1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਆਰਥਿਕ ਸੂਚਕ

ਪਿਛਲੇ ਸਾਲ ਦੀ ਤੁਲਨਾ ਵਿਚ ਫ਼ਰਵਰੀ ਦੌਰਾਨ ਘਰਾਂ ਦੀ ਵਿਕਰੀ ‘ਚ 40 % ਗਿਰਾਵਟ

ਨਵੀਆਂ ਲਿਸਟਿੰਗਜ਼ ਵਿਚ ਵੀ 7.9 ਫ਼ੀਸਦੀ ਕਮੀ

ਵਿਕਰੀ ਲਈ ਲੱਗੇ ਘਰ ਦੀ ਤਸਵੀਰ

ਕੈਨੇਡੀਅਨ ਰੀਅਲ ਅਸਟੇਟ ਅਸੋਸੀਏਸ਼ਨ ਦੀ ਤਾਜ਼ਾ ਰਿਪੋਰਟ ਅਨੁਸਾਰ ਫ਼ਰਵਰੀ ਮਹੀਨੇ ਦੌਰਾਨ ਕੈਨੇਡਾ ਵਿਚ ਘਰਾਂ ਦੀ ਵਿਕਰੀ ਵਿਚ ਪਿਛਲੇ ਸਾਲ ਦੀ ਤੁਲਨਾ ਵਿਚ 40 ਫ਼ੀਸਦੀ ਕਮੀ ਆਈ ਹੈ।

ਤਸਵੀਰ: (Esteban Cuevas/CBC)

RCI

ਕੈਨੇਡੀਅਨ ਰੀਅਲ ਅਸਟੇਟ ਅਸੋਸੀਏਸ਼ਨ ਨੇ ਬੁੱਧਵਾਰ ਨੂੰ ਕਿਹਾ ਕਿ ਫ਼ਰਵਰੀ ਮਹੀਨੇ ਦੌਰਾਨ ਕੈਨੇਡਾ ਵਿਚ ਘਰਾਂ ਦੀ ਵਿਕਰੀ ਵਿਚ ਪਿਛਲੇ ਸਾਲ ਦੀ ਤੁਲਨਾ ਵਿਚ 40 ਫ਼ੀਸਦੀ ਕਮੀ ਦਰਜ ਹੋਈ ਹੈ।

ਜਨਵਰੀ ਦੇ ਮੁਕਾਬਲੇ ਰਾਸ਼ਟਰੀ ਪੱਧਰ ‘ਤੇ ਘਰਾਂ ਦੀ ਵਿਕਰੀ ਵਿਚ ਫ਼ਰਵਰੀ ਦੌਰਾਨ 2.3 ਫ਼ੀਸਦੀ ਵਾਧਾ ਹੋਣ ਦੇ ਬਾਵਜੂਦ ਇਹ ਕੁਲ ਗਿਰਾਵਟ ਦਰਜ ਕੀਤੀ ਗਈ ਹੈ।

ਅਸੋਸੀਏਸ਼ਨ ਨੇ ਕਿਹਾ ਕਿ ਫ਼ਰਵਰੀ ਦੌਰਾਨ ਘਰਾਂ ਦੀ ਵਿਕਰੀ ਕਰੋਨਾ ਮਹਾਂਮਾਰੀ ਤੋਂ ਪਹਿਲਾਂ ਦੇ 2018 ਅਤੇ 2019 ਦੇ ਫ਼ਰਵਰੀ ਮਹੀਨੇ ਦੇ ਪੱਧਰ ‘ਤੇ ਪਹੁੰਚ ਗਈ ਹੈ।

ਘਰਾਂ ਦੀ ਸਪਲਾਈ ਵਿਚ ਵੀ ਕਮੀ ਆਈ ਅਤੇ ਜਨਵਰੀ ਵਿਚ ਘਰਾਂ ਦੀਆਂ ਨਵੀਆਂ ਲਿਸਟਿੰਗਜ਼ ਦੇ ਮੁਕਾਬਲੇ ਫ਼ਰਵਰੀ ਵਿਚ 7.9 ਫ਼ੀਸਦੀ ਘੱਟ ਲਿਸਟਿੰਗਜ਼ ਲੱਗੀਆਂ।

ਫ਼ਰਵਰੀ ਦੌਰਾਨ ਇੱਕ ਕੈਨੇਡੀਅਨ ਘਰ ਦੀ ਔਸਤ ਕੀਮਤ 662,437 ਡਾਲਰ ਦਰਜ ਕੀਈ ਗਈ। ਜੋਕਿ ਪਿਛਲੇ ਸਾਲ ਦੇ ਇਸੇ ਪੀਰੀਅਡ ਦੀ ਤੁਲਨਾ ਵਿਚ 18.9 ਫ਼ੀਸਦੀ ਕਮੀ ਹੈ। ਹਾਲਾਂਕਿ ਜਨਵਰੀ ਮਹੀਨੇ ਦੀ ਤੁਲਨਾ ਵਿਚ ਇਹ ਕੀਮਤ 50,000 ਡਾਲਰ ਦਾ ਵਾਧਾ ਦਰਸਾਉਂਦੀ ਹੈ। 

ਰਿਪੋਰਟ ਵਿਚ ਸਾਹਮਣੇ ਆਇਅਦਾ ਹੈ ਕਿ ਕੈਲਗਰੀ, ਸੇਂਟ ਜੌਨ, ਰਿਜਾਇਨਾ ਅਤੇ ਸਸਕਾਟੂਨ ਵਰਗੇ ਸ਼ਹਿਰਾਂ ਵਿਚ ਘਰਾਂ ਦੀ ਕੀਮਤਾਂ ਆਪਣੇ ਸਿਖਰ ‘ਤੇ ਹਨ, ਜਦਕਿ ਓਨਟੇਰਿਓ ਅਤੇ ਬੀਸੀ ਦੇ ਹਿੱਸਿਆਂ ਵਿਚ ਕੀਮਤਾਂ ਵਿਚ ਕੁਝ ਨਰਮੀ ਦੇਖੀ ਜਾ ਰਹੀ ਹੈ।

ਅਸੋਸੀਏਸ਼ਨ ਦੇ ਮੁਖੀ, ਜਿਲ ਓਡਿਲ ਨੇ ਕਿਹਾ ਕਿ ਫ਼ਰਵਰੀ ਦੇ ਅੰਕੜੇ ਆਉਣ ਵਾਲੇ ਸਮੇਂ ਵਿਚ ਰੀਅਲ ਅਸਟੇਟ ਮਾਰਕੀਟ ਵਿਚ ਉਛਾਲ ਦਾ ਸੰਕੇਤ ਦੇ ਰਹੇ ਹਨ।

ਪਰ ਉਹਨਾਂ ਕਿਹਾ ਕਿ ਆਉਂਦੇ ਸਪਰਿੰਗ ਸੀਜ਼ਨ ਤੱਕ ਇਹ ਸਪਸ਼ਟ ਹੋਣਾ ਮੁਸ਼ਕਿਲ ਹੈ ਕਿ 2023 ਵਿਚ ਹਾਊਸਿੰਗ ਮਾਰਕੀਟ ਕਿਸ ਦਿਸ਼ਾ ਵੱਲ ਜਾਵੇਗੀ।

ਜੈਨਾ ਬੈਂਚੈਟ੍ਰਿਟ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