1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਅੰਤਰਰਾਸ਼ਟਰੀ ਰਾਜਨੀਤੀ

ਕੈਨੇਡਾ ‘ਚ ਇਜ਼ਰਾਇਲ ਦੇ ਡਿਪਲੋਮੈਟ ਵੀ ਨੇਤਨਯਾਹੂ ਦੇ ਨਿਆਂਇਕ ਸੁਧਾਰਾਂ ਖ਼ਿਲਾਫ਼ ਹੜਤਾਲ ਚ ਸ਼ਾਮਲ

ਇਜ਼ਰਾਇਲ ਦੀ ਸਭ ਤੋਂ ਵੱਡੀ ਟ੍ਰੇਡ ਯੂਨੀਅਨ ਵੱਲੋਂ ਸੋਮਵਾਰ ਨੂੰ ਵਿਆਪਕ ਹੜਤਾਲ ਕੀਤੀ ਗਈ ਹੈ

ਇਜਰਾਇਲ ਦੀ ਸਭ ਤੋਂ ਵੱਡੀ ਟ੍ਰੇਡ ਯੂਨੀਅਨ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਸਰਕਾਰ ਦੀ ਨਿਆਂਪਾਲਿਕਾ ਵਿਚ ਸੁਧਾਰ ਦੀ ਯੋਜਨਾ ਖ਼ਿਲਾਫ਼ ਦੇਸ਼ ਭਰ ਵਿਚ ਹੜਤਾਲ ਦਾ ਸੱਦਾ ਦਿੱਤਾ ਹੈ।

ਇਜ਼ਰਾਇਲ ਦੀ ਸਭ ਤੋਂ ਵੱਡੀ ਟ੍ਰੇਡ ਯੂਨੀਅਨ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਸਰਕਾਰ ਦੀ ਨਿਆਂਪਾਲਿਕਾ ਵਿਚ ਸੁਧਾਰ ਦੀ ਯੋਜਨਾ ਖ਼ਿਲਾਫ਼ ਦੇਸ਼ ਭਰ ਵਿਚ ਹੜਤਾਲ ਦਾ ਸੱਦਾ ਦਿੱਤਾ ਹੈ।

ਤਸਵੀਰ: THE CANADIAN PRESS/AP/Ariel Schalit

RCI

ਕੈਨੇਡਾ ਵਿਚ ਇਜ਼ਰਾਇਲੀ ਡਿਪਲੋਮੈਟ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਦੇਸ਼ ਦੀ ਨਿਆਂਪਾਲਿਕਾ ਵਿਚ ਬਦਲਾਅ ਲਿਆਉਣ ਦੀ ਯੋਜਨਾ ਦੇ ਖਿਲਾਫ਼ ਚਲ ਰਹੀ ਹੜਤਾਲ ਵਿਚ ਸ਼ਾਮਲ ਹੋ ਗਏ ਹਨ।

ਔਟਵਾ ਵਿਚ ਸਥਿਤ ਇਜ਼ਰਾਇਲੀ ਦੂਤਾਵਾਸ ਦੇ ਬੁਲਾਰੇ ਏਲੀ ਲਿਪਸ਼ਿਟਜ਼ ਨੇ ਪੁਸ਼ਟੀ ਕੀਤੀ ਹੈ ਕਿ ਇਜ਼ਰਾਇਲ ਦੀ ਸਭ ਤੋਂ ਵੱਡੀ ਟ੍ਰੇਡ ਯੂਨੀਅਨ, ਹਿਸਟਾਡਰੂਟ, ਦੇ ਫ਼ੈਸਲੇ ਦੀ ਤਰਜ਼ ‘ਤੇ ਦੂਤਾਵਾਸ ਨੂੰ ਬੰਦ ਕੀਤਾ ਗਿਆ ਹੈ।

ਟੋਰੌਂਟੋ ਅਤੇ ਮੌਂਟਰੀਅਲ ਵਿਚ ਸਥਿਤ ਇਜ਼ਾਰਿਲੀ ਕਾਂਸੁਲੇਟ ਵੀ ਬੰਦ ਹਨ ਅਤੇ ਹੜਤਾਲ ‘ਤੇ ਹਨ।

ਏਲੀ ਨੇ ਕਿਹਾ ਕਿ ਸਿਵਿਲ ਸਰਵੈਂਟਸ ਵੀ ਇਜ਼ਾਰਇਲ ਦੀ ਲੇਬਰ ਯੂਨੀਅਨ ਦਾ ਹਿੱਸਾ ਹਨ ਅਤੇ ਯੂਨੀਅਨ ਦੇ ਫ਼ੈਸਲੇ ਤਹਿਤ ਵਿਦੇਸ਼ਾਂ ਵਿਚ ਸਾਰੇ ਮਿਸ਼ਨ (ਦੂਤਾਵਾਸ) ਇਸ ਸਮੇਂ ਹੜਤਾਲ ਤੇ ਹਨ ਅਤੇ ਬੰਦ ਹਨ।

ਯੂਨੀਅਨ ਦੇ ਬੁਲਾਰੇ ਯੈਨਿਵ ਲੈਵੀ ਨੇ ਕਿਹਾ ਕਿ ਵਿਦੇਸ਼ੀ ਮਿਸ਼ਨ ਇਸ ਸਮੇਂ ਸਿਰਫ਼ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰ ਰਹੇ ਹਨ।

ਸੋਮਵਾਰ ਨੂੰ ਇਜ਼ਰਾਇਲ ਦੇ ਕਈ ਸੈਕਟਰਾਂ ਵਿਚ ਕੰਮ ਕਰਨ ਵਾਲੇ ਵਰਕਰਜ਼ ਜ਼ੋਰਦਾਰ ਹੜਤਾਲ ਕਰਕੇ ਨੇਤਨਯਾਹੂ ‘ਤੇ ਨਿਆਂਇਕ ਸੁਧਾਰਾਂ ਦੇ ਫ਼ੈਸਲੇ ਤੋਂ ਪਿੱਛੇ ਹਟਣ ਦਾ ਦਬਾਅ ਪਾ ਰਹੇ ਹਨ।

ਇਹ ਸਥਿਤੀ ਇਜ਼ਰਾਇਲ ਦੀ ਹੁਣ ਤੱਕ ਦਾ ਸਭ ਤੋਂ ਗਹਿਰਾ ਘਰੇਲੂ ਸੰਕਟ ਮੰਨੀ ਜਾ ਰਹੀ ਹੈ।

ਇਜ਼ਰਾਇਲ ਦੇ ਮੁੱਖ ਹਵਾਈਅੱਡੇ ਤੋਂ ਕਈ ਅੰਤਰਰਾਸ਼ਟਰੀ ਉਡਾਣਾਂ ਵੀ ਰੱਦ ਹੋਈਆਂ ਹਨ, ਯੂਨੀਵਰਸਿਟੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਡਾਕਟਰਾਂ ਦੀਆਂ ਕਈ ਵੱਡੀਆਂ ਯੂਨੀਅਨਾਂ ਨੇ ਵੀ ਹੜਤਾਲ ਕਰਨ ਦੀ ਗੱਲ ਆਖੀ ਹੈ।

