- ਮੁੱਖ ਪੰਨਾ
- ਰਾਜਨੀਤੀ
- ਫ਼ੈਡਰਲ ਰਾਜਨੀਤੀ
ਫ਼ੈਡਰਲ ਬਜਟ 2023: ਗ੍ਰੀਨ ਨਿਵੇਸ਼ ਅਤੇ ਹਾਸ਼ੀਆਗਤ ਕੈਨੇਡੀਅਨਜ਼ ਦੀ ਮਦਦ ’ਤੇ ਕੇਂਦਰਤ ਹੋ ਸਕਦੈ ਨਵਾਂ ਬਜਟ
ਫ਼ਾਇਨੈਂਸ ਮਿਨਿਸਟਰ ਕ੍ਰਿਸਟੀਆ ਫ਼੍ਰੀਲੈਂਡ ਅੱਜ ਲਿਬਰਲ ਸਰਕਾਰ ਦਾ ਬਜਟ ਪੇਸ਼ ਕਰਨਗੇ

ਫ਼ਾਇਨੈਂਸ ਮਿਨਿਸਟਰ ਕ੍ਰਿਸਟੀਆ ਫ਼੍ਰੀਲੈਂਡ ਅੱਜ ਫ਼ੈਡਰਲ ਬਜਟ ਪੇਸ਼ ਕਰਨਗੇ।
ਤਸਵੀਰ: La Presse canadienne / Adrian Wyld
ਮੰਗਲਵਾਰ ਨੂੰ ਫ਼ਾਇਨੈਂਸ ਮਿਨਿਸਟਰ ਕ੍ਰਿਸਟੀਆ ਫ਼੍ਰੀਲੈਂਡ ਫ਼ੈਡਰਲ ਬਜਟ ਪੇਸ਼ ਕਰਨਗੇ। ਇਸ ਬਜਟ ਵਿਚ ਹਾਸ਼ੀਆਗਤ ਲੋਕਾਂ ਨੂੰ ਰਹਿਣ-ਸਹਿਣ ਦੀ ਲਾਗਤ ਵਿਚ ਸੀਮਤ ਰਾਹਤ ਅਤੇ ਗ੍ਰੀਨ ਨਿਵੇਸ਼ਾਂ ਨੂੰ ਹੁਲਾਰਾ ਦਿੱਤੇ ਜਾਣ ਦੀ ਉਮੀਦ ਹੈ।
ਫ੍ਰੀਲੈਂਡ ਕੈਨੇਡੀਅਨਜ਼ ਨੂੰ ਕਹਿ ਚੁੱਕੇ ਹਨ ਕਿ ਬਜਟ ਵਿਚ ਅਮਰੀਕਾ ਦੇ ਇਨਫ਼ਲੇਸ਼ਨ ਰਿਡਕਸ਼ਨ ਐਕਟ ਨਾਲ ਨਜਿੱਠਣ ਲਈ ਗ੍ਰੀਨ ਐਨਰਜੀ ਵਿਚ ਨਵੇਂ ਨਿਵੇਸ਼ਾਂ ਦੀ ਪੇਸ਼ਕਸ਼, ਅਤੇ ਉੱਚੀਆਂ ਵਿਆਜ ਦਰਾਂ ਤੇ ਮਹਿੰਗਾਈ ਨਾਲ ਜੂਝਦੇ ਲੋਕਾਂ ਲਈ ਕੁਝ ਨਿਸ਼ਾਨਾਬੱਧ ਉਪਾਅ ਪੇਸ਼ ਹੋਣਗੇ, ਪਰ ਫ਼ਿਲਹਾਲ ਦੇਣ ਲਈ ਬਹੁਤਾ ਕੁਝ ਨਹੀਂ ਹੋਵੇਗਾ।
ਪਿਛਲੇ ਹਫ਼ਤੇ ਫ਼੍ਰੀਲੈਂਡ ਨੇ ਕਿਹਾ ਸੀ, ਸੱਚਾਈ ਇਹ ਹੈ ਕਿ ਅਸੀਂ ਹਰ ਇੱਕ ਕੈਨੇਡੀਅਨ ਨੂੰ ਮਹਿੰਗਾਈ ਦੇ ਪ੍ਰਭਾਵਾਂ ਜਾਂ ਉੱਚੀਆਂ ਵਿਆਜ ਦਰਾਂ ਲਈ ਪੂਰੀ ਤਰ੍ਹਾਂ ਮੁਆਵਜ਼ਾ ਨਹੀਂ ਦੇ ਸਕਦੇ। ਅਜਿਹਾ ਕਰਨਾ ਸਿਰਫ਼ ਮਹਿੰਗਾਈ ਨੂੰ ਹੋਰ ਬਦਤਰ ਬਣਾਵੇਗਾ ਅਤੇ ਲੰਬੇ ਸਮੇਂ ਲਈ ਦਰਾਂ ਨੂੰ ਉੱਚਾ ਚੁੱਕਣ ਲਈ ਮਜਬੂਰ ਕਰੇਗਾ
।
ਗ੍ਰੋਸਰੀ ਅਤੇ ਡੈਂਟਲ ਕੇਅਰ
ਪਿਛਲੇ ਸਾਲ ਐਨਡੀਪੀ ਦੇ ਦਬਾਅ ਹੇਠ ਲਿਬਰਲ ਸਰਕਾਰ ਨੇ ਛੇ ਮਹੀਨਿਆਂ ਲਈ ਜੀਐਸਟੀ ਟੈਕਸ ਕ੍ਰੈਡਿਟ ਦੁੱਗਣਾ ਕਰ ਦਿੱਤਾ ਸੀ। ਬਿਨਾਂ ਬੱਚਿਆਂ ਵਾਲੇ ਸਿੰਗਲਜ਼ ਨੂੰ $234 ਤੱਕ ਵਧੇਰੇ ਕ੍ਰੈਡਿਟ, ਬੱਚਿਆਂ ਵਾਲੇ ਜੋੜਿਆਂ ਨੂੰ $467 ਅਤੇ ਬਜ਼ੁਰਗਾਂ ਨੂੰ $225 ਦਾ ਔਸਤ ਕ੍ਰੈਡਿਟ ਵਾਧਾ ਮਿਲਿਆ ਸੀ।
