1. ਮੁੱਖ ਪੰਨਾ
  2. ਸਮਾਜ
  3. ਧੋਖਾਧੜੀ

ਜਾਅਲੀ ਕੋਵਿਡ-19 ਵੈਕਸੀਨੇਸ਼ਨ ਪ੍ਰਮਾਣ ਬਣਾਉਣ ਕਰਕੇ ਬੀਸੀ ਦਾ ਇੱਕ ਫ਼ਾਰਮਾਸਿਸਟ 30 ਦਿਨਾਂ ਲਈ ਸਸਪੈਂਡ

ਆਫ਼ਤਾਬ ਅਹਿਮਦ ਨੇ ਵੈਕਸੀਨ ਰਿਕਾਰਡਾਂ ਵਿਚ ਝੂਠੀ ਜਾਣਕਾਰੀ ਦਰਜ ਕਰਕੇ ਵੈਕਸੀਨ ਪਾਸਪੋਰਟ ਪ੍ਰਾਪਤ ਕੀਤਾ ਸੀ

ਕਾਲਜ ਔਫ਼ ਫ਼ਾਰਮਾਸਿਸਟ ਅਨੁਸਾਰ ਆਫ਼ਤਾਬ ਅਹਮਦ ਸ਼ੇਖ ਨੇ ਆਪਣੇ ਫ਼ਾਰਮਾਨੈਟ ਰਿਕਾਰਡ ਵਿਚ ਦਰਜ ਕੀਤਾ ਕਿ ਉਸਨੇ ਵੈਕਸੀਨ ਪ੍ਰਾਪਤ ਕੀਤੀ ਹੈ, ਜਦਕਿ ਉਸ ਨੇ ਵੈਕਸੀਨ ਪ੍ਰਾਪਤ ਨ੍ਹੀਂ ਕੀਤੀ ਸੀ।

ਕਾਲਜ ਔਫ਼ ਫ਼ਾਰਮਾਸਿਸਟ ਅਨੁਸਾਰ ਆਫ਼ਤਾਬ ਅਹਮਦ ਸ਼ੇਖ ਨੇ ਆਪਣੇ ਫ਼ਾਰਮਾਨੈਟ ਰਿਕਾਰਡ ਵਿਚ ਦਰਜ ਕੀਤਾ ਕਿ ਉਸਨੇ ਵੈਕਸੀਨ ਪ੍ਰਾਪਤ ਕੀਤੀ ਹੈ, ਜਦਕਿ ਉਸ ਨੇ ਵੈਕਸੀਨ ਪ੍ਰਾਪਤ ਨ੍ਹੀਂ ਕੀਤੀ ਸੀ।

ਤਸਵੀਰ: (Kristopher Radder/The Associated Press)

RCI

ਬੀਸੀ ਦੇ ਇੱਕ ਫ਼ਾਰਮਾਸਿਸਟ ਨੂੰ 30 ਦਿਨਾਂ ਲਈ ਸੂਬੇ ਦੇ ਕਾਲਜ ਔਫ਼ ਫ਼ਾਰਮਾਸਿਸਟ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਕੋਵਿਡ ਮਹਾਂਮਾਰੀ ਦੇ ਸਿੱਖਰ ਦੌਰਾਨ ਆਪਣੇ ਵੈਕਸੀਨੇਸ਼ਨ ਦੇ ਜਾਅਲੀ ਦਸਤਾਵੇਜ਼ ਬਣਾਉਣ ਕਰਕੇ ਆਫ਼ਤਾਬ ਅਹਿਮਦ ਅਬਦੁਲਲਤੀਫ਼ ਸ਼ੇਖ਼ ਨੂੰ ਸਸਪੈਂਡ ਕੀਤਾ ਗਿਆ ਹੈ।

ਕਾਲਜ ਦੀ ਸ਼ਿਕਾਇਤ ਰਜਿਸਟ੍ਰੀ (ਨਵੀਂ ਵਿੰਡੋ) ਅਨੁਸਾਰ, ਆਫ਼ਤਾਬ ਨੇ ਸਵੀਕਾਰ ਕੀਤਾ ਹੈ ਕਿ ਉਸਨੇ ਅਗਸਤ 2021 ਵਿਚ ਦੋ ਵਾਰੀ ਆਪਣੇ (PharmaNet) ਫ਼ਾਰਮਾਨੈਟ ਰਿਕਾਰਡ ਵਿਚ ਕੋਵਿਡ-19 ਵੈਕਸੀਨੇਸ਼ਨ ਦੀ ਜਾਣਕਾਰੀ ਦਰਜ ਕੀਤੀ ਸੀ, ਜਦ ਕਿ ਅਸਲੀਅਤ ਵਿਚ ਉਸਨੇ ਕਦੇ ਵੀ ਕੋਵਿਡ-19 ਵੈਕਸੀਨ ਪ੍ਰਾਪਤ ਨਹੀਂ ਕੀਤੀ ਸੀ।

