1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਹਥਿਆਰਬੰਦ ਵਿਵਾਦ

ਰੂਸ ਨੇ ਯੂਕਰੇਨ ਵਿਚ ਕੀਤੇ ਜੰਗੀ ਅਪਰਾਧ: ਸੰਯੁਕਤ ਰਾਸ਼ਟਰ ਦੀ ਜਾਂਚ

ਰਿਪੋਰਟ ਵਿਚ ਵਿਵਸਥਿਤ ਤਸ਼ੱਦਦ ਅਤੇ ਮਨੁੱਖੀ ਤਕਲੀਫ਼ ਦੀ ਨਜ਼ਰਅੰਦਾਜ਼ੀ ਦਾ ਹਵਾਲਾ ਦਿੱਤਾ ਗਿਆ ਹੈ

ਯੂਕਰੇਨ ਬਾਰੇ ਸੁਤੰਤਰ ਅੰਤਰਰਾਸ਼ਟਰੀ ਜਾਂਚ ਕਮੀਸ਼ਨ ਦੇ ਚੇਅਰਮੈਨ, ਐਰਿਕ ਮੋਜ਼ ਵੀਰਵਾਰ ਨੂੰ ਜੇਨੇਵਾ ਵਿੱਚ ਇੱਕ ਨਿਊਜ਼ ਕਾਨਫਰੰਸ ਦੌਰਾਨ ਬੋਲਦੇ ਹੋਏ।

ਯੂਕਰੇਨ ਬਾਰੇ ਸੁਤੰਤਰ ਅੰਤਰਰਾਸ਼ਟਰੀ ਜਾਂਚ ਕਮੀਸ਼ਨ ਦੇ ਚੇਅਰਮੈਨ, ਐਰਿਕ ਮੋਜ਼ ਵੀਰਵਾਰ ਨੂੰ ਜੇਨੇਵਾ ਵਿੱਚ ਇੱਕ ਨਿਊਜ਼ ਕਾਨਫਰੰਸ ਦੌਰਾਨ ਬੋਲਦੇ ਹੋਏ।

ਤਸਵੀਰ:  (Fabrice Coffrini/AFP/Getty Images)

RCI

ਸੰਯੁਕਤ ਰਾਸ਼ਟਰ ਦੀ ਇੱਕ ਜਾਂਚ ਨੇ ਪਾਇਆ ਹੈ ਕਿ ਰੂਸ ਨੇ ਯੂਕਰੇਨ ਵਿਚ ਜੰਗੀ ਅਪਰਾਧਾਂ ਨੂੰ ਅੰਜਾਮ ਦਿੱਤਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਯੂਕਰੇਨ ਵਿਚ ਨਾਗਰਿਕਾਂ ‘ਤੇ ਰੂਸੀ ਹਮਲੇ, ਜਿਸ ਵਿਚ ਵਿਵਸਥਿਤ ਅਤੇ ਵਿਆਪਕ ਤਸ਼ੱਦਦ ਵੀ ਸ਼ਾਮਲ ਹਨ, ਜੰਗੀ ਅਪਰਾਧਾਂ ਅਤੇ ਸੰਭਾਵੀ ਤੌਰ ‘ਤੇ ਮਨੁੱਖਤਾ ਵਿਰੁੱਧ ਅਪਰਾਧਾਂ ਦੇ ਦਾਇਰੇ ਵਿਚ ਆਉਂਦੇ ਹਨ।

ਇਹ ਰਿਪੋਰਟ (ਨਵੀਂ ਵਿੰਡੋ) ਐਨ ਉਸ ਦਿਨ ਰਿਲੀਜ਼ ਹੋਈ ਹੈ ਜਦੋਂ ਮੈਰਿਓਪੋਲ ਦੇ ਇੱਕ ਥੇਟਰ ਵਿਚ ਹੋਏ ਰੂਸੀ ਹਵਾਈ ਹਮਲੇ ਨੂੰ ਇੱਕ ਸਾਲ ਬੀਤ ਗਿਆ ਹੈ। ਇਸ ਥੇਟਰ ਵਿਚ ਸ਼ਰਨ ਲੈ ਰਹੇ ਸੈਂਕੜੈ ਲੋਕ ਮਾਰੇ ਗਏ ਸਨ ਜਿਸ ਤੋਂ ਬਾਅਦ ਰੂਸ ਦੀ ਵਿਆਪਕ ਆਲੋਚਨਾ ਹੋਈ ਸੀ।

