- ਮੁੱਖ ਪੰਨਾ
- ਸਮਾਜ
- ਸੰਗਠਿਤ ਅਪਰਾਧ
ਨੋਵਾ ਸਕੋਸ਼ੀਆ ਦੇ ਇੱਕ ਹਾਈ ਸਕੂਲ ਵਿਚ ਛੁਰੇਬਾਜ਼ੀ, ਤਿੰਨ ਜਣੇ ਜ਼ਖ਼ਮੀ, ਇੱਕ ਵਿਦਿਆਰਥੀ ਗ੍ਰਿਫ਼ਤਾਰ
ਜ਼ਖ਼ਮਾਂ ਦੀ ਗੰਭੀਰਤਾ ਬਾਰੇ ਫ਼ਿਲਹਾਲ ਜਾਣਕਾਰੀ ਨਹੀਂ - ਪੁਲਿਸ

ਨੋਵਾ ਸਕੋਸ਼ੀਆ ਦੇ ਬਰੈਡਫ਼ਰਡ ਵਿੱਖੇ ਸਥਿਤ ਚਾਰਲਜ਼ ਪੀ ਐਲਨ ਸਕੂਲ ਨੂੰ ਸੋਮਵਾਰ ਸਵੇਰੇ ਵਾਪਰੀ ਛੁਰੇਬਾਜ਼ੀ ਦੀ ਘਟਨਾ ਤੋਂ ਬਾਅਦ ਅੱਜ ਦੇ ਦਿਨ ਲਈ ਬੰਦ ਕਰ ਦਿੱਤਾ ਗਿਆ ਹੈ।
ਤਸਵੀਰ: (Brian MacKay/CBC)
ਨੋਵਾ ਸਕੋਸ਼ੀਆ ਦੇ ਬੈਡਫ਼ਰਡ ਸ਼ਹਿਰ ਵਿਚ ਸਥਿਤ ਇੱਕ ਸਕੂਲ ਵਿੱਖੇ ਵਾਪਰੀ ਛੁਰੇਬਾਜ਼ੀ ਵਿਚ ਤਿੰਨ ਜਣੇ ਜ਼ਖ਼ਮੀ ਹੋ ਗਏ ਹਨ। ਇਹ ਘਟਨਾ ਸੋਮਵਾਰ ਸਵੇਰੇ ਚਾਰਲਜ਼ ਪੀ ਐਲਨ ਸਕੂਲ ਵਿਚ ਵਾਪਰੀ ਹੈ।
ਪੁਲਿਸ ਨੇ ਇੱਕ ਬਿਆਨ ਵਿਚ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਭੇਜਿਆ ਗਿਆ ਹੈ ਪਰ ਉਨ੍ਹਾਂ ਦੇ ਜ਼ਖ਼ਮਾਂ ਦੀ ਗੰਭੀਰਤਾ ਬਾਰੇ ਫ਼ਿਲਹਾਲ ਜਾਣਕਾਰੀ ਨਹੀਂ ਹੈ।
ਪੁਲਿਸ ਨੇ ਪਹਿਲਾਂ ਇਸ ਹਮਲੇ ਵਿਚ ਚਾਰ ਜਣਿਆਂ ਦੇ ਜ਼ਖ਼ਮੀ ਹੋਣ ਦੀ ਗੱਲ ਆਖੀ ਸੀ , ਪਰ ਬਾਅਦ ਵਿਚ ਇਸ ਜਾਣਕਾਰੀ ਨੂੰ ਦੁਰੁਸਤ ਕੀਤਾ।
ਸੋਮਵਾਰ ਸਵੇਰੇ ਕਰੀਬ 9.20 ਵਜੇ ਪੁਲਿਸ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ ਗਿਆ ਸੀ। ਕਰੀਬ 9.31 ਵਜੇ ਇੱਕ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਵਿਦਿਆਰਥੀਆਂ ਵੱਲੋਂ ਬਣਾਈਆਂ ਵੀਡੀਓਜ਼ ਵਿਚ ਦੇਖਿਆ ਜਾ ਸਕਦਾ ਹੈ ਕਿ ਦੋ ਬਾਲਗ਼ਾਂ ਨੂੰ ਐਂਬੁਲੈਂਸ ਵਿਚ ਲਿਜਾਇਆ ਜਾ ਰਿਹਾ ਹੈ ਅਤੇ ਇੱਕ ਵਿਅਕਤੀ ਸਕੂਲ ਦੇ ਬਾਹਰ ਪੁਲਿਸ ਦੀ ਹਿਰਾਸਤ ਵਿਚ ਨਜ਼ਰੀਂ ਪੈ ਰਿਹਾ ਹੈ।
ਹੈਲੀਫ਼ੈਕਸ ਰੀਜਨਲ ਸੈਂਟਰ ਫ਼ੌਰਾ ਐਜੂਕੇਸ਼ਨ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਸਕੂਲ ਵਿਚ ਹੋਲਡ ਐਂਡ ਸਿਕਿਓਰ ਸਥਿਤੀ ਲਾਗੂ ਕੀਤੀ ਸੀ, ਭਾਵ ਇਹਤਿਆਤ ਵੱਜੋਂ ਤਾਲਾਬੰਦੀ ਕਰ ਦਿੱਤੀ ਗਈ ਸੀ।
ਸੈਂਟਰ ਨੇ 10.30 ਵਜੇ ਐਲਾਨ ਕੀਤਾ ਕਿ ਸਕੂਲ ਨੂੰ ਅੱਜ ਦੇ ਦਿਨ ਲਈ ਬੰਦ ਕੀਤਾ ਜਾ ਰਿਹਾ ਹੈ।
ਸਕੂਲ ਨੇ ਮਾਪਿਆਂ ਨੂੰ ਭੇਜੇ ਪੱਤਰ ਵਿਚ ਲਿਖਿਆ ਕਿ ਸਕੂਲ ਵਿਚ ਸਵੇਰੇ ਇੱਕ ਘਟਨਾ ਵਾਪਰੀ ਹੈ। ਸਾਰੇ ਵਿਦਿਆਰਥੀ ਸੁਰੱਖਿਅਤ ਹਨ ਅਤੇ ਜਨਤਕ ਸੁਰੱਖਿਆ ਨੂੰ ਕੋਈ ਖ਼ਤਰਾ ਨ੍ਹੀਂ ਹੈ
।
ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਕੂਲ ਦੀ ਤਲਾਸ਼ੀ ਪੂਰੀ ਕਰ ਲਈ ਹੈ ਅਤੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸਕੂਲ ਤੋਂ ਸੁਰੱਖਿਅਤ ਕੱਢਣ ਲਈ ਕੰਮ ਕੀਤਾ ਜਾ ਰਿਹਾ ਹੈ।
ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