- ਮੁੱਖ ਪੰਨਾ
- ਸਮਾਜ
- ਇਮੀਗ੍ਰੇਸ਼ਨ
ਸਿੱਖਿਆ ਅਤੇ ਤਜਰਬੇ ਨੂੰ ਕੈਨੇਡਾ ਵਿਚ ਮਾਨਤਾ ਨਾ ਮਿਲਣ ਕਰਕੇ ਵਾਪਸ ਪਰਤੀ ਇਹ ਨਵੀਂ ਇਮੀਗ੍ਰੈਂਟ
ਮੇਰਾ ਦੁਬਈ ਵਿਚ 9 ਸਾਲ ਦਾ ਆਰਕੀਟੈਕਟ ਦਾ ਤਜਰਬਾ ਕੈਨੇਡਾ ਵਿਚ ਵਿਅਰਥ ਸੀ: ਕੋਮਲਦੀਪ ਮੱਕੜ

ਕੈਨੇਡਾ ਆਉਣ ਤੋਂ ਪਹਿਲਾਂ ਕੋਮਲਦੀਪ ਮੱਕੜ ਕੋਲ ਭਾਰਤ ਅਤੇ ਦੁਬਈ ਵਿਚ ਆਰਕੀਟੈਕਟ ਦਾ 9 ਸਾਲਾਂ ਦਾ ਤਜਰਬਾ ਸੀ।
ਤਸਵੀਰ: (Submitted by Komaldeep Makkar)
ਮੈਂ ਭਾਰਤ ਦੇ ਪੰਜਾਬ ਸੂਬੇ ਵਿੱਚ ਵੱਡੀ ਹੋਈ ਹਾਂ। ਮੈਂ ਮਹਿਸੂਸ ਕਰਦੀ ਸੀ ਕਿ ਪੰਜਾਬ ਦੀ ਲਗਭਗ ਹਰ ਗਲੀ ਵਿੱਚ ਅਜਿਹੇ ਬਿਲਬੋਰਡ ਲੱਗੇ ਹਨ ਜੋ ਕੈਨੇਡਾ ਵਿੱਚ ਚੰਗੀਆਂ ਤਨਖਾਹਾਂ, ਬਿਹਤਰ ਜੀਵਨ ਅਤੇ ਨੌਕਰੀ ਦੇ ਬਹੁਤ ਸਾਰੇ ਮੌਕਿਆਂ ਦਾ ਪ੍ਰਚਾਰ ਕਰਦੇ ਹਨ।
ਮੈਂ ਬਹੁਤ ਸਾਰੇ ਪਰਿਵਾਰਾਂ ਨੂੰ ਜਾਣਦੀ ਹਾਂ ਜਿਨ੍ਹਾਂ ਦੇ ਨੌਜਵਾਨ ਮੁੰਡੇ-ਕੁੜੀਆਂ ਕੈਨੇਡਾ ਜਾਣ ਦੀਆਂ ਕੋਸ਼ਿਸ਼ਾਂ ਵਿਚ ਅੰਗਰੇਜ਼ੀ-ਭਾਸ਼ਾ ਦੇ ਟੈਸਟਾਂ ਲਈ ਕੋਰਸਾਂ ਵਿੱਚ ਦਾਖਲ ਹੋਏ ਸਨ।
ਮੈਂ ਉਨ੍ਹਾਂ ਮਾਪਿਆਂ ਦੀਆਂ ਅੱਖਾਂ ਵਿੱਚ ਇੱਕ ਮਾਣ ਮਹਿਸੂਸ ਕੀਤਾ ਜਦੋਂ ਉਨ੍ਹਾਂ ਨੇ ਆਪਣੇ ਪੁੱਤਰ ਜਾਂ ਧੀ ਦੇ ਕੈਨੇਡਾ ਵਿੱਚ ਵੱਸਣ ਦੀ ਖ਼ਬਰ ਸਾਂਝੀ ਕੀਤੀ। ਇਸ ਸਭ ਨੇ ਮੇਰੇ ਉੱਤੇ ਇੱਕ ਡੂੰਘਾ ਪ੍ਰਭਾਵ ਛੱਡਿਆ। ਇਸ ਨੇ ਮੈਨੂੰ ਸੋਚਣ ਲਈ ਮਜਬੂਰ ਕੀਤਾ ਕਿ ਕੈਨੇਡਾ ਵਿੱਚ ਸ਼ਾਨਦਾਰ ਮੌਕੇ ਹਨ ਅਤੇ ਇੱਕ ਦਿਨ ਇਹ ਮੁਲਕ ਮੇਰਾ ਘਰ ਵੀ ਬਣ ਸਕਦਾ ਹੈ।
