1. ਮੁੱਖ ਪੰਨਾ
  2. ਸਮਾਜ
  3. ਸੰਗਠਿਤ ਅਪਰਾਧ

ਬੀਸੀ ਵਿਚ ਇੱਕ ਸਿੱਖ ਵਿਦਿਆਰਥੀ ‘ਤੇ ਹਮਲਾ, ਨਫ਼ਰਤੀ ਅਪਰਾਧ ਵੱਜੋਂ ਜਾਂਚ ਕੀਤੇ ਜਾਣ ਦੀ ਮੰਗ

ਪੀੜਤ ਦੇ ਜਾਣਕਾਰਾਂ ਅਨੁਸਾਰ ਹਮਲਾਵਰਾਂ ਨੇ ਉਸਦੀ ਪੱਗ ਲਾਹੀ ਅਤੇ ਉਸ ਨੂੰ ਵਾਲਾਂ ਤੋਂ ਫ਼ੜ ਕੇ ਘੜੀਸਿਆ

ਗਗਨਦੀਪ ਅਤੇ ਉਸਦੇ ਦੋਸਤ

ਸ਼ੁੱਕਰਵਾਰ ਨੂੰ ਬੀਸੀ ਦੇ ਕਿਲੋਨਾ ਵਿਚ 21 ਸਾਲ ਦੇ ਅੰਤਰਰਾਸ਼ਟਰੀ ਵਿਦਿਆਰਥੀ ਗਗਨਦੀਪ ਸਿੰਘ 'ਤੇ ਕੁਝ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ। ਤਸਵੀਰ ਵਿਚ ਗਗਨਦੀਪ ਬੈੱਡ 'ਤੇ ਪਿਆ ਹੈ ਅਤੇ ਉਸਦੇ ਨਾਲ ਉਸਦੇ ਦੋਸਤ ਹਨ।

ਤਸਵੀਰ: (GoFundMe)

RCI

ਬੀਸੀ ਦੇ ਕੋਲਿਨਾ ਸ਼ਹਿਰ ਵਿਚ ਸ਼ੁੱਕਰਵਾਰ ਨੂੰ ਇੱਕ ਅੰਤਰਰਾਸ਼ਟਰੀ ਸਿੱਖ ਵਿਦਿਆਰਥੀ ਦੀ ਅਣਛਾਤੇ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ ਜਿਸ ਦੌਰਾਨ ਉਸਦੀ ਪੱਗ ਲਾਹ ਕੇ ਫਾੜ ਦਿੱਤੀ ਗਈ ਅਤੇ ਉਸਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਗਿਆ।

ਇਹ ਘਟਨਾ ਇੱਕ ਬੱਸ ਸਟਾਪ ‘ਤੇ ਵਾਪਰੀ ਸੀ। ਆਰਸੀਐਮਪੀ ਦਾ ਕਹਿਣਾ ਹੈ ਕਿ ਉਹ ਅਜੇ ਜਾਂਚ ਦੇ ਸ਼ੁਰੂਆਤੀ ਪੜਾਅ ਵਿਚ ਹਨ ਅਤੇ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਘਟਨਾ ਕਿਉਂ ਵਾਪਰੀ ਸੀ।

ਪੀੜਤ ਦਾ ਨਾਮ ਗਗਨਦੀਪ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਉਹ ਇੱਕ ਸਾਲ ਪਹਿਲਾਂ ਹੀ ਸਟਡੀ ਵੀਜ਼ਾ ‘ਤੇ ਭਾਰਤ ਤੋਂ ਕੈਨੇਡਾ ਆਇਆ ਸੀ।

ਸ਼ੁੱਕਰਵਾਰ ਰਾਤੀ ਕਰੀਬ 10.30 ਵਜੇ ਗਗਨਦੀਪ ਗ੍ਰੋਸਰੀ ਕਰਕੇ ਬੱਸ ਵਿਚ ਵਾਪਸ ਘਰ ਜਾ ਰਿਹਾ ਸੀ, ਜਦੋਂ ਉਸਦਾ ਬੱਸ ਵਿਚ ਮੌਜੂਦ ਕੁਝ ਨੌਜਵਾਨਾਂ ਨਾਲ ਸਾਹਮਣਾ ਹੋਇਆ।

