1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਹਥਿਆਰਬੰਦ ਵਿਵਾਦ

ਕੈਨੇਡਾ ਵੱਲੋਂ ਬਖ਼ਤਰਬੰਦ ਵਾਹਨ ਦੇਣ ਵਿਚ ਦੇਰੀ ਹਿੰਸਕ ਗਿਰੋਹਾਂ ਨੂੰ ਕਾਬੂ ਕਰਨ ਵਿਚ ਰੁਕਾਵਟ: ਹੇਤੀ

ਹੇਤੀ ਨੇ ਕੈਨੇਡਾ ਤੋਂ 18 ਫ਼ੌਜੀ ਵਾਹਨ ਖ਼ਰੀਦੇ ਹਨ

ਹਿੰਸਾ ਨਾਲ ਜੂਝਦੇ ਹੇਤੀ ਦੀ ਰਾਜਧਾਨੀ ਪੋਰਟ-ਓ-ਪ੍ਰਿੰਸ ਵਿਚ ਇਕ ਪਿਤਾ ਆਪਣੇ ਬੱਚੇ ਨੂੰ ਸਕੂਲੋਂ ਲਿਆਉਣ ਲੱਗਿਆਂ ਭੱਜ ਕੇ ਪੁਲਿਸ ਪੋਸਟ ਨੂੰ ਪਾਰ ਕਰਦਾ ਹੋਇਆ। ਹਿੰਸਕ ਗਿਰੋਹਾਂ ;ਤੇ ਕਾਬੂ ਪਾਉਣ ਲਈ ਪੁਲਿਸ ਵੱਲੋਂ ਜਤਨ ਕੀਤੇ ਜਾ ਰਹੇ ਹਨ। ਮਿਤੀ: 3 ਮਾਰਚ 2023

ਹਿੰਸਾ ਨਾਲ ਜੂਝਦੇ ਹੇਤੀ ਦੀ ਰਾਜਧਾਨੀ ਪੋਰਟ-ਓ-ਪ੍ਰਿੰਸ ਵਿਚ ਇਕ ਪਿਤਾ ਆਪਣੇ ਬੱਚੇ ਨੂੰ ਸਕੂਲੋਂ ਲਿਆਉਣ ਲੱਗਿਆਂ ਭੱਜ ਕੇ ਪੁਲਿਸ ਪੋਸਟ ਨੂੰ ਪਾਰ ਕਰਦਾ ਹੋਇਆ। ਹਿੰਸਕ ਗਿਰੋਹਾਂ ;ਤੇ ਕਾਬੂ ਪਾਉਣ ਲਈ ਪੁਲਿਸ ਵੱਲੋਂ ਜਤਨ ਕੀਤੇ ਜਾ ਰਹੇ ਹਨ। ਮਿਤੀ: 3 ਮਾਰਚ 2023

ਤਸਵੀਰ: THE CANADIAN PRESS/AP/Odelyn Joseph

RCI

ਮੁਸ਼ਕਿਲਾਂ ਨਾਲ ਘਿਰੀ ਹੇਤੀ ਦੀ ਸਰਕਾਰ ਨੇ ਇਲਜ਼ਾਮ ਲਗਾਇਆ ਹੈ ਕਿ ਕੈਨੇਡਾ ਵੱਲੋਂ ਹੇਤੀ ਨੂੰ ਬਖ਼ਤਰਬੰਦ ਫ਼ੌਜੀ ਵਾਹਨ ਮੁਹੱਈਆ ਕਰਵਾਉਣ ਵਿਚ ਹੁੰਦੀ ਦੇਰੀ, ਉਹਨਾਂ ਦੇ ਹਿੰਸਕ ਗਿਰੋਹਾਂ ਨੂੰ ਕਾਬੂ ਕਰਨ ਦੀ ਯੋਜਨਾ ਵਿਚ ਵੱਡੀ ਰੁਕਾਵਟ ਬਣ ਰਹੀ ਹੈ।

