1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਮੁਲਾਜ਼ਮਾਂ ਦੇ ਮੁੜ ਦਫ਼ਤਰੋਂ ਕੰਮ ਸ਼ੁਰੂ ਕਰਨ ਬਾਬਤ ਫ਼ੈਡਰਲ ਯੂਨੀਅਨ ਦੁਆਰਾ ਇੱਕ ਹੋਰ ਸ਼ਿਕਾਇਤ ਦਾਇਰ

ਯੂਨੀਅਨ ਨੇ ਕਿਹਾ ਕਿ ਸੀਆਰਏ ਨੂੰ ਬੈਕ-ਟੂ-ਔਫ਼ਿਸ ਯੋਜਨਾ ਥੋਪਣ ਦੀ ਬਜਾਏ ਇਸ ‘ਤੇ ਗੱਲਬਾਤ ਕਰਨੀ ਚਾਹੀਦੀ ਹੈ

ਕੈਨੇਡਾ ਰੈਵਿਨਊ ਏਜੰਸੀ

ਪ੍ਰੋਫ਼ੈਸ਼ਨਲ ਇੰਸਟੀਟਿਊਟ ਔਫ਼ ਦ ਪਬਲਿਕ ਸਰਵਿਸ ਔਫ਼ ਕੈਨੇਡਾ ਅਕਤੂਬਰ ਮਹੀਨੇ ਤੋਂ 14,000 ਤੋਂ ਵੱਧ ਮੁਲਾਜ਼ਮਾਂ ਦੀ ਤਰਫ਼ੋਂ ਏਜੰਸੀ ਨਾਲ ਗੱਲਬਾਤ ਕਰ ਰਹੀ ਹੈ।

ਤਸਵੀਰ: La Presse canadienne / Justin Tang

RCI

ਇੱਕ ਹੋਰ ਵੱਡੀ ਪਬਲਿਕ ਸਰਵਿਸ ਯੂਨੀਅਨ ਨੇ ਮੁਲਾਜ਼ਮਾਂ ਦੇ ਮੁੜ ਦਫ਼ਤਰੋਂ ਕੰਮ ਸ਼ੁਰੂ ਕਰਨ ਦੇ ਸਬੰਧ ਵਿਚ ਲੇਬਰ ਸ਼ਿਕਾਇਤ ਦਾਇਰ ਕੀਤੀ ਹੈ।

ਪ੍ਰੋਫ਼ੈਸ਼ਨਲ ਇੰਸਟੀਟਿਊਟ ਔਫ਼ ਦ ਪਬਲਿਕ ਸਰਵਿਸ ਔਫ਼ ਕੈਨੇਡਾ (PIPSC) ਨੇ ਮੰਗਲਵਾਰ ਨੂੰ ਇੱਕ ਨਿਊਜ਼ ਰਿਲੀਜ਼ (ਨਵੀਂ ਵਿੰਡੋ) ਜਾਰੀ ਕਰਦਿਆਂ ਕਿਹਾ ਕਿ ਉਸਨੇ ਖ਼ਰਾਬ ਨੀਅਤ ਦਾ ਹਵਾਲਾ ਦਿੰਦਿਆਂ ਸ਼ਿਕਾਇਤ ਦਾਇਰ ਕੀਤੀ ਹੈ ਕਿਉਂਕਿ ਕੈਨੇਡਾ ਰੈਵਨਿਊ ਏਜੰਸੀ (ਸੀਆਰਏ) ਨੇ ਪਿਛਲੇ ਮਹੀਨੇ ਘਰੋਂ ਕੰਮ ਕਰਨ ਬਾਬਤ ਯੋਜਨਾ ‘ਤੇ ਗੱਲਬਾਤ ਬੰਦ ਕਰ ਦਿੱਤੀ ਅਤੇ ਯੂਨੀਅਨ ਵਰਕਰਾਂ ਨੂੰ ਹਫ਼ਤੇ ਵਿਚ ਦੋ ਦਿਨ ਦਫ਼ਤਰ ਆਉਣ ਲਈ ਆਖਿਆ ਹੈ।

PIPSC ਅਕਤੂਬਰ ਮਹੀਨੇ ਤੋਂ 14,000 ਤੋਂ ਵੱਧ ਮੁਲਾਜ਼ਮਾਂ ਦੀ ਤਰਫ਼ੋਂ ਏਜੰਸੀ ਨਾਲ ਗੱਲਬਾਤ ਕਰ ਰਹੀ ਹੈ।

ਯੂਨੀਅਨ ਦੀ ਪ੍ਰੈਜ਼ੀਡੈਂਟ, ਜੈਨੀਫ਼ਰ ਕਾਰ ਨੇ ਕਿਹਾ, ਤੁਸੀਂ ਇਸ ਅਹਿਮ ਮੁੱਦੇ ਨੂੰ ਇਸ ਤਰ੍ਹਾਂ ਦਰਕਿਨਾਰ ਨਹੀਂ ਕਰ ਸਕਦੇ - ਜੋਕਿ ਸਾਡੇ ਮੈਂਬਰਾਂ ਲਈ ਇੱਕ ਪ੍ਰਮੁੱਖ ਤਰਜੀਹ ਹੈ

ਇੱਕ ਈਮੇਲ ਬਿਆਨ ਵਿਚ ਸੀਆਰਏ ਨੇ ਕਿਹਾ ਕਿ ਉਸਨੇ ਯੂਨੀਅਨਾਂ ਨਾਲ ਹਾਈਬ੍ਰਿਡ ਮਾਡਲ ਉੱਤੇ ਗੱਲਬਾਤ ਕੀਤੀ ਹੈ ਅਤੇ ਉਹ ਗੱਲਬਾਤ ਨੂੰ ਜਾਰੀ ਰੱਖੇਗੀ।

