- ਮੁੱਖ ਪੰਨਾ
- ਅੰਤਰਰਾਸ਼ਟਰੀ
- ਇਮੀਗ੍ਰੇਸ਼ਨ
[ ਰਿਪੋਰਟ ] ਆਇਲਟਸ ਦੇ ਇਕ ਮਾਡਿਊਲ ਦਾ ਪੇਪਰ ਹੋਵੇਗਾ ਸੰਭਵ
ਆਸਟ੍ਰੇਲੀਆ ਵਿੱਚ ਹੋਈ ਸ਼ੁਰੂਆਤ , ਹੋਰਨਾਂ ਦੇਸ਼ਾਂ 'ਚ ਵੀ ਹੋਵੇਗਾ ਲਾਗੂ : ਆਈਡੀਪੀ

ਕੰਪਿਊਟਰ ਅਧਾਰਿਤ ਆਇਲਟਸ ਪੇਪਰ ਦੇ ਚੁੱਕੇ ਬਿਨੈਕਾਰ ਨਤੀਜੇ ਤੋਂ ਸੰਤੁਸ਼ਟ ਨਾ ਹੋਣ 'ਤੇ 60 ਦਿਨਾਂ ਅੰਦਰ ਵਨ ਸਕਿੱਲ ਰੀਟੇਕ ਲਈ ਅਰਜ਼ੀ ਦੇ ਸਕਣਗੇI
ਤਸਵੀਰ: Vetta/Getty Images
ਹੁਣ ਆਇਲਟਸ (IELTS) ਦੇ ਬਿਨੈਕਾਰ ਕਿਸੇ ਇਕ ਮਾਡਿਊਲ ਲਈ ਮੁੜ ਤੋਂ ਪੇਪਰ ਦੇ ਸਕਣਗੇ I ਇਸਨੂੰ ਵਨ ਸਕਿੱਲ ਰੀਟੇਕ ਦਾ ਨਾਮ ਦਿੱਤਾ ਗਿਆ ਹੈ I
ਇਸ ਸਮੇਂ ਕਿਸੇ ਇਕ ਮਾਡਿਊਲ ਵਿੱਚੋਂ ਬੈਂਡ ਘੱਟ ਹੋਣ 'ਤੇ ਬਿਨੈਕਾਰਾਂ ਨੂੰ ਸਾਰਾ ਪੇਪਰ ਮੁੜ ਤੋਂ ਦੇਣਾ ਪੈਂਦਾ ਹੈ I
ਆਇਲਟਸ ਦਾ ਪੇਪਰ ਕਰਵਾਉਣ ਵਾਲੀ ਸੰਸਥਾ ਆਈਡੀਪੀ ਨੇ ਇਸਦਾ ਐਲਾਨ ਕੀਤਾ ਹੈ I ਆਈਡੀਪੀ ਨੇ ਆਸਟ੍ਰੇਲੀਆ ਵਿੱਚ ਵਨ ਸਕਿੱਲ ਰੀਟੇਕ ਸ਼ੁਰੂ ਹੋਣ ਦੀ ਗੱਲ ਆਖੀ ਹੈ I
ਆਈਡੀਪੀ ਦਾ ਕਹਿਣਾ ਹੈ ਕਿ ਫ਼ਿਲਹਾਲ ਇਸਨੂੰ ਆਸਟ੍ਰੇਲੀਆ ਵਿੱਚ ਸ਼ੁਰੂ ਕੀਤਾ ਗਿਆ ਅਤੇ ਇਸੇ ਸਾਲ ਤੋਂ ਹੋਰਨਾਂ ਦੇਸ਼ਾਂ ਵਿੱਚ ਵੀ ਇਸਨੂੰ ਸ਼ੁਰੂ ਕੀਤਾ ਜਾਵੇਗਾ I ਆਸਟ੍ਰੇਲੀਆ ਦੇ ਹੋਮ ਅਫੇਅਰਜ਼ ਵਿਭਾਗ ਦੇ ਵੈਬਸਾਈਟ ਅਨੁਸਾਰ ਵਨ ਸਕਿੱਲ ਰੀਟੇਕ ਨੂੰ ਇਮੀਗ੍ਰੇਸ਼ਨ ਲਈ ਮਾਨਤਾ ਦਿੱਤੀ ਜਾ ਚੁੱਕੀ ਹੈ I ਕੈਨੇਡਾ ਵਿੱਚ ਅਜਿਹਾ ਲਾਗੂ ਹੋਣ ਦੀ ਤਾਰੀਖ਼ ਬਾਬਤ ਆਈਡੀਪੀ ਕੈਨੇਡਾ ਨਾਲ ਸੰਪਰਕ ਨਹੀਂ ਹੋ ਸਕਿਆ I
