1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਚੋਣਾਂ ‘ਚ ਵਿਦੇਸ਼ੀ ਦਖ਼ਲ ਦੀ ਜਾਂਚ ਲਈ ਟ੍ਰੂਡੋ ਨੇ ਸਾਬਕਾ ਗਵਰਨਰ ਜਨਰਲ ਡੇਵਿਡ ਜੌਨਸਟਨ ਨੂੰ ਨਿਯੁਕਤ ਕੀਤਾ

ਸਾਬਕਾ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨੇ ਜੌਨਸਟਨ ਨੂੰ ਗਵਰਨਰ ਜਨਰਲ ਨਿਯੁਕਤ ਕੀਤਾ ਸੀ

ਸਾਬਕਾ ਗਵਰਨਰ ਜਨਰਲ ਡੇਵਿਡ ਜੌਨਸਟਨ

ਸਾਬਕਾ ਗਵਰਨਰ ਜਨਰਲ ਡੇਵਿਡ ਜੌਨਸਟਨ ਦੀ ਫ਼ਾਈਲ ਤਸਵੀਰ। ਡੇਵਿਡ ਨੂੰ ਕੈਨੇਡੀਅਨ ਚੋਣਾਂ ਵਿਚ ਵਿਦੇਸ਼ੀ ਦਖ਼ਲਅੰਦਾਜ਼ੀ ਦੀ ਜਾਂਚ ਲਈ ਵਿਸ਼ੇਸ਼ ਅਧਿਕਾਰੀ ਵੱਜੋਂ ਨਿਯੁਕਤ ਕੀਤਾ ਗਿਆ ਹੈ।

ਤਸਵੀਰ:  (Sean Kilpatrick/The Canadian Press)

RCI

ਚੋਣਾਂ ਵਿਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਦਾਅਵਿਆਂ ਦੀ ਜਾਂਚ ਲਈ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਸਾਬਕਾ ਗਵਰਨਰ ਜਨਰਲ ਡੇਵਿਡ ਜੌਨਸਟਨ ਨੂੰ ਵਿਸ਼ੇਸ਼ ਅਧਿਕਾਰੀ ਵੱਜੋਂ ਚੁਣਿਆ ਹੈ।

ਟ੍ਰੂਡੋ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਆਉਂਦੇ ਦਿਨਾਂ ਨੂੰ ਉਹ ਇੱਕ ‘ਉੱਘੇ’ ਅਤੇ ਸੁਤੰਤਰ ਵਿਅਕਤੀ ਨੂੰ ਚੋਣ ਦਖ਼ਲਅੰਦਾਜ਼ੀ ਦੇ ਮੁੱਦੇ ਬਾਬਤ ਨਿਯੁਕਤ ਕਰਨਗੇ, ਜੋ ਦਖ਼ਲਅੰਦਾਜ਼ੀ ਨਾਲ ਨਜਿੱਠਣ ਅਤੇ ਸਾਡੇ ਲੋਕਤੰਤਰ ਨੂੰ ਮਜ਼ਬੂਤ ​​ਕਰਨ ਲਈ ਮਾਹਿਰਾਨਾ ਸਿਫਾਰਸ਼ਾਂ ਕਰੇਗਾ।

ਜੌਨਸਟਨ ਨੂੰ 2010 ਵਿਚ ਤਤਕਾਲੀਨ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨੇ ਗਵਰਨਰ ਜਨਰਲ ਨਿਯੁਕਤ ਕੀਤਾ ਸੀ ਅਤੇ ਉਹ 2017 ਤੱਕ ਇਸ ਅਹੁਦੇ ‘ਤੇ ਬਰਕਰਾਰ ਰਹੇ ਸਨ।

ਵਰਤਮਾਨ ਵਿਚ ਜੌਨਸਟਨ ਲੀਡਰਜ਼ ਡਿਬੇਟ ਕਮੀਸ਼ਨ ਦੇ ਮੁਖੀ ਹਨ। ਇਹ ਕਮੀਸ਼ਨ ਇੱਕ ਸੁਤੰਤਰ ਸੰਸਥਾ ਹੈ ਜੋ ਫ਼ੈਡਰਲ ਚੋਣ ਮੁਹਿੰਮਾਂ ਦੌਰਾਨ ਲੀਡਰਾਂ ਦੀਆਂ ਡਿਬੇਟਸ ਦੀ ਨਿਗਰਾਨੀ ਕਰਦੀ ਹੈ। ਪ੍ਰਧਾਨ ਮੰਤਰੀ ਦੇ ਦਫਤਰ ਵੱਲੋਂ ਜਾਰੀ ਰਿਲੀਜ਼ ਅਨੁਸਾਰ ਨਵੀਂ ਭੂਮਿਕਾ ਲਈ ਜੌਨਸਟਨ ਡਿਬੇਟ ਕਮੀਸ਼ਨ ਦੇ ਮੁਖੀ ਦਾ ਅਹੁਦਾ ਛੱਡ ਦੇਣਗੇ।