ਜਾਅਲੀ ਵੈਕਸੀਨ ਰਿਕਾਰਡਾਂ ਕਾਰਨ ਆਫ਼ਤਾਬ ਨੇ ਕੋਵਿਡ-19 ਵੈਕਸੀਨ ਪਾਸਪੋਰਟ ਪ੍ਰਾਪਤ ਕਰ ਲਿਆ ਸੀ।

ਆਫ਼ਤਾਬ ਨੇ ਇਹ ਜਾਣਕਾਰੀ ਵੀ ਦਿੱਤੀ ਸੀ ਕਿ ਇੱਕ ਸਹਿਕਰਮੀ, ਜੋ ਕਿ ਇੱਕ ਅਧਿਕਾਰਤ ਫ਼ਾਰਮਾਸਿਸਟ ਸੀ, ਨੇ ਉਸ ਦਾ ਟੀਕਾਕਰਨ ਕੀਤਾ ਸੀ, ਜਦਕਿ ਇਹ ਦੋਵੇਂ ਗੱਲਾਂ ਝੂਠੀਆਂ ਸਨ।

ਬੀਸੀ ਦੇ ਕਾਲਜ ਆਫ਼ ਫਾਰਮਾਸਿਸਟ ਦੀ ਜਾਂਚ ਕਮੇਟੀ ਨੇ ਇਹ ਵੀ ਪਾਇਆ ਕਿ ਆਫ਼ਤਾਬ ਨੇ ਫ਼ਾਰਮੇਸੀ ਦੇ ਸੌਫਟਵੇਅਰ ‘ਤੇ ਆਪਣੀ ਨਿੱਜੀ ਜਾਣਕਾਰੀ ਨੂੰ ਵੀ ਬਦਲ ਦਿੱਤਾ ਸੀ ਤਾਂ ਜੋ ਉਸ ਦੀ ਪ੍ਰੋਫਾਈਲ ਨੂੰ ਅਕਿਰਿਆਸ਼ੀਲ ਬਣਾਇਆ ਜਾ ਸਕੇ ਅਤੇ ਉਸ ਦੇ ਰਿਕਾਰਡਾਂ ਤੱਕ ਪਹੁੰਚ ਕਰਨਾ ਹੋਰ ਮੁਸ਼ਕਲ ਹੋ ਜਾਵੇ।

ਕਾਲਜ ਨੇ ਆਪਣੇ ਫ਼ੈਸਲੇ ਵਿਚ ਲਿਖਿਆ, ਜਾਅਲੀ ਵੈਕਸੀਨ ਪਾਸਪੋਰਟ ਜਨਤਾ ਨੂੰ ਜੋਖਮ ਵਿਚ ਪਾ ਸਕਦਾ ਸੀ

ਰਜਿਸਟ੍ਰਾਰ ਦੀਆਂ ਕਾਰਵਾਈਆਂ ਸਵੈ-ਸੇਵਾ ਵਾਲੀਆਂ ਸਨ ਅਤੇ ਫ਼ਾਰਮੇਸੀ ਪੇਸ਼ੇਵਰ ਤੋਂ ਉਮੀਦ ਕੀਤੇ ਜਾਣ ਵਾਲੇ ਆਚਰਣ ਦੇ ਉਲਟ ਸਨ

ਆਫ਼ਤਾਬ ਬੀਸੀ ਦੀਆਂ ਕਈ ਫ਼ਾਰਮੇਸੀਆਂ ਵਿਚ ਕੰਮ ਕਰ ਚੁੱਕਾ ਹੈ।

ਉਸਦੀ ਮੁਅੱਤਲੀ 13 ਮਾਰਚ 2023 ਨੂੰ ਸ਼ੁਰੂ ਹੋਈ ਹੈ ਅਤੇ ਅਗਲੇ 30 ਦਿਨ ਪ੍ਰਭਾਵੀ ਰਹੇਗੀ। ਬੀਸੀ ਵਿਚ ਪ੍ਰੈਕਟਿਸ ਕਰਨ ਲਈ ਫ਼ਾਰਮੇਸਿਸਟਾਂ ਨੂੰ ਕਾਲਜ ਦਾ ਪੂਰੀ ਤਰ੍ਹਾਂ ਰਜਿਸਟਰਡ ਮੈਂਬਰ ਹੋਣਾ ਜ਼ਰੂਰੀ ਹੁੰਦਾ ਹੈ।

ਆਫ਼ਤਾਬ ‘ਤੇ ਦੋ ਸਾਲਾਂ ਲਈ ਪ੍ਰੀਸੈਪਟਰ ਵੱਜੋਂ ਕੰਮ ਕਰਨ ‘ਤੇ ਪਾਬੰਦੀ ਲਗਾਈ ਗਈ ਹੈ। ਪ੍ਰੀਸੈਪਟਰ ਫ਼ਾਰਮੇਸੀ ਦੇ ਵਿਦਿਆਰਥੀਆਂ ਨੂੰ ਨਿੱਜੀ ਹਿਦਾਇਤਾਂ, ਸਿਖਲਾਈ, ਨਿਗਰਾਨੀ ਅਤੇ ਸਲਾਹ ਦਿੰਦਾ ਹੈ।

ਕਾਲਜ ਦਾ ਕਹਿਣਾ ਹੈ ਕਿ ਉਹ ਜਾਂਚ ਦੇ ਵੇਰਵਿਆਂ ਨੂੰ ਹੈਲਥ ਮਿਨਿਸਟਰੀ ਨੂੰ ਵੀ ਭੇਜੇਗਾ।

ਜੋਲ ਬੈਲਾਰਡ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