1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਹੇਤੀ ਦੀ ਪੁਲਿਸ ਨੂੰ $100 ਮਿਲੀਅਨ ਦੀ ਮਦਦ ਦਾ ਐਲਾਨ ਕਰੇਗੀ ਲਿਬਰਲ ਸਰਕਾਰ: ਸੂਤਰ

ਹੇਤੀ ਵਿਚ ਬੇਕਾਬੂ ਹਿੰਸਕ ਹਾਲਾਤ ਤੋਂ ਸੰਯੁਕਤ ਰਾਸ਼ਟਰ ਚਿੰਤਤ

ਪੁਲਿਸ ਅਧਿਕਾਰੀ

3 ਮਾਰਚ, 2023 ਨੂੰ ਪੁਲਿਸ ਅਧਿਕਾਰੀ ਹੇਤੀ ਦੇ ਪੋਰਟ-ਓ-ਪ੍ਰਿੰਸ ਦੇ ਲੈਲਿਓ ਇਲਾਕੇ ਵਿੱਚ ਇੱਕ ਗੈਂਗ ਵਿਰੋਧੀ ਕਾਰਵਾਈ ਦੌਰਾਨ ਕਵਰ ਲੈਂਦੇ ਹੋਏ।

ਤਸਵੀਰ: (Odelyn Joseph/Associated Press)

RCI

ਰੇਡੀਓ ਕੈਨੇਡਾ ਨੂੰ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਸਰਕਾਰ ਹੇਤੀ ਪੁਲਿਸ ਦੀ ਉਪਕਰਣ ਖ਼ਰੀਦਣ ਅਤੇ ਹੋਰ ਮਦਦ ਲਈ 100 ਮਿਲੀਅਨ ਡਾਲਰ ਦੀ ਰਾਸ਼ੀ ਦਾ ਐਲਾਨ ਕਰੇਗੀ।

ਸਭ ਤੋਂ ਪਹਿਲਾਂ ਇਹ ਖ਼ਬਰ La Presse ਵਿਚ ਪ੍ਰਕਾਸ਼ਿਤ ਹੋਈ ਸੀ। ਕੈਨੇਡਾ ਦੌਰੇ ‘ਤੇ ਆਏ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੁਆਰਾ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੂੰ, ਹੇਤੀ ਵਿੱਚ ਵਿਵਸਥਾ ਬਹਾਲ ਕਰਨ ਵਿੱਚ ਅਗਵਾਈ ਦੀ ਭੂਮਿਕਾ ਨਿਭਾਉਣ ਲਈ, ਦਬਾਅ ਪਾਉਣ ਦੀ ਉਮੀਦ ਹੈ।

ਕੈਨੇਡਾ ਹੇਤੀ ਵਿਚ ਅੰਤਰਰਾਸ਼ਟਰੀ ਫ਼ੌਜੀ ਕਾਰਵਾਈ ਦੀ ਅਗਵਾਈ ਕਰਨ ਦੀਆਂ ਮੰਗਾਂ ਤੋਂ ਪਾਸਾ ਵੱਟਦਾ ਰਿਹਾ ਹੈ।

ਇਹ ਫ਼ੰਡਿੰਗ ਐਲਾਨ ਅਜਿਹੇ ਸਮੇਂ ਵਿਚ ਕੀਤਾ ਜਾ ਰਿਹਾ ਹੈ ਜਦੋਂ ਕੁਝ ਦਿਨ ਪਹਿਲਾਂ ਸੰਯੁਕਤ ਰਾਸ਼ਟਰ ਨੇ ਹੇਤੀ ਲਈ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਇੱਕ ਬਿਆਨ ਵਿਚ ਕਿਹਾ ਸੀ ਕਿ ਹੇਤੀ ਵਿਚ ‘ਬੇਤਹਾਸ਼ਾ ਹਿੰਸਾ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ’।

