1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਮਹਾਰਾਣੀ ਐਲੀਜ਼ਾਬੈਥ ਦੀਆਂ ਅੰਤਿਮ ਰਸਮਾਂ ‘ਚ ਸ਼ਾਮਲ ਹੋਣ ਲਈ ਟ੍ਰੂਡੋ $6,000 ਦੇ ਹੋਟਲ ਕਮਰੇ ਵਿਚ ਠਹਿਰੇ

ਪੀਐਮਓ ਨੇ ਕਿਹਾ ਕਿ ਮਹਾਰਾਣੀ ਦੇ ਸੰਸਕਾਰ ਆਯੋਜਨ ਦੇ ਮੱਦੇਨਜ਼ਰ ਹੋਟਲ ਦੀਆਂ ਕੀਮਤਾਂ ਕਾਫ਼ੀ ਵਧ ਗਈਆਂ ਸਨ

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਅਤੇ ਉਨ੍ਹਾਂ ਦੀ ਪਤਨੀ ਸੋਫ਼ੀ ਟ੍ਰੂਡੋ 19 ਸਤੰਬਰ 2022 ਨੂੰ ਲੰਡਨ ਵਿੱਚ ਮਹਾਰਾਣੀ ਐਲਿਜ਼ਾਬੈਥ ਦੇ ਅੰਤਿਮ ਸੰਸਕਾਰ ਤੋਂ ਬਾਅਦ ਵੈਸਟਮਿੰਸਟਰ ਐਬੇ ਤੋਂ ਜਾਂਦੇ ਹੋਏ।

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਅਤੇ ਉਨ੍ਹਾਂ ਦੀ ਪਤਨੀ ਸੋਫ਼ੀ ਟ੍ਰੂਡੋ 19 ਸਤੰਬਰ 2022 ਨੂੰ ਲੰਡਨ ਵਿੱਚ ਮਹਾਰਾਣੀ ਐਲਿਜ਼ਾਬੈਥ ਦੇ ਅੰਤਿਮ ਸੰਸਕਾਰ ਤੋਂ ਬਾਅਦ ਵੈਸਟਮਿੰਸਟਰ ਐਬੇ ਤੋਂ ਜਾਂਦੇ ਹੋਏ।

ਤਸਵੀਰ: (Phil Noble/Getty Images)

RCI

ਪ੍ਰਧਾਨ ਮੰਤਰੀ ਦਫ਼ਤਰ ਦਾ ਕਹਿਣਾ ਹੈ ਕਿ ਜਸਟਿਨ ਟ੍ਰੂਡੋ ਅਤੇ ਉਨ੍ਹਾਂ ਦੀ ਪਤਨੀ ਸੋਫ਼ੀ ਗ੍ਰੈਗੋਇਰ ਟ੍ਰੂਡੋ ਮਹਾਰਾਣੀ ਐਲੀਜ਼ਾਬੈਥ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਸਮੇਂ $ 6,000 ਪ੍ਰਤੀ ਰਾਤ ਦੇ ਹੋਟਲ ਕਮਰੇ ਵਿੱਚ ਠਹਿਰੇ ਸਨ।

ਕੋਰਿੰਥੀਆ ਲੰਡਨ ਹੋਟਲ ਵਿਚ ਠਹਿਰਨਾ ਪਿਛਲੇ ਫ਼ੌਲ ਸੀਜ਼ਨ ਵਿਚ ਜਨਤਕ ਬਹਿਸ ਦਾ ਵਿਸ਼ਾ ਬਣ ਗਿਆ ਸੀ, ਜਦੋਂ ਸੂਚਨਾ ਤੱਕ ਪਹੁੰਚ ਦੇ ਅਧਿਕਾਰ ਰਾਹੀਂ ਪ੍ਰਾਪਤ ਦਸਤਾਵੇਜ਼ਾਂ ਤੋਂ ਮੀਡੀਆ ਨੂੰ ਟ੍ਰੂਡੋ ਦੀ 400,000 ਡਾਲਰ ਦੀ ਇੰਗਲੈਂਡ ਫ਼ੇਰੀ ਦੇ ਵੇਰਵੇ ਮਿਲੇ ਸਨ।

ਪਰ ਟ੍ਰੂਡੋ ਦੇ ਦਫ਼ਤਰ ਅਤੇ ਗਲੋਬਲ ਅਫ਼ੇਅਰਜ਼ ਕੈਨੇਡਾ ਨੇ ਪਿਛਲੇ ਮਹੀਨੇ ਇਸ ਬਾਰੇ ਸਵਾਲਾਂ ਦਾ ਜਵਾਬ ਨ੍ਹੀਂ ਦਿੱਤਾ ਸੀ ਕਿ ਇਸ ਮਹਿੰਗੇ ਹੋਟਲ ਕਮਰੇ ਵਿਚ ਕੌਣ ਠਹਿਰਿਆ ਸੀ।

ਸਰਕਾਰੀ ਕੰਮਕਾਜ ਕਮੇਟੀ ਦੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਪਿਛਲੇ ਮਹੀਨੇ ਯਾਤਰਾ ਨਾਲ ਜੁੜੀਆਂ ਸਾਰੀਆਂ ਰਸੀਦਾਂ ਦੀ ਕਾਪੀ ਮੰਗੀ ਸੀ।

ਮਹਾਰਾਣੀ ਦੇ ਦੇਹਾਂਤ ਤੋਂ ਇੱਕ ਦਿਨ ਬਾਅਦ 9 ਸਤੰਬਰ ਨੂੰ ਇਸ ਹੋਟਲ ਦਾ ਕਮਰਾ, 15 ਤੋਂ 20 ਸਤੰਬਰ ਲਈ ਬੁੱਕ ਕੀਤਾ ਗਿਆ ਸੀ।

