1. ਮੁੱਖ ਪੰਨਾ
  2. ਸਮਾਜ

[ ਰਿਪੋਰਟ ] ਬ੍ਰੈਂਪਟਨ ਦੀ ਇਕ ਟ੍ਰਕਿੰਗ ਕੰਪਨੀ ’ਤੇ ਕੁਝ ਕਾਮਿਆਂ ਦੀ ਤਨਖ਼ਾਹ ਮਾਰਨ ਦੇ ਦੋਸ਼

ਕੁਝ ਵਰਕਰਾਂ ਵੱਲੋਂ ਸੌਂਧ ਟ੍ਰਕਿੰਗ 'ਤੇ ਲੱਖਾਂ ਦੀ ਲੈਣਦਾਰੀ ਹੋਣ ਦਾ ਦਾਅਵਾ

ਟਰੱਕ

ਨਵੀ ਔਜਲਾ ਦਾ ਕਹਿਣਾ ਹੈ ਕਿ ਉਹਨਾਂ ਕੋਲ 21 ਕਾਮਿਆਂ ਵੱਲੋਂ ਪਹੁੰਚ ਕੀਤੀ ਗਈ ਹੈ

ਤਸਵੀਰ: Shutterstock

ਸਰਬਮੀਤ ਸਿੰਘ

ਬ੍ਰੈਂਪਟਨ ਦੀ ਇਕ ਟ੍ਰਕਿੰਗ ਕੰਪਨੀ ਉੱਪਰ ਕਾਮਿਆਂ ਦੁਆਰਾ ਇਕ ਲੱਖ ਡਾਲਰ ਤੋਂ ਵਧੇਰੇ ਦੀ ਤਨਖ਼ਾਹ ਨਾ ਦੇਣ ਦੇ ਦੋਸ਼ ਹਨ I

ਪ੍ਰਾਪਤ ਜਾਣਕਾਰੀ ਅਨੁਸਾਰ ਇਕ ਦਰਜਨ ਤੋਂ ਵਧੇਰੇ ਕਾਮਿਆਂ ਵੱਲੋਂ ਬ੍ਰੈਂਪਟਨ ਦੀ ਸੌਂਧ ਟ੍ਰਕਿੰਗ ਕੰਪਨੀ ਤੋਂ ਕਰੀਬ $115,000 ਦੀ ਤਨਖ਼ਾਹ ਅਤੇ ਹੋਰ ਭੱਤੇ ਲੈਣ ਲਈ ਕਾਨੂੰਨੀ ਚਾਰਾਜੋਈ ਕੀਤੀ ਜਾ ਰਹੀ ਹੈ I

ਇਸ ਖ਼ਬਰ ਨੂੰ ਪਹਿਲਾਂ ਸੀਟੀਵੀ ਨੇ ਪ੍ਰਕਾਸ਼ਿਤ (ਨਵੀਂ ਵਿੰਡੋ) ਕੀਤਾ ਹੈ I

ਕਾਨੂੰਨੀ ਚਾਰਾਜੋਈ ਵਿੱਚ ਇਹਨਾਂ ਕਾਮਿਆਂ ਦਾ ਸਹਿਯੋਗ ਦੇ ਰਹੀ ਲੇਬਰ ਕਮਿਊਨਟੀ ਆਫ਼ ਪੀਲ ਦੀ ਅਗਜ਼ੈਕਟਿਵ ਡਾਇਰੈਕਟਰ ਨਵੀ ਔਜਲਾ ਦਾ ਕਹਿਣਾ ਹੈ ਕਿ ਉਹਨਾਂ ਕੋਲ ਉਕਤ ਕੰਪਨੀ ਦੇ 21 ਕਾਮਿਆਂ ਵੱਲੋਂ ਪਹੁੰਚ ਕੀਤੀ ਗਈ ਹੈ I

ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗੱਲਬਾਤ ਦੌਰਾਨ ਨਵੀ ਔਜਲਾ ਨੇ ਕਿਹਾ ਅਸੀਂ ਲੰਘੇ ਸਾਲ ਤਨਖ਼ਾਹਾਂ ਲੈਣ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਅਤੇ 4 ਕਾਮਿਆਂ ਨੂੰ ਤਨਖ਼ਾਹ ਦੇਣ ਲਈ ਹੁਕਮ ਵੀ ਜਾਰੀ ਹੋ ਗਏ ਸਨ I ਕਾਮਿਆਂ ਦਾ $115,000 ਤੋਂ ਵੱਧ ਦੀ ਰਕਮ ਦਾ ਬਕਾਇਆ ਹੈ I ਅਸੀਂ ਲੇਬਰ ਮਨਿਸਟਰੀ ਨੂੰ ਸੰਪਰਕ ਕਰਨ ਤੋਂ ਇਲਾਵਾ ਫ਼ੈਡਰਲ ਲੇਬਰ ਪ੍ਰੋਗਰਾਮ ਨਾਲ ਵੀ ਇਸ ਬਾਰੇ ਵਿਚ ਰਾਬਤਾ ਕਾਇਮ ਕਰ ਚੁੱਕੇ ਹਾਂI

ਔਜਲਾ ਦਾ ਕਹਿਣਾ ਹੈ ਕਿ ਕੰਪਨੀ ਪੁਰਾਣੇ ਕਾਮਿਆਂ ਦੇ ਪੈਸੇ ਦੇਣ ਦੀ ਬਜਾਏ ਹੋਰ ਕਾਮੇ ਰੱਖਣ ਵੱਲ ਵੱਧ ਰਹੀ ਹੈ ਅਤੇ ਕੰਪਨੀ ਉੱਪਰ ਕੋਈ ਸਖਤ ਕਾਰਵਾਈ ਨਹੀਂ ਕੀਤੀ ਜਾ ਰਹੀ I ਉਹਨਾਂ ਕਿਹਾ ਕਿ ਅਜਿਹਾ ਵਰਤਾਰਾ ਆਮ ਹੀ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਲੇਬਰ ਮਨਿਸਟਰੀ ਵੱਲੋਂ ਕਾਮਿਆਂ ਦੇ ਹੱਕਾਂ ਲਈ ਲੋੜੀਂਦੇ ਕਦਮ ਨਹੀਂ ਚੁੱਕੇ ਜਾ ਰਹੇ I

ਦੱਸਣਯੋਗ ਹੈ ਕਿ ਕੈਨੇਡਾ ਵਿਚ ਟਰੱਕ ਡਰਾਈਵਰਾਂ ਦੀ ਵੱਡੀ ਘਾਟ ਹੈ I

ਕਿਵੇਂ ਮਿਲਦਾ ਹੈ ਕਲੇਮ

ਨਵੀ ਔਜਲਾ ਨੇ ਦੱਸਿਆ ਕਿ ਜੇਕਰ ਕੋਈ ਕੰਪਨੀ ਫ਼ੈਡਰਲ ਪੱਧਰ 'ਤੇ ਓਪ੍ਰੇਟ ਕਰਦੀ ਹੈ ਭਾਵ ਉਸਦੇ ਟਰੱਕ ਪੂਰੇ ਕੈਨੇਡਾ ਵਿਚ ਚਲਦੇ ਹਨ ਤਾਂ ਅਜਿਹੇ ਮਾਮਲਿਆਂ ਵਿਚ ਲੇਬਰ ਪ੍ਰੋਗਰਾਮ ਨੂੰ ਪਹੁੰਚ ਕਰਨੀ ਪੈਂਦੀ ਹੈ ਅਤੇ ਜੇਕਰ ਕੰਪਨੀ ਸਿਰਫ਼ ਇਕ ਪ੍ਰੋਵਿੰਸ ਵਿਚ ਹੀ ਓਪ੍ਰੇਟ ਕਰਦੀ ਹੈ ਤਾਂ ਉਹਨਾਂ ਨੂੰ ਪ੍ਰੋਵਿੰਸ਼ੀਅਲ ਲੇਬਰ ਮਨਿਸਟਰੀ ਨੂੰ ਪਹੁੰਚ ਕਰਨੀ ਪੈਂਦੀ ਹੈ I

ਨਵੀ ਔਜਲਾ ਦਾ ਕਹਿਣਾ ਹੈ ਕਿ ਕਲੇਮ ਲੈਣ ਦੀ ਪ੍ਰਕਿਰਿਆ ਕਾਫ਼ੀ ਗੁੰਝਲਦਾਰ ਹੈਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਨਵੀ ਔਜਲਾ ਦਾ ਕਹਿਣਾ ਹੈ ਕਿ ਕਲੇਮ ਲੈਣ ਦੀ ਪ੍ਰਕਿਰਿਆ ਕਾਫ਼ੀ ਗੁੰਝਲਦਾਰ ਹੈ

