- ਮੁੱਖ ਪੰਨਾ
- ਸਮਾਜ
- ਸੰਗਠਿਤ ਅਪਰਾਧ
ਡਿਊਟੀ ਦੌਰਾਨ ਗੋਲੀਆਂ ਲੱਗਣ ਕਾਰਨ ਐਡਮੰਟਨ ਪੁਲਿਸ ਦੇ ਦੋ ਅਧਿਕਾਰੀਆਂ ਦੀ ਮੌਤ
ਘਰੇਲੂ ਝਘੜੇ ਦੇ ਮਾਮਲੇ ਵਿਚ ਪੁਲਿਸ ਨੂੰ ਬੁਲਾਇਆ ਗਿਆ ਸੀ

ਐਡਮੰਟਨ ਦੇ ਇੰਗਲਵੁਡ ਇਲਾਕੇ ਵਿਚ ਦੋ ਪੁਲਿਸ ਅਫਸਰਾਂ ਦੇ ਡਿਊਟੀ ਦੌਰਾਨ ਹੋਏ ਕਤਲ ਤੋਂ ਬਾਅਦ ਇਲਾਕੇ ਵਿਚ ਮੌਜੂਦ ਪੁਲਿਸ ਵਾਹਨਾਂ ਦੀ ਤਸਵੀਰ
ਤਸਵੀਰ: CBC News / David Bajer
ਐਡਮੰਟਨ ਪੁਲਿਸ ਦੇ ਦੋ ਅਫਸਰਾਂ ਦੀ ਡਿਊਟੀ ਦੌਰਾਨ ਗੋਲੀਆਂ ਵੱਜਣ ਕਾਰਨ ਮੌਤ ਹੋ ਗਈ ਹੈ। ਦੋਵੇਂ ਪੁਲਿਸ ਅਫਸਰ ਇੱਕ ਘਰੇਲੂ ਵਿਵਾਦ ਦੇ ਮਾਮਲੇ ਵਿਚ ਰਿਸਪਾਂਡ ਕਰ ਰਹੇ ਸਨ।
ਮ੍ਰਿਤਕ ਪੁਲਿਸ ਅਧਿਕਾਰੀਆਂ ਦੀ ਪਛਾਣ 35 ਸਾਲ ਦੇ ਕਾਂਸਟੇਬਲ ਟਰੈਵਿਸ ਜੌਰਡਨ ਅਤੇ 30 ਸਾਲ ਦੇ ਕਾਂਸਟੇਬਲ ਬ੍ਰੈਟ ਰਾਇਨ ਵੱਜੋਂ ਹੋਈ ਹੈ।
ਐਡਮੰਟਨ ਪੁਲਿਸ ਚੀਫ਼ ਡੇਲ ਮਕੈਫ਼ੀ ਵੀਰਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਭਾਵੁਕ ਹੋ ਗਏ। ਉਹਨਾਂ ਕਿਹਾ ਕਿ ਦੋਵੇਂ ਪੁਲਿਸ ਅਧਿਕਾਰੀਆਂ ਦੀ ਮੌਤ ਨੇ ਉਨ੍ਹਾਂ ਨੂੰ ਝੰਜੋੜ ਦਿੱਤਾ ਹੈ। ਉਹਨਾਂ ਕਿਹਾ ਕਿ ਦੋਵੇਂ ਅਫਸਰਾਂ ਦੇ ਬਲਿਦਾਨ ਨੂੰ ਭੁਲਾਇਆ ਨ੍ਹੀਂ ਜਾ ਸਕਦਾ।
ਰਾਤੀਂ ਕਰੀਬ 12:47 ਵਜੇ ਜੌਰਡਨ ਅਤੇ ਰਾਇਨ ਨੂੰ 114 ਐਵਨਿਊ ਅਤੇ 132 ਸਟ੍ਰੀਟ ਵਿੱਖੇ ਸਥਿਤ ਇੱਕ ਅਪਾਰਟਮੈਂਟ ਬਿਲਡਿੰਗ ਵਿਚ ਬੁਲਾਇਆ ਗਿਆ ਸੀ।
ਜਦੋਂ ਪੁਲਿਸ ਅਧਿਕਾਰੀ ਉੱਥੇ ਅਪਾਰਟਮੈਂਟ ਵਿਚ ਪਹੁੰਚੇ ਤਾਂ ਇਕ ਵਿਅਕਤੀ ਨੇ ਉਨ੍ਹਾਂ ਦੇ ਗੋਲੀ ਮਾਰ ਦਿੱਤੀ।
ਦੋ ਪੁਲਿਸ ਕਰਮੀਆਂ ਦੀ ਮੌਤ ਤੋਂ ਬਾਅਦ ਇਸ ਅਪਾਰਮੈਂਟ ਬਿਲਡਿੰਗ ਵਿਚ ਭਾਰੀ ਪੁਲਿਸ ਫ਼ੋਰਸ ਮੌਜੂਦ ਹੈ।
