1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਟ੍ਰੂਡੋ ਵੱਲੋਂ ਨਵੀਂ ਹੈਲਥ ਕੇਅਰ ਡੀਲ ਦਾ ਪ੍ਰਸਤਾਵ, ਅਗਲੇ 10 ਸਾਲ ਵਿਚ 196 ਬਿਲੀਅਨ ਖ਼ਰਚਣ ਦੀ ਪੇਸ਼ਕਸ਼

ਪ੍ਰਸਤਾਵ ਦੇ ਮੁਲਾਂਕਣ ਲਈ ਸਮਾਂ ਚਾਹੁੰਦੇ ਨੇ ਪ੍ਰੀਮੀਅਰ

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ 7 ਫ਼ਰਵਰੀ ਨੂੰ ਕੈਨੇਡੀਅਨ ਪ੍ਰੀਮੀਅਰਾਂ ਨਾਲ ਮੁੁਲਾਕਾਤ ਕਰਦੇ ਹੋਏ।

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ 7 ਫ਼ਰਵਰੀ ਨੂੰ ਕੈਨੇਡੀਅਨ ਪ੍ਰੀਮੀਅਰਾਂ ਨਾਲ ਮੁੁਲਾਕਾਤ ਕਰਦੇ ਹੋਏ।

ਤਸਵੀਰ: La Presse canadienne / Sean Kilpatrick

RCI

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਫ਼ੈਡਰਲ ਸਰਕਾਰ ਕੈਨੇਡਾ ਦੇ ਚਰਮਰਾ ਰਹੇ ਹੈਲਥ ਸਿਸਟਮ ਵਿਚ ਨਵੀਂ ਜਾਨ ਪਾਉਣ ਖ਼ਾਤਰ 196.1 ਬਿਲੀਅਨ ਡਾਲਰ ਖ਼ਰਚ ਕਰਨ ਨੂੰ ਤਿਆਰ ਹੈ - ਜਿਸ ਵਿਚ 46.2 ਬਿਲੀਅਨ ਡਾਲਰ ਦੇ ਨਵੇਂ ਫ਼ੰਡ ਦਾ ਵੀ ਜ਼ਿਕਰ ਹੈ।

ਨਵੇਂ ਪ੍ਰਸਤਾਵ ਵਿਚ ਕੈਨੇਡਾ ਹੈਲਥ ਟ੍ਰਾਂਸਫ਼ਰ ਵਿਚ ਬਗ਼ੈਰ ਕਿਸੇ ਸ਼ਰਤ ਤੋਂ 2 ਬਿਲੀਅਨ ਡਾਲਰਾਂ ਦਾ ਵਾਧਾ ਵੀ ਪ੍ਰਸਤਾਵਤ ਹੈ ਜਿਸ ਦਾ ਉਦੇਸ਼ ਮੁਲਕ ਦੇ ਹੈਲਥ ਕੇਅਰ ਸਿਸਟਮ ਵਿਚ ਮੌਜੂਦ ਫ਼ੌਰੀ ਸਮੱਸਿਆਵਾਂ ਜਿਵੇਂ ਬੱਚਿਆਂ ਦੇ ਹਸਪਤਾਲਾ ਅਤੇ ਐਮਰਜੈਂਸੀ ਰੂਮਾਂ ‘ਤੇ ਪਏ ਬੋਝ ਅਤੇ ਸਰਜਰੀਆਂ ਦੇ ਬੈਕਲੌਗ ਨਾਲ ਨਜਿੱਠਣਾ ਸ਼ਾਮਲ ਹੈ।

ਟ੍ਰੂਡੋ ਦੇ ਪ੍ਰਸਤਾਵ ਵਿਚ ਕੈਨੇਡਾ ਹੈਲਥ ਟ੍ਰਾਂਸਫ਼ਟ ਵਿਚ ਅਗਲੇ ਪੰਜ ਸਾਲਾਂ ਲਈ ਸਾਲਾਨਾ 5% ਵਾਧਾ ਵੀ ਸ਼ਾਮਲ ਹੈ, ਜਿਸ ਤੋਂ ਬਾਅਦ ਆਉਂਦੇ ਸਮਿਆਂ ਵਿਚ ਸਥਾਈ ਫ਼ੰਡਿੰਗ ਵਾਧੇ ਦੀ ਵੀ ਵਿਵਸਥਾ ਹੈ।

