1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਅੰਤਰਰਾਸ਼ਟਰੀ ਰਾਜਨੀਤੀ

[ਰਿਪੋਰਟ] ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪੁਲਸ ਕਾਰਵਾਈ ਤੋਂ ਕੈਨੇਡਾ ‘ਚ ਪੰਜਾਬੀ ਭਾਈਚਾਰੇ ਦੇ ਕੁਝ ਮੈਂਬਰ ਖਫ਼ਾ

ਪੰਜਾਬ ਵਿੱਚ ਇੰਟਰਨੈੱਟ ਸੇਵਾਵਾਂ ਆਰਜ਼ੀ ਤੌਰ 'ਤੇ ਮੁਅੱਤਲ

ਸਰੀ ਵਿੱਚ ਰੋਸ ਪ੍ਰਦਰਸ਼ਨ ਦੌਰਾਨ ਸਿੱਖ ਸੰਗਤ

ਅੰਮ੍ਰਿਤਪਾਲ ਸਿੰਘ ਦੇ ਸਮਰਥਨ ਵਿੱਚ ਕੈਨੇਡਾ ਦੇ ਵੱਖ ਵੱਖ ਹਿੱਸਿਆਂ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ I ਸਰੀ ਵਿੱਚ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀ ਤਸਵੀਰ I

ਤਸਵੀਰ: ਸਰਬਮੀਤ ਸਿੰਘ

ਸਰਬਮੀਤ ਸਿੰਘ

ਪੰਜਾਬ ਵਿੱਚ ਵਾਰਿਸ ਪੰਜਾਬ ਦੇ ਜੱਥੇਬੰਦੀ ਚਲਾ ਰਹੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪੁਲਿਸ ਕਾਰਵਾਈ ਤੋਂ ਕੈਨੇਡਾ ਵਸਦੇ ਪੰਜਾਬੀ ਭਾਈਚਾਰੇ ਦੇ ਕੁਝ ਮੈਂਬਰ ਖਫ਼ਾ ਹਨ I

ਪੰਜਾਬੀ ਭਾਈਚਾਰੇ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਸਮਰਥਨ ਵਿੱਚ ਕੈਨੇਡਾ ਦੇ ਵੱਖ ਵੱਖ ਹਿੱਸਿਆਂ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ I

ਸਿੱਖ ਭਾਈਚਾਰੇ ਵੱਲੋਂ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਅਤੇ ਸਿੱਖ ਸਪਰਿਚੂਅਲ ਰੈਕਸਡੇਲ ਵਿਖੇ ਇੱਕਤਰਤਾ ਕੀਤੀ ਗਈ I

ਲੰਘੇ ਕੱਲ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਦੇ ਸਰੀ ਸ਼ਹਿਰ ਵਿੱਚ ਪ੍ਰਦਰਸ਼ਨ ਕੀਤਾ ਗਿਆ I

ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਨੂੰ ਲੈ ਕੇ ਪੁਲਿਸ ਕਾਰਵਾਈ ਦੀ ਨਿਖੇਧੀ ਕੀਤੀ ਹੈ I

ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਿਤ ਅੰਮ੍ਰਿਤਪਾਲ ਸਿੰਘ ਨੂੰ ਸਤੰਬਰ 2022 ਨੂੰ ਵਾਰਸ ਪੰਜਾਬ ਦੇ ਜੱਥੇਬੰਦੀ ਦਾ ਮੁਖੀ ਥਾਪਿਆ ਗਿਆ ਸੀ

ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਿਤ ਅੰਮ੍ਰਿਤਪਾਲ ਸਿੰਘ ਨੂੰ ਸਤੰਬਰ 2022 ਨੂੰ ਵਾਰਸ ਪੰਜਾਬ ਦੇ ਜੱਥੇਬੰਦੀ ਦਾ ਮੁਖੀ ਥਾਪਿਆ ਗਿਆ ਸੀ

