- ਮੁੱਖ ਪੰਨਾ
- ਸਮਾਜ
- ਇਮੀਗ੍ਰੇਸ਼ਨ
ਕਾਲਜਾਂ ਦਾ ਉਮੀਦ ‘ਤੇ ਖਰਾ ਨਾ ਉੱਤਰਨਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਲਈ ਬਣ ਸਕਦੈ ਚੁਣੌਤੀ
ਕੋਰਸ ਮੁਸ਼ਕਿਲ ਹੋਣ ਕਾਰਨ ਅਕਸਰ ਵਿਦਿਆਰਥੀਆਂ ਨੂੰ ਕੋਰਸ ਬਦਲਣਾ ਪੈਂਦਾ ਹੈ

ਸੌਰਭ ਅਧਿਕਾਰੀ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਹੈ ਅਤੇ ਉਹ ਲੰਡਨ ਦੇ ਫ਼ੈਨਸ਼ੌਅ ਕਾਲਜ ਵਿਚ ਪੜ੍ਹਦਾ ਹੈ। ਉਸਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਕੋਰਸ ਬਾਰੇ ਜੋ ਵਾਅਦੇ ਕੀਤੇ ਜਾਂਦੇ ਹਨ, ਜਦੋਂ ਉਹ ਪੂਰੇ ਨਹੀਂ ਹੁੰਦੇ, ਤਾਂ ਉਹਨਾਂ ਨੂੰ ਖ਼ਾਸਾ ਤਣਾਅ ਹੋ ਜਾਂਦਾ ਹੈ।
ਤਸਵੀਰ: (Kate Dubinski/CBC)
ਕੈਨੇਡਾ ਵਿਚ ਕਿਹੜਾ ਸ਼ਹਿਰ ਚੰਗਾ ਹੋਵੇਗਾ, ਕੋਰਸ ਕਿੰਨਾ ਕੁ ਮੁਸ਼ਕਿਲ ਹੋਵੇਗਾ ਅਤੇ ਕਿਹੜੇ ਕੋਰਸ ਨਾਲ ਨੌਕਰੀ ਅਸਾਨੀ ਨਾਲ ਮਿਲੇਗੀ - ਇਹਨਾਂ ਸਵਾਲਾਂ ਦੇ ਜਵਾਬਾਂ ਲਈ ਅਕਸਰ ਅੰਤਰਰਾਸ਼ਟਰੀ ਵਿਦਿਆਰਥੀ ਆਪਣੇ ਮੁਲਕਾਂ ਵਿਚ ਬੈਠੇ ਦਾਖ਼ਲੇ ਕਰਵਾਉਣ ਵਾਲੇ ਇਮੀਗ੍ਰੇਸ਼ਨ ਏਜੰਟਾਂ ‘ਤੇ ਨਿਰਭਰ ਕਰਦੇ ਹਨ।
ਸੌਰਭ ਅਧਿਕਾਰੀ ਨੂੰ ਵੀ ਨੇਪਾਲ ਦੇ ਇੱਕ ਇਮੀਗ੍ਰੇਸ਼ਨ ਕੰਸਲਟੈਂਟ ਨੇ ਕਾਲਜ ਅਤੇ ਕੋਰਸ ਬਾਰੇ ਸਲਾਹ ਦਿੱਤੀ ਸੀ। ਪਰ 19 ਸਾਲ ਦਾ ਸੌਰਭ ਕਹਿੰਦਾ ਹੈ ਕਿ ਉਸਦੀ ਕਿਸਮਤ ਚੰਗੀ ਰਹੀ ਅਤੇ ਫ਼ੈਨਸ਼ੌਅ ਕਾਲਜ ਹਰ ਪੱਖੋਂ ਚੰਗਾ ਰਿਹਾ। ਉਹ ਬਿਜ਼ਨਸ ਅਕਾਉਂਟਿੰਗ ਡਿਪਲੋਮਾ ਦੇ ਤੀਸਰੇ ਸਮੈਸਟਰ ਵਿਚ ਹੈ।
ਪਰ ਸੌਰਭ ਦਾ ਕਹਿਣਾ ਹੈ ਕਿ ਹਰੇਕ ਵਿਦਿਆਰਥੀ ਦੀ ਕਿਸਮਤ ਇੰਨੀ ਚੰਗੀ ਨਹੀਂ ਹੁੰਦੀ।
ਉਸਨੇ ਕਿਹਾ ਕਿ ਵਿਦਿਆਰਥੀਆਂ ਨੂੰ ਤਰ੍ਹਾਂ ਤਰ੍ਹਾਂ ਦੇ ਵਾਅਦੇ ਕੀਤੇ ਜਾਂਦੇ ਹਨ ਕਿ ਇੱਥੇ ਪੜ੍ਹਨਾ ਸੌਖਾ ਹੋਵੇਗਾ, ਪਰ ਕਈ ਵਾਰੀ ਉਨ੍ਹਾਂ ਨੂੰ ਸਕੈਜੁਅਲ ਕਰਕੇ ਸਮੈਸਟਰ ਜਾਂ ਕੋਰਸ ਛੱਡਣਾ ਪੈਂਦਾ ਹੈ।
