1. ਮੁੱਖ ਪੰਨਾ
  2. ਸਮਾਜ
  3. ਸੰਗਠਿਤ ਅਪਰਾਧ

ਨੋਵਾ ਸਕੋਸ਼ੀਆ ਦੇ ਸਕੂਲ ‘ਚ ਛੁਰੇਬਾਜ਼ੀ: 15 ਸਾਲ ਦੇ ਵਿਦਿਆਰਥੀ ‘ਤੇ ਕਤਲ ਦੀ ਕੋਸ਼ਿਸ਼ ਦੇ ਦੋਸ਼ ਆਇਦ

ਸਕੂਲ ਦੇ 2 ਮੁਲਾਜ਼ਮ ਗੰਭੀਰ ਜ਼ਖ਼ਮੀ ਹਾਲਤ ਵਿਚ ਹਸਪਤਾਲ ਵਿਚ ਜ਼ੇਰੇ ਇਲਾਜ

ਚਾਰਲਜ਼ ਪੀ ਐਲਨ ਸਕੂਲ

ਨੋਵਾ ਸਕੋਸ਼ੀਆ ਦੇ ਬਰੈਡਫ਼ਰਡ ਵਿੱਖੇ ਸਥਿਤ ਚਾਰਲਜ਼ ਪੀ ਐਲਨ ਸਕੂਲ ਨੂੰ ਮੰਗਲਵਾਰ ਨੂੰ ਵੀ ਕਲਾਸਾਂ ਲਈ ਬੰਦ ਰੱਖਿਆ ਗਿਆ।

ਤਸਵੀਰ: (Brian MacKay/CBC)

RCI

ਨੋਵਾ ਸਕੋਸ਼ੀਆ ਦੇ ਬੈਡਫ਼ਰਡ ਸ਼ਹਿਰ ਵਿਚ ਸਥਿਤ ਚਾਰਲਜ਼ ਪੀ ਐਲਨ ਸਕੂਲ ਵਿੱਖੇ ਸੋਮਵਾਰ ਨੂੰ ਵਾਪਰੀ ਛੁਰੇਬਾਜ਼ੀ ਦੀ ਘਟਨਾ ਦੇ ਮਾਮਲੇ ਵਿਚ ਪੁਲਿਸ ਨੇ 15 ਸਾਲ ਦੇ ਇੱਕ ਵਿਦਿਆਰਥੀ ‘ਤੇ ਕਤਲ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮ ਆਇਦ ਕੀਤੇ ਗਏ।

ਹੈਲੀਫ਼ੈਕਸ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਸਕੂਲ ਦੇ ਦੋ ਮੁਲਾਜ਼ਮ ਹਸਪਤਾਲ ਵਿਚ ਗੰਭੀਰ ਜ਼ਖ਼ਮੀ ਹਨ, ਪਰ ਉਨ੍ਹਾਂ ਦੀ ਹਾਲਤ ਸਥਿਤ ਦੱਸੀ ਜਾ ਰਹੀ ਹੈ।

ਨਾਬਾਲਗ਼ ਹੋਣ ਕਾਰਨ ਵਿਦਿਆਰਥੀ ਦਾ ਨਾਮ ਨਸ਼ਰ ਨਹੀਂ ਕੀਤਾ ਗਿਆ ਹੈ। ਛੁਰੇਬਾਜ਼ੀ ਦੀ ਘਟਨਾ ਤੋਂ ਬਾਅਦ ਇਸ ਵਿਦਿਆਰਥੀ ਨੂੰ ਵੀ ਚਾਕੂ ਨਾਲ ਲੱਗੇ ਗ਼ੈਰ-ਜਾਨਲੈਵਾ ਜ਼ਖ਼ਮਾਂ ਕਾਰਨ ਹਸਪਤਾਲ ਲਿਜਾਇਆ ਗਿਆ ਸੀ।

ਕਤਲ ਦੀ ਕੋਸ਼ਿਸ਼ ਦੇ ਦੋ ਮਾਮਲਿਆਂ ਤੋਂ ਇਲਾਵਾ, ਇਸ 15 ਸਾਲਾ ਨੌਜਵਾਨ ਉੱਪਰ ਹਮਲਾ ਕਰਨ, ਹਥਿਆਰ ਨੂੰ ਕੋਲ ਰੱਖਣ, ਪਾਬੰਦੀਸ਼ੁਦਾ ਹਥਿਆਰ ਰੱਖਣ ਅਤੇ ਸ਼ਰਾਰਤਪੂਰਣ ਘਟਨਾ ਨੂੰ ਅੰਜਾਮ ਦੇਣ ਦੇ ਕਈ ਦੋਸ਼ ਆਇਦ ਕੀਤੇ ਗਏ ਹਨ।

ਪੁਲਿਸ ਨੇ ਕਿਹਾ ਕਿ ਅਜੇ ਜਾਂਚ ਜਾਰੀ ਹੈ। ਅਦਾਲਤ ਵਿਚ ਦੋਸ਼ ਸਾਬਿਤ ਨਹੀਂ ਹੋਏ ਹਨ।

ਪੁਲਿਸ ਚੀਫ਼

ਛੁਰੇਬਾਜ਼ੀ ਦੀ ਘਟਨਾ ਬਾਰੇ ਮੰਗਲਵਾਰ ਨੂੰ ਇੱਕ ਪੁਲਿਸ ਬ੍ਰੀਫ਼ਿੰਗ ਦਿੰਦੇ ਚੀਫ਼ ਡੈਨ ਕਿਨਸੈਲਾ।

ਤਸਵੀਰ: (Blair Rhodes/CBC)