ਆਸਟ੍ਰੇਲੀਆ ਦੇ ਹੋਮ ਅਫੇਅਰਜ਼ ਵਿਭਾਗ ਦੇ ਵੈਬਸਾਈਟ ਅਨੁਸਾਰ ਵਨ ਸਕਿੱਲ ਰੀਟੇਕ ਨੂੰ ਇਮੀਗ੍ਰੇਸ਼ਨ ਲਈ ਮਾਨਤਾ ਦਿੱਤੀ ਜਾ ਚੁੱਕੀ ਹੈ I
ਤਸਵੀਰ: immi.homeaffairs.gov.au
ਆਇਲਟਸ ਵਿੱਚ ਅੰਗਰੇਜ਼ੀ ਵਿੱਚ ਰਾਇਟਿੰਗ , ਸਪੀਕਿੰਗ , ਲਿਸਨਿੰਗ ਅਤੇ ਰੀਡਿੰਗ ਦੀ ਮੁਹਾਰਤ ਨੂੰ ਪਰਖਿਆ ਜਾਂਦਾ ਹੈ I
ਇਸ ਸਮੇਂ ਆਇਲਟਸ ਦੇ ਵੀ ਅਕੈਡਮਿਕ ਅਤੇ ਜਨਰਲ ਪੇਪਰ ਹੁੰਦੇ ਹਨ ਜੋ ਕਿ ਕ੍ਰਮਵਾਰ ਸਟੱਡੀ ਵੀਜ਼ੇ ਅਤੇ ਇਮੀਗ੍ਰੇਸ਼ਨ ਲਈ ਵਰਤੇ ਜਾਂਦੇ ਹਨ I ਆਇਲਟਸ ਦਾ ਨਤੀਜਾ 13 ਦਿਨ ਵਿੱਚ ਆ ਜਾਂਦਾ ਹੈ I
ਕੀ ਹੈ ਵਨ ਸਕਿੱਲ ਰੀਟੇਕ
ਰਾਇਟਿੰਗ , ਸਪੀਕਿੰਗ , ਲਿਸਨਿੰਗ ਅਤੇ ਰੀਡਿੰਗ ਵਿੱਚੋਂ ਕਿਸੇ ਇਕ ਮਾਡਿਊਲ ਵਿੱਚੋਂ ਘੱਟ ਨੰਬਰ ਆਉਣ 'ਤੇ ਬਿਨੈਕਾਰ ਉਸ ਮਾਡਿਊਲ ਦਾ ਪੇਪਰ ਦੇ ਸਕਣਗੇ I ਆਈਡੀਪੀ ਮੁਤਾਬਿਕ ਫ਼ਿਲਹਾਲ ਇਹ ਵਿਕਲਪ ਕੇਵਲ ਕੰਪਿਊਟਰ ਰਾਹੀਂ ਆਇਲਟਸ ਕਰਨ ਵਾਲਿਆਂ ਲਈ ਮੌਜੂਦ ਹੋਵੇਗਾ I
ਦੱਸਣਯੋਗ ਹੈ ਕਿ ਆਇਲਟਸ ਕੰਪਿਊਟਰ ਅਤੇ ਪੇਪਰ ਬੇਸਡ ਹੁੰਦਾ ਹੈ I ਬਿਨੈਕਾਰ ਨਤੀਜੇ ਤੋਂ ਸੰਤੁਸ਼ਟ ਨਾ ਹੋਣ 'ਤੇ 60 ਦਿਨਾਂ ਅੰਦਰ ਵਨ ਸਕਿੱਲ ਰੀਟੇਕ ਲਈ ਅਰਜ਼ੀ ਦੇ ਸਕਣਗੇ I
ਇਮੀਗ੍ਰੇਸ਼ਨ ਲਈ ਸਿਰਫ਼ ਆਇਲਟਸ ?
