1. ਮੁੱਖ ਪੰਨਾ
  2. ਰਾਜਨੀਤੀ
  3. ਇਮੀਗ੍ਰੇਸ਼ਨ

ਕੈਨੇਡਾ ਨੇ ਜੰਗ ਤੋਂ ਹਿਜਰਤ ਕਰ ਰਹੇ ਯੂਕਰੇਨੀਆਂ ਲਈ ਐਮਰਜੈਂਸੀ ਟ੍ਰੈਵਲ ਪ੍ਰੋਗਰਾਮ ਵਧਾਇਆ

ਪਿਛਲੇ ਇੱਕ ਸਾਲ ਵਿਚ ਕਰੀਬ 1 ਮਿਲੀਅਨ ਯੂਕਰੇਨੀ ਇਸ ਪ੍ਰੋਗਰਾਮ ਵਿਚ ਅਪਲਾਈ ਕਰ ਚੁੱਕੇ ਹਨ

ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫ਼੍ਰੇਜ਼ਰ

ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫ਼੍ਰੇਜ਼ਰ ਨੇ ਬੁੱਧਵਾਰ ਨੂੰ ਯੂਰਕੇਨੀਆਂ ਲਈ ਐਮਰਜੈਂਸੀ ਟ੍ਰੈਵਲ ਪ੍ਰੋਗਰਾਮ ਵਿਚ ਵਾਧਾ ਕਰਨ ਦਾ ਐਲਾਨ ਕੀਤਾ ਹੈ।

ਤਸਵੀਰ: La Presse canadienne / Adrian Wyld

RCI

ਫ਼ੈਡਰਲ ਸਰਕਾਰ ਯੂਕਰੇਨ ਸੰਕਟ ਚੋਂ ਹਿਜਰਤ ਕਰਕੇ ਆ ਰਹੇ ਲੋਕਾਂ ਨੂੰ ਅਸਥਾਈ ਤੌਰ ‘ਤੇ ਕੈਨੇਡਾ ਵਿਚ ਸੈਟਲ ਕਰਨ ਵਾਲੇ ਪ੍ਰੋਗਰਾਮ ਵਿਚ ਵਾਧਾ ਕਰ ਰਹੀ ਹੈ।

ਯੂਕਰੇਨੀਅਨਾਂ ਕੋਲ ਹੁਣ ਕੈਨੇਡਾ-ਯੂਕਰੇਨ ਔਥਰਾਈਜ਼ੇਸ਼ਨ ਫ਼ੌਰ ਐਮਰਜੈਂਸੀ ਟ੍ਰੈਵਲ (ਨਵੀਂ ਵਿੰਡੋ) (CAUET) ਪ੍ਰੋਗਰਾਮ ਲਈ ਅਰਜ਼ੀ ਦੇਣ ਲਈ 15 ਜੁਲਾਈ, 2023 ਤੱਕ ਦਾ ਸਮਾਂ ਹੋਵੇਗਾ।

ਇਸ ਵਿਸ਼ੇਸ਼ ਇਮੀਗ੍ਰੇਸ਼ਨ ਪ੍ਰੋਗਰਾਮ ਤਹਿਤ ਯੂਕਰੇਨੀ ਨਾਗਰਿਕ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ, ਭਾਵੇਂ ਉਹਨਾਂ ਦੀ ਕੋਈ ਵੀ ਨਾਗਰਿਕਤਾ ਹੋਵੇ, ਤਿੰਨ ਸਾਲ ਤੱਕ ਕੈਨੇਡਾ ਆਕੇ ਰਹਿ ਸਕਦੇ ਹਨ ਅਤੇ ਕੰਮ ਕਰ ਸਕਦੇ ਹਨ।

ਰੂਸ ਅਤੇ ਯੂਕਰੇਨ ਦਰਮਿਆਨ ਟਕਰਾਅ 2014 ਤੋਂ ਚਲ ਰਿਹਾ ਹੈ, ਪਰ ਫ਼ਰਵਰੀ 2022 ਵਿਚ ਰੂਸ ਨੇ ਯੂਕਰੇਨ ਉੱਪਰ ਬਾਕਾਇਦਾ ਫ਼ੌਜੀ ਕਾਰਵਾਈ ਕਰ ਦਿੱਤੀ ਸੀ। ਫ਼ੈਡਰਲ ਸਰਕਾਰ ਨੇ ਯੂਕਰੇਨ ਨੂੰ ਫੌਜੀ, ਵਿੱਤੀ ਅਤੇ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕੀਤੀ ਹੈ ਅਤੇ ਹਜ਼ਾਰਾਂ ਰੂਸੀਆਂ ਅਤੇ ਰੂਸੀ ਸੰਸਥਾਵਾਂ ‘ਤੇ ਪਾਬੰਦੀਆਂ ਲਾਈਆਂ ਹਨ।

ਇਮੀਗ੍ਰੇਸ਼ਨ, ਰਿਫ਼ਿਊਜੀਜ਼ ਐਂਡ ਸਿਟੀਜ਼ਨਸ਼ਿਪ ਮਿਨਿਸਟਰ, ਸ਼ੌਨ ਫ਼੍ਰੇਜ਼ਰ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ ਹੈ।

ਇੱਕ ਨਿਊਜ਼ ਕਾਨਫ਼੍ਰੰਸ ਵਿਚ ਬੋਲਦਿਆਂ ਫ਼੍ਰੇਜ਼ਰ ਨੇ ਕਿਹਾ, ਅਸੀਂ ਯੂਕਰੇਨੀਆਂ ਅਤੇ ਯੂਕਰੇਨ ਦੀਆਂ ਚੱਲ ਰਹੀਆਂ ਲੋੜਾਂ ਦੀ ਨੇੜਿਓਂ ਨਿਗਰਾਨੀ ਕਰਨ ਜਾ ਰਹੇ ਹਾਂ, ਇਹ ਦੇਖਣ ਲਈ ਕਿ ਅਸੀਂ ਇਸ ਯੁੱਧ ਨੂੰ ਜਿੱਤਣ ਲਈ ਸਾਡੀ ਸਹਾਇਤਾ ਅਤੇ ਸਮਰਥਨ ਕਿਵੇਂ ਜਾਰੀ ਰੱਖ ਸਕਦੇ ਹਾਂ

ਮਾਰਚ 2022 ਵਿਚ ਸ਼ੁਰੂ ਹੋਣ ਤੋਂ ਬਾਅਦ ਸਰਕਾਰ ਨੂੰ ਇਸ ਪ੍ਰੋਗਰਾਮ ਲਈ ਕਰੀਬ ਇੱਕ ਮਿਲੀਅਨ ਅਰਜ਼ੀਆਂ ਪ੍ਰਾਪਤ ਹੋਈਆਂ (ਨਵੀਂ ਵਿੰਡੋ) ਹਨ, ਅਤੇ ਉਨ੍ਹਾਂ ਵਿਚੋਂ 616,429 ਨੂੰ ਪ੍ਰਵਾਨਗੀ ਦਿੱਤੀ ਗਈ ਹੈ।

ਰਿਚਰਡ ਰੇਅਕਰਾਫ਼ਟ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