ਹੇਤੀ ਦੀ ਜਸਟਿਸ ਮਿਨਿਸਟਰ ਐਮੇਲੀ ਪਰੋਫ਼ੈਟੀ-ਮਿਲਸੇ ਨੇ ਇੱਕ ਰੇਡੀਓ ਇੰਟਰਵਿਊ ਵਿਚ ਕਿਹਾ ਕਿ ਜਿਸ ਕੰਪਨੀ ਨੇ ਟੈਂਕ ਸਪਲਾਈ ਕਰਨੇ ਹਨ, ਉਹ ਆਪਣੇ ਸ਼ਬਦਾਂ ‘ਤੇ ਖਰੀ ਨ੍ਹੀਂ ਉਤਰੀ

ਹਿੰਸਕ ਗੈਂਗਜ਼ ਨੇ ਕਈ ਮਹੀਨਿਆਂ ਤੋਂ ਹੇਤੀ ਦੀ ਰਾਜਧਾਨੀ ਪੋਰਟ-ਓ-ਪ੍ਰਿੰਸ ਨੂੰ ਆਪਣੇ ਨਿਯੰਤਰਣ ਵਿਚ ਕੀਤਾ ਹੋਇਆ ਹੈ, ਜਿਸ ਕਰਕੇ ਜ਼ਰੂਰੀ ਵਸਤਾਂ ਅਤੇ ਮੈਡੀਕਲ ਕੇਅਰ ਦੀ ਕਮੀ ਹੋ ਗਈ ਹੈ। ਨਾਲ ਹੀ ਉੱਥੇ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਵੀ ਵਧ ਗਈਆਂ ਹਨ।

ਕੈਨੇਡਾ ਨੇ ਹੇਤੀ ਵੱਲੋਂ ਖ਼ਰੀਦੇ ਗਏ ਬਖ਼ਤਰਬੰਦ ਵਾਹਨ ਪ੍ਰਦਾਨ ਕਰਨੇ ਹਨ, ਜਿਸ ਨਾਲ ਹੇਤੀ ਵਿਚ ਅੰਤਰਾਸ਼ਟਰੀ ਫ਼ੌਜੀ ਕਾਰਵਾਈ ਦੀ ਜ਼ਰੂਰਤ ਟਲ਼ ਸਕਦੀ ਹੈ।

ਪਰ ਪਰੋਫ਼ੈਟੀ ਨੇ ਕਿਹਾ ਕਿ ਉਹਨਾਂ ਦੇ ਦੇਸ਼ ਵੱਲੋਂ ਆਰਡਰ ਕੀਤੇ ਗਏ 18 ਬਖ਼ਤਰਬੰਦ ਵਾਹਨਾਂ ਵਿਚੋਂ ਜ਼ਿਆਦਾਤਰ ਵਾਹਨ ਅਜੇ ਡਿਲੀਵਰ ਹੋਣੇ ਬਾਕੀ ਹਨ। ਉਹਨਾਂ ਕਿਹਾ ਕਿ ਜੇ ਇਹ ਫ਼ੌਜੀ ਵਾਹਨ ਸਹੀ ਸਮੇਂ ‘ਤੇ ਪਹੁੰਚ ਜਾਂਦੇ ਤਾਂ ਪੁਲਿਸ ਆਪਣੀ ਰਣਨੀਤੀ ਨੂੰ ਲਾਗੂ ਕਰ ਸਕਦੀ ਸੀ।