ਕੈਨੇਡਾ ਜਾਣ ਲਈ ਸਿਰਫ਼ ਆਇਲਟਸ ਕੀਤਾ ਹੋਣਾ ਲਾਜ਼ਮੀ ਨਹੀਂ ਹੈ I ਬਿਨੈਕਾਰ ਹੋਰ ਪੇਪਰ ਦੇ ਕੇ ਵੀ ਭਾਸ਼ਾ ਵਿੱਚ ਆਪਣੀ ਮੁਹਾਰਤ ਦਰਸਾ ਸਕਦੇ ਹਨ I
ਇਸਤੋਂ ਇਲਾਵਾ ਬਿਨੈਕਾਰਾਂ ਕੋਲ ਰੀਚੈਕਿੰਗ ਦਾ ਵਿਕਲਪ ਮੌਜੂਦ ਹੈ , ਜਿਸ ਵਿੱਚ ਬਿਨੈਕਾਰ ਕਿਸੇ ਇਕ ਜਾਂ ਸਾਰੇ ਮਾਡਿਊਲਜ਼ ਵਿੱਚੋਂ ਰੀਚੈਕਿੰਗ ਕਰਵਾ ਸਕਦੇ ਹਨ I
ਤਸਵੀਰ: IDP
ਇਸਤੋਂ ਇਲਾਵਾ ਬਿਨੈਕਾਰਾਂ ਕੋਲ ਰੀਚੈਕਿੰਗ ਦਾ ਵਿਕਲਪ ਮੌਜੂਦ ਹੈ , ਜਿਸ ਵਿੱਚ ਬਿਨੈਕਾਰ ਕਿਸੇ ਇਕ ਜਾਂ ਸਾਰੇ ਮਾਡਿਊਲਜ਼ ਵਿੱਚੋਂ ਰੀਚੈਕਿੰਗ ਕਰਵਾ ਸਕਦੇ ਹਨ I ਰੀਚੈਕਿੰਗ ਤੋਂ ਰਿਜ਼ਲਟ ਦੇ 21 ਦਿਨਾਂ ਦੇ ਅੰਦਰ ਕਰਵਾਈ ਜਾ ਸਕਦੀ ਹੈ I
ਬਿਨੈਕਾਰਾਂ ਨੂੰ ਇੰਗਲਿਸ਼ ਜਾਂ ਫ੍ਰੈਂਚ ਭਾਸ਼ਾ ਵਿੱਚ ਮੁਹਾਰਤ ਦਿਖਾਉਣੀ ਪੈਂਦੀ ਹੈ , ਜਿਸ ਲਈ ਬਿਨੈਕਾਰ ਆਪਣੀ ਮਰਜ਼ੀ ਨਾਲ ਕੈਨੇਡਾ ਵੱਲੋ ਮਾਨਤਾ ਪ੍ਰਾਪਤ ਕੋਈ ਵੀ ਪੇਪਰ ਦੇ ਸਕਦੇ ਹਨ I
ਇਹ ਵੀ ਪੜ੍ਹੋ :
ਕੀ ਬਿਨ੍ਹਾਂ ਆਇਲਟਸ ਸੰਭਵ ਹੋਵੇਗੀ ਕੈਨੇਡਾ ਦੀ ਪੀ ਆਰ ?
