- ਮੁੱਖ ਪੰਨਾ
- ਅੰਤਰਰਾਸ਼ਟਰੀ
- ਇਮੀਗ੍ਰੇਸ਼ਨ
[ ਰਿਪੋਰਟ ] ਅੰਤਰ ਰਾਸ਼ਟਰੀ ਵਿਦਿਆਰਥੀਆਂ ਨੂੰ ਡਿਪੋਰਟ ਕੀਤੇ ਜਾਣ ਦਾ ਮਸਲਾ : ਕੀ ਹੈ ਅਸਲੀਅਤ
ਜੂਡੀਸ਼ੀਅਲ ਰੀਵਿਊ ਦੀ ਅਰਜ਼ੀ ਕੀਤੀ ਜਾ ਸਕਦੀ ਹੈ ਦਾਇਰ

ਵਿਦਿਆਰਥੀਆਂ ਉੱਪਰ ਦੋਸ਼ ਹਨ ਕਿ ਉਹ ਜਾਅਲੀ ਐਡਮਿਸ਼ਨ ਲੈਟਰ ਸਦਕਾ ਕੈਨੇਡਾ ਵਿੱਚ ਸਟੱਡੀ ਵੀਜ਼ੇ 'ਤੇ ਆਏ ਹਨ I
ਤਸਵੀਰ: CBC
ਕੈਨੇਡਾ ਵਿੱਚ 700 ਅੰਤਰ ਰਾਸ਼ਟਰੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੀਆਂ ਮੀਡੀਆ ਰਿਪੋਰਟਾਂ ਚਰਚਾ ਵਿੱਚ ਹਨ I
ਭਾਵੇਂ ਕਿ ਕੈਨੇਡੀਅਨ ਬੌਰਡਰ ਸਰਵਿਸ ਏਜੰਸੀ (ਸੀਬੀਐੱਸਏ) ਅਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਅੰਤਰ ਰਾਸ਼ਟਰੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਮਸਲਾ ਭਖਿਆ ਹੋਇਆ ਹੈ I
ਕੀ ਹੈ ਮਾਮਲਾ
ਮੀਡੀਆ ਰਿਪੋਰਟਾਂ ਮੁਤਾਬਿਕ ਇਹਨਾਂ ਵਿਦਿਆਰਥੀਆਂ ਨੂੰ ਵੱਡੀ ਗਿਣਤੀ ਵਿੱਚ ਇਸ ਕਰਕੇ ਡਿਪੋਰਟ ਕੀਤਾ ਜਾ ਰਿਹਾ ਹੈ ਕਿਉਂਕਿ ਕੈਨੇਡਾ ਦਾ ਸਟੱਡੀ ਵੀਜ਼ਾ ਅਪਲਾਈ ਕਰਨ ਸਮੇਂ ਇਹਨਾਂ ਵਿਦਿਆਰਥੀਆਂ ਵੱਲੋਂ ਲਗਾਏ ਗਏ ਐਡਮਿਸ਼ਨ ਲੈਟਰ ਜਾਅਲੀ ਸਨ I
ਜ਼ਿਰਕਯੋਗ ਹੈ ਕੀ ਕੈਨੇਡਾ ਦਾ ਸਟੱਡੀ ਵੀਜ਼ਾ ਅਪਲਾਈ ਕਰਨ ਸਮੇਂ ਵਿਦਿਆਰਥੀ ਕਿਸੇ ਕਾਲਜ ਤੋਂ ਆਫ਼ਰ ਲੈਟਰ ਲੈ ਕੇ ਫ਼ੀਸ ਭਰਦੇ ਹਨ ਅਤੇ ਵੀਜ਼ੇ ਲਈ ਆਪਣੀ ਅਰਜ਼ੀ ਦਿੰਦੇ ਹਨ I
