- ਮੁੱਖ ਪੰਨਾ
- ਰਾਜਨੀਤੀ
- ਫ਼ੈਡਰਲ ਰਾਜਨੀਤੀ
ਗਲੋਬਲ ਨਿਊਜ਼ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨਗੇ ਐਮਪੀ ਹੈਨ ਡੌਂਗ
ਗਲੋਬਲ ਨੇ ਆਪਣੀ ਖ਼ਬਰ ਵਿਚ ਦੋਸ਼ ਲਾਏ ਸਨ ਕਿ ਡੌਂਗ ਨੇ ਚੀਨੀ ਕਾਂਸੁਲੇਟ ਨੂੰ ਦੋਵੇਂ ਮਾਈਕਲਜ਼ ਦੀ ਰਿਹਾਈ ਵਿਚ ਦੇਰ ਕਰਨ ਲਈ ਆਖਿਆ ਸੀ

ਟੋਰੌਂਟੋ ਇਲਾਕੇ ਦੇ ਐਮਪੀ ਹੈਨ ਡੌਂਗ ਨੇ ਗਲੋਬਲ ਨਿਊਜ਼ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ। ਗਲੋਬਲ ਦੀ ਇੱਕ ਖ਼ਬਰ ਵਿਚ ਡੌਂਗ 'ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਉਨ੍ਹਾਂ ਨੇ ਚੀਨ ਦੇ ਕਾਂਸੁਲੇਟ ਨੂੰ ਚੀਨ ਵਿਚ ਉਸ ਸਮੇਂ ਨਜ਼ਰਬੰਦ ਮਾਈਕਲ ਸਪੈਵਰ ਅਤੇ ਮਾਈਕਲ ਕੋਵਰਿਗ ਦੀ ਰਿਹਾਈ ਵਿਚ ਦੇਰ ਕਰਨ ਲਈ ਆਖਿਆ ਸੀ।
ਤਸਵੀਰ: (CBC)
ਐਮਪੀ ਹੈਨ ਡੌਂਗ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵਕੀਲ ਕਰ ਲਿਆ ਹੈ ਅਤੇ ਉਹ ਗਲੋਬਲ ਨਿਊਜ਼ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਤਿਆਰੀ ਵਿਚ ਹਨ। ਗਲੋਬਲ ਨਿਊਜ਼ ਨੇ ਆਪਣੀ ਇੱਕ ਖ਼ਬਰ ਵਿਚ ਦੋਸ਼ ਲਾਏ ਸਨ ਕਿ ਡੌਂਗ ਨੇ ਚੀਨ ਚ ਨਜ਼ਰਬੰਦ ਮਾਈਕਲ ਕੋਵਰਿਗ ਅਤੇ ਮਾਈਕਲ ਸਪੈਵਰ ਦੀ ਰਿਹਾਈ ਵਿਚ ਦੇਰੀ ਕਰਨ ਲਈ ਚੀਨੀ ਕਾਂਸੁਲੇਟ ਨਾਲ ਗੱਲ ਕੀਤੀ ਸੀ।
ਡੌਂਗ ਨੇ ਪਿਛਲੇ ਹਫ਼ਤੇ ਲਿਬਰਲ ਕੌਕਸ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਨੇ ਗਲੋਬਲ ਨੂੰ ਕਾਂਸੁਲ ਜਨਰਲ ਹੈਨ ਤਾਓ ਨਾਲ ਮੁਲਾਕਾਤ ਦੀ ਪੁਸ਼ਟੀ ਕੀਤੀ ਸੀ, ਪਰ ਉਨ੍ਹਾਂ ਨੇ ਚੀਨ ਨੂੰ ਦੋਵੇਂ ਮਾਈਕਲਾਂ ਦੀ ਰਿਹਾਈ ਨੂੰ ਲਟਕਾਉਣ ਬਾਰੇ ਗੱਲ ਕਰਨ ਦੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਸੀ।
