1. ਮੁੱਖ ਪੰਨਾ
  2. ਸਮਾਜ

ਜਾਤੀ ਸੂਚਕ ਸ਼ਬਦ ਮਾਮਲੇ ਚ ਬੀਸੀ ਮਨੁੱਖੀ ਅਧਿਕਾਰ ਟ੍ਰਿਬਿਊਨਲ ਵੱਲੋਂ ਪੀੜਤ ਨੂੰ $9,000 ਦੇ ਮੁਆਵਜ਼ੇ ਦੇ ਹੁਕਮ

ਮਨੋਜ ਭੰਗੂ ਨੂੰ ਉਸ ਦੇ ਦੋ ਸਾਥੀਆਂ ਨੇ ਪੰਜਾਬੀ ਵਿਚ ਜਾਤੀ ਸੂਚਕ ਸ਼ਬਦ ਬੋਲੇ ਸਨ

ਬੀਸੀ ਦੇ ਮਨੁੱਖੀ ਅਧਿਕਾਰ ਟ੍ਰਿਬਿਊਨਲ

ਬੀਸੀ ਦੇ ਮਨੁੱਖੀ ਅਧਿਕਾਰ ਟ੍ਰਿਬਿਊਨਲ ਨੇ ਪਾਇਆ ਕਿ 2018 ਵਿਚ ਇੱਕ ਕ੍ਰਿਸਮਸ ਪਾਰਟੀ ਦੌਰਾਨ ਇੱਕ ਵਿਅਕਤੀ ਨਾਲ ਜਾਤੀ-ਅਧਾਰਤ ਵਿਤਕਰਾ ਹੋਇਆ ਸੀ।

ਤਸਵੀਰ:  (CBC)

RCI

ਬੀਸੀ ਮਨੁੱਖੀ ਅਧਿਕਾਰ ਟ੍ਰਿਬਿਊਨਲ ਨੇ ਜਾਤੀ ਅਧਾਰਤ ਵਿਤਕਰੇ ਦਾ ਸ਼ਿਕਾਰ ਹੋਏ ਇੱਕ ਵਿਅਕਤੀ ਨੂੰ $9,000 ਤੋਂ ਵੱਧ ਦਾ ਮੁਆਵਜ਼ਾ ਦਿੱਤੇ ਜਾਣ ਦਾ ਫ਼ੈਸਲਾ ਕੀਤਾ ਹੈ।

15 ਮਾਰਚ ਨੂੰ ਜਾਰੀ ਇੱਕ ਇਕ ਫ਼ੈਸਲੇ ਵਿੱਚ (ਨਵੀਂ ਵਿੰਡੋ), ਟ੍ਰਿਬਿਊਨਲ ਦੀ ਐਡਜੁਡੀਕੇਟਰ (ਜੱਜ) ਸੋਨੀਆ ਪਿਘਿਨ ਨੇ ਪਾਇਆ ਕਿ ਮਨੋਜ ਭੰਗੂ ਨਾਲ ਉਸਦੇ ਜਾਤੀ-ਪਿਛੋਕੜ, ਮੂਲ ਸਥਾਨ, ਧਰਮ ਅਤੇ ਨਸਲ ਦੇ ਆਧਾਰ ‘ਤੇ ਵਿਤਕਰਾ ਕੀਤਾ ਗਿਆ ਸੀ।

2018 ਵਿਚ ਬੀਸੀ ਦੀ ਇੱਕ ਟੈਕਸੀ ਕੰਪਨੀ ਦੀ ਕ੍ਰਿਸਮਸ ਪਾਰਟੀ ਵਿਚ ਹੋਏ ਝਗੜੇ ਦੌਰਾਨ ਮਨੋਜ ਨੂੰ ਉਸਦੇ ਦੋ ਸਾਥੀਆਂ ਇੰਦਰਜੀਤ ਅਤੇ ਅਵਨਿੰਦਰ ਢਿੱਲੋਂ ਨੇ ਚਮਾਰ ਆਖਿਆ ਸੀ - ਜੋਕਿ ਉਸਦੀ ਦਲਿਤ ਜਾਤੀ ਦਾ ਨਾਮ ਹੈ ਅਤੇ ਪੰਜਾਬੀ ਭਾਸ਼ਾ ਵਿਚ ਇੱਕ ਅਪਮਾਨਜਨਕ ਸ਼ਬਦ ਮੰਨਿਆ ਜਾਂਦਾ ਹੈ।

