1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਚੀਨ ਦੀ ਦਖ਼ਲਅੰਦਾਜ਼ੀ ਦੇ ਇਲਜ਼ਾਮਾਂ ਦੇ ਚਲਦਿਆਂ ਐਮਪੀ ਹੈਨ ਡੌਂਗ ਦਾ ਲਿਬਰਲ ਕੌਕਸ ਤੋਂ ਅਸਤੀਫ਼ਾ

ਸੁਤੰਤਰ ਐਮਪੀ ਵੱਜੋਂ ਪਾਰਲੀਮੈਂਟ ਵਿਚ ਬੈਠਣਗੇ

ਐਮਪੀ ਹੈਨ ਡੌਂਗ

ਹਾਊਸ ਔਫ਼ ਕੌਨਜ਼ ਦੇ ਬਾਹਰ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਕਰਦੇ ਲਿਬਰਲ ਐਮਪੀ ਹੈਨ ਡੌਂਗ।

ਤਸਵੀਰ: Chris Rands/CBC

RCI

ਕੈਨੇਡੀਅਨ ਮਾਮਲਿਆਂ ਵਿਚ ਚੀਨ ਸਰਕਾਰ ਦੀ ਦਖ਼ਲਅੰਦਾਜ਼ੀ ਦੇ ਇਲਜ਼ਾਮਾਂ ਦੇ ਕੇਂਦਰ ਵਿਚ ਆਏ ਐਮਪੀ ਹੈਨ ਡੌਂਗ ਨੇ ਲਿਬਰਲ ਕੌਕਸ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਸੁਤੰਤਰ ਐਮਪੀ ਵੱਜੋਂ ਪਾਰਲੀਮੈਂਟ ਵਿਚ ਬੈਠਣਗੇ।

ਗਲੋਬਲ ਨਿਊਜ਼ ਨੇ ਗੁਪਤ ਸੁਰੱਖਿਆ ਸੂਤਰਾਂ ਦਾ ਹਵਾਲਾ ਦਿੰਦਿਆਂ ਇੱਕ ਖ਼ਬਰ ਨਸ਼ਰ ਕੀਤੀ ਸੀ, ਜਿਸ ਵਿਚ ਇਹ ਇਲਜ਼ਾਮ ਲਗਾਇਆ ਗਿਆ ਸੀ ਕਿ ਡੌਂਗ ਨੇ ਕਥਿਤ ਤੌਰ ‘ਤੇ ਮਾਈਕਲ ਸਪੈਵਰ ਅਤੇ ਮਾਈਕਲ ਕੋਵਰਿਗ ਬਾਰੇ ਫ਼ਰਵਰੀ 2021 ਵਿਚ ਟੋਰੌਂਟੋ ਵਿਚ ਇੱਕ ਚੀਨ ਦੇ ਡਿਪਲੋਮੈਟ ਨਾਲ ਗੱਲ ਕੀਤੀ ਸੀ।

ਉਸ ਸਮੇਂ ਇਹ ਦੋਵੇਂ ਕੈਨੇਡੀਅਨਜ਼ ਦੋ ਸਾਲ ਤੋਂ ਵੱਧ ਸਮੇਂ ਤੋਂ ਚੀਨ ਵਿਚ ਨਜ਼ਰਬੰਦ ਸਨ। ਇਨ੍ਹਾਂ ਨੂੰ ਦਸੰਬਰ 2018 ਵਿਚ ਵੈਨਕੂਵਰ ਤੋਂ ਗ੍ਰਿਫ਼ਤਾਰ ਕੀਤੀ ਗਈ ਵੁਆਵੀ ਦੀ ਐਗਜ਼ੈਕਟਿਵ ਮੈਂਗ ਵੌਨਜ਼ੂ ਦੇ ਸਬੰਧ ਵਿਚ ਕਥਿਤ ਤੌਰ ‘ਤੇ ਬਦਲੇ ਦੀ ਕਾਰਵਾਈ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।

