1. ਮੁੱਖ ਪੰਨਾ
  2. ਸਮਾਜ
  3. ਮੱਤ ਅਤੇ ਧਰਮ

ਔਟਵਾ ਰੇਲਵੇ ਸਟੇਸ਼ਨ ‘ਤੇ ਇਕ ਸੁਰੱਖਿਆ ਗਾਰਡ ਨੇ ਇੱਕ ਮੁਸਲਿਮ ਵਿਅਕਤੀ ਨੂੰ ਨਮਾਜ਼ ਪੜ੍ਹਨ ‘ਤੇ ਟੋਕਿਆ

VIA ਰੇਲ ਨੇ ਮੁਸਲਿਮ ਭਾਈਚਾਰੇ ਤੋਂ ਮੰਗੀ ਮੁਆਫ਼ੀ

ਵੀਆ ਰੇਲ ਨੇ ਇੱਕ ਬਿਆਨ ਜਾਰੀ ਕਰਦਿਆਂ ਸਮੁੱਚੇ ਮੁਸਲਿਮ ਭਾਈਚਾਰੇ ਤੋਂ ਮੁਆਫ਼ੀ ਮੰਗੀ ਹੈ।

ਵੀਆ ਰੇਲ ਨੇ ਇੱਕ ਬਿਆਨ ਜਾਰੀ ਕਰਦਿਆਂ ਸਮੁੱਚੇ ਮੁਸਲਿਮ ਭਾਈਚਾਰੇ ਤੋਂ ਮੁਆਫ਼ੀ ਮੰਗੀ ਹੈ।

ਤਸਵੀਰ: (David Bates/CBC)

RCI

ਔਟਵਾ ਦੇ ਰੇਲਵੇ ਸਟੇਸ਼ਨ ‘ਤੇ ਇੱਕ ਮੁਸਲਿਮ ਵਿਅਕਤੀ ਦੇ ਨਮਾਜ਼ ਪੜ੍ਹਨ ‘ਤੇ ਸੁਰੱਖਿਆ ਗਾਰਡ ਵੱਲੋਂ ਇਤਰਾਜ਼ ਪ੍ਰਗਟਾਉਣ ਦੀ ਵੀਡੀਓ ਵਾਇਰਲ ਹੋ ਗਈ ਹੈ। ਇਸ ਘਟਨਾ ਲਈ VIA ਰੇਲ ਨੇ ਮੁਆਫ਼ੀ ਮੰਗੀ ਹੈ ਪਰ ਨੈਸ਼ਨਲ ਕੌਂਸਲ ਔਫ਼ ਕੈਨੇਡੀਅਨ ਮੁਸਲਿਮਜ਼ ਦਾ ਕਹਿਣਾ ਹੈ ਕਿ ਮੁਆਫ਼ੀ ਕਾਫ਼ੀ ਨਹੀਂ ਹੈ।

20 ਮਾਰਚ ਨੂੰ ਟਿਕਟੌਕ ‘ਤੇ ਪੋਸਟ ਕੀਤੀ ਗਈ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇੱਕ ਸੁਰੱਖਿਆ ਗਾਰਡ ਇੱਕ ਕਾਲੇ ਰੰਗ ਦਾ ਸਵੈਟਰ ਪਾਏ ਉਡੀਕ ਖੇਤਰ ਵਿਚ ਬੈਠੇ ਇੱਕ ਵਿਅਕਤੀ ਕੋਲ ਆਉਂਦਾ ਹੈ।

ਉਹ ਵਿਅਕਤੀ ਗਾਰਡ ਨੂੰ ਕਹਿੰਦਾ ਹੈ ਜੇ ਮੈਂ ਦੋ ਮਿੰਟ ਨਮਾਜ਼ ਲਈ ਕੱਢ ਲਏ ਤਾਂ ਇਸ ਵਿਚ ਉਸਦਾ ਕੀ ਹਰਜ ਹੈ?

ਸੁਰੱਖਿਆ ਗਾਰਡ ਉਸਨੂੰ ਕਹਿੰਦਾ ਹੈ ਕਿ ਉਹ ਉੱਥੇ ਨਮਾਜ਼ ਨਹੀਂ ਪੜ੍ਹ ਸਕਦਾ। ਅਸੀਂ ਨਹੀਂ ਚਾਹੁੰਦੇ ਤੂੰ ਇੱਥੇ ਪ੍ਰਾਰਥਨਾ ਕਰੇਂ। ਤੂੰ ਹੋਰ ਲੋਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈਂ

ਉਹ ਵਿਅਕਤੀ ਗਾਰਡ ਨੂੰ ਕਹਿੰਦਾ ਹੈ, ਮੈਂ ਪ੍ਰਾਰਥਨਾ [ਨਮਾਜ਼] ਲਈ ਹਾਲਵੇਅ ਦੇ ਅਖ਼ੀਰ ਵਿਚ ਗਿਆ ਸੀ। ਕਿਸੇ ਇੱਕ ਵਿਅਕਤੀ ਨੇ ਵੀ ਕੁਝ ਨਹੀਂ ਕਿਹਾ

ਸੁਰੱਖਿਆ ਗਾਰਡ ਉਸਦੀ ਗੱਲ ਕੱਟਦਿਆਂ ਕਹਿੰਦਾ ਹੈ, ਅਗਲੀ ਵਾਰੀ ਬਾਹਰ ਜਾਕੇ ਪ੍ਰਾਰਥਨਾ ਕਰੀਂ

ਜਦੋਂ ਉਹ ਵਿਅਕਤੀ ਗਾਰਡ ਦੀ ਗੱਲ ਮੰਨਣ ਤੋਂ ਇਨਕਾਰ ਕਰਦਾ ਹੈ, ਤਾਂ ਗਾਰਡ ਉਸਨੂੰ ਧਮਕੀ ਦਿੰਦਾ ਹੈ ਕਿ ਉਹ ਇਸ ਘਟਨਾ ਬਾਰੇ ਉਸਦੀ ਸ਼ਿਕਾਇਤ ਉਸਦੇ ਨੌਕਰੀਦਾਤਾ ਨੂੰ ਕਰੇਗਾ। ਵਿਅਕਤੀ ਉਸਨੂੰ ‘ਬੇਫ਼ਿਕਰ ਹੋਕੇ ਸ਼ਿਕਾਇਤ ਕਰਨ’ ਦੀ ਗੱਲ ਆਖ ਕੇ ਉੱਥੋਂ ਤੁਰ ਜਾਂਦਾ ਹੈ।

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ VIA ਰੇਲ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਘਟਨਾ ‘ਅਫ਼ਸੋਸਨਾਕ’ ਹੈ ਅਤੇ ਉਨ੍ਹਾਂ ਨੇ ‘ਸਮੁੱਚੇ ਮੁਸਲਿਮ ਭਾਈਚਾਰੇ’ ਤੋਂ ਮੁਆਫ਼ੀ ਮੰਗੀ ਹੈ।

ਵੀਆ ਰੇਲ ਨੇ ਕਿਹਾ, ਧਰਮ ਦੀ ਆਜ਼ਾਦੀ, ਜਿਸ ਵਿੱਚ ਪ੍ਰਾਰਥਨਾ ਕਰਨ ਦੀ ਆਜ਼ਾਦੀ ਵੀ ਸ਼ਾਮਲ ਹੈ, ਇੱਕ ਮਨੁੱਖੀ ਅਧਿਕਾਰ ਹੈ ਅਤੇ ਇਹ ਕੈਨੇਡੀਅਨ ਚਾਰਟਰ ਆਫ਼ ਰਾਈਟਸ ਐਂਡ ਫਰੀਡਮਜ਼ ਵਿੱਚ ਦਰਜ ਹੈ

ਵੀਆ ਰੇਲ ਇਸ ਘਟਨਾ ਦੀ ਸਖ਼ਤ ਨਿੰਦਾ ਕਰਦੀ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਪੱਖਪਾਤੀ ਵਿਵਹਾਰ ਨੂੰ ਬਰਦਾਸ਼ਤ ਨਹੀਂ ਕਰੇਗੀ

‘ਅਪਮਾਨਜਨਕ ਅਤੇ ਨਸਲੀ ਸਥਿਤੀ’

ਵੀਡੀਓ ਰਿਕਾਰਡ ਹੋਣ ਤੋਂ ਪਹਿਲਾਂ ਕੀ ਹੋਇਆ ਸੀ, ਇਹ ਸਪਸ਼ਟ ਨਹੀਂ ਹੈ।

ਸੀਬੀਸੀ ਨਿਊਜ਼ ਨੇ ਦੋਵਾਂ ਵਿਅਕਤੀਆਂ ਦੇ ਚਿਹਰਿਆਂ ਨੂੰ ਧੁੰਦਲਾ ਕਰ ਦਿੱਤਾ ਹੈ, ਕਿਉਂਕਿ ਇਹ ਸਪਸ਼ਟ ਨਹੀਂ ਹੈ ਕਿ ਸੁਰੱਖਿਆ ਗਾਰਡ ਕਿਸੇ ਹੋਰ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਿਹਾ ਸੀ ਜਾਂ ਇਹ ਉਸਦੀ ਆਪਣੀ ਮਰਜ਼ੀ ਸੀ। ਨਾਲ ਹੀ ਇਸ ਖ਼ਬਰ ਦੇ ਨਸ਼ਰ ਹੋਣ ਤੱਕ ਉਸ ਦੂਸਰੇ ਵਿਅਕਤੀ ਤੱਕ ਵੀ ਪਹੁੰਚ ਨਹੀਂ ਹੋ ਸਕੀ ਸੀ।