ਤਸਵੀਰ: ਸਰਬਮੀਤ ਸਿੰਘ

ਆਰਗੇਨਾਈਜ਼ੇਸ਼ਨ ਨੇ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਹੋਣ ਦੀ ਸ਼ੰਕਾ ਵੀ ਜ਼ਾਹਰ ਕੀਤੀ ਹੈ I

ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਪ੍ਰੈਜ਼ੀਡੈਂਟ ਤੇਜਿੰਦਰ ਸਿੰਘ ਸਿੱਧੂ ਨੇ ਇਕ ਬਿਆਨ ਵਿੱਚ ਕਿਹਾ ਅੰਮ੍ਰਿਤਪਾਲ ਸਿੰਘ ਅਤੇ ਹੋਰ ਸਿੱਖ ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਨੀਮ ਫੌਜੀ ਬਲਾਂ ਦੀ ਤਾਇਨਾਤੀ ਦੇ ਨਾਲ-ਨਾਲ ਪੰਜਾਬ ਵਿੱਚ ਇੰਟਰਨੈਟ ਦੀ ਮੁਅੱਤਲੀ ਬਹੁਤ ਚਿੰਤਾਜਨਕ ਹੈ।

ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦਾ ਟਵਿੱਟਰ ਅਕਾਊਂਟ ਭਾਰਤ ਵਿੱਚ ਬੰਦ ਹੋਣ ਦੀ ਜਾਣਕਾਰੀ ਮਿਲ ਰਹੀ ਹੈI

ਇੰਟਰਨੈੱਟ ਸੇਵਾਵਾਂ ਬੰਦ

ਪੰਜਾਬ ਵਿੱਚ ਵੀਕਐਂਡ ਉੱਪਰ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਨੂੰ ਫ਼ੜਨ ਲਈ ਛਾਪੇਮਾਰੀ ਕੀਤੀ ਗਈ I ਪੁਲਿਸ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਧਾਰਾ 144 ਲਗਾਈ ਗਈ I

ਪੁਲਿਸ ਦਾ ਦਾਅਵਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ 114 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ I ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਪੰਜ ਵਿਅਕਤੀਆਂ 'ਤੇ ਨੈਸ਼ਨਲ ਸਿਕਿਉਰਿਟੀ ਐਕਟ ਲਗਾਇਆ ਗਿਆ ਹੈ I

ਪੰਜਾਬ ਪੁਲਿਸ ਦੇ ਆਈ ਜੀ ਪੀ ਸੁਖਚੈਨ ਸਿੰਘ ਗਿੱਲ ਨੇ ਇਕ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਫ਼ਿਲਹਾਲ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਹੈ I

ਸੁਖਚੈਨ ਸਿੰਘ ਗਿੱਲ ਨੇ ਕਿਹਾ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਜਾਰੀ ਹੈ I ਜੱਥੇਬੰਦੀ ਦੇ ਆਈ ਐਸ ਈ ਨਾਲ ਸੰਬੰਧਾਂ ਅਤੇ ਵਿਦੇਸ਼ਾਂ ਤੋਂ ਮਿਲ ਰਹੀ ਮਾਲੀ ਮਦਦ ਦੀ ਜਾਂਚ ਕੀਤੀ ਜਾ ਰਹੀ ਹੈ I

ਕੌਣ ਹੈ ਅੰਮ੍ਰਿਤਪਾਲ ਸਿੰਘ

ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਿਤ ਅੰਮ੍ਰਿਤਪਾਲ ਸਿੰਘ ਨੂੰ ਸਤੰਬਰ 2022 ਨੂੰ ਵਾਰਿਸ ਪੰਜਾਬ ਦੇ ਜੱਥੇਬੰਦੀ ਦਾ ਮੁਖੀ ਥਾਪਿਆ ਗਿਆ ਸੀ I ਅੰਮ੍ਰਿਤਪਾਲ ਸਿੰਘ ਦੁਬਈ ਤੋਂ ਭਾਰਤ ਵਾਪਿਸ ਆ ਕੇ ਜੱਥੇਬੰਦੀ ਨਾਲ ਜੁੜੇ ਹਨ I

