- ਮੁੱਖ ਪੰਨਾ
- ਰਾਜਨੀਤੀ
- ਫ਼ੈਡਰਲ ਰਾਜਨੀਤੀ
ਪਨਾਹਗੀਰਾਂ ਨੂੰ ਬਾਰਡਰ ਤੋਂ ਵਾਪਸ ਭੇਜਣ ਬਾਬਤ ਕੈਨੇਡਾ ਅਤੇ ਅਮਰੀਕਾ ਦਰਮਿਆਨ ਨਵੀਂ ਸਹਿਮਤੀ
ਜੋਅ ਬਾਈਡਨ ਦੇ ਕੈਨੇਡਾ ਦੌਰੇ ਦੌਰਾਨ ਹੋਇਆ ਐਲਾਨ

ਸ਼ੁੱਕਰਵਾਰ ਨੂੰ ਔਟਵਾ ਵਿੱਖੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਅਤੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੀ ਦੁਵੱਲੀ ਬੈਠਕ ਹੋਈ, ਜਿਸ ਵਿਚ ਪਰਵਾਸ ਬਾਬਤ ਨਵੀਂ ਸਹਿਮਤੀ ਹੋਈ ਹੈ।
ਤਸਵੀਰ: (Sean Kilpatrick/The Canadian Press)
ਕੈਨੇਡਾ ਅਤੇ ਅਮਰੀਕਾ ਦਰਮਿਆਨ ਇੱਕ ਨਵੀਂ ਸਹਿਮਤੀ ਬਣੀ ਹੈ ਜਿਸ ਤਹਿਤ ਅਮਰੀਕਾ ਤੋਂ ਅਣਅਧਿਕਾਰਤ ਸਰਹੱਦੀ ਲਾਂਘਿਆਂ, ਜਿਵੇਂ ਰੌਕਸਮ ਰੋਡ, ਰਾਹੀਂ ਕੈਨੇਡਾ ਆਉਣ ਵਾਲੇ ਪਨਾਹਗੀਰਾਂ ਨੂੰ ਬਾਰਡਰ ਤੋਂ ਵਾਪਸ ਮੋੜਿਆ ਜਾ ਸਕੇਗਾ।
ਇਹ ਸਮਝੌਤਾ ਪੂਰੀ ਕੈਨੇਡਾ-ਅਮਰੀਕਾ ਸਰਹੱਦ 'ਤੇ ਸੇਫ਼ ਥਰਡ ਕੰਟਰੀ ਐਗਰੀਮੈਂਟ (ਨਵੀਂ ਵਿੰਡੋ) (STCA) ਨੂੰ ਲਾਗੂ ਕਰੇਗਾ। ਨਵੇਂ ਸਮਝੌਤੇ ਵਿਚ ਉਸ ਨੁਕਸ ਨੂੰ ਦੂਰ ਕੀਤਾ ਗਿਆ ਹੈ ਜਿਸ ਤਹਿਤ ਅਮਰੀਕਾ ਤੋਂ ਅਣਅਧਿਕਾਰਤ ਪੋਰਟ ਔਫ਼ ਐਂਟਰੀ ਰਾਹੀਂ ਕੈਨੇਡਾ ਆਉਣ ਵਾਲੇ ਪਰਵਾਸੀਆਂ ਨੂੰ ਪਨਾਹ ਦੇ ਕਲੇਮ ਲਾਉਣ ਦੀ ਇਜਾਜ਼ਤ ਸੀ। ਸਰਹੱਦ 'ਤੇ ਗਸ਼ਤ ਕਰ ਰਹੇ ਕੈਨੇਡੀਅਨ ਅਧਿਕਾਰੀ ਹੁਣ ਪਨਾਹ ਮੰਗਣ ਵਾਲਿਆਂ ਨੂੰ ਅਮਰੀਕਾ ਵਾਪਸ ਮੋੜਨ ਦੇ ਯੋਗ ਹਨ।
2004 ਦੇ ਇਸ ਸੇਫ਼ ਥਰਡ ਕੰਟਰੀ ਐਗਰੀਮੈਂਟ ਅਧੀਨ ਕੈਨੇਡਾ ਅਤੇ ਯੂ ਐਸ ਨੇ ਇੱਕ ਦੂਸਰੇ ਨੂੰ ਪਨਾਹਗੀਰਾਂ ਲਈ ਸੁਰੱਖਿਅਤ ਐਲਾਨਿਆ ਹੋਇਆ ਹੈ ਅਤੇ ਪਨਾਹ ਮੰਗਣ ਵਾਲੇ ਸ਼ਖ਼ਸ ਨੂੰ ਪਹਿਲਾਂ ਪਹੁੰਚੇ ਦੇਸ਼ ਵਿਚ ਪਨਾਹ ਦਾ ਕਲੇਮ ਲਗਾਉਣਾ ਜ਼ਰੂਰੀ ਹੁੰਦਾ ਹੈ।
