1. ਮੁੱਖ ਪੰਨਾ
  2. ਸਮਾਜ

ਪਰਿਵਾਰਾਂ ਦੇ ਟੁੱਟਣ ‘ਤੇ ਪਾਲਤੂ ਜਾਨਵਰਾਂ ਦੀ ਕਸਟਡੀ ਬਾਰੇ ਬੀਸੀ ਸਰਕਾਰ ਵੱਲੋਂ ਕਾਨੂੰਨ ਚ ਸੋਧਾਂ ਪੇਸ਼

ਜੇ ਕਾਨੂੰਨ ਪਾਸ ਹੁੰਦਾ ਹੈ ਤਾਂ ਕਸਟਡੀ ਬਾਬਤ ਫ਼ੈਸਲਿਆਂ ਵਿਚ ਪਾਲਤੂ ਜਾਨਵਰ ਨਾਲ ਪਰਿਵਾਰ ਦੇ ਰਿਸ਼ਤੇ ਵੀ ਵਿਚਾਰੇ ਜਾਣਗੇ

ਬ੍ਰਿਟਿਸ਼ ਕੋਲੰਬੀਆ ਦੀ ਅਟੌਰਨੀ ਜਨਰਲ ਨਿਕੀ ਸ਼ਰਮਾ ਦੀ 7 ਦਸੰਬਰ 2022 ਦੀ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਦੀ ਤਸਵੀਰ।

ਬ੍ਰਿਟਿਸ਼ ਕੋਲੰਬੀਆ ਦੀ ਅਟੌਰਨੀ ਜਨਰਲ ਨਿਕੀ ਸ਼ਰਮਾ ਦੀ 7 ਦਸੰਬਰ 2022 ਦੀ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਦੀ ਤਸਵੀਰ।

ਤਸਵੀਰ: (The Canadian Press/Chad Hipolito)

RCI

ਘਰੇਲੂ ਝਗੜਿਆਂ ਵਿਚ ਪਰਿਵਾਰਾਂ ਦੇ ਵੱਖ ਹੋਣ ‘ਤੇ ਪਾਲਤੂ ਜਾਨਵਰਾਂ ਦੀ ਕਸਟਡੀ ਕਿਸ ਕੋਲ ਹੋਵੇ, ਇਸ ਬਾਰੇ ਬੀਸੀ ਸਰਕਾਰ ਨੇ ਸੋਮਵਾਰ ਨੂੰ ਫ਼ੈਮਿਲੀ ਕਾਨੂੰਨ ਵਿਚ ਤਬਦੀਲੀਆਂ ਪੇਸ਼ ਕੀਤੀਆਂ ਹਨ।

ਅਟੌਰਨੀ ਜਨਰਲ ਨਿਕੀ ਸ਼ਰਮਾ ਨੇ ਕਿਹਾ ਕਿ ਪਰਿਵਾਰਾਂ ਵਿੱਚ ਪਾਲਤੂ ਜਾਨਵਰਾਂ ਦੀ ਅਹਿਮ ਭੂਮਿਕਾ ਨੂੰ ਹੁਣ ਬੀਸੀ ਦੇ ਫ਼ੈਮਿਲੀ ਲਾਅ ਐਕਟ ਦੀਆਂ ਸੋਧਾਂ ਵਿੱਚ ਵਿਚਾਰਿਆ ਜਾਵੇਗਾ, ਜੋ ਜਾਨਵਰਾਂ ਦੀ ਕਸਟਡੀ ਭਾਵ ਦੇਖ-ਰੇਖ ਦੇ ਜੁੰਮੇ ਦੇ ਵਿਵਾਦਾਂ ਵਿੱਚ ਸ਼ਾਮਲ ਲੋਕਾਂ ਅਤੇ ਜੱਜਾਂ ਲਈ, ਵਧੇਰੇ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਕਾਨੂੰਨ ਨੂੰ ਸਪੱਸ਼ਟ ਕਰਦੀਆਂ ਹਨ।

