- ਮੁੱਖ ਪੰਨਾ
- ਸਮਾਜ
- ਇਮੀਗ੍ਰੇਸ਼ਨ
2022 ਦੌਰਾਨ ਕੈਨੇਡਾ ਦੀ ਆਬਾਦੀ ਵਿਚ ਹੋਇਆ 1 ਮਿਲੀਅਨ ਵਾਧਾ: ਸਟੈਟਿਸਟਿਕਸ ਕੈਨੇਡਾ
ਅੰਤਰਰਾਸ਼ਟਰੀ ਪਰਵਾਸ ਨੇ ਪਾਇਆ ਵੱਡਾ ਯੋਗਦਾਨ

ਨਵੇਂ ਅੰਕੜਿਆਂ ਅਨੁਸਾਰ 2022 ਦੌਰਾਨ ਇਤਿਹਾਸ ਵਿੱਚ ਪਹਿਲੀ ਵਾਰ ਕੈਨੇਡਾ ਦੀ ਆਬਾਦੀ ਵਿੱਚ 1 ਮਿਲੀਅਨ ਤੋਂ ਵੱਧ ਲੋਕਾਂ ਦਾ ਵਾਧਾ ਹੋਇਆ ਹੈ।
ਤਸਵੀਰ: Radio-Canada / Jean-Claude Taliana
ਸਟੈਟਿਸਟਿਕਸ ਕੈਨੇਡਾ ਨੇ ਬੁੱਧਵਾਰ ਨੂੰ ਕਿਹਾ ਕਿ 2022 ਦੌਰਾਨ ਇਤਿਹਾਸ ਵਿੱਚ ਪਹਿਲੀ ਵਾਰ ਕੈਨੇਡਾ ਦੀ ਆਬਾਦੀ ਵਿੱਚ 1 ਮਿਲੀਅਨ ਤੋਂ ਵੱਧ ਲੋਕਾਂ ਦਾ ਵਾਧਾ ਹੋਇਆ ਹੈ। ਇਹ ਤਕਰੀਬਨ ਸਾਰਾ ਹੀ ਵਾਧਾ ਪਰਵਾਸੀਆਂ ਅਤੇ ਅਸਥਾਈ ਨਿਵਾਸੀਆਂ ਦੇ ਵਾਧੇ ਕਾਰਨ ਦਰਜ ਕੀਤਾ ਗਿਆ ਹੈ।
1 ਜਨਵਰੀ 2023 ਤੱਕ, ਪਿਛਲੇ 12 ਮਹੀਨਿਆਂ ਵਿਚ ਕੈਨੇਡਾ ਦੀ ਆਬਾਦੀ ਵਿਚ 1.05 ਮਿਲੀਅਨ ਵਾਧਾ ਹੋਇਆ ਅਤੇ ਕੁਲ ਆਬਾਦੀ 39.57 ਮਿਲੀਅਨ ਦਰਜ ਹੋਈ। ਸਟੈਟਕੈਨ ਅਨੁਸਾਰ ਇਸ ਵਾਧੇ ਦਾ ਕਰੀਬ 96% ਹਿੱਸਾ ਅੰਤਰਰਾਸ਼ਟਰੀ ਮਾਈਗ੍ਰੇਸ਼ਨ ਦਾ ਹੈ।
ਇਸ ਵਾਧੇ ਨੇ ਕੈਨੇਡਾ ਨੂੰ ਜੀ-7 ਦੇਸ਼ਾਂ ਵਿਚ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋਣ ਵਾਲੇ ਮੁਲਕ ਵੱਜੋਂ ਬਰਕਰਾਰ ਰੱਖਿਆ ਹੈ। ਕੈਨੇਡਾ ਦੀ ਆਬਾਦੀ ਵਿਕਾਸ ਦਰ 2.7 % ਦਰਜ ਹੋਈ ਅਤੇ ਇਸ ਹਿਸਾਬ ਨਾਲ ਆਉਂਦੇ ਕਰੀਬ 26 ਸਾਲਾਂ ਵਿਚ ਮੁਲਕ ਦੀ ਆਬਾਦੀ ਦੁੱਗਣੀ ਹੋ ਜਾਵੇਗੀ।
ਆਰਥਿਕਤਾ ਨੂੰ ਚਲਦਾ ਰੱਖਣ ਅਤੇ ਬੁੱਢੀ ਹੁੰਦੀ ਆਬਾਦੀ ਦੀ ਸਮੱਸਿਆ ਨਾਲ ਨਜਿੱਠਣ ਲਈ, ਕੈਨੇਡਾ ਨੂੰ ਇਮੀਗ੍ਰੇਸ਼ਨ ਦੀ ਜ਼ਰੂਰਤ ਹੈ ਅਤੇ 2015 ਵਿਚ ਸੱਤਾ ਵਿਚ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੀ ਲਿਬਰਲ ਸਰਕਾਰ ਨੇ ਇਮੀਗ੍ਰੇਸ਼ਨ ਨੂੰ ਕਾਫ਼ੀ ਹੁਲਾਰਾ ਦਿੱਤਾ ਹੈ।
ਇਸ ਤੋਂ ਇਲਾਵਾ ਕੈਨੇਡਾ ਸਰਕਾਰ ਸੰਕਟ ਪ੍ਰਭਾਵਿਤ ਮੁਲਕਾਂ ਜਿਵੇਂ ਯੂਕਰੇਨ, ਅਫ਼ਗ਼ਾਨਿਸਤਾਨ, ਤੁਰਕੀ ਅਤੇ ਸੀਰੀਆ ਤੋਂ ਵੀ ਲੋਕਾਂ ਨੂੰ ਕੈਨੇਡਾ ਵਿਚ ਅਸਥਾਈ ਤੌਰ ‘ਤੇ ਸੈਟਲ ਕਰਨ ਲਈ ਵਿਸ਼ੇਸ਼ ਪਹਿਲਕਦਮੀਆਂ ਕਰ ਰਹੀ ਹੈ।
ਬੁੱਧਵਾਰ ਨੂੰ ਕੈਨੇਡਾ ਨੇ ਯੂਕਰੇਨੀਆਂ ਲਈ ਐਮਰਜੈਂਸੀ ਟ੍ਰੈਵਲ ਪ੍ਰੋਗਰਾਮ ਨੂੰ ਵਧਾਉਣ ਦਾ ਐਲਾਨ ਕੀਤਾ ਹੈ।
ਯੂਕਰੇਨੀਅਨਾਂ ਕੋਲ ਹੁਣ ਕੈਨੇਡਾ-ਯੂਕਰੇਨ ਔਥਰਾਈਜ਼ੇਸ਼ਨ ਫ਼ੌਰ ਐਮਰਜੈਂਸੀ ਟ੍ਰੈਵਲ (ਨਵੀਂ ਵਿੰਡੋ)(CAUET) ਪ੍ਰੋਗਰਾਮ ਲਈ ਅਰਜ਼ੀ ਦੇਣ ਲਈ 15 ਜੁਲਾਈ, 2023 ਤੱਕ ਦਾ ਸਮਾਂ ਹੋਵੇਗਾ।
ਇਸ ਵਿਸ਼ੇਸ਼ ਇਮੀਗ੍ਰੇਸ਼ਨ ਪ੍ਰੋਗਰਾਮ ਤਹਿਤ ਯੂਕਰੇਨੀ ਨਾਗਰਿਕ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ, ਭਾਵੇਂ ਉਹਨਾਂ ਦੀ ਕੋਈ ਵੀ ਨਾਗਰਿਕਤਾ ਹੋਵੇ, ਤਿੰਨ ਸਾਲ ਤੱਕ ਕੈਨੇਡਾ ਆਕੇ ਰਹਿ ਸਕਦੇ ਹਨ ਅਤੇ ਕੰਮ ਕਰ ਸਕਦੇ ਹਨ।
ਮਾਰਚ 2022 ਵਿਚ ਸ਼ੁਰੂ ਹੋਣ ਤੋਂ ਬਾਅਦ ਸਰਕਾਰ ਨੂੰ ਇਸ ਪ੍ਰੋਗਰਾਮ ਲਈ ਕਰੀਬ ਇੱਕ ਮਿਲੀਅਨ ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਅਤੇ ਉਨ੍ਹਾਂ ਵਿਚੋਂ 616,429 ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਰਿਕਾਰਡ ਅੰਤਰਰਾਸ਼ਟਰੀ ਪਰਵਾਸ
