1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਸੰਗਠਿਤ ਅਪਰਾਧ

ਅਮਰੀਕੀ ਸ਼ਹਿਰ ਨੈਸ਼ਵਿਲ ਦੇ ਇੱਕ ਸਕੂਲ ‘ਚ ਹੋਈ ਗੋਲੀਬਾਰੀ, ਘੱਟੋ ਘੱਟ 3 ਬੱਚਿਆਂ ਅਤੇ 3 ਬਾਲਗ਼ਾਂ ਦੀ ਮੌਤ

ਸ਼ੱਕੀ ਹਮਲਾਵਰ ਦੀ ਵੀ ਮੌਤ

ਨੈਸ਼ਵਿਲ ਪੁਲਿਸ ਅਧਿਕਾਰੀ

ਅਮਰੀਕਾ ਦੇ ਨੈਸ਼ਵਿਲ ਸ਼ਹਿਰ ਵਿਚ ਸਥਿਤ ਦ ਕੋਵੀਨੈਂਟ ਸਕੂਲ ਵਿਚ ਵਾਪਰੀ ਗੋਲੀਬਾਰੀ ਦੀ ਘਟਨਾ ਵਿਚ ਘੱਟੋ ਘੱਟ ਤਿੰਨ ਬੱਚੇ ਅਤੇ 3 ਬਾਲਗ਼ਾਂ ਦੀ ਮੌਤ ਹੋ ਗਈ ਹੈ।

ਤਸਵੀਰ: Reuters / METROPOLITAN NASHVILLE PD

RCI

ਸੋਮਵਾਰ ਸਵੇਰੇ ਅਮਰੀਕਾ ਦੇ ਨੈਸ਼ਵਿਲ ਸ਼ਹਿਰ ਵਿਚ ਸਥਿਤ ਇੱਕ ਪ੍ਰਾਈਵੇਟ ਕ੍ਰਿਸ਼ਚਨ ਸਕੂਲ ਵਿਚ ਹੋਈ ਗੋਲੀਬਾਰੀ ਵਿਚ ਘੱਟੋ ਘੱਟ 3 ਬੱਚਿਆਂ ਅਤੇ 3 ਹੋਰ ਬਾਲ਼ਗ਼ਾਂ ਦੀ ਮੌਤ ਹੋ ਗਈ ਹੈ। ਪੁਲਿਸ ਅਨੁਸਾਰ ਸ਼ੱਕੀ ਹਮਲਾਵਰ ਦੀ ਵੀ ਮੌਤ ਹੋ ਗਈ ਹੈ ਅਤੇ ਸ਼ੱਕੀ ਇੱਕ ਟੀਨੇਜ ਲੜਕੀ ਮੰਨੀ ਜਾ ਰਹੀ ਹੈ।

ਪੁਲਿਸ ਨੂੰ ਸਵੇਰੇ 10:13 ਵਜੇ ਦ ਕੋਵਿਨੈਂਟ ਸਕੂਲ ਵਿਚ ਇੱਕ ਹਮਲਾਵਰ ਦੇ ਮੌਜੂਦ ਹੋਣ ਦੀ ਸੂਚਨਾ ਮਿਲੀ ਸੀ। ਜਦੋਂ ਪੁਲਿਸ ਸਕੂਲ ਵਿਚ ਪਹਿਲੀ ਮੰਜ਼ਲ ‘ਤੇ ਪਹੁੰਚੀ ਤਾਂ ਉਨ੍ਹਾਂ ਨੂੰ ਗੋਲੀ ਚੱਲਣ ਦੀ ਆਵਾਜ਼ ਸੁਣੀ।

ਉਨ੍ਹਾਂ ਨੇ ਸ਼ੱਕੀ ਨੂੰ ਲੱਭਿਆ ਜਿਸ ਦੇ ਹੱਥ ਵਿਚ ਦੋ ਸੈਮੀ-ਆਟੋਮੈਟਿਕ ਹਥਿਆਰ ਸਨ। ਪੰਜ ਮੈਂਬਰੀ ਪੁਲਿਸ ਟੀਮ ਦੇ ਦੋ ਮੈਂਬਰਾਂ ਨੇ ਸ਼ੱਕੀ ਹਮਲਾਵਰ ਨੂੰ ਮਾਰ ਗਿਰਾਇਆ।

ਮੈਟਰੋਪੌਲਿਟਨ ਨੈਸ਼ਵਿਲ ਪੁਲਿਸ ਡਿਪਾਰਟਮੈਂਟ ਦੇ ਬੁਲਾਰੇ, ਡੌਨ ਐਰਨ ਨੇ ਕਿਹਾ, ਹਾਲ ਦੀ ਘੜੀ ਸਾਨੂੰ ਨਹੀਂ ਪਤਾ ਕਿ ਇਹ ਲੜਕੀ ਕੌਣ ਹੈ

ਐਰਨ ਨੇ ਦੱਸਿਆ ਕਿ ਸਕੂਲ ਵਿਚ ਕਰੀਬ 209 ਵਿਦਿਆਰਥੀ ਅਤੇ 42 ਮੁਲਾਜ਼ਮ ਕੰਮ ਕਰਦੇ ਹਨ।

ਵਿਦਿਆਰਥੀਆਂ ਦੇ ਮਾਪਿਆਂ ਨੂੰ ਸਕੂਲ ਦੇ ਨਜ਼ਦੀਕ ਪੈਂਦੇ ਚਰਚ ਵਿਚ ਇਕੱਠੇ ਹੋਣ ਲਈ ਕਿਹਾ ਗਿਆ ਸੀ।

ਅਮਰੀਕਾ ਵਿਚ ਅੰਨ੍ਹੇਵਾਹ ਗੋਲੀਬਾਰੀ ਅਤੇ ਸਮੂਹਿਕ ਸ਼ੂਟਿੰਗ ਦੀਆਂ ਕਈ ਵਾਰਦਾਤਾਂ ਵਾਪਰ ਚੁੱਕੀਆਂ ਹਨ, ਪਰ ਕਿਸੇ ਔਰਤ ਵੱਲੋਂ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣਾ ਅਸਧਾਰਣ ਗੱਲ ਹੈ। ਦ ਵਾਇਲੈਂਸ ਪ੍ਰੋਜੈਕਟ ਨਾਂ ਦੀ ਇੱਕ ਐਨਜੀਓ ਅਨੁਸਾਰ, 1966 ਤੋਂ ਹੁਣ ਤੱਕ ਵਾਪਰੀਆਂ 191 ਸਮੂਹਿਕ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਸਿਰਫ਼ 4 ਵਾਰਦਾਤਾਂ ਨੂੰ ਕਿਸੇ ਔਰਤ ਨੇ ਅੰਜਾਮ ਦਿੱਤਾ ਹੈ।

ਸਕੂਲਾਂ ਵਿਚ ਗੋਲੀਬਾਰੀ ਨਾਲ ਸਬੰਧਤ K-12 ਡਾਟਾਬੇਸ ਅਨੁਸਾਰ, 2023 ਵਿਚ ਅਮਰੀਕਾ ਦੇ ਸਕੂਲਾਂ ਵਿਚ ਹੁਣ ਤੱਕ 89 ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।

ਥੌਮਸਨ ਰੋਏਟਰਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

CBC ਵੱਲੋਂ ਜਾਣਕਾਰੀ ਸਹਿਤ।

ਸੁਰਖੀਆਂ