1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਅੰਤਰਰਾਸ਼ਟਰੀ ਰਾਜਨੀਤੀ

ਪ੍ਰਧਾਨ ਮੰਤਰੀ ਮੋਦੀ ਦੀ ਮਾਣਹਾਨੀ ਦੇ ਮਾਮਲੇ ਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਦੋ ਸਾਲ ਦੀ ਸਜ਼ਾ

ਰਾਹੁਲ ਨੂੰ ਜ਼ਮਾਨਤ ਮਿਲੀ, ਸਜ਼ਾ ‘ਤੇ 30 ਦਿਨ ਲਈ ਰੋਕ, ਪਰ ਉਹ 2024 ਦੀਆਂ ਚੋਣਾਂ ਲਈ ਅਯੋਗ ਹੋ ਸਕਦੇ ਹਨ

ਭਾਰਤ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ

ਭਾਰਤ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੂੰ ਸੂਰਤ ਦੀ ਇੱਕ ਅਦਾਲਤ ਨੇ ਮਾਣਹਾਨੀ ਮਾਮਲੇ ਵਿਚ ਦੋ ਸਾਲ ਦੀ ਸਜ਼ਾ ਸੁਣਾਈ ਹੈ।

ਤਸਵੀਰ: (Adnan Abidi/Reuters)

RCI

ਭਾਰਤ ਵਿਚ ਇਕ ਹੇਠਲੀ ਅਦਾਲਤ ਨੇ ਕਾਂਗਰਸ ਲੀਡਰ ਰਾਹੁਲ ਗਾਂਧੀ ਨੂੰ ਮਾਣਹਾਨੀ ਦੇ ਇੱਕ ਮਾਮਲੇ ਵਿਚ ਦੋਸ਼ੀ ਕਰਾਰ ਦਿੰਦਿਆਂ ਦੋ ਸਾਲ ਦੀ ਸਜ਼ਾ ਸੁਣਾਈ ਹੈ। 2019 ਵਿਚ ਇੱਕ ਭਾਸ਼ਣ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਸੀ ਕਿ “ਸਾਰੇ ਚੋਰਾਂ ਦੀ ਗੋਤ ਮੋਦੀ ਕਿਉਂ ਹੁੰਦੀ ਹੈ”?

ਰਾਹੁਲ ਗਾਂਧੀ ਇਸ ਫ਼ੈਸਲੇ ਖ਼ਿਲਾਫ਼ ਉੱਚ ਅਦਾਲਤ ਵਿਚ ਅਪੀਲ ਕਰਨਗੇ। ਪਰ ਉਨ੍ਹਾਂ ਦੇ ਜੇਲ ਜਾਣ ਜਾਂ ਚੋਣਾਂ ਲੜ੍ਹਨ ਤੋਂ ਅਯੋਗ ਕਰਾਰ ਦਿੱਤੇ ਜਾਣ ਦਾ 2024 ਦੀਆਂ ਆਮ ਚੋਣਾਂ ਵਿਚ ਕਾਂਗਰਸ ਨੂੰ ਖ਼ਾਸਾ ਨੁਕਸਾਨ ਹੋ ਸਕਦਾ ਹੈ।

ਸੂਰਤ ਦੀ ਅਦਾਲਤ ਦੇ ਚੀਫ਼ ਜੁਡੀਸ਼ੀਅਲ ਮਜਿਸਟ੍ਰੇਟ, ਹਰੀਸ਼ ਵਰਮਾ ਨੇ ਰਾਹੁੁਲ ਗਾਂਧੀ ਖ਼ਿਲਾਫ਼ ਸਜ਼ਾ ਸੁਣਾਈ ਹੈ। ਗੁਜਰਾਤ ਮੋਦੀ ਦਾ ਆਪਣਾ ਸੂਬਾ ਹੈ। ਭਾਜਪਾ ਨੇਤਾ ਅਤੇ ਵਿਧਾਇਕ ਪੂਰਨੇਸ਼ ਮੋਦੀ ਨੇ ਰਾਹੁਲ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ।