ਐਨਡੀਪੀ ਲੀਡਰ ਜਗਮੀਤ ਸਿੰਘ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਬਜਟ ਵਿਚ ਇੱਕ-ਵਾਰੀ ਦਿੱਤੇ ਜਾਣ ਵਾਲੇ ਭੁਗਤਾਨ ਨੂੰ ਘੱਟੋ-ਘੱਟ ਦੋ ਵਾਰੀ ਭੁਗਤਾਨ ਵਿੱਚ ਬਦਲਿਆ ਜਾਵੇ। ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਉਨ੍ਹਾਂ ਦੀ ਇਹ ਇੱਛਾ ਪੂਰੀ ਕੀਤੀ ਜਾ ਸਕਦੀ ਹੈ।
ਸੀਬੀਸੀ ਨਿਊਜ਼ ਨੇ ਸੋਮਵਾਰ ਨੂੰ ਰਿਪੋਰਟ ਦਿੱਤੀ ਸੀ ਕਿ ਹਾਲਾਂਕਿ ਇਸ ਪ੍ਰੋਗਰਾਮ ਨੂੰ ਗ੍ਰੋਸਰੀ ‘ਤੇ ਛੋਟ ਵਜੋਂ ਦੁਬਾਰਾ ਬ੍ਰਾਂਡ ਕੀਤਾ ਜਾ ਰਿਹਾ ਹੈ, ਪਰ ਲਿਬਰਲ ਸਰਕਾਰ 2 ਬਿਲੀਅਨ ਡਾਲਰ ਦੀ ਲਾਗਤ ਨਾਲ ਇਸਨੂੰ ਦੁਬਾਰਾ ਸ਼ੁਰੂ ਕਰੇਗੀ।
ਇਹ ਕਦਮ ਉਦੋਂ ਆਇਆ ਹੈ ਜਦੋਂ ਸਮੁੱਚੀ ਮਹਿੰਗਾਈ ਹੁਣ ਕਈ ਮਹੀਨਿਆਂ ਤੋਂ ਘੱਟ ਰਹੀ ਹੈ, ਪਰ ਭੋਜਨ ਦੀ ਕੀਮਤ ਸਾਲ-ਦਰ-ਸਾਲ ਵਧਦੀ ਜਾ ਰਹੀ ਹੈ।

ਸਮੁੱਚੀ ਮਹਿੰਗਾਈ ਹੁਣ ਕਈ ਮਹੀਨਿਆਂ ਤੋਂ ਨੀਚੇ ਵੱਲ ਆ ਰਹੀ ਹੈ, ਪਰ ਭੋਜਨ ਦੀ ਕੀਮਤ ਸਾਲ-ਦਰ-ਸਾਲ ਵਧਦੀ ਜਾ ਰਹੀ ਹੈ।
ਤਸਵੀਰ: AP / Nam Y. Huh
ਬਜਟ ਵਿੱਚ ਘੱਟ ਆਮਦਨੀ ਵਾਲੇ ਪਰਿਵਾਰਾਂ ਅਤੇ ਵਿਅਕਤੀਆਂ ਲਈ ਨੈਸ਼ਨਲ ਡੈਂਟਲ ਕੇਅਰ ਪਲਾਨ ਦਾ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਅੱਗੇ ਵਿਸਤਾਰ ਹੋਣ ਦੀ ਉਮੀਦ ਹੈ।
ਲਿਬਰਲਾਂ ਅਤੇ ਐਨਡੀਪੀ ਦਰਮਿਆਨ ਹਾਊਸ ਔਫ਼ ਕੌਮਨਜ਼ ਵਿਚ ਭਰੋਸੇ ਦੀਆਂ ਵੋਟਾਂ ਬਾਬਤ ਸਮਝੌਤਾ ਇਹ ਮੰਗ ਕਰਦਾ ਹੈ ਕਿ ਲਿਬਰਲ ਸਰਕਾਰ ਹਰ ਸਾਲ ਡੈਂਟਲ ਕੇਅਰ ਪ੍ਰੋਗਰਾਮ ਦਾ ਵਿਸਤਾਰ ਕਰੇ।