ਟਿਕਟੌਕ ਵਿਚ ਪੋਸਟ ਕੀਤੀ ਵੀਡੀਓ ਦੀ ਕੈਪਸ਼ਨ ਵਿਚ ਵਿਅਕਤੀ ਨੇ ਲਿਖਿਆ ਸੀ ਕਿ ਯਾਤਰਾ ਕਰਨ ਤੋਂ ਪਹਿਲਾਂ ਉਹ ਖ਼ਾਲੀ ਹਾਲਵੇਅ ਦੇ ਇੱਕ ਕੋਨੇ ਵਿਚ ਨਮਾਜ਼ ਪੜ੍ਹਨ ਗਿਆ ਸੀ। ਜਦੋਂ ਉਹ ਵਾਪਸ ਆਇਆ ਤਾਂ ਉਸਦੇ ਸਹਿਕਰਮੀ ਨੇ ਦੱਸਿਆ ਕਿ ਇੱਕ ਸੁਰੱਖਿਆ ਗਰਡ ਆਇਆ ਸੀ ਅਤੇ ਕਹਿ ਰਿਹਾ ਸੀ ਕਿ ਉਹ ਉੱਥੇ ਨਮਾਜ਼ ਨ੍ਹੀਂ ਪੜ੍ਹ ਸਕਦਾ।

ਉਸ ਵਿਅਕਤੀ ਨੇ ਲਿਖਿਆ, ਕੀ ਅਸੀਂ ਕੈਨੇਡਾ ਵਿਚ ਨਹੀਂ ਹਾਂ? ਮੈਨੂੰ ਇੱਥੇ ਨਮਾਜ਼ ਪੜ੍ਹਨ ਦੀ ਆਗਿਆ ਕਿਉਂ ਨਹੀਂ ਹੈ?

ਵਿਅਕਤੀ ਨੇ ਲਿਖਿਆ ਕਿ ਇਸ ਘਟਨਾ ਤੋਂ ਬਾਅਦ ਕੁਝ ਲੋਕ ਉਸਨੂੰ ਵੇਖਣ ਵੀ ਆ ਗਏ।

ਇਹ ਸਿਰਫ਼ ਇੱਕ ਅਪਮਾਨਜਨਕ, ਨਸਲਵਾਦੀ ਅਤੇ ਭਿਆਨਕ ਘਟਨਾ ਸੀ। ਇਹ ਬਹੁਤ ਘਿਣਾਉਣਾ ਸੀ। ਇਹ ਮੇਰੇ ਆਪਣੇ ਦੇਸ਼ ਕੈਨੇਡਾ ਵਿੱਚ ਕਿਵੇਂ ਹੋ ਸਕਦਾ ਹੈ ... ਅਮਰੀਕਾ ਨਹੀਂ ... ਕੈਨੇਡਾ ਵਿੱਚ

ਨੈਸ਼ਨਲ ਕੌਂਸਲ ਔਫ਼ ਕੈਨੇਡੀਅਨ ਮੁਸਲਿਮਜ਼ ਦਾ ਕਹਿਣਾ ਹੈ ਕਿ ਨਸਲਵਾਦ ਵਿਰੋਧੀ ਸਿਖਲਾਈ ਜ਼ਰੂਰੀ ਹੈ।

ਨੈਸ਼ਨਲ ਕੌਂਸਲ ਔਫ਼ ਕੈਨੇਡੀਅਨ ਮੁਸਲਿਮਜ਼ ਦਾ ਕਹਿਣਾ ਹੈ ਕਿ ਨਸਲਵਾਦ ਵਿਰੋਧੀ ਸਿਖਲਾਈ ਜ਼ਰੂਰੀ ਹੈ।

ਤਸਵੀਰ: (Melanie Campeau/CBC)