ਸ਼ੁੱਕਰਵਾਰ ਨੂੰ ਗਲੋਬ ਐਂਡ ਮੇਲ ਨੇ ਖ਼ਬਰ ਪ੍ਰਕਾਸ਼ਿਤ ਕੀਤੀ, ਕਿ ਸਰਕਾਰ ਨੇ ਡੌਂਗ ਦੀ ਕਾਂਸੁਲੇਟ ਵਿਚ ਮੁਲਾਕਾਤ ਦੀ ਕੈਨੇਡੀਅਨ ਖ਼ੂਫ਼ੀਆ ਏਜੰਸੀ (CSIS) ਦੁਆਰਾ ਤਿਆਰ ਟ੍ਰਾਂਸਕ੍ਰਿਪਟ ਪ੍ਰਾਪਤ ਕੀਤੀ ਹੈ, ਜਿਸ ਵਿਚ ਸਿੱਟਾ ਕੱਢਿਆ ਗਿਆ ਹੈ ਕਿ ਡੌਂਗ ਦੀ ਗੱਲਬਾਤ ਵਿਚ ਕੋਈ ਵੀ ‘ਕਾਰਵਾਈਯੋਗ ਸਬੂਤ’ ਨਹੀਂ ਮਿਲੀਆ ਅਤੇ ਇਹ ਨਿਰਧਾਰਿਤ ਨਹੀਂ ਕੀਤਾ ਜਾ ਸਕਿਆ ਕਿ ਡੌਂਗ ਨੇ ਸਿਆਸੀ ਕਾਰਨਾਂ ਕਰਕੇ ਚੀਨ ਸਰਕਾਰ ਨੂੰ ਦੋਵੇਂ ਮਾਈਕਲਜ਼ ਦੀ ਰਿਹਾਈ ਵਿਚ ਦੇਰੀ ਕਰਨ ਲਈ ਆਖਿਆ ਸੀ।
ਟਵਿੱਟਰ ‘ਤੇ ਸਾਂਝੀ ਕੀਤੇ ਇੱਕ ਪੱਤਰ ਵਿਚ ਐਮਪੀ ਡੌਂਗ ਨੇ ਗਲੋਬਲ ਨਿਊਜ਼ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਲਿਖੀ ਹੈ।
ਡੌਂਗ ਨੇ ਆਪਣੇ ਪੱਤਰ ਵਿਚ ਲਿਖਿਆ ਕਿ 1989 ਵਿਚ ਚੀਨ ਵਿਚ ਹੋਏ ਤਿਆਨਨਮੈਨ ਸਕੇਅਰ ਕਤਲੇਆਮ ਤੋਂ ਬਾਅਦ ਉਨ੍ਹਾਂ ਦੇ ਪਿਤਾ ਕੈਨੇਡਾ ਆ ਗਏ ਸਨ ਅਤੇ ਅਗਲੇ ਇੱਕ ਸਾਲ ਵਿਚ ਉਨ੍ਹਾਂ ਨੇ ਆਪਣਾ ਪੂਰਾ ਪਰਿਵਾਰ ਕੈਨੇਡਾ ਬੁਲਾ ਲਿਆ ਸੀ।
ਉਨ੍ਹਾਂ ਲਿਖਿਆ ਕਿ ਜੋ ਸਦਮਾ ਉਨ੍ਹਾਂ ਦੇ ਪਿਤਾ ਨੇ ਅਨੁਭਵ ਕੀਤਾ ਸੀ, ਉਹ ਇੱਕ ਵੱਡਾ ਕਾਰਨ ਹੈ ਕਿ ਬਤੌਰ ਐਮਪੀ ਅਤੇ ਕੈਨੇਡਾ-ਚਾਈਨਾ ਲਜਿਸਲੇਟਿਵ ਅਸੋਸੀਏਸ਼ਨ ਦੇ ਕੋ-ਚੇਅਰ ਵੱਜੋਂ, ਉਨ੍ਹਾਂ ਨੇ ਹਰ ਮੌਕੇ ‘ਤੇ ਮਾਈਕਲ ਕੋਵਰਿਗ ਅਤੇ ਮਾਈਕਲ ਸਪੈਵਰ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਸੀ।