ਸਰਕਾਰੀ ਅੰਕੜਿਆਂ ਅਨੁਸਾਰ ਫ਼ੰਡਿੰਗ ਵਾਧਾ ਅਗਲੇ 10 ਸਾਲਾਂ ਦੌਰਾਨ ਕੈਨੇਡਾ ਹੈਲਥ ਟ੍ਰਾਂਸਫ਼ਰ ਵਿਚ 61% ਦਾ ਵਾਧਾ ਕਰੇਗਾ। 

ਪ੍ਰਸਤਾਵ ਦੇ ਮੁਲਾਂਕਣ ਲਈ ਸਮਾਂ ਚਾਹੁੰਦੇ ਨੇ ਪ੍ਰੀਮੀਅਰ 

ਟ੍ਰੂਡੋ ਨਾਲ ਮੁਲਾਕਾਤ ਤੋਂ ਬਾਅਦ, ਪ੍ਰੀਮੀਅਰਾਂ ਨੇ ਕਿਹਾ ਕਿ ਉਹ ਫ਼ੈਡਰਲ ਪ੍ਰਸਤਾਵ ਦਾ ਮੁਲਾਂਕਣ ਕਰਨ ਲਈ ਸਮਾਂ ਲੈਣਾ ਚਾਹੁੰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਫ਼ੈਡਰਲ ਸਰਕਾਰ ਤੋਂ ਹੋਰ ਫ਼ੰਡਿੰਗ ਵੀ ਚਾਹੁੰਦੇ ਹਨ।

ਮੈਨੀਟੋਬਾ ਦੀ ਪ੍ਰੀਮੀਅਰ ਹੈਦਰ ਸਟੀਫ਼ਨਸਨ, ਪ੍ਰੀਮੀਅਰਾਂ ਦੀ ਨੁਮਾਇੰਦਗੀ ਕਰਨ ਵਾਲੇ ਗਰੁੱਪ, ਕੌਂਸਲ ਔਫ਼ ਫ਼ੈਡਰੇਸ਼ਨ ਦੀ ਮੁਖੀ ਹਨ। ਉਹਨਾਂ ਕਿਹਾ ਕਿ ਪ੍ਰੀਮੀਅਰਜ਼ ਟ੍ਰੂਡੋ ਦੇ ਪ੍ਰਸਤਾਵ ਦੀ ਰਾਸ਼ੀ ਤੋਂ ਨਿਰਾਸ਼ ਹਨ।

ਪ੍ਰੀਮੀਅਰ ਚਾਹੁੰਦੇ ਹਨ ਕਿ ਫ਼ੈਡਰਲ ਸਰਕਾਰ ਸੂਬਿਆਂ ਨੂੰ ਦਿੱਤੇ ਜਾਣ ਵਾਲੇ ਕੈਨੇਡਾ ਹੈਲਥ ਟ੍ਰਾਂਸਫ਼ਰ ਨੂੰ 28 ਬਿਲੀਅਨ ਡਾਲਰ ਸਲਾਨਾ ਕਰੇ।

ਪਰ ਸਟੀਫ਼ਨਸਨ ਨੇ ਕਿਹਾ ਕਿ ਇਸਦਾ ਅਰਥ ਇਹ ਨਹੀਂ ਕਿ ਸੂਬੇ ਅਤੇ ਪ੍ਰਦੇਸ਼ ਇੱਕ ਦਮ ਟ੍ਰੂਡੋ ਦੇ ਪ੍ਰਸਤਾਵ ਨੂੰ ਨਕਾਰ ਦੇਣਗੇ।

ਉਹਨਾਂ ਕਿਹਾ ਕਿ ਪ੍ਰੀਮੀਅਰਜ਼ ਪ੍ਰਸਤਾਵ ਦੇ ਮੁਲਾਂਕਣ ਲਈ ਸਮਾਂ ਲੈਣਗੇ ਅਤੇ ਅਗਲੇ ਕੁਝ ਦਿਨਾਂ ਵਿਚ ਹੀ ਕੌਂਸਲ ਔਫ਼ ਫ਼ੈਡਰੇਸ਼ਨ ਦੀ ਮੀਟਿੰਗ ਕਰਨਗੇ।

ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਨੇ ਨਵੇਂ ਪ੍ਰਸਤਾਵ ਨੂੰ ਸ਼ੁਰੂਆਤ ਆਖਿਆ ਹੈ। ਉਹਨਾਂ ਕਿਹਾ ਕਿ ਇਹ ਇੱਕ ਤਰ੍ਹਾਂ ਦੀ ਡਾਊਨਪੇਮੈਂਟ ਹੈ।