ਮੁਲਜ਼ਮ ਨੌਜਵਾਨ ਮੰਗਲਵਾਰ ਨੂੰ ਅਦਾਲਤ ਵਿਚ ਪੇਸ਼ ਹੋਇਆ ਸੀ। ਵੀਰਵਾਰ ਨੂੰ ਉਸਦੀ ਜ਼ਮਾਨਤ ਲਈ ਸੁਣਵਾਈ ਹੋਣੀ ਹੈ ਅਤੇ ਕ੍ਰਾਊਨ ਉਸਦੀ ਜ਼ਮਾਨਤ ‘ਤੇ ਰਿਹਾਈ ਦੇ ਖ਼ਿਲਾਫ਼ ਹੈ। ਕ੍ਰਾਊਨ ਨੇ ਨੋਟਿਸ ਦਿੱਤਾ ਹੈ ਕਿ ਜੇ ਉਹ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਹ ਮੁਲਜ਼ਮ ਲਈ ਬਾਲਗ਼ਾਂ ਲਈ ਤੈਅ ਸਜ਼ਾ ਦੀ ਮੰਗ ਕਰਨਗੇ।

ਮੰਗਲਵਾਰ ਨੂੰ ਇੱਕ ਪੁਲਿਸ ਬ੍ਰੀਫ਼ਿੰਗ ਵਿਚ ਚੀਫ਼ ਡੈਨ ਕਿਨਸੈਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿਸ ਉਹ ਇਸ ਘਟਨਾ ਬਾਰੇ ਆਪਣੇ ਅੰਦਾਜ਼ੇ ਨਾ ਲਗਾਉਣ।

ਦੂਸਰੇ ਦਿਨ ਵੀ ਕਲਾਂਸਾਂ ਰੱਦ

ਮਾਪਿਆਂ ਨੂੰ ਭੇਜੇ ਇੱਕ ਨੋਟ ਵਿੱਚ, ਹੈਲੀਫ਼ੈਕਸ ਰੀਜਨਲ ਸੈਂਟਰ ਫ਼ੌਰ ਐਜੂਕੇਸ਼ਨ ਨੇ ਕਿਹਾ ਕਿ ਉਸਦੀ ਸੰਕਟ ਟੀਮ ਦੀ ਸਲਾਹ ‘ਤੇ, ਚਾਰਲਜ਼ ਪੀ. ਐਲਨ ਹਾਈ ਸਕੂਲ ਦੀਆਂ ਕਲਾਸਾਂ ਮੰਗਲਵਾਰ ਲਈ ਵੀ ਰੱਦ ਕਰ ਦਿੱਤੀਆਂ ਗਈਆਂ ਹਨ।

ਹੈਲੀਫੈਕਸ ਰੀਜਨਲ ਸੈਂਟਰ ਫ਼ੌਰ ਐਜੂਕੇਸ਼ਨ ਦੇ ਬੁਲਾਰੇ, ਲਿੰਡਸੇ ਬੁਨਿਨ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਸਟਾਫ਼ ਨੂੰ ਕੱਲ੍ਹ ਦੀ ਘਟਨਾ ਚੋਂ ਨਿਕਲਣ ਲਈ ਕੁਝ ਹੋਰ ਸਮਾਂ ਚਾਹੀਦਾ ਹੈ।

ਸੋਮਵਾਰ ਨੂੰ ਮਾਪਿਆਂ ਨੂੰ ਇੱਕ ਈਮੇਲ ਵਿੱਚ, ਸਕੂਲ ਦੀ ਪ੍ਰਿੰਸੀਪਲ ਸਟੈਫ਼ਨੀ ਬਰਡ ਨੇ ਕਿਹਾ ਸੀ ਕਿ ਸਕੂਲ ਦੇ ਮਨੋਵਿਗਿਆਨੀ, ਸੋਸ਼ਲ ਵਰਕਰ ਅਤੇ ਕੌਂਸਲਰ ਆਉਣ ਵਾਲੇ ਦਿਨਾਂ ਵਿੱਚ ਚਾਰਲਜ਼ ਪੀ ਐਲਨ ਵਿਖੇ ਉਪਲਬਧ ਹੋਣਗੇ ਤਾਂ ਜੋ ਉਹਨਾਂ ਵਿਦਿਆਰਥੀਆਂ ਨੂੰ ਵਿਅਕਤੀਗਤ ਤੌਰ ‘ਤੇ ਅਤੇ ਛੋਟੇ ਸਮੂਹਾਂ ਵਿਚ ਸਹਾਇਤਾ ਪ੍ਰਦਾਨ ਕੀਤੀਆਂ ਜਾ ਸਕਣ ਜੋ ਉਹਨਾਂ ਨਾਲ ਜੁੜਨਾ ਚਾਹੂੰਦੇ ਹਨ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