ਤਸਵੀਰ: ਧੰਨਵਾਦ ਸਹਿਤ ਨਵੀ ਔਜਲਾ

ਔਜਲਾ ਮੁਤਾਬਿਕ ਜੇਕਰ ਕੋਈ ਇੰਡੀਪੈਂਡੈਂਟ ਕਾਂਟਰੈਕਟਰ ਵਜੋਂ ਕੰਮ ਕਰਦਾ ਹੈ ਤਾਂ ਉਹਨਾਂ ਨੂੰ ਸਮੌਲ ਕਲੇਮ ਕੋਰਟ ਰਾਹੀਂ ਆਪਣਾ ਕਲੇਮ ਲੈਣ ਦੀ ਅਰਜ਼ੀ ਦੇਣੀ ਪੈਂਦੀ ਹੈ I

ਮੁਸ਼ਿਕਲ ਹੋਇਆ ਗੁਜ਼ਾਰਾ ਕਰਨਾ

ਸੌਂਧ ਟ੍ਰਕਿੰਗ ਕੰਪਨੀ ਨਾਲ ਕੰਮ ਕਰ ਚੁੱਕੇ ਸਾਬਕਾ ਕਮਰਚਾਰੀ ਵਰਸ਼ਾਂਕ ਦਾ ਕਹਿਣਾ ਹੈ ਕਿ ਉਸਦੇ ਕਰੀਬ 13 ਹਜ਼ਾਰ ਡਾਲਰ ਕੰਪਨੀ ਵੱਲ ਖੜੇ ਹਨ I 

ਵਰਸ਼ਾਂਕ ਨੇ ਦੱਸਿਆ ਉਸਨੇ ਉਕਤ ਕੰਪਨੀ ਨਾਲ ਇਕ ਸਾਲ ਤੋਂ ਵਧੇਰੇ ਸਮਾਂ ਕੰਮ ਕੀਤਾ ਹੈ I ਵਰਸ਼ਾਂਕ ਨੇ ਕਿਹਾ ਮੈਂ ਅਤੇ ਮੇਰੇ ਨਾਲਦੇ ਹੋਰ ਕਮਰਚਾਰੀ ਆਪਣਾ ਬਕਾਇਆ ਲੈਣ ਲਈ ਕੋਰਟ ਗਏ ਹਾਂ I ਸਾਨੂੰ ਉਮੀਦ ਹੈ ਕਿ ਜਲਦੀ ਹੀ ਸਾਡੇ ਪੈਸੇ ਮਿਲ ਜਾਣਗੇ I

ਵਰਸ਼ਾਂਕ ਜੋ ਕਿ ਹੁਣ ਕੰਮ ਬਦਲ ਚੁੱਕੇ ਹਨ , ਨੇ ਦੱਸਿਆ ਕਿ ਉਕਤ ਕੰਪਨੀ ਨਾਲ ਕੰਮ ਕਰਦੇ ਹੋਏ ਉਹਨਾਂ ਲਈ ਘਰ ਦਾ ਖ਼ਰਚਾ ਚਲਾਉਣਾ ਬਹੁਤ ਮੁਸ਼ਕਿਲ ਹੋ ਰਿਹਾ ਸੀ I ਵਰਸ਼ਾਂਕ ਨੇ ਕਿਹਾ ਹਾਲਾਤ ਐਨੇ ਖ਼ਰਾਬ ਹੋ ਚੁੱਕੇ ਸਨ ਕਿ ਮੈਨੂੰ ਆਪਣੇ ਮਾਪਿਆਂ ਨੂੰ ਭਾਰਤ ਵਾਪਿਸ ਭੇਜਣਾ ਪਿਆ ਕਿਉਂਕਿ ਮੈਂ ਉਹਨਾਂ ਦਾ ਖ਼ਰਚਾ ਚੱਕਣ ਵਿੱਚ ਅਸਮਰਥ ਸੀ I

