1. ਮੁੱਖ ਪੰਨਾ
  2. ਅਰਥ-ਵਿਵਸਥਾ

ਐਡੀਡਾਸ ਵੱਲੋਂ ਬਲੈਕ ਲਾਈਵਜ਼ ਮੈਟਰ ਸਮੂਹ ਵਿਰੁੱਧ ਟ੍ਰੇਡਮਾਰਕ ਦੀ ਸ਼ਿਕਾਇਤ ਵਾਪਸ ਲੈਣ ਦਾ ਫ਼ੈਸਲਾ

ਐਡੀਡਾਸ ਨੇ ਬਲੈਕ ਲਾਈਵਜ਼ ਮੈਟਰ ਦੇ ਤਿੰਨ ਧਾਰੀਆਂ ਵਾਲੇ ਡਿਜ਼ਾਈਨ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ

ਬਲੈਕ ਲਾਈਵਜ਼ ਮੈਟਰ ਅਤੇ ਐਡੀਡਾਸ ਦੇ ਲੋਗੋ ਡਿਜ਼ਾਈਨਾਂ ਨੂੰ ਦਰਸਾਉਂਦਾ ਚਿੱਤਰ।

ਬਲੈਕ ਲਾਈਵਜ਼ ਮੈਟਰ ਅਤੇ ਐਡੀਡਾਸ ਦੇ ਲੋਗੋ ਡਿਜ਼ਾਈਨਾਂ ਨੂੰ ਦਰਸਾਉਂਦਾ ਚਿੱਤਰ। ਐਡੀਡਾਸ ਆਪਣੇ ਤਿੰਨ ਧਾਰੀਆਂ ਵਾਲੇ ਡਿਜ਼ਾਈਨ ਨੂੰ ਸੁਰੱਖਿਅਤ ਰੱਖਣ ਲਈ ਪਿਛਲੇ ਕੁਝ ਸਾਲਾਂ ਵਿਚ ਕਈ ਮੁਕੱਦਮੇ ਦਾਇਰ ਕਰ ਚੁੱਕੀ ਹੈ।

ਤਸਵੀਰ:  (Dado Ruvic/Reuters)

RCI

ਸਪੋਰਟਸਵੀਅਰ ਨਿਰਮਾਤਾ ਕੰਪਨੀ ਐਡੀਡਾਸ ਨੇ ਬੁੱਧਵਾਰ ਨੂੰ ਫ਼ੈਸਲਾ ਲਿਆ ਹੈ ਕਿ ਉਹ ਬਲੈਕ ਲਾਈਵਜ਼ ਮੈਟਰ ਦੇ ਤਿੰਨ ਧਾਰੀਆਂ ਵਾਲੇ ਡਿਜ਼ਾਈਨ ਖ਼ਿਲਾਫ਼ ਕੀਤੀ ਟ੍ਰੇਡਮਾਰਕ ਦੀ ਆਪਣੀ ਸ਼ਿਕਾਇਤ ਨੂੰ ਵਾਪਸ ਲੈ ਰਹੀ ਹੈ।

ਕੰਪਨੀ ਨੇ ਇੱਕ ਬਿਆਨ ਵਿਚ ਕਿਹਾ, ਐਡੀਡਾਸ ਜਲਦ ਤੋਂ ਜਲਦ ਬਲੈਕ ਲਾਈਵਜ਼ ਮੈਟਰ ਗਲੋਬਲ ਨੈੱਟਵਰਕ ਫਾਊਂਡੇਸ਼ਨ ਦੀ ਟ੍ਰੇਡਮਾਰਕ ਐਪਲੀਕੇਸ਼ਨ ਦੇ ਵਿਰੋਧ ਦੀ ਅਰਜ਼ੀ ਵਾਪਸ ਲੈ ਲਵੇਗੀ

ਕੰਪਨੀ ਦੇ ਇੱਕ ਨਜ਼ਦੀਕੀ ਸੂਤਰ ਨੇ ਦੱਸਿਆ ਕਿ 48 ਘੰਟਿਆਂ ਦੇ ਅੰਦਰ ਹੀ ਸ਼ਿਕਾਇਤ ਵਾਪਸ ਲੈਣ ਦਾ ਫ਼ੈਸਲਾ ਇਸ ਕਰਕੇ ਕੀਤਾ ਗਿਆ ਹੈ ਤਾਂ ਕਿ ਲੋਕ ਸ਼ਿਕਾਇਤ ਦਾ ਅਰਥ ਕਿਧਰੇ ਇਹ ਨਾ ਕੱਢ ਲੈਣ ਕਿ ਐਡੀਡਾਸ BLM (ਬਲੈਕ ਲਾਈਵਜ਼ ਮੈਟਰ) ਮੁਹਿੰਮ ਦੇ ਖ਼ਿਲਾਫ਼ ਹੈ।

ਐਡੀਡਾਸ ਨੇ ਸੋਮਵਾਰ ਨੂੰ ਆਪਣੀ ਸ਼ਿਕਾਇਤ ਵਿਚ ਕਿਹਾ ਸੀ ਕਿ ਬਲੈਕ ਲਾਈਵਜ਼ ਮੈਟਰ ਗਲੋਬਲ ਨੈਟਵਰਕ ਫ਼ਾਊਂਡੇਸ਼ਨ ਦਾ ਪੀਲੇ ਰੰਗ ਦਾ ਤਿੰਨ ਧਾਰੀਆਂ ਵਾਲਾ ਡਿਜ਼ਾਈਨ ਐਡੀਡਾਸ ਦੀਆਂ ਤਿੰਨ ਧਾਰੀਆਂ ਨਾਲ ਕਾਫ਼ੀ ਮੇਲ ਖਾਂਦਾ ਹੈ ਅਤੇ ਇਹ ਲੋਕਾਂ ਵਿਚ ਉਲਝਣ (confusion) ਪੈਦਾ ਕਰ ਸਕਦਾ ਹੈ।