ਸ਼ਜਾ ਸੁਣਾਏ ਜਾਣ ਸਮੇਂ ਰਾਹੁਲ ਗਾਂਧੀ ਅਦਾਲਤ ’ਚ ਹਾਜ਼ਰ ਸਨ। ਰਾਹੁਲ ਨੂੰ ਇਸ ਮਾਮਲੇ ‘ਚ ਜ਼ਮਾਨਤ ਵੀ ਮਿਲ ਗਈ ਤੇ ਅਦਾਲਤ ਨੇ ਸਜ਼ਾ ‘ਤੇ 30 ਦਿਨ ਲਈ ਰੋਕ ਲਗਾ ਦਿੱਤੀ। 

ਸ਼ਿਕਾਇਤਕਰਤਾ ਦੇ ਵਕੀਲ ਕੇਤਨ ਰੇਸ਼ਮਵਾਲਾ ਨੇ ਕਿਹਾ ਕਿ ਅਦਾਲਤ ਨੇ ਪਾਇਆ ਕਿ ਰਾਹੁਲ ਗਾਂਧੀ ਦੀਆਂ ਟਿੱਪਣੀਆਂ ਅਪਮਾਨਜਨਕ ਸਨ।

ਕੇਂਦਰ ਸਰਕਾਰ ਦੀ ਇੱਕ ਸਲਾਹਕਾਰ, ਕੰਚਨ ਗੁਪਤਾ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਤੁਰੰਤ ਪਾਰਲੀਮੈਂਟ ਤੋਂ ਅਯੋਗ ਕੀਤਾ ਜਾ ਸਕਦਾ ਹੈ।

ਨਰਿੰਦਰ ਮੋਦੀ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 31 ਜਨਵਰੀ ਨੂੰ ਦਿੱਲੀ ਵਿਚ ਇੱਕ ਸਮਾਗਮ ਦੀ ਤਸਵੀਰ। ਮੋਦੀ ਦੀ ਭਾਰਤੀ ਜਨਤਾ ਪਾਰਟੀ ਦੇ ਇੱਕ ਵਿਧਾਇਕ ਨੇ ਰਾਹੁਲ ਗਾਂਧੀ ਖ਼ਿਲਾਫ਼ ਸ਼ਿਕਾਇਤ ਕੀਤੀ ਸੀ।

ਤਸਵੀਰ: (Adnan Abidi/Reuters)

ਕਾਂਗਰਸ ਬੁਲਾਰੇ ਅਤੇ ਵਕੀਲ ਅਭਿਸ਼ੇਕ ਸਿੰਘਵੀ ਨੇ ਕਿਹਾ ਕਿ ਪਾਰਟੀ ਨੂੰ ਰਾਹੁਲ ਗਾਂਧੀ ਦੇ ਅਯੋਗ ਹੋਣ ਦਾ ਡਰ ਹੈ।

ਉਨ੍ਹਾਂ ਕਿਹਾ ਕਿ ਅਯੋਗਤਾ ਦਾ ਮੁੱਦਾ ਸਜ਼ਾ ਦੀ ਰੋਕ ‘ਤੇ ਨਿਰਭਰ ਕਰਦਾ ਹੈ।

ਕੋਈ ਵੀ ਵਾਜਬ ਸਿਸਟਮ- ਕੋਈ ਵੀ ਵਾਜਬ, ਨਿਰਪੱਖ, ਗੈਰ-ਦਮਨਕਾਰੀ, ਗੈਰ-ਪੱਖਪਾਤੀ ਸਿਸਟਮ- ਕਿਸੇ ਵਿਅਕਤੀ ਨੂੰ ਸਜ਼ਾ ‘ਤੇ ਰੋਕ ਲਗਾਉਣ ਲਈ ਕੁਝ ਕਾਨੂੰਨੀ ਕਦਮ ਚੁੱਕਣ ਲਈ ਸਮਾਂ ਦੇਵੇਗਾ