ਸੰਯੁਕਤ ਰਾਸ਼ਟਰ ਦੇ ਅਨੁਸਾਰ, 1 ਜਨਵਰੀ ਤੋਂ ਇਸ ਸਾਲ ਦੇ 15 ਮਾਰਚ ਤੱਕ, ਮੁੱਖ ਤੌਰ ‘ਤੇ ਹੇਤੀ ਦੀ ਰਾਜਧਾਨੀ ਪੋਰਟ-ਓ-ਪ੍ਰਿੰਸ ਵਿੱਚ ਵਾਪਰੀਆਂ ਗੈਂਗ ਸਬੰਧਤ ਘਟਨਾਵਾਂ ਵਿੱਚ 531 ਲੋਕ ਮਾਰੇ ਗਏ ਹਨ, 300 ਜ਼ਖਮੀ ਹੋਏ ਹਨ ਅਤੇ 277 ਅਗਵਾ ਕੀਤੇ ਗਏ ਹਨ।

ਮਨੁੱਖੀ ਅਧਿਕਾਰਾਂ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ, ਮਾਰਟਾ ਹਰਟਾਡੋ ਨੇ ਕਿਹਾ ਕਿ ਸਿਰਫ਼ ਮਾਰਚ ਦੇ ਪਹਿਲੇ ਦੋ ਹਫਤਿਆਂ ਵਿੱਚ ਹੀ ਗਿਰੋਹਾਂ ਦਰਮਿਆਨ ਝੜਪਾਂ ਵਿੱਚ ਘੱਟੋ-ਘੱਟ 208 ਲੋਕ ਮਾਰੇ ਗਏ ਸਨ, 164 ਜ਼ਖਮੀ ਹੋਏ ਸਨ ਅਤੇ 101 ਅਗਵਾ ਹੋਏ ਸਨ।

ਬਿਆਨ ਵਿਚ ਕਿਹਾ ਗਿਆ ਹੈ ਕਿ ਗੈਂਗਜ਼ ਦੁਆਰਾ ਔਰਤਾਂ ਅਤੇ ਲੜਕੀਆਂ ਖ਼ਿਲਾਫ਼ ਜਿਨਸੀ ਹਿੰਸਾ ਦੀ ਵਰਤੋਂ, ਲੋਕਾਂ ਨੂੰ ਡਰਾਉਣ, ਉਨ੍ਹਾਂ ਨੂੰ ਆਪਣੇ ਅਧੀਨ ਕਰਨ ਅਤੇ ਸਜ਼ਾ ਦੇਣ ਲਈ ਕੀਤੀ ਜਾਂਦੀ ਹੈ।

ਫ਼ਿਰੌਤੀ ਲਈ ਪਰਿਵਾਰ ਵਾਲਿਆਂ ‘ਤੇ ਦਬਾਅ ਪਾਉਣ ਲਈ ਗੈਂਗ ਮੈਂਬਰ ਅਗਵਾਹ ਕੀਤੀਆਂ ਲੜਕੀਆਂ ਨਾਲ ਜਿਨਸੀ ਸ਼ੋਸ਼ਣ ਦੀ ਵਰਤੋਂ ਕਰਦੇ ਹਨ।

ਹੇਤੀ ਵਿਚ ਹਿੰਸਾ ਕਾਰਨ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਇੰਨੀਆਂ ਵਧ ਗਈਆਂ ਹਨ ਕਿ 11 ਮਿਲੀਅਨ ਦੀ ਆਬਾਦੀ ਵਾਲੇ ਇਸ ਮੁਲਕ ਦੀ ਅੱਧੀ ਆਬਾਦੀ ਲਈ ਭੋਜਨ ਦੀ ਘਾਟ ਹੋ ਗਈ ਹੈ। ਹਿੰਸਾ ਕਾਰਨ 160,000 ਲੋਕਾਂ ਦਾ ਉਜਾੜਾ ਵੀ ਹੋਇਆ ਹੈ।

ਕੈਨੇਡਾ ਦੇ ਫ਼ੌਜ ਮੁਖੀ, ਜਨਰਲ ਵੇਨ ਆਇਰ ਨੇ ਇਸ ਮਹੀਨੇ ਰੋਏਟਰਜ਼ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਉਹਨਾਂ ਨੂੰ ਵਿਦੇਸ਼ੀ ਫ਼ੌਜੀ ਦਖ਼ਲ ਦੀ, ਕੈਨੇਡਾ ਵੱਲੋਂ ਅਗਵਾਈ ਕਰਨ ਦੀ ਸਮਰੱਥਾ ‘ਤੇ ਸ਼ੱਕ ਹੈ। ਉਹਨਾਂ ਕਿਹਾ ਸੀ ਕਿ ਇਹ ਚੁਣੌਤੀਪੂਰਨ ਹੋਵੇਗਾ।