ਮੰਗਲਵਾਰ ਦੇ ਐਲਾਨ ਤੋਂ ਬਾਅਦ ਟ੍ਰੂਡੋ ਨੂੰ ਅਜਿਹੇ ਸਵਾਲ ਵੀ ਪੁੱਛੇ ਗਏ ਕਿ ਕੀ ਉਹ ਪ੍ਰੀਮੀਅਰਾਂ ਦੇ ਕਹਿਣ ‘ਤੇ ਇਸ ਫ਼ੰਡਿੰਗ ਵਿਚ ਹੋਰ ਵਾਧਾ ਕਰਨਗੇ ਜਾਂ ਨਹੀਂ। ਟ੍ਰੂਡੋ ਨੇ ਕਿਹਾ ਕਿ ਇਹ ਅਰਬਾਂ ਡਾਲਰ ਹਨ ਜੋ ਸੂਬਿਆਂ ਲਈ ਮੌਜੂਦ ਹਨ ਅਤੇ ਸਰਕਾਰ ਨਿਸ਼ਚਿਤ ਤੌਰ ‘ਤੇ ਉਹਨਾਂ ਨਾਲ ਕੰਮ ਕਰਨ ਦੀ ਉਮੀਦ ਕਰਦੀ ਹੈ ਤਾਂ ਜੋ ਨਾ ਸਿਰਫ਼ ਪੈਦਾ ਪ੍ਰਦਾਨ ਕੀਤਾ ਜਾਵੇ, ਸਗੋਂ ਦੇਸ਼ ਦੇ ਨਾਗਰਿਕਾਂ ਨੂੰ ਹੈਲਥ ਕੇਅਰ ਸੁਧਾਰ ਪ੍ਰਦਾਨ ਕੀਤੇ ਜਾ ਸਕਣ।

ਨਿਊਬ੍ਰੰਜ਼ਵਿਕ ਦੇ ਪ੍ਰੀਮੀਅਰ ਬਲੇਨ ਹਿਗਜ਼ ਨੂੰ ਹੋਰ ਫ਼ੰਡਿੰਗ ਵਾਧੇ ਦੀ ਉਮੀਦ ਨਹੀਂ ਹੈ। ਉਹਨਾਂ ਕਿਹਾ ਕਿ ਮੀਟਿੰਗ ਦੌਰਾਨ ਇਸ ਤਰ੍ਹਾਂ ਦਾ ਮਾਹੌਲ ਸੀ ਕਿ ਇਹੀ ਪੈਸਾ ਉਪਲਬਧ ਹੈ ਅਤੇ ਸਾਨੂੰ ਇਸ ਦੇ ਨਾਲ ਕੋਈ ਰਾਹ ਲੱਭਣਾ ਪੈਣਾ ਹੈ।

ਫੈਡਰਲ ਸਰਕਾਰ ਦੀਆਂ ਸ਼ਰਤਾਂ

ਫ਼ੈਡਰਲ ਸਰਕਾਰ ਵੱਲੋਂ ਕੈਨੇਡਾ ਹੈਲਥ ਟ੍ਰਾਂਸਫ਼ਰ ਵਿਚ ਵਾਧੇ ਦੀ ਸ਼ਰਤ ਇਹ ਹੈ ਕਿ ਸੂਬਿਆਂ ਅਤੇ ਪ੍ਰਦੇਸ਼ਾਂ ਨੂੰ ਨਤੀਜਿਆਂ ਵਿਚ ਵਧੇਰੇ ਪਾਰਦਰਸ਼ਤਾ ਲਿਆਉਣ ਅਤੇ ਪਬਲਿਕ ਹੈਲਥ ਐਮਰਜੈਂਸੀ ਦੇ ਪ੍ਰਬੰਧਨ ਵਿਚ ਮਦਦ ਲਈ ਹੈਲਥ ਡਾਟਾ ਇਕੱਠਾ ਕਰਨ, ਸਾਂਝਾ ਕਰਨ, ਵਰਤਣ ਅਤੇ ਰਿਪੋਰਟ ਕਰਨ ਵਿਚ ਸੁਧਾਰ ਕਰਨੇ ਪੈਣਗੇ।