ਪੁਲਿਸ ਨੇ ਦੱਸਿਆ ਕਿ ਬੱਸ ਵਿਚ ਮੌਜੂਦ ਇਹ ਨੌਜਵਾਨ ਗਰੁੱਪ, ਜਿਸ ਵਿਚ ਮੁੰਡੇ ਅਤੇ ਕੁੜੀਆਂ ਦੋਵੇਂ ਸਨ, ਗਗਨਦੀਪ ਨੂੰ ਪ੍ਰੇਸ਼ਾਨ ਕਰਨ ਲੱਗ ਪਏ ਅਤੇ ਜਦੋਂ ਗਗਨਦੀਪ ਬੱਸ ਵਿਚੋਂ ਉਤਰਿਆਂ ਤਾਂ ਉਨ੍ਹਾਂ ਨੇ ਉਸ ਉੱਪਰ ਹਮਲਾ ਕਰ ਦਿੱਤਾ।

ਪੁਲਿਸ ਅਧਿਕਾਰੀਆਂ ਨੂੰ ਗਗਨਦੀਪ ਜ਼ਮੀਨ ‘ਤੇ ਪਿਆ ਮਿਲਿਆ ਸੀ ਅਤੇ ਉਸਦੇ ਦੋਸਤ ਉਦੋਂ ਤੱਕ ਉੱਥੇ ਪਹੁੰਚ ਗਏ ਸਨ। ਉਸਨੂੰ ਐਂਬੁਲੈਂਸ ਵਿਚ ਹਸਪਤਾਲ ਲਿਜਾਇਆ ਗਿਆ ਸੀ।

ਸ਼ੱਕੀਆਂ ਦੀ ਪਛਾਣ ਨਹੀਂ ਹੋਈ

ਸੋਮਵਾਰ ਤੱਕ ਪੁਲਿਸ ਨੇ ਸ਼ੱਕੀਆਂ ਦੀ ਪਛਾਣ ਨਹੀਂ ਕੀਤੀ ਸੀ।

ਸੀਬੀਸੀ ਨਿਊਜ਼ ਨੇ ਪੀੜਤ ਨਾਲ ਗੱਲ ਨਹੀਂ ਕੀਤੀ ਹੈ, ਪਰ ਸਿੱਖ ਭਾਈਚਾਰੇ ਦੇ ਮੈਂਬਰ ਇਸ ਘਟਨਾ ਨੂੰ ਇੱਕ ਨੌਜਵਾਨ ਅਤੇ ਉਹਨਾਂ ਦੇ ਧਰਮ ਉੱਤੇ ਹੋਇਆ ਇੱਕ ਹਿੰਸਕ ਹਮਲਾ ਆਖ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਇਸ ਘਟਨਾ ਦੀ ਨਫ਼ਰਤੀ ਅਪਰਾਧ ਵੱਜੋਂ ਜਾਂਚ ਹੋਣੀ ਚਾਹੀਦੀ ਹੈ।

ਕਿਲੋਨਾ ਵਿੱਖੇ ਗੁਰੂਦੁਆਰਾ ਗੁਰੂ ਅਮਰਦਾਸ ਦਰਬਾਰ ਸਿੱਖ ਸੁਸਾਇਟੀ ਦੇ ਮੈਂਬਰ ਅਮਨ ਹੁੰਦਲ ਨੇ ਕਿਹਾ, ਉਹ ਅਜੇ ਵੀ ਸਦਮੇ ਵਿਚ ਹੈ। ਉਹ ਬਹੁਤ ਤਕਲੀਫ਼ ਵਿਚ ਹੈ। ਉਸਦੇ ਮੂੰਹ ‘ਤੇ ਹਮਲਾ ਹੋਇਆ ਹੈ, ਉਹ ਸਹੀ ਤਰੀਕੇ ਨਾਲ ਬੋਲ ਨਹੀਂ ਪਾ ਰਿਹਾ ਹੈ

