1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਰੌਕਸਮ ਰੋਡ ਨੂੰ ਬੰਦ ਕਰਨ ਬਾਬਤ ਕੈਨੇਡਾ ਅਤੇ ਅਮਰੀਕਾ ਦਰਮਿਆਨ ਸਮਝੌਤਾ: ਸੂਤਰ

ਇਸ ਗ਼ੈਰ-ਨਿਯਮਿਤ ਸਰਹੱਦੀ ਲਾਂਘੇ ਰਾਹੀਂ ਵੱਡੀ ਗਿਣਤੀ ਵਿਚ ਪਨਾਹਗੀਰਾਂ ਦਾ ਕੈਨੇਡਾ ਆਉਣਾ ਦੋਵੇਂ ਦੇਸ਼ਾਂ ਦਰਮਿਆਨ ਤਣਾਅ ਦਾ ਮੁੱਦਾ ਹੈ

ਰੌਕਸਮ ਰੋਡ

9 ਫ਼ਰਵਰੀ ਨੂੰ ਰੌਕਸਮ ਰੋਡ ਰਾਹੀਂ ਅਮਰੀਕਾ ਤੋਂ ਕੈਨੇਡਾ ਦਾਖ਼ਲ ਹੁੰਦਾ ਪਨਾਹਗੀਰਾਂ ਦਾ ਇੱਕ ਪਰਿਵਾਰ।ਰੇਡੀਓ ਕੈਨੇਡਾ ਨੂੰ ਜਾਣਕਾਰੀ ਮਿਲੀ ਹੈ ਕਿ ਟ੍ਰੂਡੋ ਸਰਕਾਰ ਅਤੇ ਅਮਰੀਕਾ ਦਰਮਿਆਨ ਅਨਿਮਯਿਤ ਪਰਵਾਸ ਨੂੰ ਲੈਕੇ ਸਮਝੌਤਾ ਹੋਇਆ ਹੈ ਜਿਸ ਤਹਿਤ ਫ਼ੈਡਰਲ ਸਰਕਾਰ ਨੂੰ ਕੈਨੇਡਾ-ਅਮਰੀਕਾ ਬਾਰਡਰ ‘ਤੇ ਰੌਕਸਮ ਰੋਡ ਨੂੰ ਬੰਦ ਕਰਨ ਦੀ ਆਗਿਆ ਹੋਵੇਗੀ।

ਤਸਵੀਰ: La Presse canadienne / Ryan Remiorz

RCI

ਰੇਡੀਓ ਕੈਨੇਡਾ ਨੂੰ ਜਾਣਕਾਰੀ ਮਿਲੀ ਹੈ ਕਿ ਟ੍ਰੂਡੋ ਸਰਕਾਰ ਅਤੇ ਅਮਰੀਕਾ ਦਰਮਿਆਨ ਅਨਿਮਯਿਤ ਪਰਵਾਸ ਨੂੰ ਲੈਕੇ ਸਮਝੌਤਾ ਹੋਇਆ ਹੈ ਜਿਸ ਤਹਿਤ ਫ਼ੈਡਰਲ ਸਰਕਾਰ ਨੂੰ ਕੈਨੇਡਾ-ਅਮਰੀਕਾ ਬਾਰਡਰ ‘ਤੇ ਰੌਕਸਮ ਰੋਡ ਨੂੰ ਬੰਦ ਕਰਨ ਦੀ ਆਗਿਆ ਹੋਵੇਗੀ।

ਸੂਤਰਾਂ ਨੇ ਰੇਡੀਓ-ਕੈਨੇਡਾ ਨੂੰ ਦੱਸਿਆ ਕਿ ਕੈਨੇਡਾ ਸਰਕਾਰ ਨੇ ਅਧਿਕਾਰਤ ਲਾਂਘਿਆਂ ਰਾਹੀਂ ਕੁਝ ਪਰਵਾਸੀਆਂ ਨੂੰ ਆਗਿਆ ਦੇਣ ਲਈ ਸਹਿਮਤੀ ਦਿੱਤੀ ਹੈ। ਸਮਝੌਤੇ ਦੇ ਸਟੀਕ ਵੇਰਵੇ ਅਜੇ ਸਪਸ਼ਟ ਨਹੀਂ ਹਨ।