ਸੀਆਰਏ ਨੇ ਕਿਹਾ, ਅਸੀਂ ਇੱਕ ਨਵੇਂ ਸਮੂਹਿਕ ਸਮਝੌਤੇ ‘ਤੇ ਪਹੁੰਚਣ ਲਈ ਵਚਨਬੱਧ ਹਾਂ ਜੋ ਮੁਲਾਜ਼ਮਾਂ ਲਈ ਨਿਰਪੱਖ ਹੋਵੇ ਅਤੇ ਕੈਨੇਡੀਅਨ ਟੈਕਸਦਾਤਿਆਂ ਦਾ ਸਤਿਕਾਰ ਕਰਦਾ ਹੋਵੇ

31 ਮਾਰਚ ਤੋਂ ਫ਼ੈਡਰਲ ਪਬਲਿਕ ਸਰਵੈਂਟਸ ਲਈ ਹਫ਼ਤੇ ਵਿਚ ਦੋ ਤੋਂ ਤਿੰਨ ਦਿਨ ਦਫ਼ਤਰ ਆਕੇ ਕੰਮ ਕਰਨਾ ਜ਼ਰੂਰੀ (ਨਵੀਂ ਵਿੰਡੋ) ਹੋ ਰਿਹਾ ਹੈ। ਕੁਝ ਮੁਲਾਜ਼ਮ ਪਹਿਲਾਂ ਹੀ ਦਫ਼ਤਰ ਆਉਣਾ ਸ਼ੁਰੂ ਕਰ ਚੁੱਕੇ ਹਨ।

ਕੋਵਿਡ ਮਹਾਂਮਾਰੀ ਤੋਂ ਬਾਅਦ ਬਹੁਤ ਸਾਰੇ ਮੁਲਾਜ਼ਮ ਘਰੋਂ ਕੰਮ ਕਰ ਰਹੇ ਹਨ। PIPSC ਦਾ ਕਹਿਣਾ ਹੈ ਕਿ ਮੁਲਾਜ਼ਮ ਸੁਰੱਖਿਅਤ ਅਤੇ ਕੁਸ਼ਲ ਤਰੀਕੇ ਨਾਲ ਆਪਣਾ ਕੰਮ ਕਰ ਰਹੇ ਹਨ।

ਟ੍ਰੈਜ਼ਰੀ ਬੋਰਡ ਕਹਿ ਚੁੱਕਾ ਹੈ ਕਿ ਦਫ਼ਤਰੋਂ ਕੰਮ ਕਰਨਾ ਆਪਸੀ ਸਹਿਯੋਗ, ਨਵੀਨਤਾ ਅਤੇ ਟੀਮ ਭਾਵਨਾ ਲਈ ਬਿਹਤਰ ਹੈ ਅਤੇ ਫ਼ੈਡਰਲ ਸਰਕਾਰ ਦੇ ਕੰਮਕਾਜ ਵਿਚ ਇਕਸਾਰਤਾ ਦੀ ਜ਼ਰੂਰਤ ਹੈ।

ਪਬਲਿਕ ਸਰਵਿਸ ਅਲਾਇੰਸ ਔਫ਼ ਕੈਨੇਡਾ ਨੇ ਵੀ ਸਮਝੌਤੇ 'ਤੇ ਚਲ ਰਹੀ ਗੱਲਬਾਤ ਦੌਰਾਨ ਕਾਰਜ ਸਥਿਤੀਆਂ ਵਿਚ ਤਬਦੀਲੀ ਨੂੰ ਗ਼ੈਰ-ਕਾਨੂੰਨੀ ਆਖਦਿਆਂ ਦਸੰਬਰ ਵਿਚ ਲੇਬਰ ਸ਼ਿਕਾਇਤ ਦਾਇਰ ਕੀਤੀ ਸੀ। 

PSAC ਨੇ ਕਿਹਾ ਸੀ ਕਿ 165,000 ਫ਼ੈਡਰਲ ਪਬਲਿਕ ਸਰਵੈਂਟਸ ਦੀ ਤਰਫ਼ੋਂ ਯੂਨੀਅਨ ਦੀ ਲੇਬਰ ਗੱਲਬਾਤ ਜਾਰੀ ਹੋਣ ਦੇ ਬਾਵਜੂਦ, ਉਹ ਮੈਂਬਰਾਂ ਦੇ ਕੰਮਕਾਜ ਦੀਆਂ ਸਥਿਤੀਆਂ ਵਿਚ ਮਨਮਰਜ਼ੀ ਦੀਆਂ ਤਬਦੀਲੀਆਂ ਥੋਪਣ ਨੂੰ ਲੈਕੇ, ਟ੍ਰੈਜ਼ਰੀ ਬੋਰਡ ਅਤੇ ਹੋਰ ਏਜੰਸੀਆਂ ਖ਼ਿਲਾਫ਼ (statutory freeze complaint) ‘ਵਿਧਾਨਕ ਰੋਕ ਸ਼ਿਕਾਇਤ’ ਦਰਜ ਕਰਵਾਏਗੀ।

13 ਜਨਵਰੀ ਨੂੰ ਟ੍ਰੈਜ਼ਰੀ ਬੋਰਡ ਨੇ ਵੀ ਖ਼ਰਾਬ ਨੀਅਤ ਨੂੰ ਅਧਾਰ ਬਣਾਉਂਦਿਆਂ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਤਰਕ ਦਿੱਤਾ ਸੀ ਕਿ ਯੂਨੀਅਨ ਨੇ ਗੱਲਬਾਤ ਦੌਰਾਨ ਮਹਿੰਗੇ ਪ੍ਰਸਤਾਵਾਂ ਦਾ ਸੈਲਾਬ ਲਿਆ ਦਿੱਤਾ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