ਇਹਨਾਂ ਦਾਅਵਿਆਂ ਦਾ ਜਵਾਬ ਦੇਣ ਲਈ ਗਲੋਬਲ ਅਫ਼ੇਅਰਜ਼ ਕੈਨੇਡਾ ਨੂੰ ਸੰਪਰਕ ਕੀਤਾ ਗਿਆ ਹੈ।

ਮਿਨਿਸਟਰ ਪਰੋਫ਼ੈਟੀ ਦੀਆਂ ਟਿੱਪਣੀਆਂ ਅਜਿਹੇ ਸਮੇਂ ਵਿਚ ਆਈਆਂ ਹਨ, ਜਦੋਂ ਕੈਨੇਡਾ ਵੱਲੋਂ ਯੂਰਪ ਅਤੇ ਅਮਰੀਕਾ ਨੂੰ ਕੈਨੇਡਾ ਦੀ ਤਰਜ਼ ‘ਤੇ ਹੇਤੀ ਦੇ ਕੁਲੀਨਵਰਗ ‘ਤੇ ਪਾਬੰਦੀਆਂ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ।

ਟ੍ਰੂਡੋ ਨੇ ਸੋਮਵਾਰ ਨੂੰ ਇੱਕ ਭਾਸ਼ਣ ਵਿਚ ਕਿਹਾ ਸੀ, ਮੇਰੇ ਹਿਸਾਬ ਨਾਲ, ਹੇਤੀ ਵਿਚ ਸਥਿਰਤਾ ਬਹਾਲ ਕਰਨ ਲਈ, ਸਭ ਤੋਂ ਪਹਿਲਾਂ ਕੁਲੀਨ ਵਰਗ ਨੂੰ ਸਜ਼ਾ ਦੇਣੀ ਚਾਹੀਦੀ ਹੈ, ਤਾਂ ਕਿ ਉਹਨਾਂ ਨੂੰ ਦੱਸਿਆ ਜਾਵੇ ਕਿ ਉਹ ਸਿਆਸੀ ਅਸਥਿਰਤਾ ਲਈ ਹੁਣ ਗਿਰੋਹਾਂ ਦੀ ਹੋਰ ਵਿੱਤੀ ਸਹਾਇਤਾ ਨਹੀਂ ਕਰ ਸਕਦੇ

ਕੈਨੇਡਾ ਹੁਣ ਤੱਕ ਹੇਤੀ ਵਿਚ ਗੈਂਗਜ਼ ਨਾਲ ਕਥਿਤ ਤੌਰ ‘ਤੇ ਜੁੜੇ ਹੋਏ 17 ਸਿਆਸੀ ਅਤੇ ਕਾਰੋਬਾਰੀ ਨਾਮੀ ਸ਼ਖ਼ਸੀਅਤਾਂ ਨੂੰ ਪਾਬੰਦੀਆਂ ਦੇ ਘੇਰੇ ਵਿਚ ਲੈ ਚੱਕਾ ਹੈ ਅਤੇ ਉਹਨਾਂ ਉੱਪਰ ਕੈਨੇਡਾ ਨਾਲ ਵਿੱਤੀ ਲੈਣ-ਦੇਣ ‘ਤੇ ਪਾਬੰਦੀ ਲਗ ਚੁੱਕੀ ਹੈ। ਹਾਲਾਂਕਿ ਉਹਨਾਂ ਵਿਚੋਂ ਬਹੁਤਿਆਂ ਨੇ ਇਹਨਾਂ ਪਾਬੰਦੀਆਂ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਕੈਨੇਡਾ ਨੇ ਗ਼ਲਤ ਜਾਣਕਾਰੀ ਦੇ ਅਧਾਰ ‘ਤੇ ਫ਼ੈਸਲਾ ਲਿਆ ਹੈ।