ਮੈਂ ਭਾਰਤ ਤੋਂ ਆਰਕੀਟੈਕਚਰ ਦੀ ਬੈਚਲਰ ਅਤੇ ਅਰਬਨ ਪਲਾਨਿੰਗ (ਸ਼ਹਿਰੀ ਯੋਜਨਾਬੰਦੀ) ਦੀ ਮਾਸਟਰ ਡਿਗਰੀ ਕੀਤੀ ਹੈ। ਇੱਕ ਆਰਕੀਟੈਕਟ ਵਜੋਂ ਮੇਰਾ ਕੰਮ ਮੈਨੂੰ ਨਵੀਂ ਦਿੱਲੀ ਅਤੇ ਬਾਅਦ ਵਿੱਚ ਦੁਬਈ ਲੈ ਗਿਆ, ਜਿੱਥੇ ਮੈਂ ਬਹੁ-ਰਾਸ਼ਟਰੀ ਕੰਪਨੀਆਂ ਲਈ ਕੰਮ ਕੀਤਾ।
ਦੁਬਈ ਵਿੱਚ, ਮੈਂ ਇੱਕ ਚੰਗੀ ਤਨਖ਼ਾਹ ਪ੍ਰਾਪਤ ਕੀਤੀ ਜੋ ਮੈਂ ਸ਼ਾਇਦ ਭਾਰਤ ਵਿੱਚ ਕਦੇ ਨਹੀਂ ਕਮਾ ਸਕਦੀ ਸੀ। ਮੇਰੇ ਕੰਮ ਅਤੇ ਜੀਵਨ ਦਾ ਸੰਤੁਲਨ ਵੀ ਵਧੀਆ ਸੀ। ਪਰ ਦੁਬਈ ਵਿੱਚ ਰਹਿਣ ਵਾਲੇ ਇੱਕ ਪਰਵਾਸੀ ਵਜੋਂ, ਨਾਗਰਿਕਤਾ ਵੱਲ ਕੋਈ ਸਿੱਧਾ ਰਸਤਾ ਨਹੀਂ ਹੈ।

ਕੋਮਲਦੀਪ ਆਪਣੇ ਪਤੀ ਨਾਲ 2021 ਵਿਚ ਟੋਰੌਂਟੋ ਸ਼ਿਫ਼ਟ ਹੋਈ ਸੀ।
ਤਸਵੀਰ: (Submitted by Komaldeep Makkar)
ਇਸ ਲਈ ਆਪਣੇ ਕਰੀਅਰ ਦੇ ਟੀਚਿਆਂ ਨੂੰ ਹੁਲਾਰਾ ਦੇਣ ਅਤੇ ਇੱਕ ਅਜਿਹਾ ਮੁਲਕ ਜਿਸਨੂੰ ਮੈਂ ਪੱਕੇ ਤੌਰ ‘ਤੇ ਆਪਣਾ ਘਰ ਕਹਿ ਸਕਾਂ, ਦੀ ਭਾਲ ਵਿਚ ਮੈਂ 2017 ਵਿੱਚ ਕੈਨੇਡੀਅਨ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਲਈ ਅਰਜ਼ੀ ਦਿੱਤੀ। ਮੈਂ ਅਰਜ਼ੀ ਦੀ ਪ੍ਰਕਿਰਿਆ ਦੌਰਾਨ ਇੱਕ ਆਰਕੀਟੈਕਟ ਨਾਲ ਵਿਆਹ ਕਰਵਾ ਲਿਆ ਅਤੇ 2020 ਦੇ ਸ਼ੁਰੂ ਵਿੱਚ ਮੇਰਾ ਪਰਮਾਨੈਂਟ ਰੈਜ਼ੀਡੈਂਸੀ ਦਾ ਵਿਜ਼ਾ ਆ ਗਿਆ। ਮੈਂ ਅਤੇ ਮੇਰੇ ਪਤੀ ਉਹ ਕਦਮ ਚੁੱਕਣ ਲਈ ਬਹੁਤ ਉਤਸ਼ਾਹਿਤ ਸਨ ਜਿਸ ਬਾਰੇ ਅਸੀਂ ਬਹੁਤ ਕੁਝ ਸੁਣਿਆ ਅਤੇ ਪੜ੍ਹਿਆ ਸੀ।