ਇੱਕ ਮੀਡੀਆ ਬਿਆਨ ਵਿਚ ਟ੍ਰੂਡੋ ਨੇ ਕਿਹਾ, ਡੇਵਿਡ ਜੌਨਸਟਨ ਕੋਲ ਇਮਾਨਦਾਰੀ, ਤਜਰਬੇ ਅਤੇ ਹੁਨਰ ਦਾ ਭੰਡਾਰ ਹੈ, ਅਤੇ ਮੈਨੂੰ ਭਰੋਸਾ ਹੈ ਕਿ ਉਹ ਇਹ ਯਕੀਨੀ ਬਣਾਉਣ ਲਈ ਇੱਕ ਨਿਰਪੱਖ ਸਮੀਖਿਆ ਕਰਨਗੇ ਕਿ ਸਾਡੇ ਲੋਕਤੰਤਰ ਨੂੰ ਸੁਰੱਖਿਅਤ ਰੱਖਣ ਅਤੇ ਇਸ ਵਿੱਚ ਵਿਸ਼ਵਾਸ ਨੂੰ ਕਾਇਮ ਰੱਖਣ ਅਤੇ ਮਜ਼ਬੂਤ ​​ਕਰਨ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ

ਵਿਰੋਧੀਆਂ ਵੱਲੋਂ ਜਾਂਚ ਦੀ ਮੰਗ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਅਤੇ ਐਨਡੀਪੀ ਲੀਡਰ ਜਗਮੀਤ ਸਿੰਘ ਚੋਣਾਂ ਵਿਚ ਵਿਦੇਸ਼ੀ ਦਖ਼ਲ ਦੇ ਮਾਮਲੇ ਵਿਚ ਸੁਤੰਤਰ ਜਨਤਕ ਜਾਂਚ ਦੀ ਮੰਗ ਕਰਦੇ ਰਹੇ ਹਨ।

ਟ੍ਰੂਡੋ ਨੇ ਕਿਹਾ ਕਿ ਵਿਸ਼ੇਸ਼ ਅਧਿਕਾਰੀ ਇੱਕ ਰਸਮੀ ਜਾਂਚ ਦੀ ਵੀ ਸਿਫ਼ਾਰਿਸ਼ ਕਰ ਸਕਦਾ ਹੈ ਅਤੇ ਸਰਕਾਰ ਸਿਫ਼ਾਰਸ਼ਿਾਂ ਦੀ ਪਾਲਣਾ ਕਰੇਗੀ।

ਜੌਨਸਟਨ ਅਤੀਤ ਵਿਚ ਵੀ ਇਸ ਤਰ੍ਹਾਂ ਦੀ ਭੂਮਿਕਾ ਨਿਭਾ ਚੁੱਕੇ ਹਨ। ਸਟੀਫ਼ਨ ਹਾਰਪਰ ਨੇ 2007 ਵਿਚ ਉਸ ਸਮੇਂ ਲਾਅ ਦੇ ਪ੍ਰੋਫ਼ੈਸਰ ਡੇਵਿਡ ਜੌਨਸਟਨ ਨੂੰ ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮਲਰੋਨੀ ਦੇ ਜਰਮਨ-ਕੈਨੇਡੀਅਨ ਕਾਰੋਬਾਰੀ ਕਾਰਲਹੀਨਜ਼ ਸ਼ਰੀਬਰ ਨਾਲ ਕਾਰੋਬਾਰੀ ਸਮਝੌਤਿਆਂ ਦੀ ਜਾਂਚ ਲਈ ਨਿਯੁਕਤ ਕੀਤਾ ਸੀ (ਨਵੀਂ ਵਿੰਡੋ)

ਪੀਐਮਓ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਜੌਨਸਟਨ ਦੀ ਨਿਯੁਕਤੀ ‘ਤੇ ਸਾਰੀਆਂ ਪਾਰਟੀਆਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ ਸੀ, ਪਰ ਇਹ ਨਹੀਂ ਦੱਸਿਆ ਗਿਆ ਕਿ ਕਿਸ ਹੱਦ ਤੱਕ ਇਹ ਮਸ਼ਵਰਾ ਹੋਇਆ ਹੈ।