ਨੈਸ਼ਨਲ ਕੌਂਸਲ ਔਫ਼ ਕੈਨੇਡੀਅਨ ਮੁਸਲਿਮਜ਼ ਨੇ ਇਹ ਵੀਡੀਓ ਔਨਲਾਈਨ ਸ਼ੇਅਰ ਕੀਤੀ।

ਕੌਂਸਲ ਦੀ ਸਪੋਕਸਪਰਸਨ, ਫ਼ਾਤਿਮਾ ਅਬਦੱਲਾ ਨੇ ਕਿਹਾ ਕਿ ਸੰਸਥਾ ਵੀਡੀਓ ਵਿਚ ਨਜ਼ਰ ਆ ਰਹੇ ਵਿਅਕਤੀ ਨਾਲ ਸੰਪਰਕ ਵਿਚ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਕੈਨੇਡਾ ਦੇ ਸਮੁੱਚੇ ਮੁਸਲਿਮ ਭਾਈਚਾਰੇ ਨੂੰ ਝੰਜੋੜ ਦਿੱਤਾ ਹੈ।

ਫ਼ਾਤਿਮਾ ਨੇ ਕਿਹਾ, ਇਹ ਦੇਖਣਾ ਮੁਸ਼ਕਿਲ ਹੈ। ਇਹ ਸੋਚਣਾ ਕਿ ਵਿਅਕਤੀ ਆਪਣੇ ਧਰਮ ਦਾ ਅਭਿਆਸ ਕਰਨ ਵਿਚ ਸੁਰੱਖਿਅਤ ਮਹਿਸੂਸ ਨਹੀਂ ਕਰ ਸਕਦੇ, ਇਹ ਪ੍ਰੇਸ਼ਾਨ ਕਰਨ ਵਾਲਾ ਹੈ….ਨਾ ਸਿਰਫ਼ ਵੀਡੀਓ ਵਿਚ ਵਿਅਕਤੀ ਲਈ, ਸਗੋਂ ਹਰ ਇੱਕ ਮੁਸਲਮਾਨ ਲਈ ਜੋ ਇਹ ਸੋਚਦਾ ਹੈ ਕਿ ਉਹ ਜਨਤਕ ਥਾਂਵਾਂ ‘ਤੇ ਪ੍ਰਾਰਥਨਾ ਕਰਨ ਲਈ ਸੁਰੱਖਿਅਤ ਹੈ

ਮੁਆਫ਼ੀ ਤੋਂ ਅੱਗੇ ਵੀ ਕੁਝ ਕੀਤਾ ਜਾਵੇ

ਫ਼ਾਤਿਮਾ ਨੇ ਕਿਹਾ ਕਿ ਘਟਨਾ ਵਿੱਚ ਸ਼ਾਮਲ ਲੋਕਾਂ ਅਤੇ ਮੁਸਲਿਮ ਭਾਈਚਾਰੇ ਤੋਂ ਵੀਆ ਰੇਲ ਦੀ ਮੁਆਫੀ ਕੌਂਸਲ ਲਈ ਕਾਫੀ ਨਹੀਂ ਹੈ।

ਸਾਨੂੰ ਤਬਦੀਲੀ ਲਈ ਵਚਨਬੱਧਤਾਵਾਂ ਦੀ ਜ਼ਰੂਰਤ ਹੈ, ਜਿਸ ਵਿਚ ਸੁਰੱਖਿਆ ਗਾਰਡਾਂ ਅਤੇ ਸਟੇਸ਼ਨ ‘ਤੇ ਹੋਰ ਲੋਕਾਂ ਨੂੰ ਇਸਲਾਮੋਫੋਬੀਆ ਵਿਰੋਧੀ ਸਿਖਲਾਈ, ਨਸਲਵਾਦ ਵਿਰੋਧੀ ਸਿਖਲਾਈ ਅਤੇ ਵਿਭਿੰਨਤਾ ਸਿਖਲਾਈ ਦਿੱਤੀ ਜਾਵੇ, ਤਾਂ ਕਿ ਉਹਨਾਂ ਨੂੰ ਇਹ ਸਿੱਖਿਆ ਪ੍ਰਾਪਤ ਹੋਵੇ ਕਿ ਜੋ ਲੋਕ ਸ਼ਾਂਤੀ ਨਾਲ ਆਪਣਾ ਕੰਮ ਕਰ ਰਹੇ ਹਨ, ਪ੍ਰਾਰਥਨਾ ਕਰ ਰਹੇ ਹਨ, ਉਨ੍ਹਾਂ ਨਾਲ ਕਿਵੇਂ ਵਿਚਰਨਾ ਹੈ

ਵੀਆ ਰੇਲ ਦਾ ਕਹਿਣਾ ਹੈ ਕਿ ਉਹ ਇਸ ਸਥਿਤੀ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਨ।

ਕੰਪਨੀ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਜਾ ਰਹੀ ਹੈ ਅਤੇ ਜਾਂਚ ਦੇ ਨਤੀਜਿਆਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

ਅਵੰਤਿਕਾ ਅਨੰਦ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