ਨਿਆਂਇਕ ਸੁਧਾਰਾਂ ਦਾ ਮੁੱਖ ਕੇਂਦਰ ਇੱਕ ਅਜਿਹਾ ਕਾਨੂੰਨ ਹੈ ਜੋ ਮੌਜੂਦਾ ਗਠਜੋੜ ਸਰਕਾਰ ਨੂੰ ਸਾਰੀਆਂ ਨਿਆਂਇਕ ਨਿਯੁਕਤੀਆਂ ‘ਤੇ ਅੰਤਿਮ ਫ਼ੈਸਲੇ ਦਾ ਅਧਿਕਾਰ ਦਵੇਗਾ। ਸਰਕਾਰ ਅਜਿਹੇ ਕਾਨੂੰਨ ਪਾਸ ਕਰਨ ਦੀ ਵੀ ਕੋਸ਼ਿਸ਼ ਵਿਚ ਹੈ ਜੋ ਨੈਸੇਟ (ਇਜ਼ਰਾਇਲੀ ਪਾਰਲੀਮੈਂਟ ਦੇ ਹੇਠਲੇ ਸਦਨ) ਨੂੰ ਸੁਪਰੀਮ ਕੋਰਟ ਦੇ ਫ਼ੈਸਲਿਆਂ ਨੂੰ ਉਲਟਾਉਣ ਦਾ ਵੀ ਅਧਿਕਾਰ ਪ੍ਰਦਾਨ ਕਰਨਗੇ।

ਨੇਤਨਯਾਹੂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦਾ ਕਹਿਣਾ ਹੈ ਕਿ ਇਹ ਯੋਜਨਾ ਨਿਆਂਇਕ ਅਤੇ ਕਾਰਜਕਾਰੀ ਸ਼ਾਖਾਵਾਂ ਵਿਚਕਾਰ ਸੰਤੁਲਨ ਬਹਾਲ ਕਰੇਗੀ ਅਤੇ ਜਿਸ ਨੂੰ ਉਹ ਉਦਾਰਵਾਦੀਆਂ ਪ੍ਰਤੀ ਹਮਦਰਦੀ ਵਾਲੀ ਦਖ਼ਲਅੰਦਾਜ਼ ਅਦਾਲਤ ਆਖਦੇ ਹਨ, ‘ਤੇ ਲਗਾਮ ਲਗਾਏਗੀ।

ਪਰ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਇਜ਼ਰਾਈਲ ਦੀ ਜਾਂਚ ਅਤੇ ਸੰਤੁਲਨ ਦੀ ਪ੍ਰਣਾਲੀ ਨੂੰ ਹਟਾ ਦਵੇਗਾ ਅਤੇ ਗਠਜੋੜ ਦੇ ਹੱਥਾਂ ਵਿੱਚ ਸ਼ਕਤੀ ਕੇਂਦਰਿਤ ਹੋ ਜਾਵੇਗੀ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਨੇਤਨਯਾਹੂ ਦੇ ਭ੍ਰਿਸ਼ਟਾਚਾਰ ਦੇ ਮੁਕੱਦਮੇ ਕਾਰਨ ਇਹ ਹਿੱਤਾਂ ਦਾ ਟਕਰਾਅ ਹੈ।

ਨੇਤਨਯਾਹੂ ਨੂੰ ਧੋਖਾਧੜੀ, ਭਰੋਸੇ ਦੀ ਉਲੰਘਣਾ ਅਤੇ ਰਿਸ਼ਵਤ ਲੈਣ ਦੇ ਤਿੰਨ ਵੱਖ-ਵੱਖ ਮਾਮਲਿਆਂ ਵਿੱਚ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਸੇ ਵੀ ਗੜਬੜੀ ਤੋਂ ਇਨਕਾਰ ਕਰੲਦਿਆਂ ਉਨ੍ਹਾਂ ਦੋਸ਼ਾਂ ਨੂੰ ਵੀ ਖ਼ਾਰਜ ਕੀਤਾ ਹੈ ਕਿ ਇਹ ਕਾਨੂੰਨੀ ਸੁਧਾਰ ਉਨ੍ਹਾਂ ਨੂੰ ਮੁਕੱਦਮੇ ਤੋਂ ਬਚਣ ਦਾ ਰਸਤਾ ਲੱਭਣ ਲਈ ਤਿਆਰ ਕੀਤੇ ਗਏ ਹਨ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

Associated Press ਵੱਲੋਂ ਜਾਣਕਾਰੀ ਸਹਿਤ।

ਸੁਰਖੀਆਂ