ਰਾਏ ਮੰਗਣਾ ਸੀ ਕਿ ਅਹਿੰਸਕ, ਗੈਰ-ਹਥਿਆਰ ਨਾਲ ਸਬੰਧਤ ਕੋਵਿਡ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਮੁਆਫੀ ਦੇਣ ਲਈ ਕਿਹੜੇ ਵਿਕਲਪ ਉਪਲਬਧ ਹਨ। ਉਹਨਾਂ ਕਿਹਾ ਮੈਂ ਨਿਆਂ ਮੰਤਰਾਲੇ ਤੋਂ ਉਹ ਕਾਨੂੰਨੀ ਰਾਏ ਪ੍ਰਾਪਤ ਕੀਤੀ ਅਤੇ ਬੇਨਤੀ ਅਨੁਸਾਰ ਪ੍ਰੀਮੀਅਰ ਨੂੰ ਪ੍ਰਦਾਨ ਕੀਤੀ।

ਸਮਿਥ ਨੇ ਸੀਬੀਸੀ ਨੂੰ ਮੁਆਫੀ ਮੰਗਣ ਅਤੇ ਈਮੇਲਾਂ ਬਾਰੇ ਸਟੋਰੀ ਵਾਪਸ ਲੈਣ ਲਈ ਕਿਹਾ ਹੈ।

ਸੀਬੀਸੀ ਵੱਲੋਂ ਆਪਣੇ ਰਿਪੋਰਟਿੰਗ 'ਤੇ ਕਾਇਮ ਰਹਿਣ ਦੀ ਗੱਲ (ਨਵੀਂ ਵਿੰਡੋ) ਆਖੀ ਗਈ ਹੈ I

ਏਲੀਸ ਵਾਨ ਸ਼ੀਲ, ਮੇਘਨ ਗ੍ਰਾਂਟ, ਜੇਸਨ ਮਾਰਕੁਸੌਫ · ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