ਗਲੋਬਲ ਨਿਊਜ਼ ਨੇ ਰਿਪੋਰਟ ਕੀਤਾ ਕਿ ਡੌਂਗ ਨੇ ਚੀਨ ਦੇ ਕੌਂਸਲ ਜਨਰਲ ਨੂੰ ਕਿਹਾ ਸੀ ਕਿ ਦੋਵੇਂ ਮਾਈਕਲਾਂ ਨੂੰ ਰਿਹਾਅ ਕਰਨਾ ਵਿਰੋਧੀ ਕੰਜ਼ਰਵੇਟਿਵਜ਼ ਨੂੰ ਫ਼ਾਇਦਾ ਕਰੇਗਾ, ਪਰ ਇਸ ਮਾਮਲੇ ਵਿਚ ਕੁਝ ਪ੍ਰਗਤੀ ਜ਼ਾਹਰ ਹੋਣ ਨਾਲ ਲਿਬਰਲਾਂ ਨੂੰ ਮਦਦ ਮਿਲੇਗੀ।

ਟੋਰੌਂਟੋ ਇਲਾਕੇ ਦੇ ਡੌਨ ਵੈਲੀ ਨੌਰਥ ਹਲਕੇ ਤੋਂ ਐਮਪੀ, ਡੌਂਗ ਨੇ ਗਲੋਬਲ ਨਿਊਜ਼ ਨੂੰ ਕਿਹਾ ਕਿ ਉਹ ਚੀਨ ਦੇ ਕੌਂਸਲ ਜਨਰਲ ਨੂੰ ਮਿਲੇ ਸਨ, ਪਰ ਦੋਵੇਂ ਮਾਈਕਲਜ਼ ਬਾਰੇ ਗੱਲਬਾਤ ਨੂੰ ਜਿਵੇਂ ਦਰਸਾਇਆ ਗਿਆ ਹੈ ਉਹ ਸਰਾਸਰ ਗ਼ਲਤ ਹੈ।

ਡੌਂਗ ਨੇ ਹਾਊਸ ਔਫ਼ ਕੌਮਨਜ਼ ਵਿਚ ਕਿਹਾ, ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ: ਜੋ ਵੀ ਖ਼ਬਰ ਵਿਚ ਛਾਪਿਆ ਗਿਆ ਹੈ ਉਹ ਝੂਠ ਹੈ ਅਤੇ ਮੈਂ ਇਨ੍ਹਾਂ ਸਰਾਸਰ ਝੂਠੇ ਦਾਅਵਿਆਂ ਤੋਂ ਖ਼ੁਦ ਦਾ ਬਚਾਅ ਕਰਾਂਗਾ

ਮੈਂ ਤੁਹਾਨੂੰ ਇੱਕ ਪਾਰਲੀਮੈਂਟ ਮੈਂਬਰ ਅਤੇ ਇੱਕ ਵਿਅਕਤੀ ਦੇ ਤੌਰ ‘ਤੇ ਭਰੋਸਾ ਦਿਵਾਉਂਦਾ ਹਾਂ, ਮੈਂ ਕਦੇ ਵੀ ਕਿਸੇ ਵੀ ਕੈਨੇਡੀਅਨ ਦੇ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਕਿਤੇ ਵੀ ਉਲੰਘਣਾ ਦੀ ਵਕਾਲਤ ਜਾਂ ਸਮਰਥਨ ਨਹੀਂ ਕਰਾਂਗਾ

ਆਪਣੇ ਭਾਸ਼ਣ ਦੇ ਅੰਤ ਵਿਚ ਭਾਵੁਕ ਹੋਏ ਡੌਂਗ ਦੇ ਹੰਝੂ ਛਲਕ ਗਏ ਅਤੇ ਉਨ੍ਹਾਂ ਕੋਵਰਿਗ, ਸਪੈਵਰ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਵੀ ਜ਼ਿਕਰ ਕੀਤਾ।