ਅੰਮ੍ਰਿਤਪਾਲ ਸਿੰਘ ਵੱਲੋਂ ਅੰਮ੍ਰਿਤ ਸੰਚਾਰ ਅਤੇ ਨਸ਼ੇ ਛਡਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ I

ਅੰਮ੍ਰਿਤਪਾਲ ਸਿੰਘ ਨੂੰ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਜਨਮ ਦਿਨ ਦੇ ਮੌਕੇ 'ਤੇ ਰੋਡੇ ਪਿੰਡ ਵਿੱਚ ਜੱਥੇਬੰਦੀ ਦਾ ਮੁੱਖੀ ਥਾਪਿਆ ਗਿਆ ਸੀ I

ਕੈਨੇਡਾ ਦੇ ਪੰਜਾਬੀ ਮੂਲ ਦੇ ਸਿਆਸਤਦਾਨਾਂ ਵੱਲੋਂ ਚਿੰਤਾ ਜ਼ਾਹਰ

ਕੈਨੇਡਾ ਵਿਚਲੇ ਪੰਜਾਬੀ ਮੂਲ ਦੇ ਐਮਪੀਜ਼ , ਐਮ ਐਲ ਏਜ਼ ਅਤੇ ਕੌਸਲਰਜ਼ ਵੱਲੋਂ ਪੰਜਾਬ ਵਿੱਚ ਸਥਿਤੀ ਨੂੰ ਲੈ ਕੇ ਟਵੀਟ ਕਰਦਿਆਂ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ I

ਐਨਡੀਪੀ ਲੀਡਰ ਅਤੇ ਬਰਨਬੀ ਤੋਂ ਐਮ ਪੀ ਜਗਮੀਤ ਸਿੰਘ ਨੇ ਭਾਰਤ ਵਿੱਚ ਵਸਦੇ ਕੈਨੇਡੀਅਨਜ਼ ਦੀ ਸੁਰੱਖਿਆ 'ਤੇ ਚਿੰਤਾ ਜਤਾਉਂਦਿਆਂ ਕੈਨੇਡੀਅਨ ਸਰਕਾਰ ਤੋਂ ਮਾਮਲੇ ਵਿੱਚ ਦਖ਼ਲ ਦੇਣ ਦੀ ਮੰਗ ਕੀਤੀ ਹੈ I ਜਗਮੀਤ ਸਿੰਘ ਦਾ ਟਵਿੱਟਰ ਅਕਾਊਂਟ ਭਾਰਤ ਵਿੱਚ ਬੰਦ ਹੋਣ ਦੀਆਂ ਮੀਡੀਆ ਰਿਪੋਰਟਾਂ ਮਿਲ ਰਹੀਆਂ ਹਨ I

ਵਿੰਨੀਪੈਗ ਤੋਂ ਐਮ ਐਲ ਏ ਦਿਲਜੀਤ ਬਰਾੜ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਦੇ ਹਾਲਾਤ ਚਿੰਤਾਜਨਕ ਹਨ I ਉਹਨਾਂ ਕਿਹਾ ਸਰਕਾਰ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਸਭ ਦੇ ਮਨੁੱਖੀ ਹੱਕ ਸੁੱਰਖਿਅਤ ਰਹਿਣ I

ਦਿਲਜੀਤ ਬਰਾੜ ਨੇ ਮੰਗ ਕੀਤੀ ਕਿ ਪੰਜਾਬ ਜਾਣ ਵਾਲੇ ਕੈਨੇਡੀਅਨਜ਼ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ I

ਸਰਬਮੀਤ ਸਿੰਘ

ਸੁਰਖੀਆਂ