ਸੌਰਭ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਜੇ ਤੁਹਾਨੂੰ ਉਹ ਨਹੀਂ ਮਿਲਦਾ, ਜਿਸਦੀ ਤੁਸੀਂ ਉਮੀਦ ਕਰ ਰਹੇ ਸੀ, ਤਾਂ ਤੁਹਾਡਾ ਤਣਾਅ ਵਧ ਜਾਂਦਾ ਹੈ, ਤੁਹਾਨੂੰ ਡਿਪ੍ਰੈਸ਼ਨ ਹੋ ਜਾਵੇਗਾ ਅਤੇ ਇੱਕ ਸਟੂਡੈਂਟ ਲਈ ਇਹ ਬਹੁਤ ਮੁਸ਼ਕਿਲ ਚੀਜ਼ ਹੋਵੇਗੀ। ਉਹਨਾਂ ਨੂੰ ਸਿੱਧੀ ਗੱਲ ਕਰਨੀ ਚਾਹੀਦੀ ਹੈ
।
ਓਨਟੇਰਿਓ ਦੇ ਕਾਲਜ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਬਿਹਤਰ ਅਨੁਭਵ ਦੇਣ ਲਈ ਕੰਮ ਕਰ ਰਹੇ ਹਨ।
ਕਾਲਜ ਕੁਝ ਨਵੇਂ ਨਿਯਮਾਂ ਲਈ ਸਹਿਮਤ (ਨਵੀਂ ਵਿੰਡੋ) ਹੋਏ ਹਨ, ਤਾਂ ਕਿ ਨੌਕਰੀਆਂ ਦੀਆਂ ਸੰਭਾਵਨਾਵਾਂ ਅਤੇ ਸਿੱਖਿਆ ਦੇ ਮਾਪਦੰਡਾਂ ਬਾਰੇ ਪੂਰੇ ਨਾ ਕੀਤੇ ਜਾ ਸਕਣ ਵਾਲੇ ਵਾਅਦੇ ਕਰਨ ਵਾਲੇ ਏਜੰਟਾਂ ਤੋਂ ਵਿਦਿਆਰਥੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ।
ਮਾਪਦੰਡ - ਜਿਨ੍ਹਾਂ ਦੀ ਕਾਲਜਾਂ ਨੂੰ ਜੂਨ 2024 ਤੋਂ ਬਾਅਦ ਪਾਲਣਾ ਕਰਨੀ ਜ਼ਰੂਰੀ ਹੈ - ਵਿਚ ਅਕਾਦਮਿਕ, ਇਮੀਗ੍ਰੇਸ਼ਨ ਜਾਂ ਰੁਜ਼ਗਾਰ ਬਾਰੇ ਗੁਮਰਾਹਕੁੰਨ ਗਾਰੰਟੀਆਂ ਨਾ ਦੇਣਾ ਸ਼ਾਮਲ ਹੈ। ਉਹਨਾਂ ਦਾ ਉਦੇਸ਼ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਨਿੱਜੀ ਸਫਲਤਾ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ, ਉਹਨਾਂ ਦੀ ਬਿਹਤਰੀ ਲਈ ਇੱਕ ਲਾਭਦਾਇਕ ਪੋਸਟ-ਸੈਕੰਡਰੀ ਅਨੁਭਵ ਪ੍ਰਦਾਨ ਕਰਨਾ ਹੈ।
ਫ਼ੈਨਸ਼ੌਅ ‘ਆਪਣੇ ਵਾਅਦੇ ਪੂਰੇ ਕਰ ਰਿਹਾ ਹੈ’
ਫ਼ੈਨਸ਼ੌਅ ਕਾਲਜ ਵਿੱਖੇ ਕਾਰਪੋਰੇਟ ਸਟ੍ਰੈਟਜੀ ਅਤੇ ਬਿਜ਼ਨਸ ਡਿਵੈਲਪਮੈਂਟ ਦੇ ਵਾਈਸ-ਪ੍ਰੈਜ਼ੀਡੈਂਟ, ਜੈਫ਼ ਰਾਈਟ ਨੇ ਕਿਹਾ ਕਿ ਕਾਲਜ ਪਹਿਲਾਂ ਤੋਂ ਹੀ ਇਹਨਾਂ ਮਾਪਦੰਡਾਂ ਦੇ ਖਰਾ ਉਤਰ ਰਿਹਾ ਹੈ।