2023 ਵਿੱਚ ਇਹ ਪ੍ਰੋਗਰਾਮ 18 ਸਾਲ ਤੋਂ ਘੱਟ ਉਮਰ ਦੇ ਕੈਨੇਡੀਅਨਜ਼, ਬਜ਼ੁਰਗਾਂ ਅਤੇ ਅਪਾਹਜਤਾ ਵਾਲੇ ਲੋਕਾਂ ਨੂੰ ਕਵਰ ਕਰਨ ਲਈ ਤਿਆਰ ਹੈ। ਪ੍ਰੋਗਰਾਮ ਨੂੰ 2025 ਤੱਕ ਪੂਰੀ ਤਰ੍ਹਾਂ ਲਾਗੂ ਕੀਤਾ ਜਾਣਾ ਹੈ।
ਗ੍ਰੀਨ ਨਿਵੇਸ਼
ਅਮਰੀਕਾ ਨੇ ਅਮਰੀਕੀ ਨਿਰਮਾਣ ਖੇਤਰ ਨੂੰ ਹੁਲਾਰਾ ਦੇਣ ਅਤੇ ਘੱਟ ਕਾਰਬਨ ਵਾਲੀ ਕਲੀਨ ਐਨਰਜੀ ਨੂੰ ਉਤਸ਼ਾਹਿਤ ਕਰਨ ਲਈ ਗ੍ਰੀਨ ਨਿਵੇਸ਼ਾਂ ਨੂੰ ਟੈਕਸ ਕ੍ਰੈਡਿਟ ਅਤੇ ਸਬਸਿਡੀਆਂ ਦੇਣ ਦੀ ਨੀਤੀ ਅਪਣਾਈ ਹੈ। ਕੈਨੇਡਾ ਵੀ ਮੁਕਾਬਲੇਬਾਜ਼ੀ ਵਿਚ ਆਪਣੀ ਥਾਂ ਬਣਾਈ ਰੱਖਣ ਅਤੇ ਕਲਾਈਮੇਟ ਚੇਂਜ ਉਪਾਵਾਂ ਵਿਚ ਆਪਣੇ ਯੋਗਦਾਨ ਨੂੰ ਬਿਹਤਰ ਕਰਨ ਲਈ ਨਵੇਂ ਬਜਟ ਵਿਚ ਗ੍ਰੀਨ ਨਿਵੇਸ਼ ਲਈ ਵਿਸ਼ੇਸ਼ ਕਦਮ ਚੁੱਕ ਸਕਦਾ ਹੈ।

24 ਮਾਰਚ 2023 ਨੂੰ ਔਟਵਾ ਵਿੱਖੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੀ ਤਸਵੀਰ।
ਤਸਵੀਰ: Associated Press / Andrew Harnik
ਸੀਬੀਸੀ ਨਿਊਜ਼ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਸੀ ਕਿ ਬਜਟ ਵਿਚ ਕੁਝ ਅਹਿਮ ਟੈਕਸ ਉਪਾਵਾਂ ਵਿਚੋਂ ਇੱਕ, ਕਲੀਨ ਟੈਕ ਨਿਰਮਾਣ ਦੀ ਪੂੰਜੀ ਨਿਵੇਸ਼ ਲਾਗਤ ਦਾ 30 ਫ਼ੀਸਦੀ ਟੈਕਸ ਕ੍ਰੈਡਿਟ ਹੋਵੇਗਾ।
ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੂੰ ਮੰਗ ਕਰ ਚੁੱਕੇ ਹਨ ਕਿ ਆਉਣ ਵਾਲੇ ਫ਼ੈਡਰਲ ਬਜਟ ਵਿਚ ਟੈਕਸਾਂ ਵਿਚ ਕਟੌਤੀ ਹੋਣੀ ਚਾਹੀਦੀ ਹੈ, ਖ਼ਰਚੇ ਸੀਮਤ ਹੋਣੇ ਚਾਹੀਦੇ ਹਨ ਅਤੇ ਘਰ ਬਣਾਉਣਾ ਅਸਾਨ ਬਣਾਇਆ ਜਾਣਾ ਚਾਹੀਦਾ ਹੈ।
ਮੰਗਲਵਾਰ ਸ਼ਾਮ ਨੂੰ 4 ਵਜੇ (ET) ਤੋਂ ਬਜਟ ਦਾ ਪ੍ਰਸਾਰਣ ਸੀਬੀਸੀ ਨਿਊਜ਼ (ਨਵੀਂ ਵਿੰਡੋ) ਨੈਟਵਰਕ, ਸੀਬੀਸੀ ਨਿਊਜ਼ ਐਪ, ਸੀਬੀਸੀ ਜੈਮ ਅਤੇ ਯੂ-ਟਿਊਬ ਚੈਨਲ (ਨਵੀਂ ਵਿੰਡੋ) ‘ਤੇ ਦੇਖਿਆ ਜਾ ਸਕਦਾ ਹੈ।
ਪੀਟਰ ਜ਼ਿਮੌਨਜਿਕ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