ਜਦੋਂ ਅਸੀਂ ਜਨਵਰੀ 2021 ਵਿੱਚ ਟੋਰੌਂਟੋ ਵਿੱਚ ਉਤਰੇ, ਤਾਂ ਅਸੀਂ ਆਪਣੀ ਪਹਿਲੀ ਸਨੋਅ ਦਾ ਅਨੁਭਵ ਕੀਤਾ। ਮੈਨੂੰ ਸਾਫ਼ ਹਵਾ ਵਿੱਚ ਸਾਹ ਲੈਣਾ ਅਤੇ ਕੁਦਰਤ ਦੀਆਂ ਆਵਾਜ਼ਾਂ ਸੁਣਨਾ ਪਸੰਦ ਸੀ, ਜੋ ਭਾਰਤ ਤੋਂ ਬਹੁਤ ਵੱਖਰੀਆਂ ਸਨ।
ਪਰ ਜਲਦੀ ਹੀ ਸਾਡੀ ਕੰਮ ਮਿਲਣ ਦੀਆਂ ਸੰਭਾਵਨਾਵਾਂ ਵੀ ਠੰਡੀਆਂ ਪੈਣ ਲੱਗ ਗਈਆਂ। ਕੁਝ ਮਹੀਨਿਆਂ ਦੀ ਨੌਕਰੀ ਦੀ ਭਾਲ ਤੋਂ ਬਾਅਦ, ਮੈਨੂੰ ਅਹਿਸਾਸ ਹੋਇਆ ਕਿ ਮੱਧ ਪੂਰਬ ਵਿੱਚ ਇੱਕ ਆਰਕੀਟੈਕਟ ਵਜੋਂ ਮੇਰੀ ਸਿੱਖਿਆ ਅਤੇ ਨੌਂ ਸਾਲਾਂ ਦੇ ਤਜਰਬੇ ਦਾ ਕੋਈ ਮੁੱਲ ਨਹੀਂ ਪੈ ਰਿਹਾ।
ਅਸੀਂ ਸਰਕਾਰ ਦੁਆਰਾ ਫ਼ੰਡ ਕੀਤੇ ਜਾਣ ਵਾਲੇ ਕੁਝ ਸੈਟਲਮੈਂਟ ਪ੍ਰੋਗਰਾਮਾਂ ਵਿਚ ਰਜਿਸਟਰ ਕੀਤਾ ਤਾਂ ਕਿ ਆਪਣੇ ਹੁਨਰ ਅਤੇ ਤਜਰਬੇ ਨੂੰ ਕੈਨੇਡੀਅਨ ਮਾਰਕੀਟ ਦੇ ਅਨੁਕੂਲ ਢਾਲ ਸਕੀਏ।
ਮੈਨੂੰ ਕਈ ਰੁਜ਼ਗਾਰ ਸਲਾਹਕਾਰਾਂ ਦੁਆਰਾ ਮੇਰੇ ਰੈਜ਼ਿਊਮੇ ਤੋਂ ਮੇਰੀ ਮਾਸਟਰ ਡਿਗਰੀ ਨੂੰ ਹਟਾਉਣ ਲਈ ਕਿਹਾ ਗਿਆ - ਉਹੀ ਡਿਗਰੀ ਜਿਸ ਕਾਰਨ ਮੈਨੂੰ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਵਿੱਚ ਵਾਧੂ ਅੰਕ ਪ੍ਰਾਪਤ ਹੋਏ ਸਨ। ਉਹ ਇਹ ਵੀ ਸੁਝਾਅ ਦਿੰਦੇ ਰਹੇ ਕਿ ਮੈਂ ਆਪਣੇ ਰੈਜ਼ਿਊਮੇ ਤੋਂ ਕੁਝ ਸਾਲਾਂ ਦੇ ਤਜਰਬੇ ਨੂੰ ਹਟਾ ਦੇਵਾਂ ਜਾਂ ਕੁਝ ਹਾਈ-ਪ੍ਰੋਫਾਈਲ ਪ੍ਰੋਜੈਕਟਾਂ ਨੂੰ ਨਾ ਦਿਖਾਵਾਂ ਤਾਂ ਜੋ ਮੈਂ ਮੇਰੇ ਲਈ ਉਪਲਬਧ ਅਹੁਦਿਆਂ ਲਈ ਓਵਰਕੁਆਲੀਫਾਈਡ ਨਾ ਜਾਪਾਂ।
ਆਰਕੀਟੈਕਚਰ ਕੈਨੇਡਾ ਵਿੱਚ ਇੱਕ ਲਾਇਸੰਸਸ਼ੁਦਾ ਪੇਸ਼ਾ ਹੈ - ਭਾਵ ਮੈਨੂੰ ਹੁਣ ਆਪਣੇ ਆਪ ਨੂੰ ਇੱਕ ਆਰਕੀਟੈਕਟ ਕਹਾਉਣ ਦੀ ਇਜਾਜ਼ਤ ਨਹੀਂ ਸੀ। ਮੈਂ ਸਿਰਫ ਇੱਕ ਅੰਤਰਰਾਸ਼ਟਰੀ ਤੌਰ 'ਤੇ ਸਿਖਲਾਈ ਪ੍ਰਾਪਤ ਆਰਕੀਟੈਕਚਰ ਪੇਸ਼ੇਵਰ ਵਜੋਂ ਪਛਾਣ ਕਰ ਸਕਦੀ ਸੀ।
ਇਮੀਗ੍ਰੇਸ਼ਨ ਫ਼ੈਡਰਲ ਸਰਕਾਰ ਦੀ ਜ਼ਿੰਮੇਵਾਰੀ ਹੈ - ਅਤੇ ਅਸੀਂ ਆਪਣੀਆਂ ਯੋਗਤਾਵਾਂ ਦੇ ਕਾਰਨ ਪੁਆਇੰਟ ਸਿਸਟਮ ਵਿੱਚ ਉੱਚੇ ਸਕੋਰ ਪ੍ਰਾਪਤ ਕੀਤੇ ਸਨ - ਪਰ ਲਾਇਸੈਂਸ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਸੂਬਿਆਂ ਦੁਆਰਾ ਕੀਤਾ ਜਾਂਦਾ ਹੈ, ਜੋ ਸਾਡੀਆਂ ਡਿਗਰੀਆਂ ਨੂੰ ਮਾਨਤਾ ਨਹੀਂ ਦਿੰਦੇ ਸਨ।
ਜੇਕਰ ਮੈਂ ਆਪਣੇ ਆਪ ਨੂੰ ਇੱਕ ਆਰਕੀਟੈਕਟ ਕਹਾਉਣਾ ਚਾਹੁੰਦੀ ਹਾਂ, ਤਾਂ ਮੈਨੂੰ ਇੱਕ ਮਹਿੰਗੇ ਕੈਨੇਡੀਅਨ ਮਾਸਟਰ ਪ੍ਰੋਗਰਾਮ ਵਿੱਚ ਦਾਖ਼ਲਾ ਲੈਣਾ ਪਏਗਾ, ਯਾਨੀ ਮੇਰੇ ਕੋਲ ਪਹਿਲਾਂ ਤੋਂ ਮੌਜੂਦ ਡਿਗਰੀ ਨੂੰ ਦੁਬਾਰਾ ਕਰਨਾ ਪਏਗਾ ਜਾਂ ਐਂਟਰੀ-ਪੱਧਰ ਦੀਆਂ ਇੰਟਰਨਸ਼ਿਪਾਂ ਲੈ ਕੇ ਕਾਰਪੋਰੇਟ ਨੌਕਰੀਆਂ ਤੱਕ ਜਾਣ ਦਾ ਪੈਂਡਾ ਤੈਅ ਕਰਨਾ ਪਏਗਾ। ਇਹ ਉਹ ਸਲਾਹ ਸੀ ਜੋ ਮੈਨੂੰ ਜੌਬ ਕੌਂਸਲਰਾਂ ਅਤੇ ਹੋਰ ਪਰਵਾਸੀਆਂ ਤੋਂ ਮਿਲੀ ਜਿਨ੍ਹਾਂ ਨੇ ਅਜਿਹਾ ਕੀਤਾ ਸੀ। ਮੈਂ ਡੂੰਘਾ ਨਿਰਾਦਰ ਅਤੇ ਨਿਰਾਸ਼ਾ ਮਹਿਸੂਸ ਕੀਤੀ।

ਨੌਕਰੀਆਂ ਦੀ ਭਾਲ ਦੌਰਾਨ ਕੋਮਲਦੀਪ ਵੱਲੋਂ ਟੋਰੌਂਟੋ ਵਿਚ ਆਪਣੀ ਬਾਲਕਨੀ ਚੋਂ ਬਾਹਰ ਦਾ ਚਿਤਰਿਆ ਦ੍ਰਿਸ਼।
ਤਸਵੀਰ: (Komaldeep Makkar)
ਮੈਨੂੰ ਆਰਟੀਕੈਟ ਖੇਤਰ ਵਿਚ ਕੁਝ ਕੁ ਟੈਕਨੀਸ਼ਨ ਪੱਧਰ ਦੀਆਂ ਨੌਕਰੀਆਂ ਮਿਲੀਆਂ ਜਿਸ ਵਿਚ ਮੈਨੂੰ 15 ਡਾਲਰ ਪ੍ਰਤੀ ਘੰਟਾ ਦੀ ਤਨਖ਼ਾਹ ਮਿਲੀ। ਮੈਂ ਘਾਟੇ ਵਿਚ ਸੀ। ਮੈਂ ਪੀਆਰ ਲੈਣ ਦੀ ਪ੍ਰਕਿਰਿਆ ਵਿਚ ਆਪਣੀ ਜ਼ਿੰਦਗੀ ਦੇ ਕਈ ਸਾਲਾਂ ਦੀ ਮਿਹਨਤ ਅਤੇ ਕਾਫ਼ੀ ਪੈਸਾ ਲਾਇਆ ਸੀ। ਬਜਾਏ ਇਸਦੇ ਕਿ ਮੈਨੂੰ ਉਸ ਖੇਤਰ ਵਿਚ ਕੰਮ ਮਿਲਦਾ ਜਿਸ ਵਿਚ ਮੈਂ ਕਈ ਸਾਲ ਮਿਹਨਤ ਕੀਤੀ ਹੈ, ਟੋਰੌਂਟੋ ਵਰਗੇ ਸ਼ਹਿਰ ਵਿਚ ਰਹਿਣ ਲਈ ਹਰ ਰੋਜ਼ ਮੇਰੀਆਂ ਬੈਂਕ ਬੱਚਤਾਂ ਘਟ ਰਹੀਆਂ ਸਨ।
ਮੈਂ ਅਤੇ ਮੇਰੇ ਪਤੀ ਕੈਨੇਡੀਅਨ ਸੁਪਨੇ ਦੀ ਹਕੀਕਤ ਤੋਂ ਨਿਰਾਸ਼ ਹੋਣ ਲੱਗ ਪਏ। ਅਸੀਂ ਦੋਵਾਂ ਨੇ ਮੱਧ ਏਸ਼ੀਆ ਦੇਸ਼ਾਂ, ਅਫ਼ਰੀਕਾ ਅਤੇ ਭਾਰਤ ਵਿਚ ਕਈ ਵੱਡੇ ਪ੍ਰੋਜੈਕਟਾਂ ‘ਤੇ ਕੰਮ ਕੀਤਾ ਸੀ। ਪਰ ਇੱਥੇ ਕੈਨੇਡਾ ਵਿਚ ਅਸੀਂ ਬਤੌਰ ਨਵੇਂ ਇਮੀਗ੍ਰੈਂਟ ਕੰਪਨੀਆਂ ਨੂੰ ਸਮਝਾ ਰਹੇ ਸੀ ਕਿ ਸਾਡੇ ਕੋਲ ਅਜਿਹਾ ‘ਕੈਨੇਡੀਅਨ ਤਜਰਬਾ’ ਕਿਉਂ ਨਹੀਂ ਸੀ।