ਮਨੁੱਖਤਾ ਦੇ ਖ਼ਿਲਾਫ਼ ਸੰਭਾਵੀ ਅਪਰਾਧਾਂ ਵਿਚ, ਰਿਪੋਰਟ ਨੇ ਯੂਕਰੇਨ ਦੇ ਬੁਨਿਆਦੇ ਢਾਂਚੇ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲਿਆਂ, ਜਿਸ ਕਾਰਨ ਬਰਫ਼ੀਲੇ ਮੌਸਮ ਵਿਚ ਹਜ਼ਾਰਾਂ ਲੋਕ ਬਿਜਲੀ ਅਤੇ ਹੀਟ ਤੋਂ ਵਾਂਝੇ ਹੋ ਗਏ ਸਨ ਅਤੇ ਰੂਸੀ ਕਬਜ਼ੇ ਵਾਲੇ ਖੇਤਰਾਂ ਵਿਚ ਵਿਵਸਥਿਤ ਅਤੇ ਵਿਆਪਕ ਤੌਰ ‘ਤੇ ਕੀਤੇ ਗਏ ਤਸ਼ੱਦਦ ਦਾ ਹਵਾਲਾ ਦਿੱਤਾ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ, ਯੂਕਰੇਨ ਬਾਰੇ ਸੁਤੰਤਰ ਅੰਤਰਰਾਸ਼ਟਰੀ ਜਾਂਚ ਕਮੀਸ਼ਨ ਨੇ ਇਹ ਸਿੱਟਾ ਕੱਢਿਆ ਹੈ ਕਿ ਰੂਸੀ ਅਧਿਕਾਰੀਆਂ ਨੇ ਵੱਡੇ ਪੱਧਰ ‘ਤੇ ਜੰਗੀ ਅਪਰਾਧਾਂ, ਜਿਸ ਵਿਚ ਜਾਣਬੁੱਝ ਕੇ ਕੀਤੇ ਕਤਲ, ਅਣਮਨੁੱਖੀ ਵਿਵਹਾਰ, ਸੱਟਾਂ, ਨੁਕਸਾਨ, ਬਲਾਤਕਾਰ, ਦੇਸ਼ ਨਿਕਾਲੇ ਸ਼ਾਮਲ ਹਨ, ਦੇ ਨਾਲ ਅੰਤਰਰਾਸ਼ਟਰੀ ਮਨੁੱਖਤਾਵਾਦੀ ਕਾਨੂੰਨ ਅਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ

ਕਮਿਸ਼ਨ ਨੇ ਪਾਇਆ ਕਿ ਰੂਸੀ ਹਥਿਆਰਬੰਦ ਬਲਾਂ ਨੇ ਨਾਗਰਿਕਾਂ ਦੇ ਨੁਕਸਾਨ ਅਤੇ ਦੁੱਖਾਂ ਨੂੰ ਨਜ਼ਰਅੰਦਾਜ਼ ਕਰਦਿਆਂ ਆਬਾਦੀ ਵਾਲੇ ਖੇਤਰਾਂ ਵਿੱਚ ਵਿਸਫੋਟਕ ਹਥਿਆਰਾਂ ਨਾਲ ਹਮਲੇ ਕੀਤੇ ਹਨ।

ਜਾਂਚ ਕਮਿਸ਼ਨ ਸੰਯੁਕਤ ਰਾਸ਼ਟਰ-ਸਮਰਥਿਤ ਮਨੁੱਖੀ ਅਧਿਕਾਰ ਕੌਂਸਲ ਦੁਆਰਾ ਦੁਨੀਆ ਭਰ ਵਿੱਚ ਦੁਰਵਿਵਹਾਰ ਅਤੇ ਉਲੰਘਣਾਵਾਂ ਦੀ ਜਾਂਚ ਕਰਨ ਲਈ ਸਭ ਤੋਂ ਸ਼ਕਤੀਸ਼ਾਲੀ ਸਾਧਨ ਹੈ।

ਵੀਰਵਾਰ ਨੂੰ ਜਾਰੀ ਕੀਤੀ ਗਈ ਜਾਂਚ ਪਿਛਲੇ ਸਾਲ ਰੂਸ ਦੇ ਹਮਲੇ ਤੋਂ ਤੁਰੰਤ ਬਾਅਦ ਸ਼ੁਰੂ ਕੀਤੀ ਗਈ ਸੀ। ਕਮਿਸ਼ਨ ਦੇ ਤਿੰਨ ਮੈਂਬਰ ਸੁਤੰਤਰ ਮਨੁੱਖੀ ਅਧਿਕਾਰ ਮਾਹਰ ਹਨ, ਅਤੇ ਇਸ ਦੇ ਸਟਾਫ ਨੂੰ ਕੌਂਸਲ ਅਤੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫਤਰ ਤੋਂ ਸਹਾਇਤਾ ਅਤੇ ਫੰਡਿੰਗ ਪ੍ਰਾਪਤ ਹੁੰਦੀ ਹੈ।

ਰਿਪੋਰਟ ਵਿਚ ਯੂਕਰੇਨੀ ਬਲਾਂ ਵੱਲੋਂ ਵੀ ਕੁਝ ਕੁ ਉਲੰਘਣਾਵਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਇੱਕ ਯੂਕਰੇਨੀ ਅਧਿਕਾਰੀਆਂ ਦੇ ਵੀ ਜਾਂਚ ਅਧੀਨ ਹੈ। ਪਰ ਜ਼ਿਆਦਾਤਰ ਇਲਜ਼ਾਮ ਅਤੇ ਉਲੰਘਣਾਵਾਂ ਰੂਸ ਦੇ ਖ਼ਿਲਾਫ਼ ਹਨ।

ਰੂਸ ਨੇ ਜਾਣਕਾਰੀ ਬਾਬਤ ਜਾਂਚ ਕਮੀਸ਼ਨ ਵੱਲੋਂ ਕੀਤੀਆਂ ਅਪੀਲਾਂ ਦਾ ਜਵਾਬ ਨਹੀਂ ਦਿੱਤਾ।

ਇਹ ਰਿਪੋਰਟ ਜੰਗ ਵਿਚ ਕੀਤੇ ਗਏ ਅਪਰਾਧਾਂ ਲਈ ਜਬਾਵਦੇਹੀ ਨੂੰ ਹੁਲਾਰਾ ਦੇਣ ਦੇ ਯਤਨਾਂ ਵਿਚ ਵਾਧਾ ਕਰ ਸਕਦੀ ਹੈ।

ਦ ਅਸੋਸੀਏਟੇਡ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