ਡੌਂਗ ਨੇ ਲਿਖਿਆ, ਇਹ ਸਮਝ ਤੋਂ ਬਾਹਰ ਹੈ ਕਿ ਮੈਂ ਕਦੇ ਇਹ ਸੁਝਾਅ ਦੇਵਾਂਗਾ ਕਿ ਝੂਠੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਵਿਅਕਤੀ ਨੂੰ ਜੇਲ੍ਹ ਵਿੱਚ ਇੱਕ ਵਾਧੂ ਮਿੰਟ ਵੀ ਬਿਤਾਉਣਾ ਚਾਹੀਦਾ ਹੈ
।
ਸੀਬੀਸੀ ਨਿਊਜ਼ ਨੇ ਟਿੱਪਣੀ ਲਈ ਗਲੋਬਲ ਅਤੇ ਕੋਰਸ ਐਂਟਰਟੇਨਮੈਂਟ ਨਾਲ ਸੰਪਰਕ ਕੀਤਾ ਹੈ।
‘ਸੱਚ ਮੇਰੇ ਨਾਲ ਹੈ’: ਡੌਂਗ
ਡੌਨ ਵੈਲੀ ਨੌਰਥ ਤੋਂ ਐਮਪੀ ਹੈਨ ਡੌਂਗ ਨੇ ਕਿਹਾ ਕਿ ਉਹ ਚੀਨ ਸਰਕਾਰ ਦੀ ਕਥਿਤ ਦਖ਼ਲਅੰਦਾਜ਼ੀ ਦੀ ਜਨਤਕ ਜਾਂਚ ਕਰਵਾਉਣ ਦਾ ਸਮਰਥਨ ਕਰਦੇ ਹਨ ਅਤੇ ਉਹ ਵਿਦੇਸ਼ੀ ਦਖ਼ਲ ਦੀ ਜਾਂਚ ਲਈ ਨਿਯੁਕਤ ਕੀਤੇ ਗਏ ਵਿਸ਼ੇਸ਼ ਅਧਿਕਾਰੀ ਡੇਵਿਡ ਜੌਨਸਟਨ ਨੂੰ ਮਿਲਣ ਅਤੇ ਜਾਣਕਾਰੀ ਪ੍ਰਦਾਨ ਕਰਨ ਲਈ ਵੀ ਤਿਆਰ ਹਨ।
ਡੌਂਗ ਨੇ ਕਿਹਾ, ਪਿਛਲੇ ਕੁਝ ਹਫ਼ਤਿਆਂ ਵਿੱਚ ਮੇਰੇ ਪਰਿਵਾਰ ਵੱਲੋਂ ਦੁਰਵਿਵਹਾਰ ਅਤੇ ਸ਼ਰਮਿੰਦਗੀ ਝੱਲਣ ਦੇ ਬਾਵਜੂਦ, ਮੈਂ ਸੱਚਮੁੱਚ ਵਿਸ਼ਵਾਸ ਕਰਦਾ ਹਾਂ ਕਿ ਮੇਰੇ ਮਾਪਿਆਂ ਨੇ ਕੈਨੇਡਾ ਆਉਣ ਦਾ ਸਹੀ ਫ਼ੈਸਲਾ ਲਿਆ ਸੀ
।
ਮੈਂ ਆਪਣ ਨੂੰ ਸ਼ੀਸ਼ੇ ਵਿਚ ਦੇਖ ਸਕਦਾ ਹਾਂ, ਅਤੇ ਪੂਰੀ ਨਿਸ਼ਚਿਤਤਾ ਨਾਲ ਜਾਣਦਾ ਹਾਂ ਕਿ ਸੱਚ ਮੇਰੇ ਨਾਲ ਹੈ। ਮੇਰੇ ‘ਤੇ ਝੂਠੇ ਦੋਸ਼ ਲਗਾਉਣ ਵਾਲੇ ਗੁੰਮਨਾਮ ਲੋਕ ਅਤੇ ਉਨ੍ਹਾਂ ਦੇ ਸਮਰਥਕ ਅਜਿਹਾ ਨਹੀਂ ਕਹਿ ਸਕਦੇ
।
ਸ਼ੁੱਕਰਵਾਰ ਨੂੰ ਟ੍ਰੂਡੋ ਨੂੰ ਵੀ ਇਹ ਸਵਾਲ ਪੁੱਛਿਆ ਗਿਆ ਸੀ ਕਿ ਕੀ ਉਹ ਮੰਨਦੇ ਹਨ ਕਿ ਡੌਂਗ ਨੇ ਦੋਵੇਂ ਮਾਈਕਲਾਂ ਦੀ ਰਿਹਾਈ ਵਿਚ ਦੇਰੀ ਕਰਨ ਲਈ ਆਖਿਆ ਸੀ।