ਸੀਬੀਸੀ ਨਾਲ ਗੱਲਬਾਤ ਦੌਰਾਨ ਇਹਨਾਂ ਵਿਦਿਆਰਥੀਆਂ ਨੇ ਦੱਸਿਆ ਕਿ ਕੈਨੇਡਾ ਪਹੁੰਚਣ ਤੋਂ ਬਾਅਦ ਉਹਨਾਂ ਨੇ ਆਪਣੇ ਏਜੰਟ ਦੇ ਕਹਿਣ 'ਤੇ ਆਪਣਾ ਕਾਲਜ ਬਦਲ ਲਿਆ I
ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਜਦੋਂ ਇਹਨਾਂ ਵਿਦਿਆਰਥੀਆਂ ਨੇ ਪੀ ਆਰ ਦੀ ਅਰਜ਼ੀ ਦਿੱਤੀ ਤਾਂ ਇਹਨਾਂ ਨੂੰ ਸੀਬੀਐਸਏ ਵੱਲੋਂ ਨੋਟਿਸ ਜਾਰੀ ਕੀਤੇ ਗਏ ਹਨ I
ਇੰਦਰਜੀਤ ਸਿੰਘ ਨਾਮ ਦੇ ਨੌਜਵਾਨ ਜਿਸਦੀ ਸਟੱਡੀ ਵੀਜ਼ੇ ਦੀ ਅਰਜ਼ੀ ਜਲੰਧਰ ਦੇ ਇਕ ਏਜੰਟ ਨੇ ਲਗਵਾਈ ਸੀ ਨੇ ਕੈਨੇਡਾ ਵਿੱਚ ਆ ਕੇ ਆਪਣਾ ਕਾਲਜ ਬਦਲ ਲਿਆ ਸੀ I ਉਸਨੇ ਆਪਣਾ ਦੋ ਸਾਲਾਂ ਦਾ ਬਿਜ਼ਨਸ ਐਡਮਿਨਿਸਟ੍ਰੇਸ਼ਨ ਦਾ ਕੋਰਸ 2021 ਵਿੱਚ ਪੂਰਾ ਕੀਤਾ I
ਸੀਬੀਸੀ ਨਾਲ ਗੱਲਬਾਤ ਦੌਰਾਨ ਇੰਦਰਜੀਤ ਸਿੰਘ ਨੇ ਕਿਹਾ ਮੈਂ ਉਦੋਂ ਹੈਰਾਨ ਰਹਿ ਗਿਆ ਸੀ ਜਦੋਂ ਮੈਨੂੰ ਸੀਬੀਐਸਏ ਤੋਂ ਨੋਟਿਸ ਮਿਲਿਆ ਸੀ ਜਿਸ ਵਿੱਚ ਮੇਰੇ ਉੱਪਰ ਆਪਣਾ ਵੀਜ਼ਾ ਪ੍ਰਾਪਤ ਕਰਨ ਲਈ ਜਾਅਲੀ ਐਡਮਿਸ਼ਨ ਲੈਟਰ ਲਗਾਏ ਹੋਣ ਦਾ ਦੋਸ਼ ਲਗਾਇਆ ਗਿਆ ਸੀ I

ਆਪਣੇ ਵਕੀਲ ਮਨਰਾਜ ਸਿੱਧੂ ਨਾਲ ਕਰਮਜੀਤ ਕੌਰ
ਤਸਵੀਰ: Rick Bremness/CBC
ਅਜਿਹੀ ਹੀ ਕਹਾਣੀ 2018 ਦੌਰਾਨ ਅੰਤਰ ਰਾਸ਼ਟਰੀ ਵਿਦਿਆਰਥਣ ਦੇ ਤੌਰ 'ਤੇ ਆਈ ਕਰਮਜੀਤ ਕੌਰ ਦੀ ਹੈI ਕਰਮਜੀਤ ਦਾ ਦਾਅਵਾ ਹੈ ਏਜੰਟ ਦੁਆਰਾ 2018 ਵਿੱਚ ਉਸਨੂੰ ਟੋਰੌਂਟੋ ਦੇ ਸੇਨੇਕਾ ਕਾਲਜ ਤੋਂ ਆਫ਼ਰ ਲੈਟਰ ਲੈ ਕੇ ਦਿੱਤਾ ਗਿਆ I
ਜਦੋਂ ਕਰਮਜੀਤ ਓਨਟੇਰੀਓ ਪਹੁੰਚੀ ਤਾਂ ਉਸਦੇ ਏਜੰਟ ਨੇ ਉਸਨੂੰ ਉਕਤ ਕਾਲਜ ਵਿੱਚ ਪਲੇਸਮੈਂਟ ਨਾ ਹੋਣ ਕਰਕੇ ਕਿਸੇ ਹੋਰ ਕਾਲਜ ਵਿੱਚ ਦਾਖ਼ਲੇ ਦੀ ਪੇਸ਼ਕਸ਼ ਕੀਤੀ I ਇਸਤੋਂ ਬਾਅਦ ਕਰਮਜੀਤ ਨੇ ਐਡਮੰਟਨ ਦੇ ਨੌਰਕੁਏਸਟ ਕਾਲਜ ਵਿੱਚ ਦਾਖ਼ਲਾ ਲੈ ਲਿਆ I