ਰੌਕਸਮ ਰੋਡ ਮੌਂਟਰੀਅਲ ਤੋਂ ਕਰੀਬ 50 ਕਿਲੋਮੀਟਰ ਦੱਖਣ ਵੱਲ ਕਿਊਬੈਕ-ਨਿਊ ਯੌਰਕ ਬਾਰਡਰ ‘ਤੇ ਪੈਂਦੀ ਹੈ। ਪਿਛਲੇ ਲੰਬੇ ਸਮੇਂ ਤੋਂ ਇਸ ਅਨਿਯਮਿਤ ਬਾਰਡਰ ਕਰਾਸਿੰਗ ਰਾਹੀਂ ਹਜ਼ਾਰਾਂ ਪਨਾਹਗੀਰ ਅਮਰੀਕਾ ਤੋਂ ਕੈਨੇਡਾ ਦਾਖ਼ਲ ਹੁੰਦੇ ਰਹੇ ਹਨ, ਜਿਸ ਕਰਕੇ ਇਹ ਲਾਂਘਾ ਦੋਵੇਂ ਮੁਲਕਾਂ ਦਰਮਿਆਨ ਤਣਾਅ ਦਾ ਮੁੱਦਾ ਰਿਹਾ ਹੈ।

ਇਹ ਖ਼ਬਰ ਉਦੋਂ ਆਈ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੋ ਰੋਜ਼ਾ ਦੌਰੇ ‘ਤੇ ਕੈਨੇਡਾ ਆ ਰਹੇ ਹਨ। ਵੀਰਵਾਰ ਨੂੰ ਬਾਈਡਨ ਨੇ ਕੈਨੇਡਾ ਆਉਣਾ ਹੈ ਅਤੇ ਸ਼ੁੱਕਰਵਾਰ ਰਾਤ ਨੂੰ ਉਨ੍ਹਾਂ ਦੀ ਵਾਪਸੀ ਹੈ। ਫ਼ਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਉਕਤ ਸਮਝੌਤੇ ਦਾ ਐਲਾਨ ਇਸ ਫ਼ੇਰੀ ਦੌਰਾਨ ਹੀ ਕੀਤਾ ਜਾਵੇਗਾ ਜਾਂ ਇਸ ਤੋਂ ਬਾਅਦ ਕੀਤਾ ਜਾਵੇਗਾ।

ਵਿਰੋਧੀ ਪਾਰਟੀਆਂ ਅਤੇ ਕਿਊਬੈਕ ਸਰਕਾਰ ਟ੍ਰੂਡੋ ਸਰਕਾਰ ‘ਤੇ ਰੌਕਸਮ ਰੋਡ ਨੂੰ ਲੈਕੇ ਦਬਾਅ ਪਾਉਂਦੀਆਂ ਰਹੀਆਂ ਹਨ। ਅਨਿਯਮਿਤ ਸਰਹੱਦੀ ਲਾਂਘੇ ਰਾਹੀਂ ਵੱਡੀ ਗਿਣਤੀ ਵਿਚ ਪਨਾਹਗੀਰਾਂ ਦੇ ਕੈਨੇਡਾ ਪਹੁੰਚਣ ‘ਤੇ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਅਤੇ ਕਿਊਬੈਕ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਨੇ ਇਸ ਲਾਂਘੇ ਨੂੰ ਬੰਦ ਕਰਨ ਦੀ ਮੰਗ ਕੀਤੀ ਸੀ। ਲਿਗੋਅ ਦਾ ਕਹਿਣਾ ਹੈ ਕਿ ਵੱਡੀ ਤਾਦਾਦ ਵਿਚ ਪਨਾਹਗੀਰਾਂ ਦੀ ਆਮਦ ਕਿਊਬੈਕ ਸਰਕਾਰ ਦੀਆਂ ਸੋਸ਼ਲ ਸਰਵਿਸਾਂ ‘ਤੇ ਬੋਝ ਪਾ ਰਹੀ ਹੈ।

ਸਰਕਾਰੀ ਅੰਕੜਿਆਂ ਦੇ ਅਨੁਸਾਰ, 2022 ਵਿੱਚ ਕੈਨੇਡਾ ਵਿੱਚ ਪਨਾਹ ਦੇ ਲਗਭਗ ਦੋ ਤਿਹਾਈ ਕਲੇਮ ਕਿਊਬਿਕ ਵਿੱਚ ਕੀਤੇ ਗਏ ਸਨ। ਲਗਭਗ 40,000 ਪਨਾਹਗੀਰਾਂ ਨੇ ਪਿਛਲੇ ਸਾਲ ਰੌਕਸਮ ਰੋਡ ਤੋਂ ਸਰਹੱਦ ਪਾਰ ਕੀਤੀ ਸੀ। ਪਰਵਾਸੀ ਮੁੱਖ ਤੌਰ 'ਤੇ ਹੇਤੀ, ਤੁਰਕੀ, ਕੋਲੰਬੀਆ, ਚਿਲੀ, ਪਾਕਿਸਤਾਨ ਅਤੇ ਵੈਨੇਜ਼ੁਏਲਾ ਤੋਂ ਸਨ।

