- ਮੁੱਖ ਪੰਨਾ
- ਰਾਜਨੀਤੀ
- ਪ੍ਰਾਂਤਿਕ ਰਾਜਨੀਤੀ
ਓਨਟੇਰਿਓ ਦੀ ਲਿਬਰਲ ਐਮਪੀਪੀ ਮਿਟਜ਼ੀ ਹੰਟਰ ਨੇ ਲਿਆ ਟੋਰੌਂਟੋ ਦੇ ਮੇਅਰ ਦੀ ਚੋਣ ਲੜ੍ਹਨ ਦਾ ਫ਼ੈਸਲਾ
ਸੂਬਾਈ ਸੀਟ ਤੋਂ ਅਸਤੀਫ਼ੇ ਦੀ ਯੋਜਨਾ

ਓਨਟੇਰਿਓ ਦੀ ਲਿਬਰਲ ਐਮਪੀਪੀ ਮਿਟਜ਼ੀ ਹੰਟਰ ਦੀ ਫ਼ਾਈਲ ਤਸਵੀਰ। ਮਿਟਜੀ ਹੰਟਰ ਨੇ ਕਿਹਾ ਕਿ ਉਹ ਟੋਰੌਂਟੋ ਦੇ ਮੇਅਰ ਦੀ ਚੋਣ ਵਿਚ ਖੜੇ ਹੋਣ ਲਈ ਆਪਣੀ ਸੂਬਾਈ ਸੀਟ ਤੋਂ ਅਸਤੀਫ਼ਾ ਦੇਣ ਦੀ ਯੋਜਨਾ ਬਣਾ ਰਹੇ ਹਨ।
ਤਸਵੀਰ: (Chris Young/The Canadian Press)
ਓਨਟੇਰਿਓ ਤੋਂ ਲਿਬਰਲ ਐਮਪੀਪੀ ਮਿਟਜ਼ੀ ਹੰਟਰ ਨੇ ਕਿਹਾ ਕਿ ਉਹ ਟੋਰੌਂਟੋ ਦੇ ਮੇਅਰ ਦੀ ਚੋਣ ਵਿਚ ਖੜੇ ਹੋਣ ਲਈ ਆਪਣੀ ਸੂਬਾਈ ਸੀਟ ਤੋਂ ਅਸਤੀਫ਼ਾ ਦੇਣ ਦੀ ਯੋਜਨਾ ਬਣਾ ਰਹੇ ਹਨ।
ਮਿਟਜ਼ੀ ਹੰਟਰ 2013 ਤੋਂ ਸੂਬਾਈ ਲਜਿਸਲੇਚਰ ਵਿਚ ਸਕਾਰਬ੍ਰੋ-ਗਿਲਡਵੁੱਡ ਰਾਈਡਿੰਗ ਦੀ ਨੁਮਾਿਇੰਦੀ ਕਰ ਰਹੇ ਹਨ। ਉਹ ਓਨਟੇਰਿਓ ਦੇ ਸਿੱਖਿਆ ਮੰਤਰੀ ਵੀ ਰਹਿ ਚੁੱਕੇ ਹਨ। ਹੰਟਰ ਨੇ ਕਿਹਾ ਕਿ ਉਹ ਇਸ ਹਫ਼ਤੇ ਆਪਣੀ ਟੋਰੌਂਟੋ ਮੇਅਰ ਦੀ ਚੋਣ ਲੜਨ ਦੀ ਇੱਛਾ ਦਾ ਰਸਮੀ ਐਲਾਨ ਕਰਨਗੇ।
ਇਸ ਅਹੁਦੇ ਲਈ ਉਹਨਾਂ ਨੂੰ ਆਪਣੀ ਸੂਬਾਈ ਸੀਟ ਛੱਡਣੀ ਪਵੇਗੀ, ਪਰ ਉਹਨਾਂ ਕਿਹਾ ਕਿ ਉਹ ਇਸ ਮੁਕਾਬਲੇ ਵਿਚ ਜਿੱਤਣ ਲਈ ਦਾਖ਼ਲ ਹੋ ਰਹੇ ਹਨ।
ਹੰਟਰ ਤੋਂ ਬਾਅਦ ਬਗ਼ੈਰ ਲੀਡਰ ਦੇ ਸਹਾਰੇ ਚਲ ਰਹੇ ਲਿਬਰਲ ਕੌਕਸ ਦੀ ਗਿਣਤੀ ਅੱਠ ਤੋਂ ਸੱਤ ਹੋ ਜਾਵੇਗੀ।
