1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਡਾਕਟਰਾਂ ਅਤੇ ਨਰਸਾਂ ਨੂੰ ਪੂਰੇ ਕੈਨੇਡਾ ਚ ਕੰਮ ਕਰਨ ਦੀ ਆਗਿਆ ਦੇਣ ਲਈ ਪੌਲੀਐਵ ਵੱਲੋਂ ਤਬਦੀਲੀ ਦੀ ਮੰਗ

ਕੈਨੇਡੀਅਨ ਮੈਡੀਕਲ ਅਸੋਸੀਏਸ਼ਨ ਵੀ ਇਸੇ ਤਰ੍ਹਾਂ ਦੇ ਪ੍ਰਸਤਾਵ ਦਾ ਸਮਰਥਨ ਕਰ ਚੁੱਕੀ ਹੈ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਡਾਕਟਰਾਂ ਅਤੇ ਨਰਸਾਂ ਨੂੰ ਪੂਰੇ ਕੈਨੇਡਾ ਵਿਚ ਪ੍ਰੈਕਟਿਸ ਕਰਨ ਦੀ ਆਗਿਆ ਦੇਣ ਲਈ ਨਿਯਮਾਂ ਵਿਚ ਤਬਦੀਲੀ ਦਾ ਪ੍ਰਸਤਾਵ ਰੱਖਿਆ ਹੈ।

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਡਾਕਟਰਾਂ ਅਤੇ ਨਰਸਾਂ ਨੂੰ ਪੂਰੇ ਕੈਨੇਡਾ ਵਿਚ ਪ੍ਰੈਕਟਿਸ ਕਰਨ ਦੀ ਆਗਿਆ ਦੇਣ ਲਈ ਨਿਯਮਾਂ ਵਿਚ ਤਬਦੀਲੀ ਦਾ ਪ੍ਰਸਤਾਵ ਰੱਖਿਆ ਹੈ।

ਤਸਵੀਰ:  (Spencer Colby/The Canadian Press)

RCI

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਇੱਕ ਦੇਸ਼ ਵਿਆਪੀ ਮਿਆਰੀ ਟੈਸਟਿੰਗ ਦੀ ਮੰਗ ਕਰ ਰਹੇ ਹਨ ਜੋ ਡਾਕਟਰਾਂ ਅਤੇ ਨਰਸਾਂ ਲਈ ਲਾਇਸੈਂਸ ਪ੍ਰਵਾਨਗੀਆਂ ਨੂੰ ਤੇਜ਼ ਕਰੇਗੀ।

ਪੌਲੀਐਵ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਸਤਾਵਿਤ ‘ਬਲੂ ਸੀਲ’ ਟੈਸਟਿੰਗ ਯੋਗਤਾ-ਪ੍ਰਾਪਤ ਮੈਡੀਕਲ ਪੇਸ਼ੇਵਰਾਂ ਨੂੰ ਕਿਸੇ ਵੀ ਸੂਬੇ ਜਾਂ ਪ੍ਰਦੇਸ਼ ਵਿਚ ਕੰਮ ਕਰਨ ਦੀ ਇਜ਼ਾਜ਼ਤ ਦੇਵੇਗੀ; ਜੋ ਇਸ ਪ੍ਰੋਗਰਾਮ ਲਈ ਵੁਲੰਟੀਅਰ ਕਰਦੇ ਹਨ।

ਉਨ੍ਹਾਂ ਨੇ ਐਤਵਾਰ ਨੂੰ ਇੱਕ ਪ੍ਰੈੱਸ ਕਾਨਫ਼੍ਰੰਸ ਵਿਚ ਆਪਣੀ ਯੋਜਨਾ ਸਾਂਝੀ ਕਰਦਿਆਂ ਕਿਹਾ ਕਿ ਇਸ ਨਵੇਂ ਮਾਡਲ ਵਿਚ ਮੈਡੀਕਲ ਪੇਸ਼ੇਵਰਾਂ ਨੂੰ ਇੱਕ ਟੈਸਟ ਦੇਣ ਅਤੇ 60 ਦਿਨਾਂ ਦੇ ਅੰਦਰ ਇਸਦਾ ਜਵਾਬ ਪ੍ਰਾਪਤ ਕਰਨ ਦੀ ਆਗਿਆ ਮਿਲੇਗੀ, ਜੋ ਕੈਨੇਡਾ ਵਿਚ ਫ਼ੈਮਿਲੀ ਡਾਕਟਰਾਂ ਅਤੇ ਐਮਰਜੈਂਸੀ ਰੂਮ ਨਰਸਾਂ ਵਰਗੇ ਹੈਲਥ ਕੇਅਰ ਪੇਸ਼ੇਵਰਾਂ ਦੀ ਮੌਜੂਦਾ ਘਾਟ ਨੂੰ ਪੂਰਾ ਕਰੇਗਾ।

