- ਮੁੱਖ ਪੰਨਾ
- ਰਾਜਨੀਤੀ
- ਫ਼ੈਡਰਲ ਰਾਜਨੀਤੀ
ਫ਼ੈਡਰਲ ਬਜਟ 2023 ਦੇ ਮੁੱਖ ਅੰਸ਼
ਹਾਊਸਿੰਗ ਬਾਰੇ ਕੋਈ ਅਹਿਮ ਵਚਨਬੱਧਤਾ ਨਹੀਂ
ਮੰਗਲਵਾਰ ਨੂੰ ਫ਼ਾਇਨੈਂਸ ਮਿਨਿਸਟਰ ਕ੍ਰਿਸਟੀਆ ਫ਼੍ਰੀਲੈਂਡ ਨੇ 2023 ਲਈ ਫ਼ੈਡਰਲ ਬਜਟ ਪੇਸ਼ ਕੀਤਾ।
ਤਸਵੀਰ: La Presse canadienne / Sean Kilpatrick
ਅੱਜ ਕੈਨੇਡਾ ਦੀ ਫ਼ਾਇਨੈਂਸ ਮਿਨਿਸਟਰ ਕ੍ਰਿਸਟੀਆ ਫ਼੍ਰੀਲੈਂਡ ਨੇ ਲਿਬਰਲ ਸਰਕਾਰ ਦਾ ਬਜਟ ਪੇਸ਼ ਕੀਤਾ। ਬਜਟ ਵਿਚ ਸ਼ੁਰੂਆਤੀ ਅੰਦਾਜ਼ੇ ਨਾਲੋਂ 10 ਬਿਲੀਅਨ ਵੱਧ ਘਾਟੇ ਦਾ ਅਨੁਮਾਨ ਲਗਾਇਆ ਗਿਆ ਹੈ। ਬਜਟ ਘਾਟੇ ਵਿਚ ਇਹ ਵਾਧ ਆਰਥਿਕਤਾ ਦੀ ਮਾੜੀ ਹੁੰਦੀ ਸਥਿਤੀ ਅਤੇ ਨੈਸ਼ਨਲ ਡੈਂਟਲ ਕੇਅਰ ਪ੍ਰੋਗਰਾਮ ਵਰਗੀਆਂ ਨਵੀਆਂ ਪਹਿਲਕਦਮੀਆਂ ਕਰਕੇ ਦਰਜ ਹੋਈ ਹੈ।
ਫ਼੍ਰੀਲੈਂਡ ਦੇ ਬਜਟ ਵਿਚ 2023-24 ਦਾ ਬਜਟ ਘਾਟਾ 40.1 ਬਿਲੀਅਨ ਅਨੁਮਾਨਿਆ ਗਿਆ ਹੈ - ਜੋਕਿ ਉਨ੍ਹਾਂ ਦੇ ਫ਼ੌਲ ਸੀਜ਼ਨ ਵਿਚ ਦਿੱਤੇ 30.6 ਬਿਲੀਅਨ ਦੇ ਅੰਕੜੇ ਨਾਲੋਂ ਕਾਫ਼ੀ ਵੱਧ ਹੈ।
ਬਜਟ ਦੇ ਮੁੱਖ ਅੰਸ਼:
- ਅਗਲੇ ਛੇ ਸਾਲਾਂ ਵਿਚ 43 ਬਿਲੀਅਨ ਡਾਲਰ ਦੇ ਨਵੇਂ ਖ਼ਰਚ ਦੀ ਯੋਜਨਾ
- ਇੱਕ ਵਾਰ ਦੀ ਗ੍ਰੋਸਰੀ ਰਿਬੇਟ (ਨਵੀਂ ਵਿੰਡੋ), ਜਿਸ ਅਧੀਨ ਯੋਗ ਪਰਿਵਾਰਾਂ ਨੂੰ 467 ਡਾਲਰ ਤੱਕ ਪ੍ਰਾਪਤ ਹੋਣਗੇ। ਬਿਨਾ ਬੱਚਿਆਂ ਵਾਲੇ ਸਿੰਗਲਜ਼ ਨੂੰ 234 ਡਾਲਰ ਤੱਕ ਦਾ ਕ੍ਰੈਡਿਟ ਪ੍ਰਾਪਤ ਹੋਵੇਗਾ।
- ਕੈਨੇਡਾ ਸਟੂਡੈਂਟ ਗ੍ਰਾਂਟਸ ਲਈ 40 ਫ਼ੀਸਦੀ ਵਾਧਾ
- 90,000 ਡਾਲਰ ਤੋਂ ਘੱਟ ਸਲਾਨਾ ਆਮਦਨ ਵਾਲੇ ਪਰਿਵਾਰਾਂ ਲਈ ਡੈਂਟਲ ਕੇਅਰ ਦਾ ਵਿਸਤਾਰ ਕਰਨ ਲਈ 13 ਬਿਲੀਅਨ ਡਾਲਰ ਖ਼ਰਚ ਕਰਨ ਦੀ ਯੋਜਨਾ