ਐਨਡੀਪੀ ਐਮਪੀ ਰੇਚਲ ਬਲੈਨੀ ਨੇ ਸੀਬੀਸੀ ਨਲਾ ਗੱਲ ਕਰਦਿਆਂ ਕਿਹਾ ਕਿ ਉਹ ਜੌਨਸਟਨ ਨੂੰ ਨਿਯੁਕਤ ਕਰਨ ਦੇ ਫ਼ੈਸਲੇ ਨਾਲ ਸੰਤੁਸ਼ਟ ਹਨ, ਪਰ ਪਾਰਟੀ ਅਜੇ ਵੀ ਪਬਲਿਕ ਜਾਂਚ ਚਾਹੁੰਦੀ ਹੈ।

ਬਲੌਕ ਕਿਊਬੈਕਵਾ ਲੀਡਰ ਈਵ-ਫ਼ਰੈਂਸੁਆ ਬਲੌਂਸ਼ੇ ਨੇ ਵੀ ਜਨਤਕ ਜਾਂਚ ਦੀ ਮੰਗ ਕੀਤੀ।

ਬੁੱਧਵਾਰ ਨੂੰ ਜੌਨਸਟਨ ਦੇ ਨਾਮ ਦੇ ਐਲਾਨ ਤੋਂ ਪਹਿਲਾਂ, ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਕਿਹਾ ਸੀ ਕਿ ਉਹਨਾਂ ਨੂੰ ਵਿਸ਼ੇਸ਼ ਅਧਿਕਾਰੀ ਦੇ ਸੁਤੰਤਰ ਹੋਣ ‘ਤੇ ਸ਼ੱਕ ਹੈ।

ਪਿਛਲੇ ਹਫ਼ਤੇ ਪੌਲੀਐਵ ਨੇ ਕਿਹਾ ਸੀ, ਟ੍ਰੂਡੋ ਕਿਸੇ ਸੁਤੰਤਰ ਵਿਅਕਤੀ ਨੂੰ ਚੁਣ ਸਕਦੇ ਹਨ, ਪਰ ਉਹ ਅਜਿਹਾ ਨਹੀਂ ਕਰਨਗੇ

ਇਹ ਸਾਰਾ ਵਿਵਾਦ ਕੈਨੇਡੀਅਨ ਚੋਣਾਂ ਵਿਚ ਚੀਨ ਵੱਲੋਂ ਕਥਿਤ ਦਖ਼ਲਅੰਦਾਜ਼ੀ ਦੀਆਂ ਖ਼ਬਰਾਂ ਤੋਂ ਬਾਅਦ ਸ਼ੁਰੁ ਹੋਇਆ ਹੈ।

ਗਲੋਬਲ ਨਿਊਜ਼ ਨੇ ਇੱਕ ਖ਼ਬਰ ਛਾਪੀ ਸੀ ਕਿ ਖ਼ੂਫ਼ੀਆ ਅਧਿਕਾਰੀਆਂ ਨੇ ਟ੍ਰੂਡੋ ਨੂੰ ਚਿਤਾਵਨੀ ਦਿੱਤੀ ਸੀ ਕਿ ਟੋਰੌਂਟੋ ਵਿਚ ਸਥਿਤ ਚੀਨੀ ਕਾਂਸੁਲੇਟ ਨੇ ਘੱਟੋ ਘੱਟ 7 ਫ਼ੈਡਰਲ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਟਾਫ਼ ਵੱਜੋਂ ਕੰਮ ਕਰਦੇ ਚੀਨੀ ਏਜੰਟਾਂ ਨੂੰ ਵੱਡੀ ਨਕਦੀ ਦਿੱਤੀ ਹੈ।

ਹਾਲ ਹੀ ਵਿਚ ਗਲੋਬ ਐਂਡ ਮੇਲ  (ਨਵੀਂ ਵਿੰਡੋ)ਨੇ ਵੀ ਇੱਕ ਰਿਪੋਰਟ ਨਸ਼ਰ ਕੀਤੀ ਸੀ ਜਿਸ ਵਿਚ ਦੱਸਿਆ ਗਿਆ ਸੀ ਕਿ ਕਿਵੇਂ ਚੀਨ ਨੇ 2021 ਦੀਆਂ ਫ਼ੈਡਰਲ ਚੋਣਾਂ ਦੌਰਾਨ ਕੈਨੇਡਾ ਦੇ ਲੋਕਤੰਤਰ ਨੂੰ ਪ੍ਰਭਾਵਿਤ ਕਰਨ ਲਈ ਇੱਕ ਸੂਖਮ ਰਣਨੀਤੀ ਇਖ਼ਤਿਆਰ ਕੀਤੀ ਸੀ।

