1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਅੱਜ ਟ੍ਰੂਡੋ ਨਾਲ ਮੁਲਾਕਾਤ ਅਤੇ ਪਾਰਲੀਮੈਂਟ ਨੂੰ ਸੰਬੋਧਨ ਕਰਨਗੇ

ਵੀਰਵਾਰ ਸ਼ਾਮ ਨੂੰ ਬਾਈਡਨ ਔਟਵਾ ਪਹੁੰਚੇ ਹਨ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਅਤੇ ਉਹਨਾਂ ਦੀ ਪਤਨੀ ਜਿਲ ਬਾਈਡਨ ਦੀ ਔਟਵਾ ਏਅਰਪੋਰਟ 'ਤੇ ਪਹੁੰਚਿਾਂ ਦੀ ਤਸਵੀਰ।

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਅਤੇ ਉਹਨਾਂ ਦੀ ਪਤਨੀ ਜਿਲ ਬਾਈਡਨ ਦੀ ਔਟਵਾ ਏਅਰਪੋਰਟ 'ਤੇ ਪਹੁੰਚਿਾਂ ਦੀ ਤਸਵੀਰ।

ਤਸਵੀਰ: Associated Press / Andrew Harnik

RCI

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਆਪਣੀ ਅਧਿਕਾਰਤ ਕੈਨੇਡਾ ਫ਼ੇਰੀ ਲਈ ਔਟਵਾ ਪਹੁੰਚ ਗਏ ਹਨ। ਇਸ ਦੋ ਰੋਜ਼ਾ ਫ਼ੇਰੀ ਦੌਰਾਨ ਉਹ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨਾਲ ਦੁਵੱਲੀ ਮੁਲਾਕਾਤ ਕਰਨਗੇ, ਪਾਰਲੀਮੈਂਟ ਨੂੰ ਸੰਬੋਧਨ ਕਰਨਗੇ ਅਤੇ ਔਟਵਾ ਦੇ ਏਵੀਏਸ਼ਨ ਮਿਊਜ਼ੀਅਮ ਵਿੱਖੇ ਇੱਕ ਗਾਲਾ ਡਿਨਰ ਵਿਚ ਸ਼ਾਮਲ ਹੋਣਗੇ।

ਰਾਸ਼ਟਰਪਤੀ ਬਣਨ ਤੋਂ ਬਾਅਦ ਜੋਅ ਬਾਈਡਨ ਦਾ ਕੈਨੇਡਾ ਨੂੰ ਇਹ ਪਹਿਲਾ ਵਿਅਕਤੀਗਤ ਦੌਰਾ ਹੈ। ਇਹ ਦੌਰਾ ਬਾਈਡਨ ਅਤੇ ਟ੍ਰੂਡੋ ਲਈ ਦੁਵੱਲੇ ਸਬੰਧਾਂ ਨੂੰ ਨਵਿਆਉਣ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣ ਦਾ ਇੱਕ ਮੌਕਾ ਹੈ, ਜੋ ਕਿ ਹਾਲ ਹੀ ਦੇ ਸਾਲਾਂ ਵਿਚ ਕੁਝ ਤਣਾਅ ਚੋਂ ਗੁਜ਼ਰ ਰਹੇ ਸਨ।

ਟ੍ਰੰਪ ਦਾ ਕਾਰਜਕਾਲ ਕੈਨੇਡੀਅਨ ਅਧਿਕਾਰੀਆਂ ਲਈ ਚੁਣੌਤੀਪੂਰਣ ਰਿਹਾ ਸੀ। ਪਰ ਬਾਈਡਨ ਵੱਲੋਂ ਵੀ Keystone XL ਪਾਈਪਲਾਈਨ ਨੂੰ ਕੈਂਸਲ ਕਰਨ ਦਾ ਫ਼ੈਸਲਾ, ਬਾਇ-ਅਮੈਰਿਕਨ ਵਰਗੀਆਂ ਨੀਤੀਆਂ ਨੂੰ ਤਰਜੀਹ ਅਤੇ ਕੁਝ ਵੈਕਸੀਨ ਸਲਪਾਈਆਂ ਰੋਕਣ ਵਰਗੇ ਫ਼ੈਸਲੇ ਵੀ ਦੋਵੇਂ ਮੁਲਕਾਂ ਵਿਚ ਕੁਝ ਤਣਾਅ ਦੇ ਕਾਰਕ ਬਣੇ ਸਨ।

ਉਸਤੋਂ ਬਾਅਦ ਕੁਝ ਅਹਿਮ ਮੁੱਦਿਆਂ, ਜਿਵੇਂ ਨੈਕਸਸ ਪ੍ਰੋਗਰਾਮ (ਨਵੀਂ ਵਿੰਡੋ) ਅਤੇ ਅਮਰੀਕਾ ਦੇ ਇਲੈਕਟ੍ਰਿਕ ਵਾਹਨ ਟੈਕਸ ਕ੍ਰੈਡਿਟ ਪ੍ਰੋਗਰਾਮ (ਨਵੀਂ ਵਿੰਡੋ) ਵਿਚ ਕੈਨੇਡਾ ‘ਚ ਬਣੇ ਵਾਹਨਾਂ ਨੂੰ ਸ਼ਾਮਲ ਕਰਨ, ‘ਤੇ ਸਾਰਥਕ ਪ੍ਰਗਤੀ ਦੇਖਣ ਨੂੰ ਮਿਲੀ ਹੈ।