ਅਸੀਂ ਆਪਣੇ ਵਿਕਲਪਾਂ ਬਾਰੇ ਸੋਚਣਾ ਸ਼ੁਰੂ ਕੀਤਾ। ਕੈਨੇਡਾ ਵਿਚ ਰਹਿਣ ਦਾ ਮਲਤਬ ਸੀ ਕਿ ਕੈਨੇਡਾ ਵਿਚ ਆਰਕੀਟੈਕਟ ਵੱਜੋਂ ਨੌਕਰੀ ਪ੍ਰਾਪਤ ਕਰਨ ਲਈ ਸਿੱਖਿਆ ਪ੍ਰਾਪਤ ਕਰਨੀ ਪੈਂਦੀ ਅਤੇ ਆਪਣਾ ਘਰ ਬਣਾਉਣ ‘ਤੇ ਰਿਟਾਇਰਮੈਂਟ ਨੂੰ ਭੁੱਲ ਕੇ, ਸਿੱਖਿਆ ਲਈ ਖ਼ਾਸਾ ਪੈਸਾ ਖ਼ਰਚ ਕਰਨਾ ਪੈਂਦਾ। ਸਾਡੇ ਸਾਲਾਂ ਦੀ ਸਿੱਖਿਆ ਅਤੇ ਤਜਰਬਾ ਵਿਅਰਥ ਸੀ। ਫ਼ਿਰ ਅਖ਼ੀਰ ਅਸੀਂ ਪਰਵਾਸੀਆਂ ਨੂੰ ਉਹਨਾਂ ਦੇ ਪੇਸ਼ਿਆਂ ਵਿਚ ਕਾਮਯਾਬ ਹੋਣ ਤੋਂ ਰੋਕਣ ਲਈ ਪ੍ਰਣਾਲੀਗਤ ਰੁਕਾਵਟਾਂ ਪੈਦਾ ਕਰਨ ਵਾਲੇ ਦੇਸ਼ ਨੂੰ ਛੱਡਣ ਦਾ ਫ਼ੈਸਲਾ ਕੀਤਾ। ਮੈਂ ਆਪਣੇ ਫ਼ੈਸਲਾ ਦਾ ਸਤਿਕਾਰ ਕਰਦੀ ਹਾਂ।
ਮੈਨੂੰ ਸਮਝ ਨਹੀਂ ਆਉਂਦੀ ਕਿ ਕੈਨੇਡੀਅਨ ਸਰਕਾਰ ਕਿਵੇਂ ਕਹਿੰਦੀ ਹੈ ਕਿ ਉਹ ਦੇਸ਼ ਵਿੱਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਇੱਕ ਸਾਲ ਵਿੱਚ 500,000 ਪਰਵਾਸੀਆਂ ਨੂੰ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੀ ਹੈ, ਪਰ ਫਿਰ ਯੋਗ ਪੇਸ਼ੇਵਰਾਂ ਨੂੰ ਵਿਅਰਥ ਮਹਿਸੂਸ ਕਰਵਾਉਣ ਤੋਂ ਰੋਕਣ ਲਈ ਕੁਝ ਨਹੀਂ ਕਰਦੀ ਜਾਪਦੀ ਹੈ।

ਜੁਲਾਈ 2021 ਵਿਚ ਯੂ ਏ ਈ ਦੇ ਇੱਕ ਬੀਚ 'ਤੇ ਆਪਣੇ ਪਤੀ ਨਾਲ ਕੋਮਲਦੀਪ ਮੱਕੜ ਦੀ ਤਸਵੀਰ।