ਕਾਨੂੰਨ ਪੇਸ਼ ਕਰਨ ਤੋਂ ਬਾਅਦ ਇੱਕ ਇੰਟਰਵਿਊ ਵਿਚ ਨਿਕੀ ਸ਼ਰਮਾ ਨੇ ਕਿਹਾ, ਇਹ ਇੱਕ ਅਜਿਹਾ ਮੁੱਦਾ ਹੈ ਜੋ ਇੱਕ ਪਰਿਵਾਰ ਦੇ ਟੁੱਟਣ ਸਮੇਂ ਬਹੁਤ ਸੰਵੇਦਨਸ਼ੀਲ ਅਤੇ ਚੁਣੌਤੀਪੂਰਨ ਹੋ ਸਕਦਾ ਹੈ। ਇਸ ਲਈ ਸਾਨੂੰ ਨਾ ਸਿਰਫ਼ ਸੂਬਾਈ ਅਦਾਲਤ ਨੂੰ ਮਾਰਗਦਰਸ਼ਨ ਵਿਚ ਮਦਦ ਦੇਣ ਦੀ ਲੋੜ ਸੀ, ਸਗੋਂ ਲੋੜ ਪੈਣ ‘ਤੇ ਜੱਜ ਨੂੰ ਇਹ ਅਧਿਕਾਰ ਦੇਣ ਦੀ ਵੀ ਜ਼ਰੂਰਤ ਸੀ, ਤਾਂ ਕਿ ਉਹ ਪਾਲਤੂ ਜਾਨਵਰ ਨੂੰ ਕਿਸੇ ਹੋਰ ਸੰਪਤੀ ਵਾਂਗ ਦੇਖਣ ਦੀ ਬਜਾਏ, ਅਜਿਹਾ ਵਿਚਾਰ ਕਰੇ ਜੋ ਜਾਨਵਰ ਅਤੇ ਪਰਿਵਾਰ ਦੋਵਾਂ ਦੇ ਸਰਬੋਤਮ ਹਿੱਤ ਵਿਚ ਹੋਵੇ

ਨਿਕੀ ਨੇ ਕਿਹਾ ਕਿ ਪਾਲਤੂ ਜਾਨਵਰਾਂ ਦੀ ਨਿਗਰਾਨੀ ਦੇ ਜੁੰਮੇ (custody) ਦੇ ਵਿਵਾਦਾਂ ਨੂੰ ਪਹਿਲਾਂ ਜਾਇਦਾਦ ਦੀ ਵੰਡ ਵਜੋਂ ਨਿਪਟਾਇਆ ਜਾਂਦਾ ਰਿਹਾ ਹੈ, ਪਰ ਜੇਕਰ ਸੋਧਾਂ ਪਾਸ ਹੋ ਜਾਂਦੀਆਂ ਹਨ, ਤਾਂ ਪਾਲਤੂ ਜਾਨਵਰਾਂ ਦੇ ਪਰਿਵਾਰ ਨਾਲ ਸਬੰਧਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਪਾਲਤੂ ਜਾਨਵਰਾਂ ਦੀ ਕਸਟਡੀ ਵਿੱਚ ਬਦਲਾਅ ਕੈਨੇਡਾ ਵਿੱਚ ਪੇਸ਼ ਕੀਤੇ ਜਾਣ ਵਾਲੇ ਅਜਿਹੇ ਪਹਿਲੇ ਕਾਨੂੰਨ ਹਨ।

ਉਨ੍ਹਾਂ ਕਿਹਾ, ਅਸੀਂ ਜਾਣਦੇ ਹਾਂ ਕਿ ਪਾਲਤੂ ਜਾਨਵਰ ਪਰਿਵਾਰ ਦੇ ਸੱਚਮੁੱਚ ਪਿਆਰੇ ਮੈਂਬਰ ਹੁੰਦੇ ਹਨ ਅਤੇ ਜਦੋਂ ਇਹ ਗੱਲ ਆਉਂਦੀ ਹੈ ਕਿ ਪਾਲਤੂ ਜਾਨਵਰਾਂ ਨਾਲ ਸਮਾਂ ਕਿਵੇਂ ਵੰਡਣਾ ਹੈ, ਜਾਂ ਜੇ ਉਹ ਇਹ ਨਹੀਂ ਕਰ ਸਕਦੇ, ਤਾਂ ਪਾਲਤੂ ਜਾਨਵਰ ਦੀ ਕਸਟਡੀ ਬਾਬਤ ਜੱਜ ਕੋਲੋਂ ਆਰਡਰ ਪ੍ਰਾਪਤ ਕਰਨ ਲਈ, ਜਾਂ ਆਪਣੇ ਖ਼ੁਦ ਦੇ ਸਮਝੋਤੇ ਤਿਆਰ ਕਰਨ ਲਈ ਇਹ ਸੋਧਾਂ ਲੋਕਾਂ ਲਈ ਅਸਾਨੀ ਪੈਦਾ ਕਰਨਗੀਆਂ

ਨਿਕੀ ਨੇ ਕਿਹਾ ਕਿ ਸੋਧਾਂ ਵਿਚ ਕਈ ਨੁਕਤਿਆਂ ‘ਤੇ ਵਿਚਾਰ ਕਰਨ ਦੀ ਲੋੜ ਹੋਵੇਗੀ ਜਿਸ ਵਿੱਚ ਹਰੇਕ ਵਿਅਕਤੀ ਦੀ ਯੋਗਤਾ ਅਤੇ ਪਾਲਤੂ ਜਾਨਵਰ ਦੀ ਦੇਖਭਾਲ ਕਰਨ ਦੀ ਇੱਛਾ, ਜਾਨਵਰ ਨਾਲ ਬੱਚੇ ਦਾ ਸਬੰਧ ਅਤੇ ਪਰਿਵਾਰਕ ਹਿੰਸਾ ਜਾਂ ਬੇਰਹਿਮੀ ਦਾ ਖ਼ਤਰਾ ਵਰਗੇ ਕਾਰਕ ਸ਼ਾਮਲ ਹਨ।