ਮੌਜੂਦਾ ਲਾਇਸੈਂਸਿੰਗ ਸਿਸਟਮ ਅਧੀਨ, ਹਰੇਕ ਸੂਬੇ ਅਤੇ ਪ੍ਰਦੇਸ਼ ਵਿਚ ਡਾਕਟਰ ਅਤੇ ਨਰਸ ਬਣਨ ਦੀ ਆਪਣੀ ਪ੍ਰਕਿਰਿਆ ਹੈ।

ਕੈਨੇਡੀਅਨ ਮੈਡੀਕਲ ਅਸੋਸੀਏਸ਼ਨ ਵੱਲੋਂ ਵੀ ਇੱਕ ਪੈਨ-ਨੈਸ਼ਨਲ ਲਾਇਸੈਂਸ ਸਿਸਟਮ ਦਾ ਪ੍ਰਸਤਾਵ ਦਿੱਤਾ ਜਾ ਚੁੱਕਾ ਹੈ , ਜਿਸ ਤੋਂ ਭਾਵ ਇੱਕ ਅਜਿਹੀ ਲਾਇਸੈਂਸ ਪ੍ਰਣਾਲੀ ਤੋਂ ਹੈ ਜਿਸ ਨਾਲ ਡਾਕਟਰਾਂ ਨੂੰ ਪੂਰੇ ਮੁਲਕ ਵਿਚ ਮੈਡੀਕਲ ਪ੍ਰੈਕਟਿਸ ਕਰਨ ਲਈ ਘੱਟ ਤੋਂ ਘੱਟ ਕਾਨੂੰਨੀ ਅਤੇ ਤਕਨੀਕੀ ਰੁਕਾਵਟਾਂ ਪੇਸ਼ ਆਉਣ।

ਕੈਨੇਡੀਅਨ ਮੈਡੀਕਲ ਅਸੋਸੀਏਸ਼ਨ ਦੇ ਪ੍ਰੈਜ਼ੀਡੈਂਟ, ਡਾ ਐਲਿਕਾ ਲਾਫ਼ੌਂਟੇਨ ਨੇ ਪਿਛਲੇ ਸਾਲ ਕਿਹਾ ਸੀ, ਸਾਨੂੰ ਇਸ ਗੱਲ 'ਤੇ ਮੁੜ ਵਿਚਾਰ ਕਰਨ ਦੀ ਜ਼ਰੂਰਤ ਹੈ ਕਿ ਕੀ ਅਸੀਂ 13 ਵੱਖਰੇ ਹੈਲਥ ਸਿਸਟਮਾਂ ਨੂੰ ਇਸ ਤਰ੍ਹਾਂ ਜਾਰੀ ਰੱਖ ਸਕਦੇ ਹਾਂ ਜੋ ਅਸਲ ਵਿੱਚ ਡੂੰਘੇ ਪੱਧਰ 'ਤੇ ਇੱਕ ਦੂਜੇ ਨਾਲ ਸਹਿਯੋਗ ਨਹੀਂ ਕਰਦੇ ਹਨ