ਸੋਨੀਆ ਪਿਘਿਨ ਨੇ ਲਿਖਿਆ, ਵਿਤਕਰੇ ਦੀ ਮਿਆਦ ਘੱਟ ਸੀ ਪਰ ਇਸ ਵਿੱਚ ਹਿੰਸਾ ਸ਼ਾਮਲ ਸੀ ਜੋ ਇਸਦੀ ਗੰਭੀਰਤਾ ਨੂੰ ਵਧਾ ਦਿੰਦੀ ਹੈ

ਸੋਨੀਆ ਨੇ ਕਿਹਾ ਕਿ ਭਾਰਤ ਵਿੱਚ ਜਾਤ-ਆਧਾਰਿਤ ਵਿਤਕਰੇ ਦੇ ਇਤਿਹਾਸ ਨੇ ਮਨੋਜ ਦੁਆਰਾ ਅਨੁਭਵ ਕੀਤੇ ਗਏ ਪ੍ਰਭਾਵ ਦੀ ਤੀਬਰਤਾ ਨੂੰ ਤੇਜ਼ ਕਰ ਦਿੱਤਾ ਹੈ।

ਇੱਕ ਪ੍ਰੇਸ਼ਾਨ ਕਰਨ ਵਾਲਾ ਤਜਰਬਾ

ਸੋਨੀਆ ਦੇ ਫ਼ੈਸਲੇ ਦੇ ਮੁਤਾਬਕ, ਦਸੰਬਰ 2018 ਵਿਚ ਦੋ ਘਟਨਾਵਾਂ ਵਾਪਰੀਆਂ ਸਨ। ਇੱਕ ਢਿੱਲੋਂ ਭਰਾਵਾਂ ਵੱਲੋਂ ਮਨੋਜ ਭੰਗੂ ਖ਼ਿਲਾਫ਼ ਨਸਲੀ ਟਿੱਪਣੀ ਕਰਨੀ ਅਤੇ ਦੂਸਰਾ ਉਸ ‘ਤੇ ਸਰੀਰਕ ਹਮਲਾ ਕਰਨਾ। ਮਨੋਜ ਟੈਕਸੀ ਕੰਪਨੀ ਵਿਚ ਡਰਾਈਵਰ ਅਤੇ ਬੋਰਡ ਡਾਇਰਕੈਟਰ ਸੀ।

ਪਹਿਲੀ ਘਟਨਾ ਵਿੱਚ, ਸੋਨੀਆ ਦਾ ਕਹਿਣਾ ਹੈ ਕਿ ਦਫ਼ਤਰ ਦੇ ਬੋਰਡ ਰੂਮ ਵਿੱਚ ਲੜਾਈ ਅਤੇ ਜ਼ੁਬਾਨੀ ਟਕਰਾਅ ਹੋਇਆ ਜਦੋਂ ਮਨੋਜ ਅਤੇ ਹੋਰ ਡਾਇਰੈਕਟਰ ਕੰਪਨੀ ਦੇ ਮਾਮਲਿਆਂ ਬਾਰੇ ਢਿੱਲੋਂ ਭਰਾਵਾਂ ਨਾਲ ਗੱਲ ਕਰ ਰਹੇ ਸਨ।

ਪ੍ਰਮਾਣਿਤ ਅਨੁਵਾਦਕ ਅੰਮ੍ਰਿਤ ਚੰਦਰ ਨੇ ਗਵਾਹੀ ਪਾਈ ਕਿ ਘਟਨਾ ਦੇ ਸਬੂਤ ਵਜੋਂ ਪ੍ਰਦਾਨ ਕੀਤੀ ਗਈ ਇੱਕ ਆਡੀਓ ਰਿਕਾਰਡਿੰਗ ਵਿੱਚ ਜਾਤੀ-ਸੂਚਕ ਸ਼ਬਦ ਸੁਣਿਆ ਜਾ ਸਕਦਾ ਹੈ।

ਸੋਨੀਆ ਨੇ ਕਿਹਾ ਕਿ ਉਹ ਇਸ ਗੱਲ ਨਾਲ ਸਹਿਮਤ ਨਹੀਂ ਸਨ ਕਿ ਜਾਤੀ ਸੂਚਕ ਸ਼ਬਦ ਪਹਿਲੇ ਝਗੜੇ ਦੌਰਾਨ ਕਿਹਾ ਗਿਆ ਸੀ।