ਫ਼ੈਮਿਲੀ ਲਾਅ ਐਕਟ ਵਿੱਚ ਸੋਮਵਾਰ ਨੂੰ ਪੇਸ਼ ਕੀਤੀਆਂ ਗਈਆਂ ਹੋਰ ਸੋਧਾਂ ਵਿੱਚ ਅਲਿਹਦਗੀ ਜਾਂ ਤਲਾਕ ਤੋਂ ਗੁਜ਼ਰ ਰਹੇ ਜੋੜਿਆਂ ਅਤੇ ਪਰਿਵਾਰਾਂ ਲਈ ਜਾਇਦਾਦ ਤੇ ਪੈਨਸ਼ਨ ਦੇ ਮੁੱਦਿਆਂ ਲਈ ਆਧੁਨਿਕ ਸਮੇਂ ਦੀਆਂ ਤਬਦੀਲੀਆਂ ਸ਼ਾਮਲ ਹਨ।

ਨਿਕੀ ਨੇ ਕਿਹਾ ਕਿ ਪ੍ਰਸਤਾਵਿਤ ਸੋਧਾਂ ਨਾਲ ਜਾਇਦਾਦ ਦੀ ਬਰਾਬਰੀ ਨਾਲ ਵੰਡ ਅਤੇ ਪੈਨਸ਼ਨਾਂ ਦੀ ਵੰਡ ਨੂੰ ਬਿਹਤਰ ਬਣਾਉਣਾ ਆਸਾਨ ਹੋਵੇਗਾ।

ਉਨ੍ਹਾਂ ਕਿਹਾ ਕਿ ਸੋਧਾਂ ਸਮਾਜ ਵਿੱਚ ਤਬਦੀਲੀਆਂ ਅਤੇ ਕਾਨੂੰਨ ਵਿੱਚ ਵਿਕਾਸ ਦੋਵਾਂ ਨੂੰ ਸੰਬੋਧਿਤ ਕਰਨ ਲਈ ਐਕਟ ਦੀ ਕਈ ਸਾਲਾਂ ਦੀ ਸਮੀਖਿਆ ‘ਤੇ ਅਧਾਰਤ ਹਨ।

ਨਿਕੀ ਨੇ ਇੱਕ ਬਿਆਨ ਵਿੱਚ ਕਿਹਾ, ਪ੍ਰਸਤਾਵਿਤ ਸੋਧਾਂ ਅੱਜ ਦੇ ਲੋਕਾਂ ਦੀਆਂ ਤਰਜੀਹਾਂ ਅਤੇ ਕਦਰਾਂ-ਕੀਮਤਾਂ ਨੂੰ ਬਿਹਤਰ ਢੰਗ ਨਾਲ ਦਰਸਾਉਂਦੀਆਂ ਹਨ, ਜਿਸ ਵਿੱਚ ਇਹ ਯਕੀਨੀ ਬਣਾਉਣਾ ਵੀ ਸ਼ਾਮਲ ਹੈ ਕਿ ਵੱਖ ਹੋਣ ਦੀ ਪ੍ਰਕਿਰਿਆ ਵਿੱਚ ਪਾਲਤੂ ਜਾਨਵਰਾਂ ਦੀ ਅਹਿਮ ਭੂਮਿਕਾ ਨੂੰ ਵੀ ਮੰਨਿਆ ਜਾਵੇ

ਪਸ਼ੂ ਕਾਨੂੰਨ ਮਾਹਰ, ਵੀ. ਵਿਕਟੋਰੀਆ ਸ਼੍ਰੌਫ਼ ਨੇ ਕਿਹਾ ਕਿ ਤਬਦੀਲੀਆਂ ਦਰਸਾਉਂਦੀਆਂ ਹਨ ਕਿ ਕਿਵੇਂ ਪਾਲਤੂ ਜਾਨਵਰਾਂ ਨੂੰ ਫਰਨੀਚਰ ਵਰਗੀ ਬੇਜਾਨ ਸੰਪਤੀ ਦੀ ਬਜਾਏ ਸਮਾਜ ਵਿੱਚ ਵਿਲੱਖਣ ਪਰਿਵਾਰਕ ਮੈਂਬਰ ਵਜੋਂ ਕਦਰ ਕੀਤੀ ਜਾਂਦੀ ਹੈ।

ਡਰਕ ਮੀਜ਼ਨਰ - ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