ਟ੍ਰੂਡੋ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਰੌਕਸਮ ਰੋਡ ਨੂੰ ਬੰਦ ਕਰਨ ਦਾ ਇੱਕੋ ਇੱਕ ਹੱਲ ਸੇਫ਼ ਥਰਡ ਕੰਟਰੀ ਅਗਰੀਮੈਂਟ ‘ਤੇ ਮੁੜ-ਗੱਲਬਾਤ ਕਰਨਾ ਹੈ। ਪਰ ਅਮਰੀਕੀ ਰਾਜਦੂਤ ਡੇਵਿਡ ਕੋਹੇਨ ਨੇ ਕਿਹਾ ਸੀ ਕਿ ਇਸ ਨਾਲ ਅਨਿਯਮਿਤ ਪਰਵਾਸ ਨਾਲ ਨਜਿੱਠਣ ਵਿਚ ਬਹੁਤੀ ਮਦਦ ਨਹੀਂ ਮਿਲੇਗੀ।

ਸੇਫ਼ ਥਰਡ ਕੰਟਰੀ ਅਗਰੀਮੈਂਟ ਅਧੀਨ, ਕੈਨੇਡਾ ਅਤੇ ਅਮਰੀਕਾ ਨੇ ਇੱਕ ਦੂਸਰੇ ਨੂੰ ਪਨਾਹਗੀਰਾਂ ਲਈ ਸੁਰੱਖਿਅਤ ਐਲਾਨਿਆ ਹੋਇਆ ਹੈ ਅਤੇ ਪਨਾਹ ਮੰਗਣ ਵਾਲੇ ਸ਼ਖ਼ਸ ਨੂੰ ਪਹਿਲਾਂ ਪਹੁੰਚੇ ਦੇਸ਼ ਵਿਚ ਪਨਾਹ ਦਾ ਕਲੇਮ ਲਗਾਉਣਾ ਜ਼ਰੂਰੀ ਹੁੰਦਾ ਹੈ।  ਇਸ ਦਾ ਅਰਥ ਹੋਇਆ ਕਿ ਜਿਹੜੇ ਲੋਕ ਅਮਰੀਕਾ ਤੋਂ ਅਧਿਕਾਰਤ ਲਾਂਘੇ ਰਾਹੀਂ ਕੈਨੇਡਾ ਪਨਾਹ ਮੰਗਣ ਆਉਣਾ ਚਾਹੁੰਦੇ ਹਨ, ਉਹਨਾਂ ਨੂੰ ਪੋਰਟ ਔਫ਼ ਐਂਟਰੀ ਤੋਂ ਵਾਪਸ ਭੇਜ ਦਿੱਤਾ ਜਾਂਦਾ ਹੈ।

ਪਰ ਜੇ ਪਨਾਹਗੀਰ ਰੌਕਸਮ ਵਰਗੇ ਅਣਅਧਿਕਾਰਤ ਲਾਂਘੇ ਤੋਂ ਕੈਨੇਡਾ ਆਉਂਦੇ ਹਨ, ਤਾਂ ਉਹਨਾਂ ਦੀ ਅਪੀਲ ਸੁਣੀ ਜਾ ਸਕਦੀ ਹੈ।

ਸੂਤਰਾਂ ਨੇ ਰੇਡੀਓ ਕੈਨੇਡਾ ਨੂੰ ਦੱਸਿਆ ਕਿ ਕੈਨੇਡਾ ਦੀ ਵਿਦੇਸ਼ ਮੰਤਰੀ ਮੈਲੇਨੀ ਜੋਲੀ, ਅਤੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫ਼੍ਰੇਜ਼ਰ ਨੇ ਇਸ ਸਮਝੌਤੇ ਨੂੰ ਨੇਪਰੇ ਚਾੜ੍ਹਨ ਲਈ ਪਿਛਲੇ ਕਈ ਹਫ਼ਤਿਆਂ ਦੌਰਾਨ ਆਪਣੀ ਅਮਰੀਕੀ ਹਮਰੁਤਬਿਆਂ ਨਾਲ ਕੰਮ ਕੀਤਾ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