ਅਜਿਹੀਆਂ ਫ਼ੌਜੀ ਕਾਰਵਾਈਆਂ ਦੀ ਯੋਜਨਾ ਬਣਾਉਣ ਵਾਲੀ ਕੈਨੇਡੀਅਨ ਜੁਆਇੰਟ ਓਪਰੇਸ਼ਨਜ਼ ਕਮਾਂਡ ਚਲਾਉਂਦੇ ਰਹੇ, ਰਿਟਾਇਰਡ ਲੈਫ਼ਟੀਨੈਂਟ ਜਨਰਲ ਸਟੀਵ ਬੋਅਜ਼ ਦਾ ਕਹਿਣਾ ਹੈ ਕਿ ਹੇਤੀ ਦੇ ਗੈਂਗਾਂ ਦੇ ਵਿਰੁੱਧ ਲੜਾਈ ਤਾਲਿਬਾਨ ਨਾਲ ਫੌਜ ਦੀ ਲੰਬੀ ਲੜਾਈ ਵਰਗੀ ਹੋਵੇਗੀ।

ਪੋਰਟ-ਓ-ਪ੍ਰਿੰਸ ਇੱਕ ਪਹਾੜੀ ਸ਼ਹਿਰ ਹੈ, ਜਿਸ ਵਿਚ ਕਰੀਬ 3 ਮਿਲੀਅਨ ਲੋਕ ਰਹਿੰਦੇ ਹਨ। ਇਹ ਸ਼ਹਿਰ ਦੁਨੀਆ ਦੀਆਂ ਸਭ ਤੋਂ ਵੱਧ ਭੀੜ-ਭਾੜ ਵਾਲੀਆਂ ਬਸਤੀਨੁਮਾ ਰਿਹਾਇਸ਼ਾਂ ਵਿਚੋਂ ਇੱਕ ਹੈ। ਇਸ ਸਮੇਂ ਇਹ ਸ਼ਹਿਰ ਕੁਝ ਗਿਰੋਹਾਂ ਦੇ ਸਮੂਹਾਂ ਦੇ ਕੰਟਰੋਲ ਵਿਚ ਹੈ।

ਲੋਕਾਂ ਚ ਆਪਣਾ ਆਤੰਕ ਮਚਾਉਣ, ਅਗਵਾਹ ਕਰਨ ਅਤੇ ਫ਼ਿਰੌਤੀ ਤੋਂ ਮਿਲਣ ਵਾਲੇ ਪੈਸੇ ਦੇ ਸਹਾਰੇ ਇਹ ਗੈਂਗ ਲੀਡਰ ਆਪਣਾ ਰਾਜ ਚਲਾ ਰਹੇ ਹਨ।

ਗਿਰੋਹਾਂ ਦੇ ਹਥਿਆਰ ਅਤੇ ਗੋਲਾ ਬਾਰੂਦ ਜ਼ਿਆਦਾਤਰ ਹੇਤੀ ਵਿੱਚ ਬੰਦਰਗਾਹ ਰਾਹੀਂ ਦਾਖਲ ਹੁੰਦੇ ਹਨ, ਜੋਕਿ ਸਖ਼ਤੀ ਨਾਲ ਨਿਯੰਤਰਿਤ ਨਹੀਂ ਹਨ। ਇਨ੍ਹਾਂ ਬੰਦਗਾਹਾਂ ਵਿਚ ਕੁਲੀਨ ਹੇਤੀਆਈ ਪਰਿਵਾਰਾਂ ਅਤੇ ਕਾਰੋਬਾਰੀਆਂ ਦੁਆਰਾ ਨਿਯੰਤਰਿਤ ਟਰਮੀਨਲ ਸ਼ਾਮਲ ਹੁੰਦੇ ਹਨ ਜਿਨ੍ਹਾਂ ਉੱਤੇ ਗੈਂਗਾਂ ਨੂੰ ਹਥਿਆਰਬੰਦ ਕਰਨ ਅਤੇ ਉਹਨਾਂ ਨੂੰ ਆਪਣੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਕੰਮ ਕਰਨ ਦਾ ਦੋਸ਼ ਲਗਾਇਆ ਜਾਂਦਾ ਹੈ।

ਪੀਟਰ ਜ਼ਿਮੌਨਜਿਕ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