ਹੁੰਦਲ ਅਨੁਸਾਰ ਗਗਨਦੀਨ ਉੱਪਰ 15 ਤੋਂ 20 ਨੌਜਵਾਨਾਂ, ਜਿਸ ਵਿਚ ਕੁਝ ਕੁੜੀਆਂ ਵੀ ਸ਼ਾਮਲ ਸਨ, ਨੇ ਹਮਲਾ ਕਰਕੇ ਉਸਦੇ ਚਿਹਰੇ ਅਤੇ ਢਿੱਡ ਵਿਚ ਲੱਤਾਂ ਅਤੇ ਮੁੱਕੇ ਮਾਰੇ।

ਹਮਲਾਵਰਾਂ ਨੇ ਪੱਗ ਚੁਰਾਈ ਅਤੇ ਪੀੜਤ ਦੇ ਵਾਲ ਪੱਟੇ

ਹੁੰਦਲ ਨੇ ਦੱਸਿਆ, ਉਨ੍ਹਾਂ ਨੇ ਉਸਦੀ ਪੱਗ ਲਾਹ ਦਿੱਤੀ, ਉਸਨੂੰ ਵਾਲਾਂ ਤੋਂ ਫ਼ੜਿਆ ਅਤੇ ਬੱਸ ਸਟਾਪ ਦੇ ਨਜ਼ਦੀਕ ਘੜੀਸਿਆ

ਉਸ ‘ਤੇ ਹਮਲਾ ਕਰਨ ਤੋਂ ਬਾਅਦ, ਉਹ ਉਸਦੀ ਪੱਗ ਲੈ ਗਏ…..ਅਸੀਂ ਇਸਨੂੰ ਨਫ਼ਰਤੀ ਅਪਰਾਧ ਵੱਜੋਂ ਦੇਖਦੇ ਹਾਂ….ਉਹ ਇਸਨੂੰ ਇੱਕ ਪ੍ਰਾਪਤੀ ਵੱਜੋਂ ਲੈ ਕੇ ਗਏ ਹਨ ਅਤੇ ਇਹ ਅਪਮਾਨਜਨਕ ਹੈ। ਇਹ [ਪੱਗ]  ਸਾਡੇ ਧਰਮ ਨਾਲ ਸਬੰਧਤ ਹੈ

ਕਿਲੋਨਾ ਦੀ ਕੌਂਸਲਰ ਮੋਹਿਨੀ ਸਿੰਘ ਨੇ ਕਿਹਾ ਕਿ ਇਸ ਘਟਨਾ ਨੇ ਪੂਰੇ ਸਿੱਖ ਭਾਈਚਾਰੇ ਨੂੰ ਝੰਜੋੜ ਦਿੱਤਾ ਹੈ।

ਪੁਲਿਸ ਨੇ ਅਪੀਲ ਕੀਤੀ ਹੈ ਕਿ ਕਿਲੋਨਾ ਵਚਿ ਹਾਈਵੇ 97 'ਤੇ ਵਾਪਰੀ ਇਸ ਘਟਨਾ ਜਾਂ ਸ਼ੱਕੀ ਨੌਜਵਾਨਾਂ ਬਾਰੇ ਜੇ ਕਿਸੇ ਕੋਲ ਕੋਈ ਵੀ ਜਾਣਕਾਰੀ ਹੋਵੇ, ਜਾਂ ਕਿਸੇ ਕੋਲ ਇਸ ਘਟਨਾ ਦੀ ਕੋਈ ਰਿਕਾਰਡਿੰਗ ਹੋਵੇ, ਤਾਂ ਉਹ ਕਿਲੋਨਾ ਪੁਲਿਸ ਨਾਲ ਸੰਪਰਕ ਕਰੇ।

ਪੁਲਿਸ ਨੇ ਅਪੀਲ ਕੀਤੀ ਹੈ ਕਿ ਕਿਲੋਨਾ ਵਚਿ ਹਾਈਵੇ 97 'ਤੇ ਵਾਪਰੀ ਇਸ ਘਟਨਾ ਜਾਂ ਸ਼ੱਕੀ ਨੌਜਵਾਨਾਂ ਬਾਰੇ ਜੇ ਕਿਸੇ ਕੋਲ ਕੋਈ ਵੀ ਜਾਣਕਾਰੀ ਹੋਵੇ, ਜਾਂ ਕਿਸੇ ਕੋਲ ਇਸ ਘਟਨਾ ਦੀ ਕੋਈ ਰਿਕਾਰਡਿੰਗ ਹੋਵੇ, ਤਾਂ ਉਹ ਕਿਲੋਨਾ ਪੁਲਿਸ ਨਾਲ ਸੰਪਰਕ ਕਰੇ।

