- ਮੁੱਖ ਪੰਨਾ
- ਟੈਕਨੋਲੌਜੀ
- ਰੁਜ਼ਗਾਰ
ਗੂਗਲ ਆਪਣੇ 12,000 ਮੁਲਾਜ਼ਮਾਂ ਦੀ ਗਲੋਬਲ ਛਾਂਟੀ ਤੋਂ ਪ੍ਰਭਾਵਿਤ ਕੈਨੇਡੀਅਨ ਸਟਾਫ਼ ਨੂੰ ਕਰ ਰਿਹੈ ਸੂਚਿਤ
ਲਿੰਕਡ-ਇਨ ਪੋਸਟਾਂ ਅਨੁਸਾਰ ਕਿਚਨਰ ਦੇ ਗੂਗਲ ਮੁਲਾਜ਼ਮਾਂ ਦੀ ਵੀ ਛਾਂਟੀ

ਗੂਗਲ ਕੈਨੇਡਾ ਦੀ ਸਪੋਕਸਪਰਨ ਲੌਰਨ ਸਕੈਲੀ ਨੇ ਇੱਕ ਈਮੇਲ ਵਿਚ ਪੁਸ਼ਟੀ ਕੀਤੀ ਹੈ ਪਿਛਲੇ ਮਹੀਨੇ ਐਲਾਨੀਆਂ ਛਾਂਟੀਆਂ ਬਾਬਤ ਕੈਨੇਡੀਅਨ ਸਟਾਫ਼ ਨੂੰ ਈਮੇਲਾਂ ਭੇਜੀਆਂ ਗਈਆਂ ਹਨ।
ਤਸਵੀਰ: (Andrew Kelly/Reuters)
ਗੂਗਲ ਵੱਲੋਂ ਹਾਲ ਹੀ ਵਿਚ ਆਪਣੇ 12,000 ਮੁਲਾਜ਼ਮਾਂ ਦੀ ਛਾਂਟੀ ਦਾ ਐਲਾਨ ਕੀਤਾ ਗਿਆ ਸੀ ਅਤੇ ਹੁਣ ਕੰਪਨੀ ਕੈਨੇਡੀਅਨ ਮੁਲਾਜ਼ਮਾਂ ਨੂੰ ਸੂਚਿਤ ਕਰ ਰਹੀ ਹੈ ਕਿ ਉਨ੍ਹਾਂ ਦੀ ਛਾਂਟੀ ਕੀਤੀ ਗਈ ਹੈ ਜਾਂ ਨਹੀਂ।
ਗੂਗਲ ਕੈਨੇਡਾ ਦੀ ਸਪੋਕਸਪਰਨ ਲੌਰਨ ਸਕੈਲੀ ਨੇ ਇੱਕ ਈਮੇਲ ਵਿਚ ਪੁਸ਼ਟੀ ਕੀਤੀ ਹੈ ਪਿਛਲੇ ਮਹੀਨੇ ਐਲਾਨੀਆਂ ਛਾਂਟੀਆਂ ਬਾਬਤ ਕੈਨੇਡੀਅਨ ਸਟਾਫ਼ ਨੂੰ ਈਮੇਲਾਂ ਭੇਜੀਆਂ ਗਈਆਂ ਹਨ।
ਸਕੈਲੀ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਕੈਨੇਡੀਅਨ ਮੁਲਾਜ਼ਮਾਂ ਦੀ ਛਾਂਟੀ ਹੋਵੇਗੀ ਜਾਂ ਕਿਹੜੇ ਕਿਹੜੇ ਸ਼ਹਿਰਾਂ ਵਿਚ ਮੁਲਾਜ਼ਮਾਂ ਦੀਆਂ ਛਾਂਟੀਆਂ ਹੋਣੀਆਂ ਹਨ, ਪਰ ਉਹਨਾਂ ਕਿਹਾ ਕਿ ਕੈਨੇਡਾ ਗੂਗਲ ਲਈ ਇੱਕ ਅਹਿਮ ਮਾਰਕੀਟ ਹੈ।
ਪਰ ਲਿੰਕਡ-ਇਨ (LinkedIn) ਦੀਆਂ ਪੋਸਟਾਂ ਤੋਂ ਸਾਹਮਣੇ ਆਇਆ ਹੈ ਕਿ ਓਨਟੇਰਿਓ ਦੇ ਕਿਚਨਰ ਵਿਚ ਰਹਿੰਦੇ ਸੌਫ਼ਟਵੇਅਰ ਇੰਜੀਨੀਅਰ ਅਤੇ ਯੂਜ਼ਰ ਐਕਸਪੀਰੀਐਂਸ ਡਿਜ਼ਾਇਨਰਜ਼ ਨੌਕਰੀ ਗੁਆਉਣ ਵਾਲੇ ਮੁਲਾਜ਼ਮਾਂ ਵਿਚ ਸ਼ਾਮਲ ਹਨ।