ਫ਼ੈਨਸ਼ੌਅ ਕਾਲਜ ਦੇ ਤਕਰੀਬਨ ਅੱਧੇ ਵਿਦਿਆਰਥੀ ਵਿਦੇਸ਼ਾਂ ਤੋਂ ਆਏ ਹਨ, ਅਤੇ ਉਹਨਾਂ ਵਿਚੋਂ ਤਕਰੀਬਨ ਅੱਧੇ ਭਾਰਤ ਤੋਂ ਆਏ ਅੰਤਰਰਾਸ਼ਟਰੀ ਵਿਦਿਆਰਥੀ ਹਨ। ਬਾਕੀ ਫ਼ਿਲਪੀਨ, ਨੇਪਾਲ, ਨਾਈਜੀਰੀਆ, ਚੀਨ, ਸਾਊਥ ਕੋਈਆ ਵਰਗੇ 120 ਦੇਸ਼ਾਂ ਤੋਂ ਇੱਥੇ ਵਿਦਿਆਰਥੀ ਪੜ੍ਹਦੇ ਹਨ।

ਫ਼ੈਨਸ਼ੌਅ ਕਾਲਜ ਦੇ ਤਕਰੀਬਨ ਅੱਧੇ ਵਿਦਿਆਰਥੀ ਵਿਦੇਸ਼ਾਂ ਤੋਂ ਆਏ ਹਨ।
ਤਸਵੀਰ: (Colin Butler/CBC News)
ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਅਦਾਰਿਆਂ ਨੂੰ ਟਰੈਕ ਕਰਨ ਵਾਲੇ iGraduate Barometer ਦੇ ਅਨੁਸਾਰ, ਫ਼ੈਨਸ਼ੌਅ ਕਾਲਜ ਸੰਤੁਸ਼ਟੀ ਦੇ ਲਿਹਾਜ਼ ਤੋਂ ਲਗਾਤਾਰ ਦੁਨੀਆ ਦੇ ਸਿਖਰਲੇ 10 ਕਾਲਜਾਂ ਅਤੇ ਓਨਟੇਰਿਓ ਦੇ ਸਿਖਰਲੇ 3 ਕਾਲਜਾਂ ਵਿਚ ਸ਼ਾਮਲ ਹੁੰਦਾ ਰਿਹਾ ਹੈ।
ਸੌਰਭ ਇਸ ਕਾਲਜ ਲਈ ਲੰਡਨ ਇਸ ਕਰਕੇ ਗਿਆ ਸੀ, ਕਿਉਂਕਿ ਲੰਡਨ ਵਿਚ ਵਿਦਿਆਰਥੀਆਂ ਲਈ ਬਸ ਪਾਸ ਮੁਫ਼ਤ ਹੈ ਅਤੇ ਇਸ ਨਾਲ ਉਸਨੂੰ ਸੈਂਕੜੇ ਡਾਲਰਾਂ ਦੀ ਬੱਚਤ ਹੁੰਦੀ ਹੈ। ਉਹ ਪੜ੍ਹਾਈ ਤੋਂ ਬਾਅਦ ਵੈਨਕੂਵਰ ਚਲੇ ਜਾਣ ਦੀ ਸੋਚ ਰਿਹਾ ਹੈ।
ਸੌਰਭ ਨੇ ਕਿਹਾ, ਵਿਦਿਆਰਥੀਆਂ ਨੂੰ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਬਤੌਰ ਵਿਦਿਆਰਥੀ ਉਹਨਾਂ ਨੂੰ ਕਿਸ ਸਥਿਤੀ ਚੋਂ ਲੰਘਣਾ ਹੈ ਅਤੇ ਉਸ ਤੋਂ ਬਾਅਦ ਕੀ ਹੋਵੇਗਾ, ਤਾਂ ਕਿ ਉਹਨਾਂ ਨੂੰ ਆਪਣੇ ਭਵਿੱਖ ਬਾਰੇ ਤਣਾਅ ਨਾ ਹੋਵੇ
।
ਸੌਰਭ ਦੇ ਇੱਕ ਦੋਸਤ ਪਰਮੋਦ ਭੰਡਾਰੀ ਨੇ ਕਿਹਾ ਕਿ ਉਸਨੂੰ ਪਹਿਲਾਂ ਹੀ ਪਤਾ ਸੀ ਕਿ ਉਸਦਾ ਅਕਾਉਂਟਿੰਗ ਦਾ ਕੋਰਸ ਕਿੱਦਾਂ ਦਾ ਹੋਵੇਗਾ, ਪਰ ਉਸਨੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਦੇਖਿਆ ਹੈ ਜਿਨ੍ਹਾਂ ਨੇ ਵਰਕਲੋਡ ਕਾਰਨ ਕੋਰਸ ਵਿਚ ਫ਼ੇਲ ਹੋਣ ਦੀ ਵਜ੍ਹਾ ਕਰਕੇ ਹੋਰ ਕੋਰਸਾਂ ਵਿਚ ਦਾਖ਼ਲੇ ਲਏ ਹਨ।