- ਕਲੀਨ ਬਿਜਲੀ ਨਿਵੇਸ਼ ਵਿਚ ਨਵਾਂ 15 ਫ਼ੀਸਦੀ ਰਿਫ਼ੰਡ ਯੋਗ ਟੈਕਸ ਕ੍ਰੈਡਿਟ
- ਕਲੀਨ ਟੈਕਨੋਲੌਜੀ ਨਿਰਮਾਣ ਵਿਚ ਨਿਵੇਸ਼ ਲਈ 30 ਫ਼ੀਸਦੀ ਟੈਕਸ ਕ੍ਰੈਡਿਟ
- ਮੂਲਨਿਵਾਸੀਆਂ ਲਈ ਹਾਊਸਿੰਗ ਰਣਨੀਤੀ ਲਈ ਅਗਲੇ ਪੰਜ ਸਾਲਾਂ ਵਿਚ 4 ਬਿਲੀਅਨ ਡਾਲਰ ਖ਼ਰਚ ਕਰਨ ਦੀ ਯੋਜਨਾ
- ਵਿਦੇਸ਼ੀ ਦਖ਼ਲਅੰਦਾਜ਼ੀ ਨਾਲ ਨਜਿੱਠਣ ਲਈ ਇੱਕ ਨਵੇਂ ਅਦਾਰੇ ਦਾ ਗਠਨ
- ਫ਼ੈਡਰਲ ਕਰਜ਼ਾ 1.18 ਟ੍ਰਿਲੀਅਨ ਹੋਇਆ। ਕਰਜ਼ੇ ਅਤੇ ਜੀਡੀਪੀ ਦਾ ਅਨੁਪਾਤ ਅਗਲੇ ਦੋ ਸਾਲ ਵਿਚ ਥੋੜਾ ਵਧੇਗਾ
- ਫ਼ੈਡਰਲ ਸਰਕਾਰ ਇਸ ਸਾਲ ਲਈ ਅਨੁਮਾਨੀ ਆਮਦਨ ਨਾਲੋਂ 5.7 ਬਿਲੀਅਨ ਡਾਲਰ ਘੱਟ ਪ੍ਰਾਪਤ ਕਰੇਗੀ ਜੋਕਿ ਸਰਕਾਰੀ ਖ਼ਜ਼ਾਨੇ ਲਈ ਇੱਕ ਵੱਡਾ ਘਾਟਾ ਹੈ
ਅਗਲੇ ਪੰਜ ਸਾਲਾਂ ਵਿਚ ਸਰਕਾਰੀ ਖ਼ਰਚਿਆਂ ਵਿਚ ਕਰੀਬ 15.4 ਬਿਲੀਅਨ ਡਾਲਰ ਦੀ ਕਟੌਤੀ ਕਰਨ ਦੀ ਯੋਜਨਾ ਹੈ, ਜਿਸ ਵਿਚ ਪੇਸ਼ੇਵਰ ਅਤੇ ਮਾਹਰਾਨਾ ਸਲਾਹਾਂ ਵਿਚ ਕਮੀ ਕਰਨਾ ਸ਼ਾਮਲ ਹੈ।
ਹਾਊਸਿੰਗ ਦੇ ਪੱਖ ‘ਤੇ ਸਰਕਾਰ ਨੇ ਕੋਈ ਅਹਿਮ ਵਚਨਬੱਧਤਾ ਨਹੀਂ ਐਲਾਨੀ ਹੈ। ਅਰਥਸ਼ਾਸਤਰੀ ਅਰਮੀਨ ਯਲਨਿਜ਼ਯਨ ਨੇ ਕਿਹਾ, ਹਾਊਸਿੰਗ ਦੀ ਅਫ਼ੋਰਡੇਬਿਲੀਟੀ ਦੇ ਸੰਦਰਭ ਵਿਚ ਅਸੀਂ ਸੱਚਮੁੱਚ ਮੁਸ਼ਕਿਲ ਵਿਚ ਹਾਂ। ਸਰਕਾਰ ਇੱਕ ਮਿਲੀਅਨ ਤੋਂ ਵੀ ਵੱਧ ਲੋਕਾਂ ਨੂੰ ਕੱਚੇ ਜਾਂ ਪੱਕੇ ਤੌਰ ‘ਤੇ ਕੈਨੇਡਾ ਲਿਆ ਰਹੀ ਹੈ, ਅਤੇ ਉਨ੍ਹਾਂ ਵਿਚੋਂ ਹਰ ਇੱਕ ਨੂੰ ਰਹਿਣ ਲਈ ਘਰ ਚਾਹੀਦਾ ਹੈ, ਪਰ ਅਸੀਂ ਕਿਫ਼ਾਇਤੀ ਕਿਰਾਏ ਦੇ ਮਕਾਨ ਬਣਾਉਣ ਲਈ ਕੁਝ ਨਹੀਂ ਕਰ ਰਹੇ
।
ਬਜਟ ਦੇ ਹੋਰ ਵੇਰਵੇ (ਨਵੀਂ ਵਿੰਡੋ) ਇੱਥੋਂ ਪ੍ਰਾਪਤ ਕੀਤੇ ਜਾ ਸਕਦੇ ਹਨ।
ਪੀਟਰ ਜ਼ਿਮੌਨਜਿਕ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