ਉਹਨਾਂ ਕਿਹਾ ਹੁਣ ਮੈਂ ਕਿਸੇ ਹੋਰ ਕੰਪਨੀ ਨਾਲ ਕੰਮ ਕਰਦਾ ਹਾਂ ਅਤੇ ਮੈਂ ਕੁਝ ਪੈਸੇ ਜੋੜੇ ਹਨ I ਜਲਦੀ ਹੋ ਮੇਰੇ ਪਰਿਵਾਰਿਕ ਮੈਂਬਰ ਮੇਰੇ ਨਾਲ ਆ ਕੇ ਰਹਿਣਾ ਸ਼ੁਰੂ ਕਰਨਗੇ I

ਗੁੰਝਲਦਾਰ ਹੈ ਪ੍ਰਕਿਰਿਆ

ਨਵੀ ਔਜਲਾ ਨੇ ਕਿਹਾ ਕਿ ਕਲੇਮ ਲੈਣ ਦੀ ਪ੍ਰਕਿਰਿਆ ਕਾਫ਼ੀ ਗੁੰਝਲਦਾਰ ਹੈ ਅਤੇ ਬਹੁਤ ਸਾਰੇ ਕਾਮੇ ਅੱਕ ਕੇ ਇਸਨੂੰ ਵਿਚਾਲੇ ਹੀ ਛੱਡ ਦਿੰਦੇ ਹਨ I ਨਵੀ ਨੇ ਕਿਹਾ ਫ਼ੈਡਰਲ ਪੱਧਰ 'ਤੇ ਕਲੇਮ ਦੀ ਅਰਜ਼ੀ ਦੇਣ ਦੀ ਸੀਮਾ ਨਿਰਧਾਰਿਤ ਕੀਤੀ ਗਈ ਹੈ ਅਤੇ ਕਾਮਿਆਂ ਨੂੰ 6 ਮਹੀਨੇ ਦੇ ਅੰਦਰ ਆਪਣੀ ਅਰਜ਼ੀ ਦੇਣੀ ਪੈਂਦੀ ਹੈ I ਅਸੀਂ ਦੇਖਿਆ ਹੈ ਕਿ ਫ਼ਿਰ ਮਾਮਲੇ ਦੀ ਜਾਂਚ ਹੋਣ 'ਤੇ 8 -9 ਮਹੀਨੇ ਦਾ ਸਮਾਂ ਲੱਗ ਜਾਂਦਾ ਹੈ I

ਨਵੀ ਨੇ ਕਿਹਾ ਕਿ ਬਹੁਤ ਵਾਰ ਦੇਖਣ ਵਿਚ ਆਉਂਦਾ ਹੈ ਕਿ ਪੈਸੇ ਦੇਣ ਦੇ ਆਰਡਰ ਮਿਲਣ ਤੋਂ ਬਾਅਦ ਵੀ ਬਹੁਤ ਸਾਰੇ ਮਾਲਕ ਹੁਕਮ ਨਹੀਂ ਮੰਨਦੇ ਅਤੇ ਅਜਿਹੇ ਮਾਮਲਿਆਂ ਵਿਚ ਪੈਸੇ ਕਢਾਉਣ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ ਅਤੇ ਫ਼ਿਰ ਤੋਂ ਕੋਰਟ ਦਾ ਦਰਵਾਜ਼ਾ ਖੜਕਾਉਣਾ ਪੈਂਦਾ ਹੈ I 

ਫ਼ੈਡਰਲ ਲੇਬਰ ਪ੍ਰੋਗਰਾਮ ਤੋਂ ਖ਼ਬਰ ਲਿਖੇ ਜਾਣ ਤੱਕ ਕੋਈ ਜਵਾਬ ਨਹੀਂ ਮਿਲ ਸਕਿਆ I

ਰੇਡੀਓ ਕੈਨੇਡਾ ਇੰਟਰਨੈਸ਼ਨਲ ਵੱਲੋਂ ਪੱਖ ਜਾਨਣ ਲਈ ਸੌਂਧ ਟ੍ਰਕਿੰਗ ਕੰਪਨੀ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ ਅਤੇ ਕੰਪਨੀ ਦਾ ਪੱਖ ਮਿਲਦਿਆਂ ਹੀ ਖ਼ਬਰ ਨੂੰ ਅਪਡੇਟ ਕੀਤਾ ਜਾਵੇਗਾ I

ਸਰਬਮੀਤ ਸਿੰਘ

ਸੁਰਖੀਆਂ