ਪਰਮੋਦ ਨੇ ਕਿਹਾ, ਪਹਿਲੇ ਅਤੇ ਦੂਸਰੇ ਸਮੈਸਟਰ ਦੇ ਵਿਚਕਾਰ, ਮੁਸ਼ਕਲ ਹੋਣ ਕਾਰਨ ਬਹੁਤ ਸਾਰੇ ਵਿਦਿਆਰਥੀ ਕੋਰਸ ਡ੍ਰੌਪ ਕਰਦੇ ਹਨ, ਅਤੇ ਕਿਸੇ ਵੱਖਰੇ ਪ੍ਰੋਗਰਾਮ ਵਿਚ ਦਾਖ਼ਲਾ ਲੈਂਦੇ ਹਨ, ਪਰ ਉਹ ਆਪਣੀ ਫ਼ੀਸ ਗੁਆ ਲੈਂਦੇ ਹਨ ਕਿਉਂਕਿ ਉਹ ਹੋਰ ਕੋਰਸ ਵਿਚ ਦਾਖ਼ਲਾ ਲੈ ਰਹੇ ਹੁੰਦੇ ਹਨ। ਇਹ ਬਹੁਤ ਜ਼ਿਆਦਾ ਫ਼ੀਸ ਹੁੰਦੀ ਹੈ
।

20 ਸਾਲ ਦੇ ਪਰਮੋਦ ਭੰਡਾਰੀ ਨੇ ਕਿਹਾ ਕਿ ਉਸਨੇ ਬਹੁਤ ਸਾਰੇ ਵਿਦਿਆਰਥੀ ਦੇਖੇ ਹਨ ਜਿਨ੍ਹਾਂ ਨੇ ਵਰਕਲੋਡ ਕਾਰਨ ਕੋਰਸ ਵਿਚ ਫ਼ੇਲ ਹੋਣ ਦੀ ਵਜ੍ਹਾ ਕਰਕੇ ਹੋਰ ਕੋਰਸਾਂ ਵਿਚ ਦਾਖ਼ਲੇ ਲਏ ਹਨ।
ਤਸਵੀਰ: (Kate Dubinski/CBC)
ਕਾਲਜਾਂ ਨੂੰ ਇਹਨਾਂ ਚੀਜ਼ਾਂ ਬਾਰੇ ਸਪਸ਼ਟ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਸਾਨੂੰ ਦੱਸਣਾ ਚਾਹੀਦਾ ਹੈ ਕਿ ‘ਤੁਹਾਨੂੰ ਇਹ ਕੋਰਸ ਮੁਸ਼ਕਿਲ ਲੱਗ ਸਕਦਾ ਹੈ, ਤੁਹਾਨੂੰ ਪਹਿਲਾਂ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ’। ਉਨ੍ਹਾਂ ਨੂੰ ਸਿੱਧਾ ਆਫ਼ਰ ਲੈਟਰ ਨਹੀਂ ਦੇ ਦੇਣਾ ਚਾਹੀਦਾ, ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਕੋਰਸ ਕਿੰਨਾ ਕੁ ਮੁਸ਼ਕਲ ਹੋਵੇਗਾ
।
ਸੌਰਭ ਦਾ ਕਹਿਣਾ ਹੈ ਮਾੜੀ ਮੋਟੀ ਰਕਮ ਨਾਲ ਵਿਦੇਸ਼ ਆਉਣਾ ਅਤੇ ਫ਼ੇਰ ਇੱਥੇ ਪਹਿਲੀ ਵਾਰੀ ਬਗ਼ੈਰ ਕਿਸੇ ਸਹਾਰੇ ਤੋਂ ਰਹਿਣਾ ਅਤੇ ਫ਼ਿਰ ਸਫ਼ਲ ਨਾ ਹੋਣਾ ਬਹੁਤ ਤਣਾਅਪੂਰਣ ਹੋ ਸਕਦਾ ਹੈ।
ਕੇਟ ਡੁਬਿੰਸਕੀ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