ਅੰਗ੍ਰੇਜ਼ੀ ਭਾਸ਼ਾ ਲਈ ਬਿਨੈਕਾਰ ਆਇਲਟਸ ਤੋਂ ਇਲਾਵਾ ਸੈਲਪਿਪ (CELPIP) ਦਾ ਪੇਪਰ ਦੇ ਸਕਦੇ ਹਨ I ਅੰਗ੍ਰੇਜ਼ੀ ਤੋਂ ਬਿਨ੍ਹਾਂ ਬਿਨੈਕਾਰ ਫ੍ਰੈਂਚ ਭਾਸ਼ਾ ਦੀ ਮੁਹਾਰਤ ਦਿਖਾ ਕੇ ਵੀ ਕੈਨੇਡਾ ਦੀ ਇਮੀਗ੍ਰੇਸ਼ਨ ਦੀ ਅਰਜ਼ੀ ਦੇ ਸਕਦੇ ਹਨ I ਫ੍ਰੈਂਚ ਲਈ ਟੀ ਸੀ ਐੱਫ ਅਤੇ ਟੀ ਈ ਐੱਫ ਨਾਮ ਵਿੱਚੋਂ ਕੋਈ ਇਕ ਪੇਪਰ ਦੇ ਸਕਦੇ ਹਨ I
ਦੱਸਣਯੋਗ ਹੈ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਲੰਘੇ ਮਹੀਨੇ ਐਲਾਨ ਕੀਤਾ ਗਿਆ ਸੀ ਕਿ ਪੀਅਰਸਨ ਟੈਸਟ ਆਫ਼ ਇੰਗਲਿਸ਼ (ਪੀਟੀਈ ) ਕਰਨ ਵਾਲੇ ਬਿਨੈਕਾਰ ਜਲਦ ਹੀ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸ (ਪੀ ਆਰ) ਜਾਂ ਟੈਮਪੋਰੈਰੀ ਰੈਜ਼ੀਡੈਂਸ ਲਈ ਅਪਲਾਈ ਕਰ ਸਕਣਗੇ I ਪ੍ਰਾਪਤ ਜਾਣਕਾਰੀ ਅਨੁਸਾਰ ਪੀਟੀਈ ਵੱਲੋਂ ਇੱਕ ਨਵਾਂ ਪੇਪਰ ਕੈਨੇਡੀਅਨ ਇਮੀਗ੍ਰੇਸ਼ਨ ਲਈ ਤਿਆਰ ਕੀਤਾ ਜਾਵੇਗਾ I
ਉਮੀਦਵਾਰ ਜਦੋਂ ਵੱਖ ਵੱਖ ਤਰ੍ਹਾਂ ਦੇ ਪੇਪਰ ਦੇ ਕੇ ਆਪਣੀ ਅਰਜ਼ੀ ਦਿੰਦੇ ਹਨ , ਤਾਂ ਸਮਾਨਤਾ ਬਣਾਉਣ ਦੇ ਲਈ ਵਿਭਾਗ ਵੱਲੋਂ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਕੈਨੇਡੀਅਨ ਲੈਂਗੁਏਜ਼ ਬੈਂਚਮਰਕ (ਨਵੀਂ ਵਿੰਡੋ) (ਸੀਐਲਬੀ) ਸਥਾਪਿਤ ਕੀਤੇ ਗਏ ਹਨ I
ਉਦਹਾਰਣ ਵਜੋਂ ਜੇਕਰ ਕੋਈ ਬਿਨੈਕਾਰ ਸੈਲਪਿਪ ਵਿੱਚੋਂ ਰਾਇਟਿੰਗ , ਸਪੀਕਿੰਗ , ਲਿਸਨਿੰਗ ਅਤੇ ਰੀਡਿੰਗ ਸਮੇਤ ਹਰੇਕ ਵਿੱਚੋਂ 7 ਅੰਕ ਹਾਸਿਲ ਕਰਦਾ ਹੈ ਤਾਂ ਉਸਦੀ ਸੀਐਲਬੀ 7 ਹੁੰਦੀ ਹੈ I ਉਧਰ ਆਇਲਟਸ ਵਿੱਚ ਰਾਇਟਿੰਗ , ਸਪੀਕਿੰਗ , ਲਿਸਨਿੰਗ ਅਤੇ ਰੀਡਿੰਗ ਸਮੇਤ ਹਰੇਕ ਵਿੱਚੋਂ 6 ਬੈਂਡ ਲੈਣ 'ਤੇ ਵੀ ਸੀਐਲਬੀ ਲੈਵਲ 7 ਹੋ ਜਾਂਦਾ ਹੈ I