ਮੈਂ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਲਈ ਕੁਝ ਨਹੀਂ ਕੀਤਾ

ਇਸ ਸਦਨ ਵਿੱਚ ਹਰ ਕਿਸੇ ਮੈਂਬਰ ਦੀ ਤਰ੍ਹਾਂ, ਮੈਂ ਇੱਕ ਐਮਪੀ ਵਜੋਂ ਉਨ੍ਹਾਂ ਦੇ ਹਿੱਤਾਂ ਲਈ ਸਖ਼ਤ ਮਿਹਨਤ ਅਤੇ ਵਕਾਲਤ ਕੀਤੀ ਹੈ

ਪ੍ਰਧਾਨ ਮੰਤਰੀ ਦਫਤਰ ਬੁੱਧਵਾਰ ਰਾਤ ਨੂੰ ਟਿੱਪਣੀ ਲਈ ਤੁਰੰਤ ਉਪਲਬਧ ਨਹੀਂ ਸੀ।

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੇ ਬੁਲਾਰੇ ਨੇ ਗਲੋਬਲ ਨਿਊਜ਼ ਨੂੰ ਦੱਸਿਆ ਕਿ ਪੀਐਮਓ ਨੂੰ ਫ਼ਰਵਰੀ 2021 ਦੀ ਗੱਲਬਾਤ ਬਾਰੇ ਉਦੋਂ ਤੱਕ ਪਤਾ ਨਹੀਂ ਸੀ ਜਦੋਂ ਤੱਕ ਮੀਡੀਆ ਦੇ ਸਵਾਲਾਂ ਤੋਂ ਬਾਅਦ ਡੌਂਗ ਨੇ ਦਫ਼ਤਰ ਨੂੰ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਸੀ।

ਗਲੋਬਲ ਨਿਊਜ਼ ਦੀ ਇੱਕ ਪਹਿਲਾਂ ਦੀ ਖ਼ਬਰ ਵਿਚ ਅਗਿਆਤ ਸੂਤਰਾਂ ਦਾ ਹਵਾਲਾ ਦਿੰਦਿਆਂ ਇਲਜ਼ਾਮ ਲਗਾਇਆ ਗਿਆ ਸੀ ਕਿ ਰਾਸ਼ਟਰੀ ਸੁਰੱਖਿਆ ਅਧਿਕਾਰੀਆਂ ਨੇ 2019 ਵਿਚ ਟ੍ਰੂਡੋ ਦੇ ਦਫ਼ਤਰ ਦੇ ਸੀਨੀਅਰ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਉਨ੍ਹਾਂ ਦਾ ਇੱਕ ਉਮੀਦਵਾਰ ਚੀਨ ਦੇ ਵਿਦੇਸ਼ੀ ਦਖ਼ਲ ਨੈਟਵਰਕ ਦਾ ਹਿੱਸਾ ਸੀ।

ਗਲੋਬਲ ਦੇ ਸੂਤਰਾਂ ਦਾ ਇਲਜ਼ਾਮ ਹੈ ਕਿ ਕੈਨੇਡੀਅਨ ਸਿਕਿਓਰਟੀ ਇੰਟੈਲੀਜੈਂਸ ਸਰਵਿਸ (CSIS) ਦਾ ਮੰਨਣਾ ਹੈ ਕਿ ਡੌਂਗ, ਜੋ 2021 ਵਿਚ ਦੁਬਾਰਾ ਚੁਣਿਆ ਗਿਆ ਸੀ, ਉਹ ਚੀਨ ਦੇ ਵਿਦੇਸ਼ੀ ਦਖ਼ਲ ਨੈਟਵਰਕ ਦਾ ਬਾਕਾਇਦਾ ਹਿੱਸਾ ਸੀ।

ਫ਼ਰਵਰੀ ਵਿਚ ਇਹ ਖ਼ਬਰ ਨਸ਼ਰ ਹੋਣ ਤੋਂ ਬਾਅਦ ਮੰਗਲਵਾਰ ਨੂੰ ਪਹਿਲੀ ਵਾਰੀ ਡੌਂਗ ਨੇ ਪੱਤਰਕਾਰਾਂ ਨਾਲ ਗੱਲ ਕੀਤੀ।