ਕਰਮਜੀਤ ਨੇ ਜੂਨ 2020 ਵਿੱਚ ਬਿਜ਼ਨਸ ਐਡਮਿਨਿਸਟ੍ਰੇਸ਼ਨ ਮੈਨੇਜਮੈਂਟ ਵਿੱਚ ਡਿਪਲੋਮਾ ਕਰ ਲਿਆ I 25 ਮਈ 2021 ਨੂੰ ਇੱਕ ਸੀਬੀਐੱਸਏ ਅਧਿਕਾਰੀ ਨੇ ਕਰਮਜੀਤ ਨੂੰ ਦੱਸਿਆ ਕਿ ਸੇਨੇਕਾ ਕਾਲਜ ਦਾ ਪੱਤਰ ਜਾਅਲੀ ਸੀ।
ਲੰਬੀ ਹੈ ਡਿਪੋਰਟ ਕਰਨ ਦੀ ਪ੍ਰਕਿਰਿਆ
ਕੈਨੇਡਾ ਵਿੱਚੋਂ ਕਿਸੇ ਵਿਅਕਤੀ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਲੰਬੀ ਅਤੇ ਪੇਚੀਦੀ ਹੈ I ਡਿਪੋਰਟ ਕਰਨ ਦਾ ਕੰਮ ਕੈਨੇਡੀਅਨ ਬੌਰਡਰ ਸਰਵਿਸ ਏਜੰਸੀ (ਸੀਬੀਐੱਸਏ) ਦੁਆਰਾ ਦੇਖਿਆ ਜਾਂਦਾ ਹੈ I
ਮਾਹਰਾਂ ਮੁਤਾਬਿਕ ਵਿਅਕਤੀਆਂ ਕੋਲ ਅਜਿਹੇ ਨੋਟਿਸ ਦਾ ਜਵਾਬ ਦੇਣ ਅਤੇ ਉਸ ਖ਼ਿਲਾਫ਼ ਅਰਜ਼ੀ ਦੇਣ ਲਈ ਮੌਕੇ ਹੁੰਦੇ ਹਨ ਜੋ ਕਿ ਉਹਨਾਂ ਦੇ ਕੈਨੇਡਾ ਵਿੱਚ ਲੀਗਲ ਸਟੇਟਸ 'ਤੇ ਨਿਰਭਰ ਕਰਦੇ ਹਨ I
ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗੱਲਬਾਤ ਦੌਰਾਨ ਇਮੀਗ੍ਰੇਸ਼ਨ ਵਕੀਲ ਅਮਨਦੀਪ ਹੇਅਰ ਨੇ ਦੱਸਿਆ ਕਿ ਸੀਬੀਐੱਸਏ ਵੱਲੋਂ ਸਭ ਤੋਂ ਪਹਿਲਾਂ A44 ਨਾਮੀ ਰਿਪੋਰਟ ਲਿਖੀ ਜਾਂਦੀ ਹੈ ਅਤੇ ਮਾਮਲਾ ਇਮੀਗ੍ਰੇਸ਼ਨ ਐਂਡ ਰਿਫ਼ਿਊਜੀ ਬੋਰਡ ਔਫ਼ ਕੈਨੇਡਾ ਕੋਲ ਜਾਂਦਾ ਹੈ I

ਇਮੀਗ੍ਰੇਸ਼ਨ ਵਕੀਲ ਅਮਨਦੀਪ ਹੇਅਰ ਦਾ ਕਹਿਣਾ ਹੈ ਕਿ ਡਿਪੋਰਟੇਸ਼ਨ ਤੋਂ ਪਹਿਲਾਂ ਅਰਜ਼ੀ ਦਾਇਰ ਕੀਤੀ ਜਾ ਸਕਦੀ ਹੈ I
ਤਸਵੀਰ: ਧੰਨਵਾਦ ਸਹਿਤ ਅਮਨਦੀਪ ਹੇਅਰ