ਇਹ ਸਮਝੌਤਾ ਅਮਰੀਕੀ ਅਧਿਕਾਰੀਆਂ ਨੂੰ ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਪਨਾਹਗੀਰਾਂ ਨੂੰ ਵਾਪਸ ਮੋੜਨ ਦੀ ਵੀ ਇਜਾਜ਼ਤ ਦਿੰਦਾ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ, ਅਨਿਯਮਿਤ ਪਰਵਾਸ ਨਾਲ ਨਜਿੱਠਣ ਲਈ, ਅਸੀਂ ਸੇਫ਼ ਥਰਡ ਕੰਟਰੀ ਅਗਰੀਮੈਂਟ ਦਾ ਵਿਸਤਾਰ ਕਰ ਰਹੇ ਹਾਂ ਤਾਂ ਜੋ ਇਸਨੂੰ ਨਾ ਸਿਰਫ਼ ਅਧਿਕਾਰਤ ਪੋਰਟ ਔਫ਼ ਐਂਟਰੀ ਸਗੋਂ ਅੰਦਰੂਨੀ ਜਲ ਮਾਰਗਾਂ ਸਮੇਤ ਪੂਰੀ ਜ਼ਮੀਨੀ ਸਰਹੱਦ 'ਤੇ ਲਾਗੂ ਕਰੇਗਾ, ਤਾਂ ਕਿ ਸਾਡੇ ਦੋਵਾਂ ਦੇਸ਼ਾਂ ਵਿਚਕਾਰ ਨਿਰਪੱਖਤਾ ਅਤੇ ਵਧੇਰੇ ਵਿਵਸਥਿਤ ਪਰਵਾਸ ਨੂੰ ਯਕੀਨੀ ਬਣਾਇਆ ਜਾ ਸਕੇ
।
ਇਹ ਤਬਦੀਲੀ ਸ਼ਨੀਵਾਰ 12:01 a.m. ਤੋਂ ਲਾਗੂ ਹੋਵੇਗੀ।
ਕੈਨੇਡਾ ਇਸ ਸਮਝੌਤੇ ਦੇ ਹਿੱਸੇ ਵਜੋਂ ਅਧਿਕਾਰਤ ਲਾਂਘਿਆਂ ਰਾਹੀਂ 15,000 ਪਰਵਾਸੀਆਂ ਨੂੰ ਸਵੀਕਾਰ ਕਰਨ ਲਈ ਸਹਿਮਤ ਹੋਇਆ ਹੈ।
ਇਹ ਖ਼ਬਰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਜੋਅ ਬਾਈਡਨ ਦੇ ਕੈਨੇਡਾ ਦੇ ਪਹਿਲੇ ਅਧਿਕਾਰਤ ਦੌਰੇ ਦੌਰਾਨ ਆਈ ਹੈ।
ਇਹ ਵੀ ਪੜ੍ਹੋ:
- ਬਾਈਡਨ ਦੇ ਕੈਨੇਡਾ ਦੌਰੇ ਮੌਕੇ ‘ਸੇਫ਼ ਥਰਡ ਕੰਟਰੀ ਅਗਰੀਮੈਂਟ’ ਦਾ ਮੁੱਦਾ ਚੁੱਕਣਗੇ ਟ੍ਰੂਡੋ
- ਰੌਕਸਮ ਰੋਡ ਨੂੰ ਬੰਦ ਕਰਨ ਬਾਬਤ ਕੈਨੇਡਾ ਅਤੇ ਅਮਰੀਕਾ ਦਰਮਿਆਨ ਸਮਝੌਤਾ: ਸੂਤਰ
ਬਾਈਡਨ ਨੇ ਸ਼ੁੱਕਰਵਾਰ ਨੂੰ ਪਾਰਲੀਮੈਂਟ ਦੇ ਜੁਆਇੰਟ ਸੈਸ਼ਨ ਨੂੰ ਆਪਣੇ ਸੰਬੋਧਨ ਵਿੱਚ ਉਕਤ ਤਬਦੀਲੀ ਦਾ ਜ਼ਿਕਰ ਕੀਤਾ। ਉਨ੍ਹਾਂ ਨੇ 15,000 ਪਰਵਾਸੀਆਂ ਨੂੰ ਸਵੀਕਾਰ ਕਰਨ ਲਈ ਸਹਿਮਤੀ ਦੇਣ ਲਈ ਕੈਨੇਡਾ ਦਾ ਧੰਨਵਾਦ ਕੀਤਾ।
ਬਾਈਡਨ ਨੇ ਕਿਹਾ, ਅਮਰੀਕਾ ਅਤੇ ਕੈਨੇਡਾ ਗ਼ੈਰ-ਕਾਨੂੰਨੀ ਸਰਹੱਦੀ ਲਾਂਘਿਆਂ ਨੂੰ ਠੱਲ ਪਾਉਣ ਅਤੇ ਅਪਡੇਟ ਕੀਤੇ ਸੇਫ਼ ਥਰਡ ਕੰਟਰੀ ਅਗਰੀਮੈਂਟ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਮਿਲ ਕੇ ਕੰਮ ਕਰਨਗੇ
।
ਰਿਚਰਡ ਰੇਅਕਾਫ਼ਟ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