ਡੌਂਗ ਨੇ ਕਿਹਾ, ਮੇਰੀ ਨਾਮਜ਼ਦਗੀ ਜਾਂ ਚੋਣ ਮੁਹਿੰਗ ਦੌਰਾਨ, ਕਿਸੇ ਵਿਦੇਸ਼ੀ ਮੁਲਕ ਤੋਂ ਨਾ ਮੈਨੂੰ ਪੇਸ਼ਕਸ਼ ਹੋਈ, ਨਾ ਮੈਨੂੰ ਸੂਚਨਾ ਮਿਲੀ ਅਤੇ ਨਾ ਹੀ ਮੈਂ ਕੋਈ ਮਦਦ ਸਵੀਕਾਰ ਕਰਾਂਗਾ

ਡੌਂਗ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ CSIS, ਆਰਸੀਐਮਪੀ ਜਾਂ ਇਲੈਕਸ਼ਨਜ਼ ਕੈਨੇਡਾ, ਕਿਸੇ ਵੱਲੋਂ ਵੀ ਸੰਪਰਕ ਨ੍ਹੀਂ ਕੀਤਾ ਗਿਆ ਹੈ।

CSIS ਦੇ ਇੱਕ ਬੁਲਾਰੇ ਐਰਿਕ ਬੈਲਸਮ ਨੇ ਗੁਪਤਤਾ ਅਤੇ ਸੰਵੇਦਨਸ਼ੀਲ ਗਤੀਵਿਧੀਆਂ ਨੂੰ ਗੁਪਤ ਰੱਖੇ ਜਾਣ ਦਾ ਹਵਾਲਾ ਦਿੰਦਿਆਂ ਸੀਬੀਸੀ ਨੂੰ ਡੌਂਗ ਨੂੰ ਸੰਪਰਕ ਨਾ ਕਰਨ ਬਾਰੇ ਟਿੱਪਣੀ ਨ੍ਹੀਂ ਦਿੱਤੀ।

ਵਿਰੋਧੀ ਪਾਰਟੀਆਂ ਕੈਨੇਡੀਅਨ ਚੋਣਾਂ ਵਿਚ ਵਿਦੇਸ਼ੀ ਦਖ਼ਲ ਦੇ ਇਲਜ਼ਾਮਾਂ ਬਾਰੇ ਸੁਤੰਤਰ ਜਨਤਕ ਜਾਂਚ ਦੀ ਮੰਗ ਕਰ ਰਹੀਆਂ ਹਨ। ਉਨ੍ਹਾਂ ਦਾ ਇਲਜ਼ਾਮ ਹੈ ਕਿ ਲਿਬਰਲ ਸਰਕਾਰ ਦਖ਼ਲਅੰਦਾਜ਼ੀ ਦੇ ਮਾਮਲੇ ਨੂੰ ਢਕਣ ਦੀ ਕੋਸ਼ਿਸ਼ ਕਰ ਰਹੀ ਹੈ।

2021 ਦੀਆਂ ਚੋਣਾਂ ਵਿਚ ਵਿਦੇਸ਼ੀ ਦਖ਼ਲ ਦੀ ਜਾਂਚ ਕਰ ਰਹੇ ਇੱਕ ਪੈਨਲ ਨੇ ਸਿੱਟਾ ਕੱਢਿਆ ਸੀ ਕਿ ਵਿਦੇਸ਼ੀ ਦਖ਼ਲ ਨੇ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਨ੍ਹੀਂ ਕੀਤਾ ਸੀ।

CSIS ਚੀਨ ਸਰਕਾਰ ਦੀਆਂ ਵਿਦੇਸ਼ੀ ਦਖ਼ਲ ਦੀਆਂ ਕੋਸ਼ਿਸ਼ਾਂ ਨੂੰ ਰਾਸ਼ਟਰੀ ਸੁਰੱਖਿਆ ਲਈ ਸਭ ਤੋਂ ਵੱਡਾ ਰਣਨੀਤਕ ਖ਼ਤਰਾ ਮੰਨਦੀ ਹੈ।

ਕੈਥਰੀਨ ਟਨੀ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

The Canadian Press ਵੱਲੋਂ ਜਾਣਕਾਰੀ ਸਹਿਤ।

ਸੁਰਖੀਆਂ