ਅਮਨਦੀਪ ਸਿੰਘ ਨੇ ਕਿਹਾ ਟੈਪਰੇਰੀ ਰੈਜ਼ੀਡੈਂਟ ਅਜਿਹੇ ਮਾਮਲਿਆਂ ਵਿੱਚ ਫ਼ੈਡਰਲ ਕੋਰਟ ਵਿੱਚ ਜੂਡੀਸ਼ੀਅਲ ਰੀਵਿਊ ਦੀ ਅਰਜ਼ੀ ਦੇ ਸਕਦੇ ਹਨ I ਪੀ ਆਰ ਵਿਅਕਤੀਆਂ ਹੀ ਕੋਲ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਕੋਲ ਅਪੀਲ ਕਰਨ ਦਾ ਅਧਿਕਾਰ ਹੁੰਦਾ ਹੈ I
ਅਮਨਦੀਪ ਸਿੰਘ ਨੇ ਦੱਸਿਆ ਕਿ ਫ਼ੈਡਰਲ ਕੋਰਟ ਇਮੀਗ੍ਰੇਸ਼ਨ ਬੋਰਡ ਦੇ ਫ਼ੈਸਲੇ ਨੂੰ ਬਰਕਰਾਰ ਰੱਖ ਸਕਦਾ ਹੈ ਜਾਂ ਬਦਲ ਸਕਦਾ ਹੈ I
ਦੱਸਣਯੋਗ ਹੈ ਕਿ ਕਰਮਜੀਤ ਕੌਰ ਦੁਆਰਾ ਦਾਇਰ ਕੀਤੀ ਗਈ ਜੂਡੀਸ਼ੀਅਲ ਰੀਵਿਊ ਦੀ ਅਰਜ਼ੀ ਖ਼ਾਰਜ ਕਰ ਦਿੱਤੀ ਗਈ ਹੈ I
5 ਸਾਲਾਂ ਦੌਰਾਨ 58 ਹਜ਼ਾਰ ਵਿਅਕਤੀ ਡਿਪੋਰਟ
ਸੀਬੀਐੱਸਏ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 2015 ਤੋਂ 2020 ਦਰਮਿਆਨ ਕਰੀਬ 58 ਹਜ਼ਾਰ ਵਿਅਕਤੀਆਂ ਨੂੰ ਡਿਪੋਰਟ ਕੀਤਾ ਗਿਆ I ਇਸ ਸਮੇਂ ਦੌਰਾਨ ਭਾਰਤ ਨੂੰ ਡਿਪੋਰਟ ਕੀਤੇ ਜਾਣ ਵਾਲੇ ਵਿਅਕਤੀਆਂ ਦੀ ਗਿਣਤੀ 2056 ਹੈ I
ਕੈਨੇਡੀਅਨ ਕਾਨੂੰਨ ਮੁਤਾਬਿਕ ਜੋ ਵਿਅਕਤੀ ਪੀ ਆਰ ਤੋਂ ਬਾਅਦ ਕੈਨੇਡਾ ਦੀ ਸਿਟੀਜ਼ਨਸ਼ਿਪ ਲੈਂਦੇ ਹਨ , ਉਹ ਵੀ ਡਿਪੋਰਟ ਹੋ ਸਕਦੇ ਹਨ I
ਸਾਲ 2019 ਦੌਰਾਨ ਪੰਜਾਬੀ ਮੂਲ ਦੇ ਜੋਬਨਦੀਪ ਸਿੰਘ ਨੂੰ ਡਿਪੋਰਟ ਕੀਤਾ ਗਿਆ ਸੀ I ਜੋਬਨਦੀਪ , ਜੋ ਕਿ ਮੌਂਟਰੀਅਲ ਤੋਂ ਟੋਰੌਂਟੋ ਦਰਮਿਆਨ ਟਰੱਕ ਚਲਾਉਂਦਾ ਸੀ , ਨੂੰ 2017 ਦੌਰਾਨ ਓਨਟੇਰੀਓ ਪੁਲਿਸ ਨੇ ਰੋਕਿਆ ਅਤੇ ਪੁਲਿਸ ਅਫ਼ਸਰ ਨੂੰ ਪਤਾ ਲੱਗਿਆ ਕਿ ਜੋਬਨ 20 ਘੰਟੇ ਤੋਂ ਵਧੇਰੇ ਕੰਮ ਕਰ ਰਿਹਾ ਸੀ I