ਤਸਵੀਰ: (Google Street View)

‘ਇਹ ਸਵੀਕਾਰਨਯੋਗ ਨਹੀਂ’

ਮੋਹਿਨੀ ਸਿੰਘ ਨੇ ਕਿਹਾ, ਹਰ ਕੋਈ ਆਪਣੇ ਬੱਚਿਆਂ ਨੂੰ ਇਹ ਸੋਚ ਕੇ ਕੈਨੇਡਾ ਭੇਜਦਾ ਹੈ ਕਿ ਉਹ ਸੁਰੱਖਿਅਤ ਥਾਂ 'ਤੇ ਜਾ ਰਹੇ ਹਨ, ਜੋ ਕਿ ਇਹ ਹੈ। ਕਿਸੇ ਵੀ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਚਿੰਤਾ ਨਹੀਂ ਹੁੰਦੀ

ਇਹ ਕਿਲੋਨਾ ਵਿਚ ਸਵੀਕਾਰਨਯੋਗ ਨਹੀਂ ਹੈ। ਇਹ ਉਹ ਨਹੀਂ ਹੈ ਜੋ ਅਸੀਂ ਇੱਥੇ ਦੇਖਣਾ ਚਾਹੁੰਦੇ ਹਾਂ। ਇਸਨੂੰ ਰੁਕਣਾ ਪਏਗਾ

ਆਰਸੀਐਮਪੀ ਨੇ ਕਿਹਾ ਕਿ ਜਾਂਚ ਵਿਚ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਕੀ ਇਹ ਘਟਨਾ ਨਸਲੀ ਤੌਰ ‘ਤੇ ਪ੍ਰੇਰਿਤ ਸੀ।

ਆਰਸੀਐਮਪੀ ਦੇ ਬੁਲਾਰੇ, ਡੈਲਾ-ਪਾਓਲੈਰਾ ਨੇ ਕਿਹਾ, ਫ਼ਿਲਹਾਲ, ਇਹ ਇੱਕ ਹਮਲਾ ਹੈ। ਸਪਸ਼ਟ ਤੌਰ ‘ਤੇ ਇਸ ਜਾਂਚ ਵਿਚ ਬਹੁਤ ਕੁਝ ਹੈ ਅਤੇ ਸਾਨੂੰ ਬਹੁਤ ਕਾਰਕਾਂ ‘ਤੇ ਵਿਚਾਰ ਕਰਨ ਦੀ ਜ਼ਰੂਰਤ ਹੈ, ਪਰ ਇਸ ਸਮੇਂ ਸਾਨੂੰ ਹੋਰ ਜਾਣਕਾਰੀ ਇਕੱਠੀ ਕਰਨ ਅਤੇ ਘਟਨਾ ਦੀ ਸਹੀ ਤਸਵੀਰ ਲੈਣ ਦੀ ਲੋੜ ਹੈ

ਪੁਲਿਸ ਨੇ ਅਪੀਲ ਕੀਤੀ ਹੈ ਕਿ ਇਸ ਘਟਨਾ ਜਾਂ ਸ਼ੱਕੀ ਨੌਜਵਾਨਾਂ ਬਾਰੇ ਜੇ ਕਿਸੇ ਕੋਲ ਕੋਈ ਵੀ ਜਾਣਕਾਰੀ ਹੋਵੇ, ਜਾਂ ਕਿਸੇ ਕੋਲ ਇਸ ਘਟਨਾ ਦੀ ਕੋਈ ਡੈਸ਼ਕੈਮ ਜਾਂ ਕੋਈ ਹੋਰ ਰਿਕਾਰਡਿੰਗ ਹੋਵੇ, ਤਾਂ ਉਹ ਕਿਲੋਨਾ ਪੁਲਿਸ ਨਾਲ ਸੰਪਰਕ ਕਰੇ।

ਬ੍ਰੈਂਡੀ ਸਟ੍ਰੈਚੈਨ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