ਗੂਗਲ ਦੇ ਸੀਈਓ ਸੁੰਦਰ ਪਿਚਈ ਨੇ ਛਾਂਟੀਆਂ ਬਾਰੇ ਇੱਕ ਬਲੌਗ ਵਿਚ ਲਿਖਦਿਆਂ ਕਿਹਾ ਸੀ ਕਿ ਪਿਛਲੇ ਦੋ ਸਾਲਾਂ ਵਿਚ ਕੰਪਨੀ ਦੇ ਕਾਰੋਬਾਰ ਵਿਚ ਜ਼ਬਰਦਸਤ ਵਾਧਾ ਹੋਇਆ ਸੀ ਅਤੇ ਉਸ ਨੂੰ ਹੋਰ ਹੁਲਾਰਾ ਦੇਣ ਲਈ ਵਧੇਰੇ ਭਰਤੀ ਕੀਤੀ ਗਈ ਸੀ। ਪਰ ਹੁਣ ਦੀ ਆਰਥਿਕ ਹਕੀਕਤ ਪਹਿਲਾਂ ਨਾਲੋਂ ਵੱਖਰੀ ਹੋ ਗਈ ਹੈ।
ਛਾਂਟੀਆਂ ਦੇ ਐਲਾਨ ਦੇ ਕੁਝ ਦਿਨਾਂ ਦੇ ਅੰਦਰ ਹੀ ਗੂਗਲ ਨੇ ਸਾਂਝਾ ਕੀਤਾ ਸੀ ਕਿ ਉਹ ਆਪਣੀ ਆਰਟੀਫ਼ੀਸ਼ਲ ਇੰਟੈਲੀਜੈਂਸ ਸਹਾਇਕ ਕੰਪਨੀ ਡੀਪਮਾਈਂਡ ਦੀ ਮਲਕੀਅਤ ਵਾਲੇ ਐਡਮੰਟਨ ਦਫਤਰ ਨੂੰ ਬੰਦ ਕਰ ਦੇਵੇਗੀ।
ਯੂ.ਕੇ. ਵਿਚ ਹੈੱਡਕੁਆਰਟਰ ਵਾਲੀ ਇਸ ਸਹਾਇਕ ਕੰਪਨੀ ਨੇ ਆਪਣੇ ਬਾਕੀ ਕਾਰਜਾਂ ਨੂੰ ਸਮੇਟਣ ਦੀ ਯੋਜਨਾ ਬਣਾਈ ਹੈ, ਪਰ ਮੌਂਟਰੀਅਲ ਅਤੇ ਟੋਰੌਂਟੋ ਦਫ਼ਤਰਾਂ ਨੂੰ ਬਰਕਰਾਰ ਰੱਖਿਆ ਹੈ, ਜੋ ਕਿ ਗੂਗਲ ਦੁਆਰਾ ਪ੍ਰਬੰਧਿਤ ਇਮਾਰਤਾਂ ਦੇ ਅੰਦਰ ਸਥਿਤ ਹਨ।
ਸਕੈਲੀ ਨੇ ਕਿਹਾ ਕਿ ਐਡਮੰਟਨ ਦਫ਼ਤਰ ਦੇ ਰਿਸਰਚਰਾਂ ਨੂੰ ਕਿਸੇ ਹੋਰ ਡੀਪਮਾਈਂਡ ਸਾਈਟ ‘ਤੇ ਰੀਲੋਕੇਟ ਹੋਣ ਦੀ ਪੇਸ਼ਕਸ਼ ਕੀਤੀ ਗਈ ਹੈ।
ਗ਼ੌਰਤਲਬ ਹੈ ਕਿ ਆਰਥਿਕ ਹਕੀਕਤਾਂ ਅਤੇ ਸਥਿਤੀਆਂ ਬਦਲਣ ਕਰਕੇ ਸ਼ੌਪੀਫ਼ਾਈ, ਐਮਾਜ਼ੌਨ, ਨੈਟਫ਼ਲਿਕਸ ਅਤੇ ਹੂਟਸੂਟ ਵਰਗੀਆਂ ਕਈ ਵੱਡੀਆਂ ਟੈਕ ਕੰਪਨੀਆਂ ਨੇ ਸਟਾਫ਼ ਦੀ ਛਾਂਟੀ ਕੀਤੀ ਹੈ।
ਛਾਂਟੀਆਂ ਦਾ ਅਨੁਮਾਨ ਲਾਉਣ ਵਾਲੀ ਵੈਬਸਾਈਟ Layoffs.fyi ਅਨੁਸਾਰ ਇਸ ਸਾਲ ਹੁਣ ਤੱਕ ਦੁਨੀਆ ਭਰ ਦੀਆਂ 297 ਟੈਕ ਕੰਪਨੀਆਂ ਦੇ 94,838 ਮੁਲਾਜ਼ਮਾਂ ਦੀ ਛਾਂਟੀ ਕੀਤੀ ਜਾ ਚੁੱਕੀ ਹੈ।
ਟੈਰਾ ਡੈਸਚੈਂਪਸ - ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