1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਭੂਚਾਲ ਪ੍ਰਭਾਵਿਤ ਤੁਰਕੀ ਅਤੇ ਸੀਰੀਆ ਨੂੰ 10 ਮਿਲੀਅਨ ਡਾਲਰ ਦੀ ਮਦਦ ਭੇਜੇਗਾ ਕੈਨੇਡਾ

ਮੈਡੀਕਲ ਟੀਮਾਂ ਵੀ ਭੇਜੀਆਂ ਜਾਣ ਦੀ ਸੰਭਾਵਨਾ

ਕੈਨੇਡਾ ਸਰਕਾਰ ਭੂਚਾਲ ਪ੍ਰਭਾਵਿਤ ਤੁਰਕੀ ਅਤੇ ਸੀਰੀਆ ਨੂੰ 10 ਮਿਲੀਅਨ ਡਾਲਰ ਦੀ ਇਮਦਾਦ ਮੁਹੱਈਆ ਕਰੇਗੀ।

ਕੈਨੇਡਾ ਸਰਕਾਰ ਭੂਚਾਲ ਪ੍ਰਭਾਵਿਤ ਤੁਰਕੀ ਅਤੇ ਸੀਰੀਆ ਨੂੰ 10 ਮਿਲੀਅਨ ਡਾਲਰ ਦੀ ਇਮਦਾਦ ਮੁਹੱਈਆ ਕਰੇਗੀ।

ਤਸਵੀਰ: Reuters / Khalil Ashawi

RCI

ਅੰਤਰਰਾਸ਼ਟਰੀ ਵਿਕਾਸ ਮੰਤਰੀ ਹਰਜੀਤ ਸੱਜਣ ਨੇ ਕਿਹਾ ਕਿ ਫ਼ੈਡਰਲ ਸਰਕਾਰ ਭੂਚਾਲ ਪ੍ਰਭਾਵਿਤ ਤੁਰਕੀ ਅਤੇ ਸੀਰੀਆ ਨੂੰ 10 ਮਿਲੀਅਨ ਡਾਲਰ ਦੀ ਇਮਦਾਦ ਮੁਹੱਈਆ ਕਰੇਗੀ।

ਸੱਜਣ ਨੇ ਕਿਹਾ ਕਿ ਸਰਕਾਰ ਪ੍ਰਭਾਵਿਤ ਦੇਸ਼ਾਂ ਵਿਚ ਮੈਡੀਕਲ ਅਤੇ ਬਚਾਅ ਟੀਮਾਂ ਨੂੰ ਭੇਜਣ ‘ਤੇ ਵੀ ਵਿਚਾਰ ਕਰ ਰਹੀ ਹੈ, ਪਰ ਪਹਿਲਾਂ ਉਸ ਖ਼ਿੱਤੇ ਬਾਬਤ ਸੰਯੁਕਤ ਰਾਸ਼ਟਰ ਡਿਜ਼ਾਸਟਰ ਰਿਸਪਾਂਸ ਟੀਮਾਂ ਤੋਂ ਮੁਲਾਂਕਣ ਪ੍ਰਾਪਤ ਕਰਨਾ ਪੈਂਦਾ ਹੈ।

ਸੱਜਣ ਨੇ ਕਿਹਾ ਕਿ ਫ਼ਿਲਹਾਲ ਮੁਲਾਂਕਣ ਕੀਤਾ ਜਾਣਾ ਹੈ ਅਤੇ ਜਾਣਕਾਰੀ ਇਕੱਠੀ ਕੀਤੀ ਜਾਣੀ ਹੈ, ਪਰ ਉਹਨਾਂ ਸਪਸ਼ਟ ਕਿਹਾ ਕਿ ਹਰ ਵਿਕਲਪ ਵਿਚਾਰ ਅਧੀਨ ਹੈ।