ਤਸਵੀਰ: Radio-Canada / David Bajer
ਮਕੈਫ਼ੀ ਨੇ ਦੱਸਿਆ ਕਿ ਜਾਂਚ ਦਰਸਾਉਂਦੀ ਹੈ ਕਿ ਪੁਲਿਸ ਕਰਮੀਆਂ ਨੂੰ ਆਪਣੇ ਹਥਿਆਰ ਚਲਾਉਣ ਦਾ ਮੌਕਾ ਹੀ ਨਹੀਂ ਮਿਲੀਆ।
ਪੁਲਿਸ ਅਧਿਕਾਰੀਆਂ ਨੂੰ ਉਹਨਾਂ ਦੇ ਸਹਿਕਰਮੀ ਹਸਪਤਾਲ ਲੈਕੇ ਗਏ, ਪਰ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਗੋਲੀ ਮਾਰਨ ਵਾਲੇ ਸ਼ੱਕੀ ਵਿਅਕਤੀ ਦੀ ਵੀ ਮੌਤ ਹੋ ਗਈ ਹੈ। ਪੁਲਿਸ ਦਾ ਮੰਨਣਾ ਹੈ ਕਿ ਉਸਨੇ ਆਪਣੇ ਆਪ ਨੂੰ ਗੋਲੀ ਮਾਰੀ ਹੈ।
ਗੋਲੀ ਚਲਾਉਣ ਵਾਲੇ ਵਿਅਕਤੀ ਨਾਲ ਸਬੰਧਤ ਇੱਕ ਔਰਤ ਵੀ ਉਸ ਅਪਾਰਟਮੈਂਟ ਚੋਂ ਜ਼ਖ਼ਮੀ ਮਿਲੀ ਸੀ, ਜਿਸਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਇੰਗਲਵੁੱਡ ਦੇ ਰਿਹਾਇਸ਼ੀ ਇਲਾਕੇ ਵਿਚ ਅਜੇ ਵੀ ਭਾਰੀ ਪੁਲਿਸ ਬੰਦੋਬਸਤ ਹੈ।
ਮੁਲਕ ਭਰ ਤੋਂ ਪੁਲਿਸ ਅਧਿਕਾਰੀਆਂ, ਸਿਆਸਤਦਾਨਾਂ ਅਤੇ ਪਬਲਿਕ ਸੇਫ਼ਟੀ ਅਧਿਕਾਰੀਆਂ ਨੇ ਇਸ ਘਟਨਾ ਤੋਂ ਬਾਅਦ ਆਪਣੀ ਸੰਵੇਦਨਾਵਾਂ ਭੇਜੀਆਂ ਹਨ।
ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਇੱਕ ਬਿਆਨ ਵਿਚ ਕਿਹਾ ਕਿ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਰੋਜ਼ ਪੁਲਿਸ ਅਧਿਕਾਰੀ ਆਪਣੀਆਂ ਜਾਨਾਂ ਨੂੰ ਦਾਅ ‘ਤੇ ਲਗਾਉਂਦੇ ਹਨ। ਉਹਨਾਂ ਨੇ ਮਾਰੇ ਗਏ ਅਫਸਰਾਂ ਦੇ ਪਰਿਵਾਰ ਵਾਲਿਆਂ ਅਤੇ ਨਜ਼ਦੀਕੀਆਂ ਨੂੰ ਆਪਣੀਆਂ ਸੰਵੇਦਨਾਵਾਂ ਭੇਜੀਆਂ ਅਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ।
ਵੌਲਿਸ ਸਨੋਅਡਨ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