ਜੋਬਨਦੀਪ ਸਿੰਘ ਸਾਲ 2019 ਦੌਰਾਨ ਡਿਪੋਰਟ ਕੀਤਾ ਗਿਆ ਸੀ I
ਤਸਵੀਰ: Jonathan Castell/CBC
ਇਸਤੋਂ ਇਲਾਵਾ ਘਾਤਕ ਹੰਬੋਲਟ ਬ੍ਰੌਂਕੋਸ ਬੱਸ ਹਾਦਸੇ ਲਈ ਜ਼ਿੰਮੇਵਾਰ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਦੇ ਵਕੀਲ ਨੂੰ ਸਿੱਧੂ ਨੂੰ ਡਿਪੋਰਟ ਕੀਤੇ ਜਾਣ ਦਾ ਮਾਮਲਾ ਅਦਾਲਤ ਵਿੱਚ ਹੈ I
ਸੀਬੀਐੱਸਏ ਵੱਲੋਂ ਪੁਸ਼ਟੀ ਨਹੀਂ
ਸੀਬੀਐੱਸਏ ਵੱਲੋਂ 700 ਵਿਦਿਆਰਥੀਆਂ ਨੂੰ ਡਿਪੋਰਟ ਕੀਤੇ ਜਾਣ ਦੇ ਅੰਕੜੇ ਬਾਰੇ ਫ਼ਿਲਹਾਲ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ I
ਰੇਡੀਓ ਕੈਨੇਡਾ ਇੰਟਰਨੈਸ਼ਨਲ ਨੂੰ ਇਕ ਈ-ਮੇਲ ਵਿੱਚ ਸੀਬੀਐੱਸਏ ਨੇ ਕਿਹਾ ਕਿ ਉਹਨਾਂ ਵੱਲੋਂ ਸਟੱਡੀ ਪਰਮਿਟ ਮਿਸਰੀਪਰੈਜ਼ੇਂਟੇਸ਼ਨ (misrepresentation) ਦੇ ਬਹੁਤ ਸਾਰੇ ਮਾਮਲਿਆਂ ਦੀ ਜਾਂਚ ਜਾਰੀ ਹੈ ਅਤੇ ਮਾਮਲੇ ਜਾਂਚ ਅਧੀਨ ਹੋਣ ਕਾਰਨ ਇਸ ਬਾਰੇ ਟਿੱਪਣੀ ਕਰਨਾ ਵਾਜਿਬ ਨਹੀਂ ਹੈ I
ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਤੋਂ ਡਿਪੋਰਟ ਕੀਤੇ ਗਏ ਵਿਅਕਤੀ ਕੈਨੇਡਾ ਵਾਪਿਸ ਆ ਸਕਦੇ ਹਨ I ਨਿਯਮਾਂ ਅਨੁਸਾਰ ਜਿਸ ਵਿਅਕਤੀ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਜਾਂਦਾ ਹੈ , ਉਹਨਾਂ ਨੂੰ ਕੈਨੇਡਾ ਵਾਪਿਸ ਆਉਣ ਤੋਂ ਪਹਿਲਾਂ ਆਥੋਰਾਈਜ਼ੇਸ਼ਨ ਟੂ ਰਿਟਰਨ ਟੂ ਕੈਨੇਡਾ (ਨਵੀਂ ਵਿੰਡੋ) ਅਪਲਾਈ ਕਰਨਾ ਪੈਂਦਾ ਹੈ I