ਹੰਟਰ ਹਾਲ ਹੀ ਵਿਚ ਓਨਟੇਰਿਓ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਵਿਚ ਦੂਜੀ ਵਾਰੀ ਸ਼ਾਮਲ ਹੋਣ ‘ਤੇ ਵਿਚਾਰ ਕਰ ਰਹੀ ਸੀ, ਪਰ ਅਖ਼ੀਰ ਉਨ੍ਹਾਂ ਨੇ ਮਿਉਂਸਿਪਲ ਰਾਜਨੀਤੀ ਵਿਚ ਜਾਣ ਦਾ ਫ਼ੈਸਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਟੋਰੌਂਟੋ ਇਕ ਨਾਜ਼ੁਕ ਸਥਿਤੀ ਵਿਚ ਹੈ ਅਤੇ ਸ਼ਹਿਰ ਨੂੰ ਇੱਕ ਨਵੀਂ ਲੀਡਰਸ਼ਿਪ ਦੀ ਜ਼ਰੂਰਤ ਹੈ।
ਮੇਅਰ ਅਹੁਦੇ ਦੀ ਉਮੀਦਵਾਰੀ ਲਈ ਨੌਮੀਨੇਸ਼ਨ ਪੀਰੀਅਡ 3 ਅਪ੍ਰੈਲ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ, ਪਰ ਕਈ ਉਮੀਦਵਾਰ ਪਹਿਲਾਂ ਹੀ ਆਪਣੀ ਚੋਣ ਲੜ੍ਹਨ ਦੀ ਇੱਛਾ ਐਲਾਨ ਚੁੱਕੇ ਹਨ।
ਟੋਰੌਂਟੋ ਦੇ ਨਵੇਂ ਮੇਅਰ ਦੀ ਜ਼ਿਮਨੀ ਚੋਣ ਲਈ 26 ਜੂਨ ਦੀ ਤਾਰੀਖ਼ ਤੈਅ ਕੀਤੀ ਗਈ ਹੈ।
ਟੋਰੌਂਟੋ ਦਾ ਮੇਅਰ ਬਣਨ ਦੀ ਦੌੜ ਵਿਚ ਸਿਟੀ ਕੌਂਸਲਰ ਜੌਸ਼ ਮੈਟਲੋਅ, ਸਾਬਕਾ ਪੁਲਿਸ ਚੀਫ਼ ਮਾਰਕ ਸੌਂਡਰਜ਼, ਸਾਬਕਾ ਡਿਪਟੀ ਮੇਅਰ ਐਨਾ ਬੇਲਾਓ, ਸਾਬਕਾ ਸਿਟੀ ਕੌਂਸਲਰ ਜੌਰਜੀਓ ਮੈਮੋਲਿਟੀ, ਟੋਰੌਂਟੋ ਸਨ ਅਖ਼ਬਾਰ ਦੇ ਸਾਬਕਾ ਕਾਲਮਨਵੀਸ ਐਂਥਨੀ ਫ਼ੁਰੇਅ ਅਤੇ ਜਿਲ ਪੇਨਾਲੋਸਾ ਸ਼ਾਮਲ ਹਨ।
ਸਿਟੀ ਕੌਂਸਲਰ ਬਰੈਡ ਬਰੈਡਫ਼ਰਡ ਨੇ ਅਜੇ ਅਧਿਕਾਰਤ ਤੌਰ ‘ਤੇ ਆਪਣੀ ਉਮੀਦਵਾਰੀ ਨਹੀਂ ਐਲਾਨੀ ਹੈ, ਪਰ ਉਹਨਾਂ ਦੇ ਇਸ ਮੁਕਾਬਲੇ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