ਇਸ ਤੋਂ ਇਲਾਵਾ ਰੇਡੀਓ ਕੈਨੇਡਾ ਨੂੰ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਟ੍ਰੂਡੋ ਸਰਕਾਰ ਅਤੇ ਅਮਰੀਕਾ ਦਰਮਿਆਨ ਅਨਿਮਯਿਤ ਪਰਵਾਸ ਨੂੰ ਲੈਕੇ ਸਮਝੌਤਾ ਹੋ ਗਿਆ ਹੈ ਜਿਸ ਤਹਿਤ ਫ਼ੈਡਰਲ ਸਰਕਾਰ ਨੂੰ ਕੈਨੇਡਾ-ਅਮਰੀਕਾ ਬਾਰਡਰ ‘ਤੇ ਰੌਕਸਮ ਰੋਡ ਨੂੰ ਬੰਦ ਕਰਨ ਦੀ ਆਗਿਆ ਹੋਵੇਗੀ।ਪਿਛਲੇ ਲੰਬੇ ਸਮੇਂ ਤੋਂ ਇਸ ਅਨਿਯਮਿਤ ਬਾਰਡਰ ਕਰਾਸਿੰਗ ਰਾਹੀਂ ਹਜ਼ਾਰਾਂ ਪਨਾਹਗੀਰ ਅਮਰੀਕਾ ਤੋਂ ਕੈਨੇਡਾ ਦਾਖ਼ਲ ਹੁੰਦੇ ਰਹੇ ਹਨ, ਜਿਸ ਕਰਕੇ ਇਹ ਲਾਂਘਾ ਦੋਵੇਂ ਮੁਲਕਾਂ ਦਰਮਿਆਨ ਤਣਾਅ ਦਾ ਮੁੱਦਾ ਰਿਹਾ ਹੈ।

ਦੋਵੇਂ ਦੋਸ਼ਾਂ ਦੇ ਡਿਪਲੋਮੈਟਾਂ ਨੂੰ ਉਮੀਦ ਹੈ ਕਿ ਇਸ ਦੌਰੇ ਦੌਰਾਨ ਹੋਰ ਸਮਝੌਤਿਆਂ ਦਾ ਵੀ ਐਲਾਨ ਹੋ ਸਕਦਾ ਹੈ।

ਰਾਸ਼ਟਰਪਤੀ ਬਾਈਡਨ ਦੇ ਨਾਲ ਐਨਰਜੀ ਸੈਕਟਰੀ, ਜੈਨੀਫ਼ਰ ਗ੍ਰੈਨਹੌਲਮ, ਰਾਸ਼ਟਰੀ ਸੁਰੱਖਿਆ ਸਲਾਹਕਾਰ, ਜੇਕ ਸੁਲੀਵਨ, ਹੋਮਲੈਂਡ ਸੁਰੱਖਿਆ ਸਲਾਹਕਾਰ ਲਿਜ਼ ਸ਼ਰਵੁਡ-ਰੈਂਡਲ ਅਤੇ ਅਮਰੀਕਾ ਦੇ ਸਰਬਉੱਚ ਡਿਪਲੋਮੈਟ, ਸੈਕਟਰੀ ਔਫ਼ ਸਟੇਟ ਐਂਟਨੀ ਬਲਿੰਕਨ ਵੀ ਪਹੁੰਚੇ ਹਨ।

ਇਸ ਸੂਚੀ ਤੋਂ ਪ੍ਰਤੀਤ ਹੁੰਦਾ ਹੈ ਕੁਦਰਤੀ ਸਰੋਤਾਂ, ਬਾਰਡਰ ਅਤੇ ਵਿਦੇਸ਼ੀ ਦਖ਼ਲ ‘ਤੇ ਵੀ ਕੋਈ ਅਹਿਮ ਐਲਾਨ ਹੋ ਸਕਦੇ ਹਨ।

ਜੋਅ ਬਾਈਡਨ ਦੇ ਪਹਿਲੇ ਅਧਿਕਾਰਤ ਕੈਨੇਡਾ ਦੌਰੇ ਦਾ ਸਿੱਧਾ ਪ੍ਰਸਾਰਣ ਸ਼ੁੱਕਰਵਾਰ ਦੁਪਹਿਰ 1 ਵਜੇ (ET) ਸੀਬੀਸੀ ਟੀਵੀ, ਸੀਬੀਸੀ ਨਿਊਜ਼ ਨੈਟਵਰਕ, ਸੀਬੀਸੀ ਜੈਮ (ਨਵੀਂ ਵਿੰਡੋ), ਸੀਬੀਸੀ ਨਿਊਜ਼ ਐਪ ਅਤੇ ਯੂਟਿਊਬ (ਨਵੀਂ ਵਿੰਡੋ) ‘ਤੇ ਦੇਖਿਆ ਜਾ ਸਕਦਾ ਹੈ। 1.30 ਵਜੇ ਤੋਂ ਸੀਬੀਸੀ ਰੇਡੀਓ ਅਤੇ ਸੀਬੀਸੀ ਲਿਸਨ ਐਪ ‘ਤੇ ਵੀ ਇਹ ਪ੍ਰਸਾਰਣ ਉਪਲਬਧ ਹੋਵੇਗਾ।

ਜੌਨ ਪੌਲ ਟਸਕਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