ਤਸਵੀਰ: (Submitted by Komaldeep Makkar)
ਜਦੋਂ ਤੱਕ ਇਮੀਗ੍ਰੇਸ਼ਨ ਨੀਤੀ ਅਤੇ ਭਰਤੀ ਦੀਆਂ ਖ਼ਾਮੀਆਂ ਵਿਚਕਾਰ ਇਹ ਪਾੜਾ ਖ਼ਤਮ ਨਹੀਂ ਹੁੰਦਾ, ਅਸੀਂ ਅਜਿਹੀਆਂ ਕਹਾਣੀਆਂ ਸੁਣਦੇ ਰਹਾਂਗੇ ਕਿ ਵਿਦੇਸ਼ਾਂ ਤੋਂ ਸਿੱਖਿਅਤ ਡਾਕਟਰ ਊਬਰ ਚਲਾ ਰਹੇ ਹਨ ਜਾਂ ਵਿਦੇਸ਼ਾਂ ਤੋਂ ਸਿੱਖਿਅਤ ਅਧਿਆਪਕ ਦਰਬਾਨ ਜਾ ਸਿਕਿਓਰਟੀ ਗਾਰਡ ਦਾ ਕੰਮ ਕਰ ਰਹੇ ਹਨ।
ਮੈਂ ਸਮਝ ਸਕਦੀ ਹਾਂ ਕਿ ਸਾਡੇ ਵਰਗੇ ਬਹੁਤ ਸਾਰੇ ਪਰਵਾਸੀ ਕੈਨੇਡਾ ਵਿਚ ਹੀ ਰਹਿੰਦੇ ਰਹਿਣ ਦੀ ਚੋਣ ਕਿਉਂ ਕਰਦੇ ਹਨ - ਤਾਂ ਕਿ ਉਹ ਉਸ ਸੁਪਨੇ ਨੂੰ ਪੂਰਾ ਕਰ ਸਕਣ ਜਿਹੜਾ ਉਹਨਾਂ ਨੂੰ ਜ਼ਿੰਦਗੀ ਭਰ ਦਿਖਾਇਆ ਗਿਆ ਸੀ। ਜਦੋਂ ਤੱਕ ਮੈਂ ਆਪਣਾ ਹਲਕਾ ਹੁੰਦਾ ਬੈਂਕ ਖਾਤਾ ਨਹੀਂ ਦੇਖਿਆ ਸੀ, ਉਦੋਂ ਤੱਕ ਮੈਂ ਵੀ ਕਦੇ ਪਰਤਣ ਬਾਰੇ ਨਹੀਂ ਸੀ ਸੋਚਿਆ।
ਅਸੀਂ ਹੁਣ ਦੁਬਈ ਵਿੱਚ ਰਹਿੰਦੇ ਹਾਂ, ਵਧੀਆ ਨੌਕਰੀਆਂ ਵਿੱਚ ਕੰਮ ਕਰ ਰਹੇ ਹਾਂ। ਇੱਥੇ ਅਸੀਂ ਮਾਣ ਨਾਲ ਆਪਣੇ ਆਪ ਨੂੰ ਆਰਕੀਟੈਕਟ ਕਹਿ ਸਕਦੇ ਹਾਂ ਅਤੇ ਜੀਵਨ ਦਾ ਇੱਕ ਮਿਆਰ ਰੱਖ ਸਕਦੇ ਹਾਂ ਜੋ ਅਸੀਂ ਕਮਾਇਆ ਹੈ ਅਤੇ ਜਿਸ ‘ਤੇ ਸਾਡੇ ਮਾਪੇ ਮਾਣ ਕਰ ਸਕਦੇ ਹਨ। ਅਸੀਂ [ਕੈਨੇਡਾ] ਵਾਪਸ ਜਾਣ ਦਾ ਇਰਾਦਾ ਨਹੀਂ ਰੱਖਦੇ।
ਕੋਮਲਦੀਪ ਮੱਕੜ - ਸੀਬੀਸੀ ਨੂੰ ਫ਼੍ਰੀਲਾਂਸ ਯੋਗਦਾਨ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