ਐਡੀਡਾਸ ਨੇ ਆਪਣੀ ਅਰਜ਼ੀ ਵਿਚ ਇਹ ਮੰਗ ਵੀ ਕੀਤੀ ਸੀ ਕਿ ਬਲੈਕ ਲਾਈਵਜ਼ ਸਮੂਹ ਨੂੰ ਉਸ ਸਮਾਨ ਉੱਤੇ ਡਿਜ਼ਾਈਨ ਦੀ ਵਰਤੋਂ ਤੋਂ ਵੀ ਰੋਕਿਆ ਜਾਵੇ, ਜਿਸ ਸਮਾਨ ਦਾ ਐਡੀਡਾਸ ਨਿਰਮਾਣ ਕਰਦਾ ਹੈ। ਇਸ ਸਮਾਨ ਵਿਚ ਕਮੀਜ਼ਾਂ, ਟੋਪੀਆਂ ਅਤੇ ਬੈਗ ਆਦਿ ਸ਼ਾਮਲ ਹਨ।

BLM ਨੇ 2020 ਵਿਚ ਟ੍ਰੇਡਮਾਰਕ ਲਈ ਅਪਲਾਈ ਕੀਤਾ ਸੀ

ਐਡੀਡਾਸ ਨੇ ਆਪਣੀ ਅਰਜ਼ੀ ਵਿੱਚ ਕਿਹਾ ਸੀ ਕਿ ਉਹ 1952 ਤੋਂ ਆਪਣੇ ਲੋਗੋ ਦੀ ਵਰਤੋਂ ਕਰ ਰਹੇ ਹਨ, ਅਤੇ ਬਲੈਕ ਲਾਈਵਜ਼ ਮੈਟਰ ਦਾ ਡਿਜ਼ਾਈਨ ਖ਼ਰੀਦਦਾਰਾਂ ਲਈ ਉਲਝਣ ਦਾ ਕਾਰਨ ਬਣ ਸਕਦਾ ਹੈ ਅਤੇ ਉਨ੍ਹਾਂ ਨੂੰ ਲੱਗ ਸਕਦਾ ਹੈ ਕਿ ਦੋਵਾਂ ਦਾ ਸਾਮਾਨ ਆਪਸ ‘ਚ ਜੁੜਿਆ ਹੋਇਆ ਹੈ ਜਾਂ ਇੱਕੋ ਸਰੋਤ ਤੋਂ ਆਇਆ ਹੈ।

ਬਲੈਕ ਲਾਈਜ਼ ਮੈਟਰ ਗਲੋਬਲ ਨੈਟਵਰਕ ਫ਼ਾਉਂਡੇਸ਼ਨ, BLM ਮੁਹਿੰਮ ਵਿਚ ਸਭ ਤੋਂ ਨਾਮੀ ਸੰਸਥਾ ਹੈ, ਜੋ ਇੱਕ ਦਹਾਕੇ ਪਹਿਲਾਂ ਬਲੈਕ ਲੋਕਾਂ ਖ਼ਿਲਾਫ਼ ਪੁਲਿਸ ਹਿੰਸਾ ਦੇ ਵਿਰੋਧ ਵਿਚ ਖੜੀ ਹੋਈ ਸੀ।

ਪੀਲੇ ਰੰਗ ਦੀਆਂ ਤਿੰਨ ਧਾਰੀਆਂ ਵਾਲੇ ਡਿਜ਼ਾਈਨ ਨੂੰ ਕੱਪੜੇ, ਪ੍ਰਕਾਸ਼ਨ, ਬੈਗ, ਬ੍ਰੇਸਲੈਟ ਅਤੇ ਹੋਰ ਉਤਪਾਦਾਂ ‘ਤੇ ਵਰਤਣ ਲਈ ਇਸ ਗਰੁੱਪ ਨੇ ਨਵੰਬਰ 2020 ਵਿਚ ਫ਼ੈਡਰਲ ਟ੍ਰੇਡਮਾਰਕ ਲਈ ਅਰਜ਼ੀ ਦਿੱਤੀ ਸੀ।

ਇਸ ਗਰੁੱਪ ਦੇ ਨੁਮਾਇੰਦਿਆਂ ਨੇ ਮੰਗਲਵਾਰ ਨੂੰ ਇਸ ਮਾਮਲੇ ਵਿਚ ਟਿੱਪਣੀ ਲਈ ਕੀਤੀ ਬੇਨਤੀ ਦਾ ਜਵਾਬ ਨਹੀਂ ਦਿੱਤਾ।

ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਐਡੀਡਾਸ 2008 ਤੋਂ ਹੁਣ ਤੱਕ 90 ਤੋਂ ਵੱਧ ਮੁਕੱਦਮੇ ਦਾਇਰ ਕਰ ਚੁੱਕੀ ਹੈ ਅਤੇ ਤਿੰਨ-ਧਾਰੀ ਟ੍ਰੇਡਮਾਰਕ ਨਾਲ ਸਬੰਧਤ 200 ਤੋਂ ਵੱਧ ਰਾਜ਼ੀਨਾਮਿਆਂ ਤੇ ਸਮਝੌਤਿਆਂ 'ਤੇ ਦਸਤਖ਼ਤ ਕਰ ਚੁੱਕੀ ਹੈ।

ਥੌਮਸਨ ਰੋਏਟਰਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