ਜ਼ਰੂਰੀ ਨਹੀਂ ਕਿ ਇੱਕ ਸੂਬੇ ਦਾ ਹੈਲਥ ਪੇਸ਼ੇਵਰ ਕਿਸੇ ਹੋਰ ਸੂਬੇ ਜਾਂ ਪ੍ਰਦੇਸ਼ ਵਿਚ ਵੀ ਕੰਮ ਕਰ ਸਕਦਾ ਹੈ। ਮੈਡੀਕਲ ਅਸੋਸੀਏਸ਼ਨ ਨੇ ਕਿਹਾ ਸੀ ਕਿ ਇੱਕ ਸੂਬੇ ਤੋਂ ਦੂਸਰੇ ਸੂਬੇ ਵਿਚ ਜਾਣ ਦਾ ਮਤਲਬ ਹੁੰਦਾ ਹੈ ਕਿ ਹੈਲਥ ਪੇਸ਼ੇਵਰਾਂ ਨੂੰ ਲੰਬੀ ਅਰਜ਼ੀ ਪ੍ਰਕਿਰਿਆ ਚੋਂ ਲੰਘਣਾ ਪੈਂਦਾ ਹੈ, ਜਿਸ ਵਿਚ ਕਈ ਮਹੀਨਿਆਂ ਦੀ ਉਡੀਕ ਹੁੰਦੀ ਹੈ ਅਤੇ ਹਜ਼ਾਰਾਂ ਡਾਲਰਾਂ ਦੀ ਫ਼ੀਸ ਵੀ ਭਰਨੀ ਪੈਂਦੀ ਹੈ।

ਪੌਲੀਐਵ ਨੇ ਕਿਹਾ ਕਿ ਨਵੇਂ ਇਮੀਗ੍ਰੈਂਟ ਵੀ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਾਪਤ ਕਰਨ ਲਈ ਜੱਦੋ-ਜਿਹਦ ਕਰਦੇ ਹਨ।

ਪੌਲੀਐਵ ਨੇ ਕਿਹਾ ਕਿ ਉਹਨਾਂ ਦਾ ‘ਬਲੂ ਸੀਲ’ ਮਾਡਲ, ਹੁਨਰਮੰਦ ਕਾਮਿਆਂ ਦੇ ‘ਰੈਡ ਸੀਲ’ ਮਾਡਲ ‘ਤੇ ਅਧਾਰਿਤ ਹੈ ਜਿਹੜਾ ਕਾਰਪੈਂਟਰ, ਇਲੈਕਟ੍ਰੀਸ਼ੀਅਨ ਅਤੇ ਭਾਰੀ ਉਪਕਰਣ ਓਪਰੇਟਰਾਂ ਵਰਗੇ ਰੈਗੂਲੇਟੇਡ ਕੰਮਾਂ ਵਿਚ ਇਸਤੇਮਾਲ ਹੁੰਦਾ ਹੈ।

ਐਤਵਾਰ ਨੂੰ ਔਟਵਾ ਵਿਚ ਇੱਕ ਪ੍ਰੈੱਸ ਕਾਨਫ਼੍ਰੰਸ ਦੌਰਾਨ ਬੋਲਦਿਆਂ ਪੌਲੀਐਵ ਨੇ ਕਿਹਾ, ਇਹ ਅਕਲ ਦੀ ਗੱਲ ਹੈ; ਜੇ ਤੁਸੀਂ ਨੌਕਰੀ ਕਰ ਸਕਦੇ ਹੋ ਤਾਂ ਤੁਹਾਨੂੰ ਨੌਕਰੀ ਮਿਲਣੀ ਚਾਹੀਦੀ ਹੈ

ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਇਸ ਸਮੇਂ ਜਿੰਨੇ ਵੀ ਵਿਦੇਸ਼ਾਂ ਤੋਂ ਸਿੱਖਿਆ ਪ੍ਰਾਪਤ ਡਾਕਟਰ ਹਨ, ਜੇ ਉਹ ਹੈਲਥ ਕੇਅਰ ਸਿਸਟਮ ਵਿਚ ਕੰਮ ਕਰ ਰਹੇ ਹੋਣ, ਤਾਂ ਡਾਕਟਰਾਂ ਦੀ ਘਾਟ ਨੂੰ ਅੱਧਾ ਕੀਤਾ ਜਾ ਸਕਦਾ ਹੈ।

ਪੌਲੀਐਵ ਨੇ ਫ਼ੈਡਰਲ ਬਜਟ ਤੋਂ ਪਹਿਲਾਂ ਆਪਣਾ ਪ੍ਰਸਤਾਵ ਪੇਸ਼ ਕੀਤਾ ਹੈ। 28 ਮਾਰਚ ਨੂੰ ਫ਼ੈਡਰਲ ਸਰਕਾਰ ਆਪਣਾ ਬਜਟ ਲਿਆਵੇਗੀ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

CBC News ਵੱਲੋਂ ਜਾਣਕਾਰੀ ਸਹਿਤ।

ਸੁਰਖੀਆਂ