2022 ਦੌਰਾਨ ਕੈਨੇਡਾ ਨੇ 437,180 ਇਮੀਗ੍ਰੈਂਟਸ ਨੂੰ ਸ਼ਾਮਲ ਕੀਤਾ ਅਤੇ ਗ਼ੈਰ-ਪਰਮਾਨੈਂਟ ਰੈਜ਼ੀਡੈਂਟਸ ਦੀ ਤਾਦਾਦ ਵੀ 607,782 ਦਰਜ ਕੀਤੀ ਗਈ।
ਸਟੈਟਿਸਟਿਕਸ ਕੈਨੇਡਾ ਅਨੁਸਾਰ ਦੋਵੇਂ ਅੰਕੜੇ ਰਿਕਾਰਡ ਪੱਧਰ ਅਤੇ ਉੱਚ ਇਮੀਗ੍ਰੇਸ਼ਨ ਟੀਚਿਆਂ ਨੂੰ ਦਰਸਾਉਂਦੇ ਹਨ ਅਤੇ ਇਹ ਇਮੀਗ੍ਰੇਸ਼ਨ ਅਰਜ਼ੀਆਂ ਦੀ ਪ੍ਰੋਸੈਸਿੰਗ ਦਾ ਵੀ ਰਿਕਾਰਡ ਪੱਧਰ ਹੈ।
ਪਰ ਨਾਲ ਹੀ ਏਜੰਸੀ ਨੇ ਕਿਹਾ ਕਿ ਅੰਤਰਰਾਸ਼ਟਰੀ ਪਰਵਾਸ ਵਿਚ ਵਾਧਾ ਮੁਲਕ ਦੇ ਕੁਝ ਇਲਾਕਿਆਂ ਵਿਚ ਹਾਊਸਿੰਗ, ਟ੍ਰਾਂਸਪੋਰਟੇਸ਼ਨ ਅਤੇ ਹੋਰ ਸੇਵਾਵਾਂ ਲਈ ਵਾਧੂ ਚੁਣੌਤੀਆਂ ਵੀ ਦਰਸਾ ਸਕਦਾ ਹੈ।
ਸਟੈਟਿਸਟਿਕਸ ਕੈਨੇਡਾ ਆਬਾਦੀ ਦੇ ਅੰਕੜਿਆਂ ਦੀ ਗਿਣਤੀ ਦੌਰਾਨ ਨਵੇਂ ਜਨਮਾਂ ਦੇ ਨਾਲ-ਨਾਲ ਪਰਮਾਨੈਂਟ ਅਤੇ ਗ਼ੈਰ-ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਕਰਦਾ ਹੈ।
ਕੈਨੇਡਾ ਦੀ ਇਮੀਗ੍ਰੇਸ਼ਨ ਮਿਨਿਸਟਰੀ ਅਨੁਸਾਰ, ਕੈਨੇਡਾ ਦੀ ਲੇਬਰ ਫ਼ੋਰਸ ਦੇ ਵਿਕਾਸ ਵਿਚ ਇਮੀਗ੍ਰੇਸ਼ਨ ਦਾ ਯੋਗਦਾਨ ਲਗਭਗ 100 ਫ਼ੀਸਦੀ ਹੈ ਅਤੇ 2036 ਤੱਕ ਕੈਨੇਡਾ ਦੀ ਆਬਾਦੀ ਵਿਚੋਂ ਇਮੀਗ੍ਰੈਂਟਸ ਦੀ ਪ੍ਰਤੀਸ਼ਤਤਾ 30 % ਤੱਕ ਹੋਣ ਦਾ ਅਨੁਮਾਨ ਹੈ, ਜੋਕਿ 2011 ਵਿਚ 20.7 % ਸੀ।
ਲੰਘੇ ਨਵੰਬਰ ਮਹੀਨੇ ਫ਼ੈਡਰਲ ਸਰਕਾਰ ਨੇ 2025 ਤੱਕ ਹਰ ਸਾਲ 500,000 ਇਮੀਗ੍ਰੈਂਟਸ ਨੂੰ ਕੈਨੇਡਾ ਸੱਦਣ ਦਾ ਟੀਚਾ ਮਿੱਥਿਆ ਹੈ।
ਥੌਮਸਨ ਰੋਏਟਰਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