ਹਾਲਾਂਕਿ ਸੱਜਣ ਨੇ ਇਹ ਨਹੀਂ ਦੱਸਿਆ ਕਿ ਮੁਲਾਂਕਣ ‘ਤੇ ਕਿੰਨਾ ਸਮਾਂ ਲੱਗ ਸਕਦਾ ਹੈ।

ਗ਼ੌਰਤਲਬ ਹੈ ਕਿ ਐਤਵਾਰ ਨੂੰ ਤੁਰਕੀ ਅਤੇ ਸੀਰੀਆ ਵਿਚ ਆਏ 7.8 ਤੀਬਰਤਾ ਦੇ ਜ਼ਬਰਦਸਤ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਇਸ ਭੂਚਾਲ ਵਿਚ ਮਾਰੇ ਜਾਣ ਵਾਲੇ ਲੋਕਾਂ ਦੀ ਗਿਣਤੀ ਹੁਣ ਤੱਕ 5,000 ਤੋਂ ਵਧ ਚੁੱਕੀ ਹੈ। ਤੁਰਕੀ ਦੀ ਆਫ਼ਤ ਪ੍ਰਬੰਧਨ ਏਜੰਸੀ ਅਨੁਸਾਰ 24,000 ਤੋਂ ਵਧੇਰੇ ਰਾਹਤ ਕਰਮੀ ਬਚਾਅ ਕਾਰਜਾਂ ਵਿਚ ਜੁਟੇ ਹੋਏ ਹਨ।

ਸੱਜਣ ਨੇ ਕਿਹਾ ਕਿ ਸੀਰੀਆ ਵਿਚ ਜਾਰੀ ਘਰੇਲੂ ਯੁੱਧ ਇੱਕ ਹੋਰ ਪੇਚੀਦਾ ਨੁਕਤਾ ਹੈ, ਪਰ ਕੈਨੇਡਾ ਵੱਲੋਂ ਸੀਰੀਆ ਦੀ ਮਦਦ ਲਈ ਐਲਾਨੇ 50 ਮਿਲੀਅਨ ਡਾਲਰ ਭੂਚਾਲ ਰਾਹਤ ਯਤਨਾਂ ਵਿਚ ਸਹਾਈ ਹੋ ਸਕਦੇ ਹਨ। ਉਹਨਾਂ ਕਿਹਾ ਕਿ ਸੀਰੀਆ ਵਿਚ ਮੌਜੂਦ ਅੰਤਰਰਾਸ਼ਟਰੀ ਰੈਡ ਕਰਾਸ ਸੰਸਥਾ, ਸੀਰੀਅਨ ਅਰਬ ਰੈਡ ਕ੍ਰੈਸੈਂਟ ਦੁਆਰਾ, ਸੀਰੀਆ ਵਿਚ ਕੈਨੇਡੀਅਨ ਮਦਦ ਪਹੁੰਚਦੀ ਕੀਤੀ ਜਾਵੇਗੀ।

ਇਮੀਗ੍ਰੇਸ਼ਨ ਮੰਤਰੀ ਸ਼ੌਨ ਫ਼੍ਰੇਜ਼ਰ ਨੇ ਕਿਹਾ ਕਿ ਉਹਨਾਂ ਦਾ ਵਿਭਾਗ ਇਸ ਗੱਲ ‘ਤੇ ਵੀ ਗ਼ੌਰ ਕਰ ਰਿਹਾ ਹੈ ਕਿ ਜੇ ਕੈਨੇਡਾ ਪਰਵਾਸ ਕਰਨ ਵਾਲਾ ਕੋਈ ਸੀਰੀਅਨ ਇਸ ਭੂਚਾਲ ਕਰਕੇ ਪ੍ਰਭਾਵਿਤ ਹੋਇਆ ਹੈ, ਤਾਂ ਉਸ ਲਈ ਕੀ ਕੀਤਾ ਜਾ ਸਕਦਾ ਹੈ।

ਫ਼੍ਰੇਜ਼ਰ ਨੇ ਕਿਹਾ, ਸਾਡੇ ਸਾਹਮਣੇ ਅਜੇ ਪੂਰੀ ਤਸਵੀਰ ਨਹੀਂ ਹੈ। ਮੈਂ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਸਾਨੂੰ ਇਸ ਗੱਲ ਦੀ ਬਿਹਤਰ ਸਮਝ ਹੋਵੇਗੀ ਕਿ ਕੀ ਕੈਨੇਡਾ ਆਉਣ ਵਾਲੇ ਲੋਕ ਪ੍ਰਭਾਵਿਤ ਹੋਏ ਹਨ, ਅਤੇ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਾਨੂੰ ਵੱਖਰੇ ਢੰਗ ਨਾਲ ਕੀ ਕਰਨ ਦੀ ਲੋੜ ਹੋ ਸਕਦੀ ਹੈ

ਰਿਚਰਡ ਰੇਅਕਰਾਫ਼ਟ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