ਪ੍ਰਧਾਨ ਮੰਤਰੀ ਦਫਤਰ ਨੇ ਇੱਕ ਬਿਆਨ ਵਿਚ ਕਿਹਾ ਕਿ ਅੰਤਿਮ ਸੰਸਕਾਰ ਤੋਂ ਪਹਿਲਾਂ ਹੋਟਲ ਦੀਆਂ ਕੀਮਤਾਂ ਕਾਫ਼ੀ ਵਧ ਗਈਆਂ ਸਨ, ਅਤੇ ਕਈ ਦੇਸ਼ਾਂ ਦੇ ਰਾਜ ਪ੍ਰਮੁੱਖਾਂ ਅਤੇ ਉਨ੍ਹਾਂ ਦੇ ਵਫ਼ਦ ਦੇ ਲੰਡਨ ਵਿਚ ਉੱਤਰੇ ਹੋਣ ਕਰਕੇ ਹੋਟਲ ਉਪਲਬਧ ਵੀ ਨਹੀਂ ਸਨ।

ਹੋਟਲ ਦੀ ਵੈੱਬਸਾਈਟ ‘ਤੇ ਇਸ ਸਮੇਂ ਉਸ ਕਮਰੇ ਦਾ ਕਿਰਾਇਆ 5,154 ਬ੍ਰਿਟਿਸ਼ ਪੌਂਡ ਪ੍ਰਤੀ ਰਾਤ ਹੈ, ਜੋ ਕਿ ਸਤੰਬਰ ਵਿਚ ਚਾਰਜ ਕੀਤੇ ਗਏ 4,800 ਪੌਂਡ ਤੋਂ ਜ਼ਿਆਦਾ ਹੈ।

ਮੌਜੂਦਾ ਐਕਸਚੇਂਜ ਰੇਟ ਦੇ ਹਿਸਾਬ ਨਾਲ ਅਗਲੇ ਮਹੀਨੇ ਇਸ ਮਹਿੰਗੇ ਹੋਟਲ ਦੇ ਕਮਰੇ ਦਾ ਕਿਰਾਇਆ 8,000 ਡਾਲਰ ਪ੍ਰਤੀ ਰਾਤ ਹੋ ਜਾਵੇਗਾ।

ਸੂਚਨਾ ਤੱਕ ਪਹੁੰਚ ਦੇ ਅਧਿਕਾਰ (access to information) ਦੁਆਰਾ ਪ੍ਰਾਪਤ ਦਸਤਾਵੇਜ਼ਾਂ ਅਨੁਸਾਰ ਬੁਕਿੰਗ ਤਿੰਨ ਬਿਸਤਰਿਆਂ ਵਾਲੇ ਕਮਰੇ ਲਈ ਸੀ। ਹੋਟਲ ਦੀ ਵੈੱਬਸਾਈਟ ਕਹਿੰਦੀ ਹੈ ਕਿ ਇਸ ਵਿੱਚ ਇੱਕ ਕਿੰਗ-ਸਾਈਜ਼ ਬੈੱਡ ਹੈ ਪਰ ਇੱਥੇ ‘ਬੇਨਤੀ 'ਤੇ ਕਨੈਕਟਿੰਗ ਰੂਮ ਉਪਲਬਧ ਹਨ’।

ਪੀਐਮਓ ਨੇ ਕਿਹਾ ਕਿ ਉਸ ਹੋਟਲ ਕਮਰੇ ਵਿਚ ਸਿਰਫ਼ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਠਹਿਰੇ ਸਨ।

ਨਵੰਬਰ ਵਿੱਚ, ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਹਾਊਸ ਔਫ਼ ਕੌਮਨਜ਼ ਵਿੱਚ ਟ੍ਰੂਡੋ ਨੂੰ ਸਵਾਲ ਪੁੱਛੇ ਸਨ ਕਿ ਹੋਟਲ ਦੇ ਕਮਰੇ ਵਿਚ ਕੌਣ ਠਹਿਰਿਆ ਸੀ, ਪਰ ਟ੍ਰੂਡੋ ਨੇ ਕੋਈ ਜਵਾਬ ਨਹੀਂ ਦਿੱਤਾ ਸੀ।

ਟ੍ਰੂਡੋ ਦੇ ਇੱਕ ਪ੍ਰੈੱਸ ਸਕੱਤਰ ਨੇ ਵੀਰਵਾਰ ਨੂੰ ਇੱਕ ਲਿਖਿਤ ਬਿਆਨ ਵਿਚ ਕਿਹਾ ਕਿ ਮਹਾਰਾਣੀ ਐਲੀਜ਼ਾਬੈਥ II ਦੀ ਮੌਤ ਕੈਨੇਡੀਅਨਜ਼ ਲਈ ਇੱਕ ਮਹੱਤਵਪੂਰਨ ਘਟਨਾ ਸੀ। ਕੈਨੇਡਾ ਦੀ ਨੁਮਾਇੰਦਗੀ ਸਾਬਕਾ ਪ੍ਰਧਾਨ ਮੰਤਰੀਆਂ ਅਤੇ ਗਵਰਨਰ ਜਨਰਲਾਂ ਦੁਆਰਾ ਮਹਾਰਾਣੀ ਨੂੰ ਸ਼ਰਧਾਂਜਲੀ ਦੇਣ ਲਈ ਕੀਤੀ ਗਈ ਸੀ ਜਿਸਨੇ ਇੱਕ ਆਜ਼ਾਦ ਦੇਸ਼ ਵਜੋਂ ਕੈਨੇਡਾ ਦੀ ਲੰਬਾ ਸਮਾਂ ਨਿਗਰਾਨੀ ਕੀਤੀ ਸੀ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