- ਮੁੱਖ ਪੰਨਾ
- ਅਰਥ-ਵਿਵਸਥਾ
- ਆਰਥਿਕ ਸੂਚਕ
ਕੈਨੇਡਾ ਵਿਚ ਮਹਿੰਗਾਈ ਦਰ ਘਟ ਕੇ 5.2 % ਹੋਈ, ਪਰ ਗ੍ਰੋਸਰੀ ਦੀਆਂ ਉੱਚੀਆਂ ਕੀਮਤਾਂ ਬਰਕਰਾਰ
ਜਨਵਰੀ ਵਿਚ ਮਹਿੰਗਾਈ ਦਰ 5.9 % ਸੀ

ਓਨਟੇਰਿਓ ਦੇ ਸਟੋਫਵਿਲ ਵਿਚ ਸਥਿਤ ਲੌਂਗੋਜ਼ ਸਟੋਰ ਦੀ ਤਸਵੀਰ। ਕੈਨੇਡਾ ਦੀ ਮਹਿੰਗਾਈ ਦਰ ਫ਼ਰਵਰੀ ਮਹੀਨੇ ਘਟ ਕੇ 5.2 % ਦਰਜ ਹੋਈ ਹੈ।
ਤਸਵੀਰ: CBC News / Emily Chung
ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਅਨੁਸਾਰ ਫ਼ਰਵਰੀ ਮਹੀਨੇ ਕੈਨੇਡਾ ਦੀ ਮਹਿੰਗਾਈ ਦਰ ਘਟ ਕੇ 5.2 % ਦਰਜ ਕੀਤੀ ਗਈ ਹੈ। ਅਪ੍ਰੈਲ 2020 ਤੋਂ ਬਾਅਦ ਦੀ ਇਹ ਸਭ ਤੋਂ ਵੱਡੀ ਕਮੀ ਹੈ।
ਫ਼ਰਵਰੀ 2022 ਵਿਚ ਮਹਿੰਗਾਈ ਦਰ 5.7 ਫ਼ੀਸਦੀ ਸੀ। ਜਨਵਰੀ ਮਹੀਨੇ ਦੌਰਾਨ ਮਹਿੰਗਾਈ ਦਰ 5.9 ਫ਼ੀਸਦੀ ਦਰਜ ਕੀਤੀ ਗਈ ਸੀ। ਜਨਵਰੀ 2022 ਵਿਚ ਮਹਿੰਗਾਈ ਦਰ 5.1 ਫ਼ੀਸਦੀ ਸੀ।
ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਇਹ ਗਿਰਾਵਟ ਫਰਵਰੀ 2022 ਵਿੱਚ ਕੀਮਤਾਂ ਵਿੱਚ ਭਾਰੀ ਮਾਸਿਕ ਵਾਧੇ ਕਾਰਨ ਆਈ ਸੀ ਜਦੋਂ ਯੂਕਰੇਨ ਉੱਤੇ ਰੂਸੀ ਹਮਲੇ ਨਾਲ ਗਲੋਬਲ ਆਰਥਿਕਤਾ ਕਾਫ਼ੀ ਪ੍ਰਭਾਵਿਤ ਹੋਈ ਸੀ।
ਸਮੁੱਚੇ ਤੌਰ ‘ਤੇ ਮਹਿੰਗਾਈ ਘਟਣ ਦੇ ਬਾਵਜੂਦ, ਗ੍ਰੋਸਰੀ ਦੀਆਂ ਕੀਮਤਾਂ ਉੱਚੀਆਂ ਰਹੀਆਂ ਅਤੇ ਸਮੁੱਚੀ ਮਹਿੰਗਾਈ ਨੂੰ ਪਛਾੜਦੀਆਂ ਰਹੀਆਂ।