2019 ਦੀਆਂ ਪਿਛਲੀ ਆਮ ਚੋਣਾਂ ਦੌਰਾਨ ਰਾਹੁਲ ਗਾਂਧੀ ਨੇ ਮੁਲਕ ਵਿਚ ਭ੍ਰਿਸ਼ਟਾਚਾਰ ਬਾਰੇ ਬੋਲਦਿਆਂ ਦੋ ਭਗੋੜੇ ਕਾਰੋਬਾਰੀਆਂ ਦਾ ਜ਼ਿਕਰ ਕੀਤਾ ਸੀ, ਜਿਨ੍ਹਾਂ ਦੋਵਾਂ ਦੀ ਗੋਤ ਮੋਦੀ ਸੀ।

ਵੀਰਵਾਰ ਨੂੰ ਸਾਬਕਾ ਕਾਂਗਰਸ ਪ੍ਰੈਜ਼ੀਡੈਂਟ ਅਤੇ ਪ੍ਰਭਾਵਸ਼ਾਲੀ ਸੰਸਦ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਟਿੱਪਣੀਆਂ ਕਿਸੇ ਭਾਈਚਾਰੇ ਦੇ ਵਿਰੁੱਧ ਨਹੀਂ ਸਨ।

ਕਾਂਗਰਸ ਮੈਂਬਰਾਂ ਅਤੇ ਕਈ ਸੂਬਾਈ ਕਾਂਗਰਸ ਯੂਨਿਟਾਂ ਨੇ ਰਾਹੁਲ ਗਾਂਧੀ ਦੇ ਸਮਰਥਨ ਵਿਚ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਹੈ।

ਕਾਂਗਰਸ ਪ੍ਰੈਜ਼ੀਡੈਂਟ, ਮਲਿਕਾਅਰਜੁਨ ਖਾੜਗੇ ਨੇ ਕਿਹਾ ਕਿ ਮੋਦੀ ਸਰਕਾਰ ਸਿਆਸੀ ਦਿਵਾਲੀਏਪਨ ਤੋਂ ਪੀੜਤ ਹੈ। ਉਨ੍ਹਾਂ ਕਿਹਾ, ਅਸੀਂ ਉੱਚ ਅਦਾਲਤ ਵਿਚ ਅਪੀਲ ਕਰਾਂਗੇ

ਉੱਧਰ ਦਿੱਲੀ ਵਿਚ ਸ਼ਾਸਨ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਰਾਹੁਲ ਗਾਂਧੀ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਖ਼ਿਲਾਫ਼ ਦੋਸ਼ਾਂ ਨੂੰ ਘੜਿਆ ਗਿਆ ਹੈ।

ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ, ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, ਕਾਂਗਰਸ ਨਾਲ ਸਾਡੇ ਮਤਭੇਦ ਹਨ ਪਰ ਰਾਹੁਲ ਗਾਂਧੀ ਨੂੰ ਇਸ ਤਰ੍ਹਾਂ ਮਾਣਹਾਨੀ ਦੇ ਕੇਸ ਵਿੱਚ ਫਸਾਉਣਾ ਠੀਕ ਨਹੀਂ ਹੈ। ਸਵਾਲ ਪੁੱਛਣਾ ਜਨਤਾ ਅਤੇ ਵਿਰੋਧੀ ਧਿਰ ਦਾ ਕੰਮ ਹੈ। ਅਸੀਂ ਅਦਾਲਤ ਦਾ ਸਨਮਾਨ ਕਰਦੇ ਹਾਂ ਪਰ ਫੈਸਲੇ ਨਾਲ ਅਸਹਿਮਤ ਹਾਂ

ਥੌਮਸਨ ਰੋਏਟਰਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