ਹਾਲਾਂਕਿ 2021 ਦੀਆਂ ਚੋਣਾਂ ਵਿਚ ਵਿਦੇਸ਼ੀ ਦਖ਼ਲਅੰਦਾਜ਼ੀ ਬਾਰੇ ਪਬਲਿਕ ਸਰਵੈਂਟਸ ਦੀ ਇੱਕ ਰਿਪੋਰਟ ਨੇ ਪਾਇਆ ਕਿ ਵੋਟਾਂ ਵਿਚ ਦਖ਼ਲ ਦੇਣ ਦੀਆਂ ਕੋਸ਼ਿਸ਼ਾਂ ਹੋਈਆਂ ਸਨ, ਪਰ ਉਨ੍ਹਾਂ ਕੋਸ਼ਿਸ਼ਾਂ ਨੇ ਚੋਣਾਂ ਦੀ ਸਮੁੱਚੀ ਅਖੰਡਤਾ ਨੂੰ ਪ੍ਰਭਾਵਿਤ ਨਹੀਂ ਕੀਤਾ ਸੀ।

ਕੰਜ਼ਰਵੇਟਿਵ ਡਿਪਟੀ ਲੀਡਰ ਨੇ ਜੌਨਸਟਨ ਦੀ ਨਿਯੁਕਤੀ ‘ਤੇ ਸਵਾਲ ਚੁੱਕੇ

ਬੁੱਧਵਾਰ ਨੂੰ ਕੰਜ਼ਰਵੇਟਿਵ ਡਿਪਟੀ ਲੀਡਰ ਮੈਲੀਸਾ ਲੈਂਟਸਮੈਨ ਨੇ ਵਿਸ਼ੇਸ਼ ਅਧਿਕਾਰੀ ਦੀ ਨਿਯੁਕਤੀ ਦੀ ਜ਼ਰੂਰਤ ‘ਤੇ ਸਵਾਲ ਚੁੱਕੇ ਅਤੇ ਜੌਨਸਟਨ ਦੇ ਟ੍ਰੂਡੋ ਫ਼ਾਊਂਡੇਸ਼ਨ ਨਾਲ ਜੁੜੇ ਹੋਣ ਵੱਲ ਵੀ ਇਸ਼ਾਰਾ ਕੀਤਾ। ਟ੍ਰੂਡੋ ਫ਼ਾਊਂਡੇਸ਼ਨ ਵਿਚ ਜੌਨਸਟਨ ਦਾ ਨਾਂ - ਕਈ ਯੂਨਿਵਰਸਿਟੀਆਂ ਵਿਚ ਕੰਮ ਕਰ ਚੁੱਕੇ - ਇੱਕ ਮੈਂਬਰ (ਨਵੀਂ ਵਿੰਡੋ) ਵੱਜੋਂ ਦਰਜ ਹੈ।

ਮੈਲੀਸਾ ਨੇ ਟਵੀਟ ਕੀਤਾ, ਸ਼ਾਇਦ ਕਿਸੇ ਅਜਿਹੇ ਸ਼ਖ਼ਸ ਨੂੰ ਲੱਭਣਾ ਬਿਹਤਰ ਹੁੰਦਾ ਜੋ ਫ਼ਾਊਂਡੇਸ਼ਨ ਨਾਲ ਨਾ ਜੁੜਿਆ ਹੁੰਦਾ। ਜਾਂ ਫਿਰ ਪਬਲਿਕ ਜਾਂਚ ਕੀਤੀ ਜਾਵੇ

ਸੀਬੀਸੀ ਦੇ ਪਾਵਰ ਐਂਡ ਪੌਲਿਟਿਕਸ ਨਾਲ ਗੱਲਬਾਤ ਦੌਰਾਨ ਪਬਲਿਕ ਸੇਫ਼ਟੀ ਮਿਨਿਸਟਰ ਮਾਰਕੋ ਮੈਡੀਚਿਨੋ ਨੂੂੰ ਇਹ ਸਵਾਲ ਵੀ ਪੁੱਛਿਆ ਗਿਆ ਕਿ ਜੌਨਸਟਨ ਕਦੋਂ ਤੱਕ ਆਪਣੀਆਂ ਸਿਫ਼ਾਰਸ਼ਾਂ ਪੇਸ਼ ਕਰ ਸਕਦੇ ਹਨ। ਮੈਂਡੀਚਿਨੋ ਨੇ ਇਸ ਬਾਰੇ ਸਪਸ਼ਟ ਵੇਰਵੇ ਨਹੀਂ ਦਿੱਤੇ ਪਰ ਕਿਹਾ ਕਿ ਜੌਨਸਟਨ ਦਾ ਕੰਮ ਅਰਜੈਂਟ ਹੈ।

ਡੈਰਨ ਮੇਜਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