ਫ਼ਰਵਰੀ ਵਿੱਚ ਸਟੋਰਾਂ ਤੋਂ ਖਰੀਦੇ ਗਏ ਭੋਜਨ ਦੀਆਂ ਕੀਮਤਾਂ ਇੱਕ ਸਾਲ ਪਹਿਲਾਂ ਦੇ ਮੁਕਾਬਲੇ 10.6 ਫ਼ੀਸਦੀ ਵੱਧ ਸਨ, ਜੋ ਕਿ ਦੋਹਰੇ ਅੰਕਾਂ ਦਾ ਵਾਧਾ ਦਰਸਾਉਂਦਾ ਲਗਾਤਾਰ ਸੱਤਵਾਂ ਮਹੀਨਾ ਹੈ।
ਗੈਸੋਲੀਨ ਦੀਆਂ ਕੀਮਤਾਂ ਇੱਕ ਸਾਲ ਪਹਿਲਾਂ ਦੇ ਮੁਕਾਬਲੇ 4.7 ਫ਼ੀਸਦੀ ਘਟੀਆਂ ਜਿਸ ਨਾਲ ਸਾਲਾਨਾ ਪੱਧਰ ‘ਤੇ ਐਨਰਜੀ ਦੀਆਂ ਕੀਮਤਾਂ ਵਿਚ 0.6 ਫ਼ੀਸਦੀ ਕਮੀ ਦਰਜ ਹੋਈ। ਯੂਕਰੇਨ ਉੱਤੇ ਰੂਸੀ ਹਮਲੇ ਕਾਰਨ ਕੀਮਤਾਂ ਵਧਣੀਆਂ ਸ਼ੁਰੂ ਹੋਈਆਂ ਸਨ। ਜਨਵਰੀ 2021 ਤੋਂ ਬਾਅਦ ਗੈਸੋਲੀਨ ਦੀਆਂ ਕੀਮਤਾਂ ਵਿੱਚ ਇਹ ਪਹਿਲੀ ਸਾਲਾਨਾ ਗਿਰਾਵਟ ਹੈ।
ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਜੇ ਫ਼ੂਡ ਅਤੇ ਐਨਰਜੀ ਨੂੰ ਛੱਡ ਦਈਏ, ਤਾਂ ਫ਼ਰਵਰੀ ਵਿਚ ਕੀਮਤਾਂ ਇੱਕ ਸਾਲ ਪਹਿਲਾਂ ਦੇ ਮੁਕਾਬਲੇ 4.8 ਫ਼ੀਸਦੀ ਵਧੀਆਂ ਹਨ। ਜਨਵਰੀ ਵਿਚ ਇਹ ਸਾਲ-ਦਰ-ਸਾਲ ਵਾਧਾ 4.9 ਫ਼ੀਸਦੀ ਸੀ।
ਜੂਨ 2022 ਵਿਚ ਸਾਲਾਨਾ ਮਹਿੰਗਾਈ ਦਰ ਰਿਕਾਰਡ 8.1 ਫ਼ੀਸਦੀ ‘ਤੇ ਪਹੁੰਚ ਗਈ ਸੀ, ਪਰ ਉਸ ਤੋਂ ਬਾਅਦ ਇਹ ਲਗਾਤਾਰ ਹੇਠਾਂ ਵੱਲ ਆ ਰਹੀ ਹੈ।
ਬੈਂਕ ਔਫ ਕੈਨੇਡਾ ਵੱਲੋਂ ਮਹਿੰਗਾਈ ਨੂੰ ਕਾਬੂ ਕਰਨ ਲਈ ਪਿਛਲੇ ਸਾਲ ਵਿਆਜ ਦਰਾਂ ਵਿਚ ਵਾਧੇ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਸੀ, ਪਰ ਇਸ ਮਹੀਨੇ ਦੇ ਸ਼ੁਰੂ ਵਿਚ ਬੈਂਕ ਨੇ ਵਿਆਜ ਦਰਾਂ ਨੂੰ ਹੋਰ ਨਹੀਂ ਵਧਾਇਆ ਅਤੇ 4.5 % ‘ਤੇ ਬਰਕਰਾਰ ਰੱਖਿਆ ਹੈ।
ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