ਟ੍ਰੂਡੋ ਨੇ ਇਸਦੇ ਜਵਾਬ ਵਿਚ ਡੌਂਗ ਦਾ ਹਾਊਸ ਔਫ਼ ਕੌਮਨਜ਼ ਵਿਚ ਦਿੱਤਾ ਭਾਸ਼ਣ ਦੇਖਣ ਨੂੰ ਕਿਹਾ।
ਅਸੀਂ ਪੂਰੀ ਤਰ੍ਹਾਂ ਸਵੀਕਾਰ ਕਰਦੇ ਹਾਂ ਕਿ ਉਹ ਇਨ੍ਹਾਂ ਦੋਸ਼ਾਂ ਦਾ ਜ਼ੋਰਦਾਰ ਢੰਗ ਨਾਲ ਮੁਕਾਬਲਾ ਕਰਨ ਲਈ ਲਿਬਰਲ ਕਾਕਸ ਤੋਂ ਵੱਖ ਹੋ ਰਹੇ ਹਨ
।
ਚੀਨ, ਰੂਸ, ਈਰਾਨ ਅਤੇ ਹੋਰ ਤਾਨਾਸ਼ਾਹੀ ਸਰਕਾਰਾਂ ਦਾ ਦਖ਼ਲ ਸਾਡੇ ਲੋਕਤੰਤਰ ਲਈ ਇੱਕ ਬਹੁਤ ਹੀ ਅਸਲ ਚੁਣੌਤੀ ਹੈ ਅਤੇ ਇਹ ਬਿਲਕੁਲ ਅਸਵੀਕਾਰਨਯੋਗ ਹੈ
।
ਐਮਪੀ ਡੌਂਗ ਕੈਨੇਡੀਅਨ ਮਾਮਲਿਆਂ ਵਿਚ ਚੀਨ ਸਰਕਾਰ ਦੀ ਕਥਿਤ ਦਖ਼ਲਅੰਦਾਜ਼ੀ ਦੇ ਦੋਸ਼ਾਂ ਦੇ ਕੇਂਦਰ ਵਿਚ ਆ ਗਏ ਹਨ। ਗਲੋਬਲ ਨਿਊਜ਼ ਨੇ ਸੂਤਰਾਂ ਦਾ ਹਵਾਲਾ ਦਿੰਦਿਆਂ ਆਪਣੀ ਖ਼ਬਰ ਵਿਚ ਇਹ ਇਲਜ਼ਾਮ ਵੀ ਲਗਾਇਆ ਸੀ ਕਿ ਡੌਂਗ ਦੀ ਚੋਣ ਮੁਹਿੰਮ ਨੂੰ ਚੀਨ ਦੇ ਦਖ਼ਲ ਤੋਂ ਫ਼ਾਇਦਾ ਹੋਇਆ ਸੀ ਅਤੇ ਡੌਂਗ ਚੀਨ ਦੇ ਵਿਦੇਸ਼ੀ ਦਖ਼ਲ ਦੇ ਨੈਟਵਰਕ ਦਾ ਹਿੱਸਾ ਸਨ।
ਗਲੋਬਲ ਨਿਊਜ਼ ਦੀ ਇੱਕ ਪਹਿਲਾਂ ਦੀ ਖ਼ਬਰ ਵਿਚ ਅਗਿਆਤ ਸੂਤਰਾਂ ਦਾ ਹਵਾਲਾ ਦਿੰਦਿਆਂ ਇਲਜ਼ਾਮ ਲਗਾਇਆ ਗਿਆ ਸੀ ਕਿ ਰਾਸ਼ਟਰੀ ਸੁਰੱਖਿਆ ਅਧਿਕਾਰੀਆਂ ਨੇ 2019 ਵਿਚ ਟ੍ਰੂਡੋ ਦੇ ਦਫ਼ਤਰ ਦੇ ਸੀਨੀਅਰ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਉਨ੍ਹਾਂ ਦਾ ਇੱਕ ਉਮੀਦਵਾਰ ਚੀਨ ਦੇ ਵਿਦੇਸ਼ੀ ਦਖ਼ਲ ਨੈਟਵਰਕ ਦਾ ਹਿੱਸਾ ਸੀ (ਨਵੀਂ ਵਿੰਡੋ)।
ਡੌਂਗ ਇਨ੍ਹਾਂ ਇਲਜ਼ਾਮਾਂ ਤੋਂ ਵੀ ਇਨਕਾਰ ਕਰਦੇ ਹਨ।
ਕੈਥਰੀਨ ਟਨੀ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