ਫ਼ੈਡਰਲ ਸਰਕਾਰ ਇਸ ਕਰਕੇ ਇਹ ਡਾਟਾ ਚਾਹੁੰਦੀ ਹੈ ਤਾਂ ਕਿ ਹੈਲਥ-ਕੇਅਰ ਦੀ ਕਾਰਗੁਜ਼ਾਰੀ ਨੂੰ ਟ੍ਰੈਕ ਕੀਤਾ ਜਾ ਸਕੇ।

ਨਾਲ ਹੀ ਫ਼ੈਡਰਲ ਸਰਕਾਰ ਚਾਹੁੰਦੀ ਹੈ ਕਿ ਡਾਕਟਰਾਂ, ਫ਼ਾਰਮੇਸਿਸਟਾਂ ਅਤੇ ਹਸਪਤਾਲ ਪ੍ਰਣਾਲੀ ਦਰਮਿਆਨ ਜਾਣਕਾਰੀ ਵਧੇਰੇ ਕੁਸ਼ਲਤਾ ਨਾਲ ਸਾਂਝੀ ਹੋਵੇ।

ਇਸ ਦੇ ਨਾਲ ਹੀ ਸੂਬਿਆਂ ਅਤੇ ਪ੍ਰਦੇਸ਼ਾਂ ਦੀਆਂ ਹੈਲਥ ਕੇਅਰ ਜ਼ਰੂਰਤਾਂ ਦੇ ਹਿਸਾਬ ਨਾਲ ਅਗਲੇ 10 ਸਾਲਾਂ ਦੌਰਾਨ 25 ਬਿਲੀਅਨ ਡਾਲਰ ਦਿੱਤੇ ਜਾਣਗੇ ਪਰ ਇਹ ਫ਼ੰਡਿੰਗ 4 ਤਰਜੀਹੀ ਖੇਤਰਾਂ; ਪਰਿਵਾਰਾਂ ਦੀ ਹੈਲਥ ਕੇਅਰ ਤੱਕ ਪਹੁੰਚ, ਹੈਲਥ ਵਰਕਰ ਅਤੇ ਬੈਕਲੌਗ, ਮੈਂਟਲ ਹੈਲਥ ਤੇ ਸਬਸਟੈਂਸ ਅਬਿਊਜ਼ ਅਤੇ ਹੈਲਥ ਸਿਸਟਮ ਦਾ ਆਧੁਨਿਕਰਨ ਵੱਲ ਕੇਂਦਰਿਤ ਹੋਣਗੇ।

ਪ੍ਰੀਮੀਅਰਾਂ ਨੂੰ ਇੱਕ ਐਕਸ਼ਨ ਪਲਾਨ ਵੀ ਤਿਆਰ ਕਰਨਾ ਹੋਵੇਗਾ, ਜਿਸ ਵਿਚ ਇਹ ਵੇਰਵੇ ਹੋਣਗੇ ਕਿ ਫ਼ੈਡਰਲ ਪੈਸਾ ਕਿਵੇਂ ਖ਼ਰਚ ਕੀਤਾ ਜਾ ਰਿਹਾ ਹੈ ਅਤੇ ਇਸਤੇ ਕੀ ਪ੍ਰਗਤੀ ਹੋ ਰਹੀ ਹੈ।

ਪਰਸਨਲ ਸਪੋਰਟ ਵਰਕਰਾਂ ਦੀਆਂ ਤਨਖ਼ਾਹਾਂ ਵਿਚ ਵਾਧੇ ਲਈ ਸਰਕਾਰ ਨੇ 1.7 ਬਿਲੀਅਨ ਦੀ ਫ਼ੰਡਿੰਗ ਦਾ ਵੀ ਪ੍ਰਸਤਾਵ ਦਿੱਤਾ ਹੈ। ਇਸ ਤੋਂ ਇਲਾਵਾ ਫ਼ੈਡਰਲ ਸਰਕਾਰ ਨੇ ਮੂਲਨਿਵਾਸੀ ਕੇਂਦਰਤ ਸਿਹਤ ਲਈ 2 ਬਿਲੀਅਨ ਡਾਲਰ ਦੀ ਵਾਧੂ ਫ਼ੰਡਿੰਗ ਦਾ ਵੀ ਪ੍ਰਸਤਾਵ ਰੱਖਿਆ ਹੈ।

ਜੌਨ ਪੌਲ ਟਸਕਰ - ਸੀਬੀਸੀ ਨਿਊਜ਼
ਪੰਜਾਬੀ ਰੂਪਤਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