ਦੂਸਰੀ ਘਟਨਾ ਵਿਚ, ਦਫ਼ਤਰ ਦੀ ਲੌਬੀ ਵਿਚ ਮਨੋਜ ਅਤੇ ਢਿੱਲੋਂ ਭਰਾਵਾਂ ਵਿਚਕਾਰ ਸਰੀਰਕ ਝੜਪ ਹੋਈ।

ਲਿਖਤ ਫ਼ੈਸਲੇ ਅਨੁਸਾਰ ਘਟਨਾ ਸਮੇਂ ਕਈ ਗਵਾਹ ਮੌਜੂਦ ਸਨ ਅਤੇ ਉਨ੍ਹਾਂ ਨੇ ਢਿੱਲੋਂ ਭਰਾਵਾਂ ਨੂੰ ਵਾਰ-ਵਾਰ ਮੁੱਕੇ ਮਾਰਦਿਆਂ ਅਤੇ ਕਹਿੰਦੇ ਸੁਣਿਆ, ਹਾਂ ਇਹ ‘ਚ...(ਜਾਤੀ-ਸੂਚਕ ਸ਼ਬਦ) ਹੈ, ਇਸ ਨੂੰ ਮਾਰ ਦਓ, ਇਸ ‘ਚ....(ਜਾਤੀ-ਸੂਚਕ ਸ਼ਬਦ) ਨੂੰ ਕੁੱਟੋ

ਸੋਨੀਆ ਨੇ ਲਿਖਿਆ ਕਿ ਗਵਾਹਾਂ ਨੇ ਦੂਸਰੇ ਝਗੜੇ ਬਾਰੇ ਇੱਕਸਾਰ ਸਬੂਤ ਪ੍ਰਦਾਨ ਕੀਤੇ ਅਤੇ ਮੈਨੂੰ ਉਨ੍ਹਾਂ ਦੇ ਸਬੂਤ ਢਿੱਲੋਂ ਭਰਾਵਾਂ ਦੇ ਸਬੂਤਾਂ ਨਾਲੋਂ ਵਧੇਰੇ ਯਕੀਨ ਕਰਨ ਯੋਗ ਲੱਗੇ

ਮਨੋਜ ਨੇ ਟ੍ਰਿਬਿਊਨਲ ਨੂੰ ਦੱਸਿਆ ਕਿ ਉਸ ਲਈ ਆਪਣੇ ਬੱਚਿਆਂ ਨੂੰ ਇਹ ਘਟਨਾ ਸਮਝਾਉਣਾ ਖ਼ਾਸ ਤੌਰ ‘ਤੇ ਮੁਸ਼ਕਿਲ ਸੀ ਅਤੇ ਪਾਰਟੀ ਵਿਚ ਮੌਜੂਦ ਹੋਰ ਸਾਥੀਆਂ ਨਾਲ ਬਾਅਦ ਚੋਂ ਵਿਚਰਨਾ ਵੀ ਉਸਨੂੰ ਅਪਮਾਨਜਨਕ ਲੱਗਿਆ।

ਮਨੋਜ ਨੇ ਕਿਹਾ ਕਿ ਉਹ ਇਹ ਸੋਚ ਕੇ ਕੈਨੇਡਾ ਆਇਆ ਸੀ ਕਿ ਉਹ ਅਤੇ ਉਸਦਾ ਪਰਿਵਾਰ ਬਿਨਾ ਵਿਤਕਰੇ ਤੋਂ ਇੱਥੇ ਰਹਿ ਸਕਦਾ ਹੈ। ਮਨੋਜ ਦਾ ਕਹਿਣਾ ਹੈ ਕਿ ਉਸ ਲਈ ਇੱਕ ਬੇਹੱਦ ਪ੍ਰੇਸ਼ਾਨ ਕਰਨ ਵਾਲਾ ਤਜਰਬਾ ਸੀ।

ਟ੍ਰਿਬਿਊਨਲ ਵੱਲੋਂ ਇਸ ਮਾਮਲੇ ਵਿਚ ਇੰਦਰਜੀਤ ਅਤੇ ਅਰਵਿੰਦਰ ਢਿੱਲੋ ਨੂੰ ਮਨੋਜ ਨੂੰ ਹਰਜਾਨੇ ਵੱਜੋਂ $6,000 ਡਾਲਰ ਦੇਣ ਅਤੇ ਮਨੋਜ ਦੇ ਸ਼ਿਕਾਇਤ ਦਾਇਰ ਕਰਨ ਵਿਚ ਆਏ 3,775.81 ਡਾਲਰ ਦੀ ਰਕਮ ਦਾ ਭੁਗਤਾਨ ਕਰਨ ਦੇ ਵੀ ਆਦੇਸ਼ ਦਿੱਤੇ ਗਏ ਹਨ।

ਆਰਥੀ ਥਾਯਾਪਰਨ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