ਪਿਛਲੇ ਦਸੰਬਰ ਵਿਚ ਟ੍ਰੂਡੋ ਨੇ ਯੁਰਪ ਨੂੰ ਵੀ ਅਜਿਹਾ ਕਰਨ ਦੀ ਮੰਗ ਕੀਤੀ ਸੀ। ਸੰਯੁਕਤ ਰਾਸ਼ਟਰ ਲਈ ਕੈਨੇਡਾ ਦੇ ਰਾਜਦੂਤ ਬੌਬ ਰੇਅ ਨੇ ਜਨਵਰੀ ਵਿਚ ਕਿਹਾ ਸੀ ਕਿ ਫ਼੍ਰਾਂਸ ਆਪਣੀ ਖ਼ੁਦ ਦੀਆਂ ਪਾਬੰਦੀਆਂ ਲਾਗੂ ਕਰਕੇ ਫ਼ਰਕ ਲਿਆ ਸਕਦਾ ਹੈ।

ਟ੍ਰੂਡੋ ਨੇ ਸੋਮਵਾਰ ਨੂੰ ਕਿਹਾ ਕਿ ਉਹ ਮੌਜੂਦਾ ਰਿਸਪਾਂਸ ਤੋਂ ਸੰਤੁਸ਼ਟ ਨਹੀਂ ਹਨ। ਉਹਨਾਂ ਕਿਹਾ ਕਿ ਅਮਰੀਕਾ ਨੇ ਪਾਬੰਦੀਆਂ ਲਾਉਣਾ ਸ਼ੁਰੂ ਕੀਤਾ ਸੀ, ਪਰ ਉਹ ਚਾਹੁੰਦੇ ਹਨ ਕਿ ਅਮਰੀਕਾ ਹੋਰ ਪਾਬੰਦੀਆਂ ਲਗਾਵੇ। ਨਾਲ ਹੀ ਉਹ ਯੂਰਪ ਤੋਂ ਵੀ ਅਜਿਹਾ ਹੀ ਕਰਨ ਦੀ ਉਮੀਦ ਕਰਦੇ ਹਨ।

ਫ੍ਰਾਂਸ ਨੇ ਕਿਹਾ ਹੈ ਕਿ ਉਹ ਹੇਤੀ ਵਿੱਚ ਮਾੜੇ ਅੰਸਰਾਂ ‘ਤੇ ਪਾਬੰਦੀ ਲਗਾਉਣ ਦੇ ਉਦੇਸ਼ ਨਾਲ ਹੌਲੀ-ਹੌਲੀ ਚੱਲ ਰਹੀ ਸੰਯੁਕਤ ਰਾਸ਼ਟਰ ਦੀ ਪ੍ਰਕਿਰਿਆ ਨੂੰ ਫ਼ਾਲੋ ਕਰ ਰਿਹਾ ਹੈ, ਜੋ ਉਹਨਾਂ ਅੰਸਰਾਂ ਨੂੰ ਜ਼ਿਆਦਾਤਰ ਦੇਸ਼ਾਂ ਦਾ ਦੌਰਾ ਕਰਨ ਅਤੇ ਵਿਦੇਸ਼ੀ ਸੰਸਥਾਵਾਂ ਨਾਲ ਕੋਈ ਵਿੱਤੀ ਲੈਣ-ਦੇਣ ਕਰਨ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਰੋਕਦੀ ਹੈ।

ਪਿਛਲੇ ਸਾਲ ਅਕਤੂਬਰ ਵਿਚ ਸ਼ੁਰੂ ਹੋਈ ਇਸ ਪ੍ਰਕਿਰਿਆ ਨੇ ਹੁਣ ਤੱਕ ਇੱਕ ਵਿਅਕਤੀ ਦਾ ਨਾਂ ਪਾਬੰਦੀਸ਼ੁਦਾ ਸੂਚੀ ਵਿਚ ਪਾਇਆ ਹੈ।

ਹੇਤੀ ਲਈ ਫ਼੍ਰਾਂਸ ਦੇ ਰਾਜਦੂਤ, ਫ਼ੈਬਰਿਸ ਮੌਰਿਸ ਨੇ ਦਸੰਬਰ ਦੌਰਾਨ ਦਿੱਤੇ ਇੱਕ ਇੰਟਰਵਿਊ ਵਿਚ ਕੈਨੇਡਾ ਦੀ ਪਹੁੰਚ ਦੀ ਆਲੋਚਨਾ ਕੀਤੀ ਸੀ।

ਰੇਡੀਓ ਫ਼੍ਰਾਂਸ ਇੰਟਰਨੈਸ਼ਨਲ ਨੂੰ ਦਿੱਤੇ ਇੱਕ ਇੰਟਰਵਿਊ ਵਿਚ ਉਹਨਾਂ ਕਿਹਾ ਸੀ, ਮੇਰਾ ਮੰਨਣਾ ਹੈ ਕਿ ਇਹ ਇੱਕ ਸਾਂਝਾ ਯਤਨ ਹੋਣਾ ਚਾਹੀਦਾ ਹੈ। ਜੇ ਪਾਬੰਦੀਆਂ ਸਿਰਫ ਕੈਨੇਡੀਅਨ ਰਹਿੰਦੀਆਂ ਹਨ, ਤਾਂ ਇਹ ਅਸਫਲ ਹੋਣਗੀਆਂ

ਹੇਤੀ ਦੀ ਗ਼ੈਰ-ਚੁਣੀ ਹੋਈ ਸਰਕਾਰ ਨੇ ਮੁਲਕ ਨੂੰ ਗੈਂਗਜ਼ ਦੇ ਨਿਯੰਤਰਣ ਤੋਂ ਮੁਕਤ ਕਰਨ ਲਈ ਅੰਤਰਰਾਸ਼ਟਰੀ ਫ਼ੌਜੀ ਕਾਰਵਾਈ ਦੀ ਗੁਹਾਰ ਲਗਾਈ ਹੈ, ਪਰ ਇਸ ਵਿਚਾਰ ਨੂੰ ਲੈਕੇ ਹੇਤੀ ਦੇ ਲੋਕ ਹੀ ਆਪਸ ਵਿਚ ਵੰਡੇ ਹੋਏ ਹਨ।

ਸੰਯੁਕਤ ਰਾਸ਼ਟਰ ਨੇ ਦਸਤਾਵੇਜ਼ਬੱਧ ਕੀਤਾ ਸੀ ਕਿ ਅਤੀਤ ਵਿਚ ਹੇਤੀ ਵਿਚ ਹੋਈਵਿਦੇਸ਼ੀ ਸੈਨਿਕਾਂ ਦੀ ਤੈਨਾਤੀ ਦੌਰਾਨ ਸਥਾਨਕ ਲੋਕਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਸਾਹਮਣੇ ਆਏ ਸਨ ਅਤੇ ਇਹ ਤੈਨਾਤੀ ਹੈਜ਼ਾ ਫ਼ੈਲਣ ਦਾ ਵੀ ਕਾਰਨ ਬਣੀ ਸੀ।

ਟ੍ਰੂਡੋ ਨੇ ਬੁੱਧਵਾਰ ਨੂੰ ਕਿਹਾ ਕਿ ਕੈਨੇਡਾ ਨੇ 1986 ਵਿੱਚ ਹੇਤੀ ਵਿਚ ਤਾਨਾਸ਼ਾਹੀ ਖਤਮ ਹੋਣ ਤੋਂ ਬਾਅਦ ਹੇਤੀ ਦੀ ਕਈ ਤਰੀਕਿਆਂ ਨਾਲ ਮਦਦ ਕੀਤੀ ਹੈ, ਪਰ ਇਸ ਵਿੱਚ ਹੋਰ ਵਿਹਾਰਕ ਤਬਦੀਲੀ ਦੀ ਲੋੜ ਹੈ।

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦਾ ਕਹਿਣਾ ਹੈ ਕਿ ਹੇਤੀ ਵਿਚ ਸਥਿਤਰਤਾ ਬਹਾਲ ਕਰਨ ਲਈ ਇੱਕ ਨਵੀਂ ਤਰ੍ਹਾਂ ਦੀ ਪਹੁੰਚ ਦੀ ਜ਼ਰੂਰਤ ਹੈ ਜਿੱਥੇ ਹੇਤੀਵਾਸੀ ਇੰਚਾਰਜ ਹੋਣ।

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦਾ ਕਹਿਣਾ ਹੈ ਕਿ ਹੇਤੀ ਵਿਚ ਸਥਿਤਰਤਾ ਬਹਾਲ ਕਰਨ ਲਈ ਇੱਕ ਨਵੀਂ ਤਰ੍ਹਾਂ ਦੀ ਪਹੁੰਚ ਦੀ ਜ਼ਰੂਰਤ ਹੈ ਜਿੱਥੇ ਹੇਤੀਵਾਸੀ ਇੰਚਾਰਜ ਹੋਣ।

ਤਸਵੀਰ: La Presse canadienne / Darryl Dyck

ਟ੍ਰੂਡੋ ਨੇ ਕਿਹਾ, ਕੈਨੇਡਾ ਨੇ ਫ਼ੌਜੀ ਮਿਸ਼ਨ ਭੇਜੇ ਹਨ, ਹਸਪਤਾਲ ਬਣਵਾਏ ਹਨ, ਪੁਲਿਸ ਅਫਸਰਾਂ ਨੂੰ ਸਿਖਲਾਈ ਦਿੱਤੀ ਹੈ ਅਤੇ ਹੋਰ ਕਈ ਤਰੀਕਿਆਂ ਨਾਲ ਦਖ਼ਲ ਦੇਕੇ ਮਦਦ ਕੀਤੀ ਹੈ, ਪਰ ਸਮੱਸਿਆ ਅਜੇ ਵੀ ਬਰਕਰਾਰ ਹੈ

ਉਹਨਾਂ ਕਿਹਾ ਕਿ ਇੱਕ ਨਵੀਂ ਤਰ੍ਹਾਂ ਦੀ ਪਹੁੰਚ ਦੀ ਜ਼ਰੂਰਤ ਹੈ ਜਿੱਥੇ ਹੇਤੀਵਾਸੀ ਇੰਚਾਰਜ ਹੋਣ।

ਟ੍ਰੂਡੋ ਨੇ ਕਿਹਾ, ਬਾਹਰੀ ਦਖ਼ਲ, ਜਿਸ ਤਰ੍ਹਾਂ ਅਸੀਂ ਅਤੀਤ ਵਿਚ ਕੀਤਾ ਹੈ, ਉਹ ਹੇਤੀ ਵਿਚ ਲੰਬੇ ਸਮੇਂ ਲਈ ਸਥਿਰਤਾ ਕਾਇਮ ਕਰਨ ਵਿਚ ਕਾਰਗਰ ਨਹੀਂ ਹੋਇਆ ਹੈ

ਹਾਲਾਂਕਿ ਕੈਨੇਡਾ ਦੇ ਫ਼ੌਜ ਮੁਖੀ, ਜਨਰਲ ਵੇਨ ਆਇਰ ਨੇ ਪਿਛਲੇ ਹਫ਼ਤੇ ਰੋਏਟਰਜ਼ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਉਹਨਾਂ ਨੂੰ ਅਜਿਹੇ ਵਿਦੇਸ਼ੀ ਫ਼ੌਜੀ ਦਖ਼ਲ ਦੀ, ਕੈਨੇਡਾ ਵੱਲੋਂ ਅਗਵਾਈ ਕਰਨ ਦੀ ਸਮਰੱਥਾ ‘ਤੇ ਸ਼ੱਕ ਹੈ। ਉਹਨਾਂ ਕਿਹਾ ਸੀ ਕਿ ਇਹ ਚੁਣੌਤੀਪੂਰਨ ਹੋਵੇਗਾ

ਡਾਇਲਨ ਰੌਬਰਟਸਨ - ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